Tuesday, September 12, 2023

ਜ਼ੇਕਰ ਬਿਨ੍ਹਾਂ ਪਰਾਲੀ ਸਾੜੇ ਸਿਰਫ 500 ਰੁਪਏ ਦੇ ਖਰਚ ਨਾਲ ਕਣਕ ਬੀਜਣੀ ਹੈ ਤਾਂ ਹੁਣੇ ਕਰੋ ਤਿਆਰੀ।

ਕਿਸਾਨ ਵੀਰੋ, ਆਉਣ ਵਾਲੇ ਕੁਝ ਦਿਨਾਂ ਵਿਚ ਝੋਨੇ ਅਤੇ ਬਾਸਮਤੀ ਦੀ ਵਾਢੀ ਹੋਣੀ ਹੈ ਅਤੇ ਉਸਤੋਂ ਬਾਅਦ ਕਣਕ ਦੀ ਬਿਜਾਈ Wheat Sowing  ਕੀਤੀ ਜਾਣੀ ਹੈ।

ਇਸ ਮੌਕੇ ਪਰਾਲੀ ਦੀ ਸੰਭਾਲ Stubble Management  ਸਾਡੇ ਕਿਸਾਨ ਵੀਰਾਂ ਲਈ ਵੱਡੀ ਚੁਣੌਤੀ ਹੈ।

ਪਰ ਮਲਚਿੰਗ ਵਾਲੀ ਕਣਕ Wheat Sowing by Mulching ਜਾਂ ਸਰਫੇਸ ਸੀਡਰ Surface Seeder ਨਾਲ ਕਣਕ ਦੀ ਬਿਜਾਈ ਦੀ ਇਕ ਨਵੀਂ ਤਕਨੀਕ ਕਿਸਾਨਾਂ ਵਿਚ ਲੋਕਪ੍ਰਿਆ ਹੋ ਰਹੀ ਹੈ। ਇਸ ਤਕਨੀਕ ਨਾਲ ਪ੍ਰਤੀ ਏਕੜ ਕਣਕ ਬਿਜਾਈ ਦਾ ਖਰਚ 500 ਤੋਂ 700 ਰੁਪਏ ਹੀ ਆਉਂਦਾ ਹੈ ਅਤੇ ਇਸ ਨਾਲ ਪਰਾਲੀ ਨੂੰ ਵੀ ਅੱਗ ਨਹੀਂ ਲਗਾਉਣੀ ਪੈਂਦੀ ਹੈ ਅਤੇ ਕਿਸਾਨਾਂ ਨੂੰ ਚੰਗਾ ਝਾੜ Yield  ਵੀ ਮਿਲਦਾ ਹੈ।

ਪਰ ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਲਈ ਹੁਣ ਤੋਂ ਹੀ ਤਿਆਰੀ ਆਰੰਭ ਕਰਨ ਦੀ ਜਰੂਰਤ ਹੈ ਅਤੇ ਕੁਝ ਸਾਵਧਾਨੀਆਂ ਝੋਨੇ ਦੀ ਵਾਢੀ ਤੋਂ ਪਹਿਲਾਂ ਰੱਖੀਆਂ ਜਾਣੀਆਂ ਹਨ।

ਮਲਚਿੰਗ ਵਾਲੀ ਕਣਕ ਬੀਜਣ ਵਾਲਾ ਸਫਲ ਕਿਸਾਨ ਮਲਕੀਤ ਸਿੰਘ ਬਾਧਾ

ਇਸ ਲੇਖ ਵਿਚ ਅਸੀਂ ਤੁਹਾਨੂੰ ਇਸੇ ਸਬੰਧੀ ਜਾਣਕਾਰੀ ਦੇ ਰਹੇ ਹਾਂ ਕਿ ਇਸ ਲਈ ਹੁਣ ਕਿਸਾਨ ਵੀਰਾਂ ਨੇ ਕੀ ਕਰਨਾ ਹੈ।

ਮਲਚਿੰਗ ਵਾਲੀ ਕਣਕ ਬਿਜਾਈ ਦੀ ਵਿਧੀ ਕੀ ਹੈ

ਕਿਸਾਨ ਵੀਰੋ, ਮਲਚਿੰਗ ਵਾਲੀ ਕਣਕ ਬਿਜਾਈ ਦੀ ਵਿਧੀ ਵਿਚ ਝੋਨੇ ਦੀ ਵਾਢੀ ਤੁਰੰਤ ਬਾਅਦ ਖੇਤ ਵਿਚ ਪਈ ਪਰਾਲੀ ਦੇ ਵਿਚ ਹੀ ਕਣਕ ਦੇ ਬੀਜ ਅਤੇ ਡੀਏਪੀ ਦਾ ਛਿੱਟਾ ਦੇ ਦਿੱਤਾ ਜਾਂਦਾ ਹੈ। ਜਿਸਦੇ ਬਾਅਦ ਟਰੈਕਟਰ ਨਾਲ ਚੱਲਣ ਵਾਲੇ ਰੋਟਰੀ ਸਲੈਸ਼ਰ ਨਾਲ ਪਰਾਲੀ ਨੂੰ ਖੇਤ ਵਿਚ ਇਕਸਾਰ ਖਿਲਾਰ ਦਿੱਤਾ ਜਾਂਦਾ ਹੈ। ਜਿਸ ਉਪਰੰਤ ਖੇਤ ਨੂੰ ਹਲਕਾ ਪਾਣੀ ਲਗਾ ਦਿੱਤਾ ਜਾਂਦਾ ਹੈ।ਇਸ ਵਿਧੀ ਵਿਚ ਬੀਜ ਦੀ ਮਾਤਰਾ Seed Rate 50 ਕਿਲੋ ਪ੍ਰਤੀ ਏਕੜ ਰੱਖਣੀ ਪੈਂਦੀ ਹੈ।

ਜ਼ੇਕਰ ਕਿਸੇ ਕੋਲ ਸਰਫੇਸ ਸੀਡਰ ਮਸ਼ੀਨ ਹੋਵੇ ਤਾਂ ਇਸ ਨਾਲ ਇਹ ਸਾਰੇ ਕੰਮ ਇਹ ਮਸ਼ੀਨ ਕਰ ਦਿੰਦੀ ਹੈ, ਭਾਵ ਇਹ ਬੀਜ ਅਤੇ ਖਾਦ ਕੇਰ ਦਿੰਦੀ ਹੈ ਅਤੇ ਪਰਾਲੀ ਨੂੰ ਵੀ ਇਕਸਾਰ ਖਿਲਾਰ ਦਿੰਦੀ ਹੈ।

ਕੀ ਸੁਪਰ ਐਸਐਮਐਸ ਵਾਲੀ ਕੰਬਾਇਨ ਨਾਲ ਝੋਨੇ ਦੀ ਵਾਢੀ ਕਰਵਾਉਣ ਤੋਂ ਬਾਅਦ ਵੀ ਇਹ ਤਕਨੀਕ ਅਪਨਾਈ ਜਾ ਸਕਦੀ ਹੈ:

ਜੀ ਹਾਂ, ਕਿਸਾਨ ਵੀਰੋ, ਜੇਕਰ ਸੁਪਰ ਐਸਐਮਐਸ ਵਾਲੀ ਕੰਬਾਇਨ Super SMS Combine Harvester ਨਾਲ ਵਾਢੀ ਕਰਵਾਈ ਜਾਵੇ ਤਾਂ ਫਿਰ ਤਾਂ ਇਹ ਤਕਨੀਕ ਹੋਰ ਵੀ ਵਧੀਆ ਰਹਿੰਦੀ ਹੈ। ਸੁਪਰ ਐਸਐਮਐਸ ਵਾਲੀ ਕੰਬਾਇਨ ਨਾਲ ਵਾਢੀ ਕਰਕੇ ਸਿੱਧਾ ਬੀਜ ਅਤੇ ਡੀਏਪੀ DAP ਦਾ ਛਿੱਟਾ ਦਿਓ ਅਤੇ ਪਾਣੀ ਲਗਾ ਦਿਓ ਤਾਂ ਤੁਹਾਡੀ ਕਣਕ ਵਧੀਆ ਪੁੰਘਰੇਗੀ। 

ਮਲਚਿੰਗ ਵਾਲੀ ਕਣਕ ਨਾਲ ਬਿਜਾਈ ਦੇ ਲਾਭ

ਫਾਜਿ਼ਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਇਸ ਤਕਨੀਕ ਦੇ ਲਾਭ ਦੱਸਦੇ ਹੋਏ ਆਖਦੇ ਹਨ ਕਿ: 

ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਦਾ ਖਰਚਾ ਉਪਲਬੱਧ ਸਭ ਤਕਨੀਕਾਂ ਤੋਂ ਘੱਟ ਹੈ।

ਇਸ ਤਰੀਕੇ ਬੀਜੀ ਕਣਕ ਦਾ ਝਾੜ ਔਸਤ ਤੋਂ ਚੰਗਾ ਨਿਕਲਿਆ ਹੈ।

ਇਸ ਤਕਨੀਕ ਨਾਲ ਬਿਜਾਈ ਲਈ ਪਰਾਲੀ ਸਾੜਨ ਦਾ ਕੁਦਰਤ ਵਿਰੋਧੀ ਕੰਮ ਨਹੀਂ ਕਰਨਾ ਪੈਂਦਾ ਹੈ।

ਇਸ ਤਰਾਂ ਬੀਜੀ ਕਣਕ ਵਿਚ ਨਦੀਨ ਘੱਟ ਉਘਦੇ ਹਨ ਅਤੇ ਨਦੀਨ ਨਾਸ਼ਕ ਦਵਾਈਆਂ ਅਤੇ ਦਵਾਈ ਛਿੜਕਾਅ ਦਾ ਖਰਚ ਘੱਟਦਾ ਹੈ।

ਕਿਉਂਜੋ ਇਸ ਵਿਧੀ ਨਾਲ ਪਰਾਲੀ ਖੇਤ ਵਿਚ ਹੀ ਮਿਲ ਜਾਂਦੀ ਹੈ ਇਸ ਨਾਲ ਜਮੀਨ ਵਿਚ ਵਾਧੂ ਪੋਸ਼ਕ ਤੱਕ ਜ਼ੁੜਦੇ ਹਨ ਅਤੇ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ।

ਝੋਨੇ ਦੀ ਵਾਢੀ ਤੋਂ ਤੁਰੰਤ ਬਾਅਦ, ਚਾਹੇ ਉਸੇ ਦਿਨ ਕਣਕ ਦੀ ਬਿਜਾਈ ਕਰ ਲਵੋ।

ਬਾਸਮਤੀ ਤੋਂ ਬਾਅਦ ਜਿੱਥੇ ਬਿਜਾਈ ਲਈ ਘੱਟ ਸਮਾਂ ਬਚਦਾ ਹੈ ਉਥੇ ਇਹ ਤਕਨੀਕ ਬਹੁਤ ਕਾਰਗਾਰ ਹੈ ਕਿਉਂਕਿ ਬਿਜਾਈ ਵਾਢੀ ਦੇ ਤੁਰੰਤ ਬਾਅਦ ਹੋ ਜਾਂਦੀ ਹੈ।

ਇਕ ਦਿਨ ਵਿਚ ਹੀ ਜਿਆਦਾ ਬਿਜਾਈ ਹੋ ਜਾਂਦੀ ਹੈ।

ਜਿਆਦਾ ਵੱਡੇ ਟਰੈਕਟਰ ਦੀ ਜਰੂਰਤ ਨਹੀਂ ਹੈ।

ਅਗੇਤੀਆਂ ਸਾਵਧਾਨੀਆਂ ਕਿਹੜੀਆਂ ਹਨ ਜਿੰਨ੍ਹਾਂ ਦਾ ਹੁਣ ਵਾਢੀ ਤੋਂ ਪਹਿਲਾਂ ਖਿਆਲ ਰੱਖਣਾ ਹੈ।

ਆਤਮਾ ATMA ਸਕੀਮ ਫਾਜਿਲ਼ਕਾ ਦੇ ਬੀਟੀਐਮ BTM ਰਾਜ ਦਵਿੰਦਰ ਸਿੰਘ ਇਸ ਤਕਨੀਕ ਦਾ ਜਿਕਰ ਕਰਦਿਆਂ ਦੱਸਦੇ ਹਨ ਕਿ ਇਸ ਤਕਨੀਕ ਨਾਲ ਜ਼ੇਕਰ ਕਣਕ ਦੀ ਬਿਜਾਈ ਕਰਨੀ ਹੈ ਤਾਂ ਇਸਦੀ ਵਿਊਂਤਬੰਦੀ ਹੁਣ ਤੋਂ ਹੀ ਕਰਨੀ ਪੈਣੀ ਹੈ।

ਇਸ ਲਈ ਜਰੂਰੀ ਹੈ ਕਿ ਝੋਨੇ ਦੀ ਵਾਢੀ ਤੋਂ 20 ਤੋਂ 25 ਦਿਨ ਪਹਿਲਾਂ ਝੋਨੇ ਨੂੰ ਪਾਣੀ ਲਗਾਉਣਾ ਬੰਦ ਕਰ ਦਿਓ। ਤਾਂ ਜ਼ੋ ਵਾਢੀ ਸਮੇਂ ਖੇਤ ਸੁੱਕਾ ਹੋਵੇ ਅਤੇ ਕਣਕ ਕੇਰਨ ਤੋਂ ਬਾਅਦ ਜਦ ਅਸੀਂ ਪਾਣੀ ਲਗਾਈਏ ਤਾਂ ਖੇਤ ਵਿਚ ਪਾਣੀ ਜਲਦੀ ਜਿਰ ਜਾਵੇ ਅਤੇ ਪਾਣੀ ਖੇਤ ਵਿਚ ਖੜੇ ਨਾ। ਜ਼ੇਕਰ ਪਾਣੀ ਖੜਦਾ ਹੈ ਤਾਂ ਦਾਣੇ ਗੱਲ ਜਾਂਦੇ ਹਨ ਅਤੇ ਬੀਜ ਘੱਟ ਪੂੰਘਰਦਾ ਹੈ। ਇਸ ਲਈ ਜ਼ੇਕਰ 20 ਤੋਂ 25 ਦਿਨ ਪਹਿਲਾਂ ਪਾਣੀ ਬੰਦ ਕਰ ਦਿੱਤਾ ਜਾਵੇ ਤਾਂ ਬਿਜਾਈ ਵੇਲੇ ਲਗਾਇਆ ਪਾਣੀ ਜਲਦ ਜਮੀਨ ਨੂੰ ਨਮੀ ਦੇ ਕੇ ਜਮੀਨ ਵਿਚ ਰਿਸ ਜਾਵੇਗਾ ਅਤੇ ਬੀਜ ਇਕਸਾਰ ਉਘਰੇਗਾ।

ਇਸ ਤੋਂ ਬਿਨ੍ਹਾਂ ਜ਼ੇਕਰ ਝੋਨੇ ਨੂੰ 20 ਤੋਂ 25 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਸਦਾ ਫਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਸਗੋਂ ਅਜਿਹਾ ਕਰਨ ਨਾਲ ਫਸਲ ਤੇ ਹੌਪਰ ਦਾ ਹਮਲਾ ਘੱਟ ਹੁੰਦਾ ਹੈ ਅਤੇ ਅਸੀਂ ਕੁਦਰਤ ਦੀ ਵੱਢਮੁੱਲੀ ਦਾਤ ਪਾਣੀ ਦੀ ਬਚਤ ਕਰ ਸਕਦੇ ਹਾਂ।

ਇਸ ਤੋਂ ਬਿਨ੍ਹਾਂ ਜ਼ੇਕਰ ਝੋਨੇ ਦੀ ਲਵਾਈ ਵੇਲੇ ਕਿਆਰੇ ਛੋਟੇ ਰੱਖੇ ਜਾਣ ਤਾਂ ਇਹ ਤਕਨੀਕ ਹੋਰ ਵੀ ਕਾਰਗਾਰ ਹੁੰਦੀ ਹੈ।

ਇਸ ਤਕਨੀ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਵੀਰ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ ਜਾਂ ਉਸ ਕਿਸਾਨ ਦੀ ਸਲਾਹ ਲੈਣ ਜਿਸ ਕਿਸਾਨ ਨੇ ਪਿੱਛਲੇ ਸਾਲ ਇਸ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਸੀ। 


ਹੋਰ ਪੜ੍ਹੋ।

ਨਿਮਨ ਲੇਖ ਪੜ੍ਹਨ ਲਈ ਲੇਖ ਦੇ ਸਿਰਲੇਖ ਤੇ ਕਲਿੱਕ ਕਰੋ।




 

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...