Monday, March 17, 2025

ਨਰਮੇ ਦੀ ਗੁਲਾਬੀ ਸੁੰਡੀ ਦੇ ਗੈਰ ਮੌਸਮ ਪ੍ਰਬੰਧਨ ਬਾਰੇ ਲਗਾਇਆ ਗਿਆ ਜਾਗਰੂਕਤਾ ਕੈਂਪ

ਸ੍ਰੀ ਮੁਕਤਸਰ ਸਾਹਿਬ, 17 ਮਾਰਚ


ਕੇਂਦਰੀ ਕਪਾਹ ਖੋਜ ਸੰਸਥਾਨ (CICR) ਖੇਤਰੀ ਸਟੇਸ਼ਨ, ਸਿਰਸਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਖੇਤਰੀ ਖੋਜ ਕੇਂਦਰ ਫਰੀਦਕੋਟ, ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਪਿੰਡ ਰਾਮਗੜ੍ਹ ਚੁੰਘਾ ਵਿਖੇ ਗੁਲਾਬੀ ਸੁੰਡੀ Pink Bollworm ਦੇ ਗੈਰ-ਮੌਸਮ ਪ੍ਰਬੰਧਨ 'ਤੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਅਤੇ ਹਿੱਸੇਦਾਰਾਂ ਨੂੰ ਗੁਲਾਬੀ ਸੁੰਡੀ ਦੇ ਗੈਰ- ਮੌਸਮ  ਪ੍ਰਬੰਧਨ ਦੀ ਮਹੱਤਤਾ ਬਾਰੇ ਸਿੱਖਿਆ ਦੇਣਾ ਸੀ, ਜੋ ਕਿ ਖੇਤਰ ਵਿੱਚ ਕਪਾਹ Cotton crop ਦੀਆਂ ਫਸਲਾਂ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਵੱਡਾ ਕੀਟ ਹੈ। 

ਡਾ. ਸਤਨਾਮ ਸਿੰਘ, ਸੀਨੀਅਰ ਕੀਟ ਵਿਗਿਆਨੀ, ਪੀ.ਏ.ਯੂ ਆਰ.ਆਰ.ਐਸ ਫਰੀਦਕੋਟ ਨੇ ਗੁਲਾਬੀ ਸੁੰਡੀ ਦੀ ਆਬਾਦੀ ਨੂੰ ਨਿਯੰਤਰਿਤ ਕਰਨ ਲਈ ਏਕੀਕ੍ਰਿਤ ਕੀਟ ਪ੍ਰਬੰਧਨ (IPM) ਰਣਨੀਤੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਡਾ. ਅਮਰਪ੍ਰੀਤ ਸਿੰਘ, ਸੀਨੀਅਰ ਵਿਗਿਆਨੀ (ਖੇਤੀ ਵਿਗਿਆਨ), ਸੀ.ਆਈ.ਸੀ.ਆਰ ਖੇਤਰੀ ਸਟੇਸ਼ਨ, ਸਿਰਸਾ ਨੇ ਕਪਾਹ ਦੀ ਫਸਲ ਵਿੱਚ ਖੇਤੀ ਵਿਗਿਆਨਕ ਢੰਗਾਂ ਦੁਆਰਾ ਖਾਦ ਦੀ ਵਰਤੋਂ ਨੂੰ ਘਟਾਉਣ ਲਈ ਟਿਕਾਊ ਖੇਤੀ ਢੰਗਾਂ ਨੂੰ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।


ਇਸ ਤੋਂ ਇਲਾਵਾ ਡਾ. ਸੁਨੀਤ ਪੰਧੇਰ, ਸੀਨੀਅਰ ਕੀਟ ਵਿਗਿਆਨੀ, ਪੀ.ਏ.ਯੂ ਆਰ.ਆਰ.ਐਸ ਫਰੀਦਕੋਟ ਨੇ ਰਸ ਚੂਸਣ ਵਾਲੇ ਕੀੜਿਆਂ ਦੇ ਬਦਲਵੇਂ ਬੂਟਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਗੁਲਾਬੀ ਸੁੰਡੀ ਦੀ ਆਬਾਦੀ ਦੀ ਅਸਲ ਸਮੇਂ ਵਿੱਚ ਨਿਗਰਾਨੀ ਲਈ ਏ.ਆਈ-ਸੰਚਾਲਿਤ ਫੇਰੋਮੋਨ ਟ੍ਰੇਪ ਦੀ ਵਰਤੋਂ ਬਾਰੇ ਦੱਸਿਆ |

ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ  ਪ੍ਰਬੰਧਨ ਲਈ ਵਧੀਆ ਢੰਗਾਂ ਬਾਰੇ ਵੀ ਸਿਖਲਾਈ ਦਿੱਤੀ ਗਈ, ਜਿਸ ਵਿੱਚ ਕਪਾਹ ਦੇ ਰਹਿੰਦ-ਖੂੰਹਦ ਦਾ ਨਾਸ਼ ਕਰਨਾ, ਬਾਇਓਪੈਸਟੀਸਾਈਡਾਂ ਦੀ ਵਰਤੋਂ ਅਤੇ ਹੋਰ ਆਈ.ਪੀ.ਐਮ ਰਣਨੀਤੀਆਂ ਸ਼ਾਮਲ ਹਨ। ਡਾ. ਸ਼ਵਿੰਦਰ ਸਿੰਘ, ਏ.ਡੀ.ਓ(ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਿੱਟੀ ਦੇ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ। 

ਇਸ ਤੋਂ ਇਲਾਵਾ ਡਾ. ਹਰਮਨਦੀਪ ਸਿੰਘ, ਏ.ਡੀ.ਓ, ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਈ.ਕੇ.ਵਾਈ.ਸੀ ਕਰਵਾਉਣ ਲਈ ਜਾਗਰੂਕ ਕੀਤਾ ਅਤੇ ਮੌਕੇ ਤੇ ਕਿਸਾਨਾਂ ਨੂੰ ਆ ਰਹੀਂਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ। ਡਾ. ਹਰਮਨਜੀਤ ਸਿੰਘ, ਏ.ਡੀ.ਓ (ਪੀ.ਪੀ) ਵੱਲੋਂ ਆਏ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਿਰਫ ਲੋੜ ਅਨੁਸਾਰ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਹੀ ਸਪਰੇਅ ਕੀਤੀ ਜਾਵੇ। ਇਸ ਕੈਂਪ ਵਿੱਚ 100 ਤੋਂ ਵੱਧ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਆਯੋਜਕਾਂ ਨੇ ਟਿਕਾਊ ਕੀਟ ਪ੍ਰਬੰਧਨ ਢੰਗਾਂ ਬਾਰੇ ਜਾਗਰੂਕਤਾ ਅਤੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ ਖੇਤਰ ਵਿੱਚ ਅਜਿਹੇ ਹੋਰ ਕੈਂਪ ਆਯੋਜਿਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਮੌਕੇ ਸ਼੍ਰੀ ਸਵਰਨਜੀਤ ਸਿੰਘ, ਏ.ਟੀ.ਐਮ(ਆਤਮਾ) ਅਤੇ ਸ਼੍ਰੀ ਦੀਪਇੰਦਰ ਸਿੰਘ, ਸੇਵਦਾਰ ਵੀ ਹਾਜ਼ਰ ਸਨ।

Early Measures to check the spread of Pink Boll warm in cotton

Saturday, March 15, 2025

ਪੰਜ ਜਿਲਿਆਂ ਵਿੱਚ ਬਾਰਿਸ਼ ਦਾ ਯੈਲੋ ਅਲਰਟ ਅਬੋਹਰ ਸਭ ਤੋਂ ਗਰਮ

ਚੰਡੀਗੜ -ਮੌਸਮ ਵਿਭਾਗ IMD ਨੇ ਪੰਜਾਬ ਦੇ ਪੰਜ ਜਿਲਿਆਂ ਵਿੱਚ ਬਾਰਿਸ਼ ਦਾ ਯੈਲੋ ਅਲਰਟ Yellow Alert for Rain ਜਾਰੀ ਕੀਤਾ ਹੈ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ ਅਬੋਹਰ Abohar ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ।ਅਬੋਹਰ ਦਾ ਤਾਪਮਾਨ 26 ਡਿਗਰੀ ਸੈਂਟੀਗ੍ਰੇਟ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਜੰਮੂ ਕਸ਼ਮੀਰ ਅਤੇ ਹਿਮਾਚਲ ਨਾਲ ਲੱਗਦੇ ਪੰਜਾਬ ਦੇ ਪੰਜ ਜ਼ਿਲਿਆਂ ਵਿੱਚ ਆਉਣ ਵਾਲੇ 24 ਘੰਟਿਆਂ ਦੌਰਾਨ ਮੀਹ ਪੈ ਸਕਦਾ ਹੈ। ਜਦਕਿ ਬਾਕੀ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਦੋ ਦਿਨਾਂ ਬਾਅਦ ਗਰਮੀ ਦਾ ਪ੍ਰਕੋਪ ਵਧਣ ਦੀ ਸਭਾਵਨਾ ਹੈ । ਮੌਸਮ ਵਿਭਾਗ ਅਨੁਸਾਰ ਇਸ ਤੋਂ ਬਾਅਦ ਲਗਭਗ ਇੱਕ ਹਫਤਾ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। 


ਕਿਸਾਨ ਵੀਰ ਇਸ ਸਮੇਂ ਦੌਰਾਨ ਕਣਕ Wheat ਨੂੰ ਪਾਣੀ ਦੇ ਸਕਦੇ ਹਨ ਪਰ ਇਸ ਸਾਲ ਦੇ ਮੌਸਮੀ ਬਦਲਾਅ ਦੀ ਸਭ ਤੋਂ ਵੱਧ ਮਾਰ ਕਿਨੂੰ Kinnow ਕਿਸਾਨਾਂ ਤੇ ਪਈ ਹੈ । ਪਹਿਲਾਂ ਅਗੇਤੀ ਗਰਮੀ ਕਾਰਨ ਫੁਟਾਰਾ ਸ਼ੁਰੂ ਹੋ ਗਿਆ ਫਿਰ ਪੱਛਮੀ ਚੱਕਰਵਾਤ ਕਾਰਨ ਠੰਡ ਪੈ ਗਈ ਅਤੇ ਨਵੇਂ ਫੁੱਲ ਆਉਣੇ ਘੱਟ ਗਏ ਜਿਸ ਕਰਕੇ ਇਸ ਵਾਰ ਔਸਤ ਤੋਂ ਕਾਫੀ ਘੱਟ ਫਲ ਕਿੰਨੂੰ ਦੇ ਬਾਗਾਂ ਵਿੱਚ ਆਇਆ ਹੈ। 

ਇਸ ਲਈ ਹਰੇਕ ਮਨੁੱਖ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਸਜਗ ਰਹਿਣਾ ਚਾਹੀਦਾ ਹੈ ਕਿਉਂਕਿ ਮੌਸਮੀ ਬਦਲਾਅ ਸਾਡੀ ਖੇਤੀ ਤੇ ਅਸਰ ਪਾ ਰਹੇ ਹਨ। ਤੁਹਾਡੇ ਇਸ ਵਾਰ ਕਿਨੂੰ ਦਾ ਫਲ ਕਿਸ ਤਰ੍ਹਾਂ ਦਾ ਹੈ ਕਮੈਂਟ ਕਰਕੇ ਜਰੂਰ ਦੱਸਣਾ।

ਹੁਣ ਮੱਝਾਂ ਅਤੇ ਗਾਵਾਂ ਦੇਣਗੀਆਂ ਸਿਰਫ ਕੱਟੀਆਂ ਅਤੇ ਬੱਛੀਆਂ

ਪੰਜਾਬ ਸਰਕਾਰ 5.3 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੇਗੀ ਸੈਕਸਡ ਸੀਮਨ ਦੀਆਂ 2 ਲੱਖ ਖੁਰਾਕਾਂ: ਖੁੱਡੀਆਂ

•ਸੈਕਸਡ ਸੀਮਨ ਨਾਲ 90 ਫ਼ੀਸਦ ਤੋਂ ਵੱਧ ਵੱਛੀਆਂ ਤੇ ਕੱਟੀਆਂ ਹੋਣਗੀਆਂ ਪੈਦਾ, ਜਿਸ ਨਾਲ ਪਸ਼ੂ ਪਾਲਕਾਂ ਦੇ ਵੱਛਿਆਂ ਤੇ ਕੱਟਿਆਂ ਦੇ ਪਾਲਣ-ਪੋਸ਼ਣ ‘ਤੇ ਹੋਣ ਵਾਲੇ ਖ਼ਰਚਿਆਂ ਤੋਂ ਹੋਵੇਗੀ ਬੱਚਤ

•ਪਸ਼ੂ ਪਾਲਣ ਮੰਤਰੀ ਨੇ ਪਸ਼ੂ ਪਾਲਕਾਂ ਨੂੰ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਲਈ ਸੈਕਸਡ ਸੀਮਨ ਦੀ ਵਰਤੋਂ ਲਈ ਕੀਤਾ ਉਤਸ਼ਾਹਿਤ

ਚੰਡੀਗੜ੍ਹ, 15 ਮਾਰਚ:


ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਦੱਸਿਆ ਕਿ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ  ਕੇ ਸੂਬੇ ਦੇ ਪਸ਼ੂ ਪਾਲਕਾਂ ਦੇ ਸਮਾਜਿਕ-ਆਰਥਿਕ ਸਥਿਤੀ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਪੰਜਾਬ ਸਰਕਾਰ 5.3 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 2 ਲੱਖ ਸੈਕਸਡ ਸੀਮਨ sexed semen ਖੁਰਾਕਾਂ ਖ਼ਰੀਦੇਗੀ।  

ਕੈਬਨਿਟ ਮੰਤਰੀ ਇੱਥੇ ਕਿਸਾਨ ਭਵਨ kisan bhawan ਵਿਖੇ "ਪੰਜਾਬ ਦੇ ਪਸ਼ੂ ਪਾਲਕਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਪਸ਼ੂ ਪਾਲਣ ਵਿਭਾਗ ਦੀ ਭੂਮਿਕਾ" ਵਿਸ਼ੇ ਉਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਮਹੀਨੇ ਸੈਕਸਡ ਸੀਮਨ ਦੀਆਂ 50,000 ਖੁਰਾਕਾਂ ਖ਼ਰੀਦੀਆਂ ਜਾਣਗੀਆਂ ਅਤੇ ਜੂਨ 2025 ਤੱਕ ਇਸ ਦੀਆਂ 1.50 ਲੱਖ ਹੋਰ ਖੁਰਾਕਾਂ ਦੀ ਖ਼ਰੀਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਸੂਬਾ ਸਰਕਾਰ ਨੇ ਗਾਵਾਂ ਅਤੇ ਮੱਝਾਂ ਲਈ ਸੈਕਸਡ ਸੀਮਨ ਦੀਆਂ 1.75 ਲੱਖ ਖੁਰਾਕਾਂ ਸਪਲਾਈ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 1.58 ਲੱਖ ਖੁਰਾਕਾਂ ਦੀ ਵਰਤੋਂ ਹੋ ਚੁੱਕੀ ਹੈ।

ਇਸ ਸਰਕਾਰੀ ਪਹਿਲਕਦਮੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਪ੍ਰੈਕਟੀਸ਼ਨਰ ਸੈਕਸਡ ਸੀਮਨ ਨੂੰ ਜ਼ਿਆਦਾ ਕੀਮਤਾਂ 'ਤੇ ਵੇਚਦੇ ਹਨ, ਜਦੋਂ ਕਿ ਸਰਕਾਰੀ ਸੰਸਥਾਵਾਂ ਵਿੱਚ ਇਹ ਸਿਰਫ਼ 250 ਰੁਪਏ ਪ੍ਰਤੀ ਇੱਕ ਖੁਰਾਕ ਉਪਲਬਧ ਹੈ।

ਸੈਕਸਡ ਸੀਮਨ ਦੀ ਵਰਤੋਂ ਨਾਲ 90 ਫ਼ੀਸਦ ਤੋਂ ਵੱਧ ਵੱਛੀਆਂ ਤੇ ਕੱਟੀਆਂ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਪਸ਼ੂ ਪਾਲਕਾਂ ਦਾ ਵੱਛਿਆਂ ਤੇ ਕੱਟਿਆਂ ਦੇ ਪਾਲਣ-ਪੋਸ਼ਣ ਉੱਤੇ ਹੋਣ ਵਾਲਾ ਖਰਚਾ ਬਚੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸੀਮਨ ਦੀ ਉੱਚ ਜੈਨੇਟਿਕ Genetic ਸਮਰਥਾ ਸੂਬੇ ਵਿੱਚ ਮੌਜੂਦਾ ਜਰਮ-ਪਲਾਜ਼ਮ Germ Plasm ਨੂੰ ਹੋਰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਵੇਗੀ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਸ ਸੀਮਨ ਦੀ ਵਰਤੋਂ ਕਰਕੇ ਗਾਵਾਂ ਅਤੇ ਮੱਝਾਂ ਦੀਆਂ ਉੱਚ ਜੈਨੇਟਿਕ ਸਮਰਥਾ ਵਾਲੀਆਂ ਵੱਛੀਆਂ ਤੇ ਕੱਟੀਆਂ ਪੈਦਾ ਹੋਈਆਂ ਹਨ। ਉਹਨਾਂ ਕਿਹਾ ਕਿ ਲੰਬੇ ਸਮੇਂ ਤੱਕ ਸੈਕਸਡ ਸੀਮਨ ਦੀ ਵਰਤੋਂ ਕਰਨ ਨਾਲ ਅਵਾਰਾ ਜਾਨਵਰਾਂ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਵੀ ਮਦਦ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸੈਮੀਨਾਰ ਵਿੱਚ ਪਸ਼ੂ ਭਲਾਈ, ਜਾਨਵਰਾਂ ਵਿੱਚ ਮੈਗਨੇਟ ਫੀਡਿੰਗ ਅਤੇ ਐਨ.ਐਲ.ਐਮ. ਵਿੱਚ ਪ੍ਰੋਜੈਕਟਾਂ ਬਾਰੇ ਕਈ ਹੋਰ ਮੁੱਦੇ ਵਿਚਾਰੇ ਗਏ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ. ਬੇਦੀ ਨੇ ਸੈਕਸਡ ਸੀਮਨ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਦੇ ਪਿੰਡ ਸੀਰਵਾਲੀ ਵਾਸੀ ਕਿਸਾਨ ਜਗਸੀਰ ਸਿੰਘ ਦੇ ਘਰ ਕੁੱਲ ਅੱਠ ਵੱਛੀਆਂ ਪੈਦਾ ਹੋਈਆਂ ਹਨ। ਇਸੇ ਤਰ੍ਹਾਂ ਲੁਬਾਣਿਆਂਵਾਲੀ ਦੇ ਵਸਨੀਕ ਬਘੇਲ ਸਿੰਘ ਦੇ ਘਰ ਵੀ ਅੱਠ ਵੱਛੀਆਂ ਨੇ ਜਨਮ ਲਿਆ। ਇਨ੍ਹਾਂ ਵੱਛੀਆਂ ਦਾ ਭਾਰ ਦੂਜਿਆਂ ਵੱਛੀਆਂ ਦੇ ਮੁਕਾਬਲੇ ਵੱਧ ਹੈ ਅਤੇ ਇਹ ਉਚ ਗੁਣਵੱਤਾ ਵਾਲੀਆਂ ਨਸਲਾਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਸਰਦਾਰਪੁਰਾ ਪਿੰਡ ਦੇ ਸੰਤ ਕੁਮਾਰ ਦੀ ਮਹਿਜ਼ 63 ਦਿਨਾਂ ਦੀ ਵੱਛੀ ਦਾ ਭਾਰ 80 ਕਿਲੋਗ੍ਰਾਮ ਹੈ।

ਇਸ ਸੈਮੀਨਾਰ ਵਿੱਚ ਵਿਸ਼ੇਸ਼ ਸਕੱਤਰ ਪਸ਼ੂ ਪਾਲਣ ਹਰਬੀਰ ਸਿੰਘ, ਵਿਭਾਗ ਦੇ ਸਾਰੇ ਸੰਯੁਕਤ ਡਾਇਰੈਕਟਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Friday, March 14, 2025

ਕਣਕ ਦਾ ਬੀਜ ਕਿਵੇਂ ਪੈਦਾ ਕਰੀਏ

ਕਿਸਾਨੀ ਵਿੱਚ ਬੀਜ seed ਦੀ ਮਹੱਤਤਾ ਸਭ ਤੋਂ ਵਧੇਰੇ ਹੈ। ਅੱਜਕੱਲ੍ਹ, ਬੀਜ ਦੀ ਕੀਮਤ ਬਹੁਤ ਵਧ ਗਈ ਹੈ, ਜਿਸ ਕਰਕੇ ਕਿਸਾਨਾਂ ਦੀ ਆਮਦਨ ‘ਤੇ ਇਸਦਾ ਵੱਡਾ ਅਸਰ ਪੈਂਦਾ ਹੈ। ਜੇਕਰ ਕਿਸਾਨ ਆਪਣੇ ਬੀਜ ਆਪ ਤਿਆਰ ਕਰਨ, ਤਾਂ ਉਹ ਬਹੁਤ ਵੱਡੇ ਖਰਚੇ ਤੋਂ ਬਚ ਸਕਦੇ ਹਨ। ਅੱਜ ਦਾ ਇਹ ਬਲੋਗ ਇਸੇ ਵਿਸ਼ੇ ਤੇ ਹੈ ਕਿ ਕਿਸਾਨ ਵੀਰ ਕਣਕ ਦਾ ਬੀਜ wheat seed ਆਪਣੇ ਪੱਧਰ ਤੇ ਕਿਵੇਂ ਤਿਆਰ ਕਰ ਸਕਣ।



ਬੀਜ ਤੇ ਦਾਣੇ ਵਿੱਚ ਫ਼ਰਕ Grain and Seed


ਕਿਸੇ ਵੀ ਫਸਲ ਦੀ ਕਟਾਈ ਕਰਨ ‘ਤੇ ਉਸ ਦੇ ਦਾਣੇ ਮਿਲਦੇ ਹਨ, ਪਰ ਹਰ ਦਾਣਾ ਬੀਜ ਨਹੀਂ ਹੁੰਦਾ। ਉੱਚ ਗੁਣਵੱਤਾ ਵਾਲਾ ਬੀਜ ਤਿਆਰ ਕਰਨ ਲਈ, ਕਿਸਾਨ ਨੂੰ ਪਹਿਲਾਂ ਹੀ ਉਸਦੀ ਯੋਜਨਾ ਬਣਾਉਣੀ ਪੈਂਦੀ ਹੈ। ਯਾਦ ਰੱਖਣਯੋਗ ਗੱਲ ਇਹ ਹੈ ਕਿ ਉੱਚ ਕੁਆਲਟੀ ਦੇ ਬੀਜ ਤੋਂ ਹੀ ਵਧੀਆ ਉਤਪਾਦਨ ਸੰਭਵ ਹੁੰਦਾ ਹੈ।


ਬੀਜ ਤਿਆਰ ਕਰਨ ਦੀ ਸ਼ੁਰੂਆਤ Seed production 


ਬੀਜ ਤਿਆਰ ਕਰਨ ਦੀ ਸ਼ੁਰੂਆਤ ਜ਼ਮੀਨ ਦੀ ਤਿਆਰੀ ਤੋਂ ਹੁੰਦੀ ਹੈ। ਪਹਿਲਾਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕਿਸਾਨ ਨੇ ਅਗਲੇ ਸਾਲ ਕਿਸ ਕਿਸਮ ਦੀ ਫਸਲ ਬੀਜਣੀ ਹੈ ਅਤੇ ਉਨ੍ਹਾਂ ਨੂੰ ਕਿੰਨੇ ਬੀਜ ਦੀ ਲੋੜ ਹੋਵੇਗੀ। ਜ਼ਮੀਨ ਦੀ ਉਪਜਾਊ ਸਮਰੱਥਾ (fertility) ਨੂੰ ਵੀ ਪਰਖਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਹਰ ਉਪਜਾਊ ਜ਼ਮੀਨ ਉਤਪਾਦਕ ਨਹੀਂ ਹੁੰਦੀ।


ਬਿਜਾਈ ਦੀ ਤਕਨੀਕ


ਬੀਜ ਵਧੀਆ ਹੋਣ ਲਈ, ਬਿਜਾਈ ਵਿਗਿਆਨਿਕ ਢੰਗ ਨਾਲ ਕਰਨੀ ਚਾਹੀਦੀ ਹੈ। ਕਿਸਾਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ:


1. ਡ੍ਰਿਲ ਦੀ ਸਾਫ਼-ਸਫ਼ਾਈ:


ਜਿਸ ਵੀ ਡ੍ਰਿਲਰ ਦੀ ਵਰਤੋਂ ਹੋ ਰਹੀ ਹੋਵੇ, ਉਹ ਵਿੱਚ ਪਿਛਲੇ ਬੀਜ ਜਾਂ ਨਦੀਨਾਂ (weeds) ਦੇ ਬੀਜ ਨਾ ਰਹੇ ਹੋਣ।

2. ਬਿਜਾਈ ਦੀ ਦੂਰੀ:

ਜਿੱਥੇ ਕਿਸਾਨ  ਕਣਕ ਦੇ ਆਪਣੇ ਬੀਜ ਤਿਆਰ ਕਰਨਾ ਚਾਹੁੰਦੇ ਹਨ, ਉੱਥੇ ਹਰ ਅੱਠਵੀਂ ਜਾਂ ਨੌਵੀਂ ਕਤਾਰ ਖਾਲੀ ਛੱਡਣੀ ਚਾਹੀਦੀ ਹੈ। ਅਜਿਹਾ ਇੱਕ ਪੋਰਾ ਪੱਕੇ ਤੌਰ ਤੇ ਬੰਦ ਕਰਕੇ ਕੀਤਾ ਜਾ ਸਕਦਾ

ਇਹ ਫਸਲ ਵਿੱਚ ਉਗੇ ਹੋਰ ਕਿਸਮਾਂ ਦੇ ਪੌਦਿਆਂ ਦੀ ਛਟਾਈ ਕਰਨ (rogueing) ਅਤੇ ਸਪਰੇਅ ਕਰਨ ਵਿੱਚ ਮਦਦ ਕਰਦਾ ਹੈ।

3. ਬੀਜ ਦੀ ਮਾਤਰਾ:

ਆਮ ਤੌਰ ‘ਤੇ, ਕਿਸਾਨ ਕਣਕ ਦਾ 40 ਕਿਲੋ ਬੀਜ ਪ੍ਰਤੀ ਏਕੜ ਵਰਤਦੇ ਹਨ, ਪਰ ਬੀਜ ਉਤਪਾਦਨ ਲਈ 32 ਕਿਲੋ ਪ੍ਰਤੀ ਏਕੜ ਵਰਤਿਆ ਜਾਣਾ ਚਾਹੀਦਾ ਹੈ।

ਇਸ ਨਾਲ ਫ਼ਸਲ ਸਿਹਤਮੰਦ ਬਣਦੀ ਹੈ, ਅਤੇ ਕੀੜਿਆਂ, ਬਿਮਾਰੀਆਂ ਅਤੇ ਨਦੀਨਾਂ ਤੋਂ ਬਚਾਵ ਹੁੰਦਾ ਹੈ।

ਫ਼ਸਲ ਦੇ ਹੋਰ ਕਿਸਮਾਂ ਦੇ ਪੋਤੇ ਕੱਢਣ (Rogueing) ਦਾ ਮਹੱਤਵ


ਫ਼ਸਲ ਵਿੱਚ ਆਫ਼-ਟਾਈਪ ਪੌਦਿਆਂ (undesirable plants) ਨੂੰ ਹਟਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਤਿੰਨ ਵਾਰ ਕਰਨਾ ਚਾਹੀਦਾ ਹੈ:


1. ਜਦੋਂ ਫਸਲ ਵਾਧੇ ਵਿੱਚ ਹੋਈਹ– ਜਿਸ ਸਮੇਂ ਫ਼ਸਲ ਵਧ ਰਹੀ ਹੋਵੇ।


2. ਜਦੋਂ ਫ਼ਸਲ ‘ਤੇ ਸਿੱਟਾ ਆਉਂਦਾ ਹੈ – ਕਿਸੇ ਵੀ ਅਜਿਹੇ ਪੌਦੇ ਨੂੰ ਹਟਾ ਦੇਣਾ ਚਾਹੀਦਾ ਹੈ ਜੋ ਉੱਚੇ ਜਾਂ ਨੀਵੇਂ ਹੋਣ।


3. ਕਟਾਈ ਤੋਂ ਪਹਿਲਾਂ – ਕੰਬਾਈਨ ਦੇ ਨਾਲ ਕਟਾਈ ਕਰਨ ਤੋਂ ਪਹਿਲਾਂ, ਉੱਚੇ ਜਾਂ ਨੀਵੇਂ ਪੌਦੇ ਖੇਤ ਤੋਂ ਹਟਾਉਣੇ ਚਾਹੀਦੇ ਹਨ।

ਅਜਿਹੇ ਵੱਖਰੇ ਦਿਖਦੇ ਪੌਦੇ ਕਿਸੇ ਹੋਰ ਕਿਸਮ ਦੇ ਹੋ ਸਕਦੇ ਹਨ ਜੋ ਕਿ ਖੇਤ ਵਿੱਚ ਤਿਆਰ ਹੋਣ ਵਾਲੇ ਬੀਜ ਵਿੱਚ ਮਿਲਾਵਟ ਦਾ ਕਾਰਨ ਬਣਦੇ ਹਨ। ਇਸ ਤੋਂ ਬਿਨਾਂ ਨਦੀਨਾਂ ਨੂੰ ਵੀ ਪੂਰੀ ਤਰਹਾਂ ਨਾਲ ਕੱਢ ਦੇਣਾ ਚਾਹੀਦਾ ਹੈ।।

ਕਟਾਈ ਤੇ ਕੰਬਾਈਨ ਦੀ ਸਾਫ਼-ਸਫ਼ਾਈ

ਅੱਜਕੱਲ੍ਹ, ਫ਼ਸਲ ਦੀ ਕਟਾਈ ਮੁੱਖ ਤੌਰ ‘ਤੇ ਕੰਬਾਈਨ ਦੀ ਮਦਦ ਨਾਲ ਕੀਤੀ ਜਾਂਦੀ ਹੈ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ:

1. ਕੰਬਾਈਨ ਨੂੰ ਕਟਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਵੇ, ਤਾਂ ਜੋ ਪਿਛਲੀ ਫ਼ਸਲ ਦਾ ਕੋਈ ਬੀਜ ਨਾ ਰਹਿ ਜਾਵੇ।

2. ਜੇਕਰ ਲੱਗੇ ਕਿ ਕੰਬਾਈਨ ਵਿੱਚ ਪੁਰਾਣੇ ਬੀਜ ਹਨ, ਤਾਂ ਪਹਿਲਾਂ ਇੱਕ ਵਾਰ ਕੰਬਾਈਨ ਨੂੰ ਖੇਤ ਦੇ ਚਾਰਾਂ ਪਾਸਿਆਂ ਚਲਾਇਆ ਜਾਵੇ, ਅਤੇ ਇਸ ਤੋਂ ਬਾਅਦ ਦਾਣਿਆਂ ਵਾਲੀ ਟੈਂਕੀ ਪੂਰੀ ਤਰ੍ਹਾਂ ਖਾਲੀ ਕਰ ਲਈ ਜਾਵੇ ਤਾਂ ਜੋ ਪੁਰਾਣੀ ਫ਼ਸਲ ਦੀ ਬਚੀ-ਖੁੱਚੀ ਉਪਜ ਇੱਕ ਪਾਸੇ ਇਕੱਠੀ ਹੋ ਜਾਵੇ।

ਬੀਜ ਦੀ ਸਟੋਰੇਜ (Storage) ਤੇ ਪੈਕਿੰਗ

ਕਟਾਈ ਤੋਂ ਬਾਅਦ, ਬੀਜ ਨੂੰ ਸੰਭਾਲਣ ਲਈ ਵਧੀਆ ਤਰੀਕੇ ਦੀ ਲੋੜ ਹੁੰਦੀ ਹੈ:

1. ਗਰੇਡਿੰਗ 

ਛੋਟੇ ਅਤੇ ਨਿਕੰਮੇ ਦਾਣਿਆਂ ਨੂੰ ਹਟਾ ਕੇ, ਸਿਰਫ਼ ਉੱਚ ਗੁਣਵੱਤਾ ਵਾਲੇ ਬੀਜ ਰੱਖਣੇ ਚਾਹੀਦੇ ਹਨ।

2. ਮਿਸ਼ਰਨ ਤੋਂ ਬਚਾਵ

ਹਰੇਕ ਕਿਸਮ ਦੇ ਬੀਜ ਨੂੰ ਵੱਖ-ਵੱਖ ਰੱਖਣ ਚਾਹੀਦਾ ਹੈ, ਤਾਂ ਜੋ ਕਿਸਮਾਂ ਦੀ ਸ਼ੁੱਧਤਾ (purity) ਬਣੀ ਰਹੇ।

3. ਨਮੀ (Moisture) ਕੰਟਰੋਲ

ਬੀਜ ‘ਚ ਨਮੀ 9% ਤੋਂ 12% ਤੱਕ ਹੋਣੀ ਚਾਹੀਦੀ ਹੈ।

ਬੀਜ ਨੂੰ ਦੋ-ਤਿੰਨ ਵਾਰ ਧੁੱਪ ਲਗਾਉਣ ਨਾਲ ਨਮੀ ਦੀ ਪੱਧਰ ਘਟਾਇਆ ਜਾ ਸਕਦਾ ਹੈ।

4. ਸਟੋਰੇਜ ਦਾ ਢੰਗ

ਬੀਜ ਨੂੰ ਸਾਫ਼ ਕੀਤੇ ਹੋਏ ਡਰਮ ਜਾਂ ਟੰਕੀਆਂ ਵਿੱਚ ਰੱਖਣਾ ਚਾਹੀਦਾ ਹੈ।

ਥੈਲੀਆਂ ਵਿੱਚ ਬੀਜ ਸੰਭਾਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਚੁਹਿਆਂ ਅਤੇ ਕੀੜਿਆਂ ਲਈ ਆਸਾਨ ਨਿਸ਼ਾਨਾ ਬਣ ਜਾਂਦਾ ਹੈ।


ਬੀਜ ਤਿਆਰ ਕਰਨ ਦੇ ਫਾਇਦੇ


1. ਖਰਚਾ ਘੱਟਦਾ ਹੈ : ਕਿਸਾਨ ਨੂੰ ਹਰ ਸਾਲ ਨਵੇਂ ਬੀਜ ਖਰੀਦਣ ਦੀ ਲੋੜ ਨਹੀਂ ਰਹਿੰਦੀ।

2. ਉੱਚ ਉਤਪਾਦਨ: ਉੱਤਮ ਕੁਆਲਟੀ ਦੇ ਬੀਜ ਫ਼ਸਲ ਦੀ ਉਤਪਾਦਕਤਾ ਵਧਾਉਂਦੇ ਹਨ।

3. ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਵ: ਆਪਣੇ ਤਿਆਰ ਕੀਤੇ ਬੀਜ ਨਾਲ ਫ਼ਸਲ ਦੀ ਸਿਹਤ ਵਧੀਆ ਰਹਿੰਦੀ ਹੈ।

4. ਖੇਤੀ ਵਿੱਚ ਖੁਦਮੁਖਤਾਰੀ: ਕਿਸਾਨ ਬੀਜ ਉਤਪਾਦਨ ਵਿੱਚ ਆਤਮਨਿਰਭਰ ਹੋ ਜਾਂਦੇ ਹਨ।


ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਬੀਜ ਆਪ ਤਿਆਰ ਕਰਨਾ ਕਿਸਾਨਾਂ ਲਈ ਲਾਭਦਾਇਕ ਹੈ। ਇਹ ਨਾ ਸਿਰਫ਼ ਉਨ੍ਹਾਂ ਦੇ ਵਾਧੂ ਖਰਚਿਆਂ ਨੂੰ ਘਟਾਉਂਦਾ ਹੈ, ਬਲਕਿ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੀ ਫ਼ਸਲ ਦੀ ਗੈਰੰਟੀ ਵੀ ਦਿੰਦਾ ਹੈ। ਜੇਕਰ ਕਿਸਾਨ ਸਹੀ ਤਰੀਕੇ ਨਾਲ ਬੀਜ ਉਤਪਾਦਨ ਅਤੇ ਸੰਭਾਲ ਕਰਣ, ਤਾਂ ਉਹ ਆਪਣੇ ਖੇਤੀ-ਖਰਚਿਆਂ ਨੂੰ ਘਟਾ ਸਕਦੇ ਹਨ ਅਤੇ ਵਧੇਰੇ ਲਾਭ ਕਮਾ ਸਕਦੇ ਹਨ।


"ਸਵੈ-ਨਿਰਭਰ ਕਿਸਾਨ, ਮਜ਼ਬੂਤ ਖੇਤੀ" – ਇਹ ਸਿਧਾਂਤ ਕਿਸਾਨਾਂ ਲਈ ਆਉਣ ਵਾਲੇ ਸਮੇਂ ਵਿੱਚ ਇੱਕ ਮਜ਼ਬੂਤ ਆਧਾਰ ਬਣ ਸਕਦਾ ਹੈ।

Thursday, March 13, 2025

ਖੇਤੀਬਾੜ੍ਹੀ ਵਿਭਾਗ ਨੇ ਫ਼ਾਜ਼ਿਲਕਾ ਜ਼ਿਲ੍ਹੇ ਚ ਫੜ੍ਹੀਆਂ ਮਿਆਦ ਪੁੱਗ ਚੁਕੀਆਂ ਖਾਦਾਂ

*ਪੰਜਾਬ ਸਰਕਾਰ ਵੱਲੋਂ ਗੈਰ-ਮਿਆਰੀ ਖੇਤੀਬਾੜੀ ਵਸਤਾਂ ਖ਼ਿਲਾਫ਼ ਸਖਤ ਕਰਵਾਈ: ਫਾਜ਼ਿਲਕਾ 'ਚ ਮਿਆਦ ਪੁੱਗ ਚੁੱਕੀ ਖਾਦ ਜ਼ਬਤ, ਮਲੇਰਕੋਟਲਾ 'ਚ ਗੈਰ-ਲਾਇਸੈਂਸੀ ਬੀਜ ਡੀਲਰ ਵਿਰੁੱਧ ਸ਼ਿਕਾਇਤ ਦਰਜ*

*• ਨਮੂਨੇ ਜਾਂਚ ਲਈ ਲੈਬਾਰਟਰੀ ਭੇਜੇ, ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਕੀਤੀ ਜਾਵੇਗੀ ਸਖ਼ਤ ਕਾਰਵਾਈ: ਗੁਰਮੀਤ ਸਿੰਘ ਖੁੱਡੀਆਂ*

*• ਪੰਜਾਵਾ ਮਾਡਲ ਸਹਿਕਾਰੀ ਸਭਾ ਦੇ ਸਕੱਤਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਫਾਜ਼ਿਲਕਾ ਅਤੇ ਸਬੰਧਤ ਖਾਦ ਕੰਪਨੀਆਂ ਨੂੰ ਨੋਟਿਸ ਜਾਰੀ*

ਚੰਡੀਗੜ੍ਹ, 13 ਮਾਰਚ:


ਗੈਰ-ਪ੍ਰਮਾਣਿਤ ਅਤੇ ਗ਼ੈਰਮਿਆਰੀ  ਖੇਤੀਬਾੜੀ ਵਸਤਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਾਜ਼ਿਲਕਾ Fazilka ਜ਼ਿਲ੍ਹੇ ਵਿੱਚ ਛਾਪੇਮਾਰੀ ਦੌਰਾਨ ਮਿਆਦ ਪੁੱਗ expired fertilizer ਚੁੱਕੀ ਖਾਦ ਦੇ 111 ਥੈਲੇ ਜ਼ਬਤ ਕੀਤੇ ਗਏ ਹਨ ਅਤੇ ਮਲੇਰਕੋਟਲਾ ਵਿੱਚ ਇੱਕ ਗੈਰ-ਲਾਇਸੈਂਸੀ ਬੀਜ ਡੀਲਰ ਵਿਰੁੱਧ ਸੀਡ (ਕੰਟਰੋਲ) ਆਰਡਰ 1983 ਅਤੇ ਸੀਡ ਰੂਲਜ਼ 1968 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਦੀ ਅਗਵਾਈ ਹੇਠ ਟੀਮ ਨੇ ਪੰਜਾਵਾ ਮਾਡਲ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮਟਿਡ ਵਿਖੇ ਮਿਆਦ ਪੁੱਗ ਚੁੱਕੀ ਖਾਦ ਦੇ 111 ਥੈਲੇ ਜ਼ਬਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਟੀਮ ਨੇ ਸੁਸਾਇਟੀ ਦੇ ਗੋਦਾਮਾਂ ਦੀ ਰੁਟੀਨ ਜਾਂਚ ਦੇ ਹਿੱਸੇ ਵਜੋਂ ਕੀਤੀ ਛਾਪੇਮਾਰੀ ਦੌਰਾਨ ਮਿਆਦ ਪੁੱਗ ਚੁੱਕੀ ਖਾਦ ਬਰਾਮਦ ਕੀਤੀ।

ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਹਿੰਦੁਸਤਾਨ ਬੀ.ਈ.ਸੀ. ਟੈਕ ਇੰਡੀਆ ਪ੍ਰਾਈਵੇਟ ਲਿਮਟਿਡ (ਪੋਟਾਸ਼ ਮੋਬਿਲਾਈਜ਼ਿੰਗ ਬੈਕਟੀਰੀਆ) ਦੇ 25 ਥੈਲੇ, ਮਾਲਵਾ ਇੰਡਸਟਰੀਅਲ ਐਂਡ ਮਾਰਕੀਟਿੰਗ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ (ਮਿਫਕੋ) (ਪੋਟਾਸ਼ 14.5) ਦੇ 45 ਥੈਲੇ, ਹਿੰਦੁਸਤਾਨ ਬੀ.ਈ.ਸੀ. ਟੈਕ ਇੰਡੀਆ ਪ੍ਰਾਈਵੇਟ ਲਿਮਟਿਡ (ਕੋਰਗੋ ਜਿਪਸਮ) ਦੇ 31 ਥੈਲੇ, ਅਤੇ ਮਾਲਵਾ ਇੰਡਸਟਰੀਅਲ ਐਂਡ ਮਾਰਕੀਟਿੰਗ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ (ਮਿਫਕੋ) (ਮਾਈਕੋਰੀਜ਼ਾ) ਦੇ 10 ਥੈਲੇ ਬਰਾਮਦ ਕੀਤੇ ਗਏ ਹਨ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਟੀਮ ਨੂੰ ਸੁਸਾਇਟੀ ਦੇ ਦੂਜੇ ਗੋਦਾਮ ਵਿੱਚ ਯੂਰੀਆ ਖਾਦ ਦੇ ਨਾਲ ਸਟੋਰ ਕੀਤੀ ਜਿਪਸਮ ਖਾਦ ਵੀ ਮਿਲੀ ਹੈ। ਟੀਮ ਨੇ ਸਟਾਕ ਰਜਿਸਟਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਖਾਦ ਟੈਸਟਿੰਗ ਲੈਬਾਰਟਰੀ ਵਿਖੇ ਜਾਂਚ ਲਈ ਯੂਰੀਆ ਖਾਦ ਦੇ ਨਮੂਨੇ ਇਕੱਤਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨਮੂਨੇ ਸਬੰਧੀ ਜਾਂਚ ਰਿਪੋਰਟਾਂ ਦੇ ਅਧਾਰ 'ਤੇ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਪੰਜਾਵਾ ਮਾਡਲ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੋਸਾਇਟੀ ਲਿਮਟਿਡ ਕੋਲ ਉਪਲਬਧ ਖਾਦਾਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਵਿਭਾਗ ਵੱਲੋਂ ਰਜਿਸਟਰ ਆਪਣੇ ਕਬਜ਼ੇ 'ਚ ਲੈ ਲਏ ਗਏ ਹਨ। ਇਸ ਤੋਂ ਇਲਾਵਾ ਸੁਸਾਇਟੀ ਦੇ ਸਕੱਤਰ ਓਮ ਪ੍ਰਕਾਸ਼, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਫਾਜ਼ਿਲਕਾ ਅਤੇ ਸਬੰਧਤ ਖਾਦ ਕੰਪਨੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।

ਗੈਰ-ਲਾਇਸੈਂਸੀ ਬੀਜ ਡੀਲਰ ਵਿਰੁੱਧ ਐਫ.ਆਈ.ਆਰ. ਦਰਜ  ਕਰਨ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ ਦੀ ਨਿਗਰਾਨੀ ਹੇਠ ਇੱਕ ਹੋਰ ਟੀਮ ਨੇ ਸੰਗਰੂਰ ਦੇ ਕਿਸਾਨਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਅਨਾਜ ਮੰਡੀ ਮਲੇਰਕੋਟਲਾ ਵਿਖੇ ਸਥਿਤ ਮੈਸਰਜ਼ ਸੰਕਲਪ ਰਿਟੇਲ ਸਟੋਰ 'ਤੇ ਛਾਪਾ ਮਾਰਿਆ। ਆਪਣੀ ਸ਼ਿਕਾਇਤ ਵਿੱਚ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ 3300 ਰੁਪਏ ਪ੍ਰਤੀ ਥੈਲੇ ਦੇ ਹਿਸਾਬ ਮੱਕੀ ਦੇ ਬੀਜ (ਪਾਇਨੀਰ 1899) ਦੇ 21 ਥੈਲੇ ਖਰੀਦੇ ਸਨ ਪਰ ਡੀਲਰ ਨੇ ਬਿੱਲ ਦੇਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਕੀਤੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੰਪਨੀ ਦੇ ਬੀਜ ਲਾਇਸੰਸ (ਨੰਬਰ ਐਮ.ਕੇ.ਟੀ. /ਸੀਡ/189) ਦੀ ਮਿਆਦ 22 ਅਪ੍ਰੈਲ 2024 ਨੂੰ ਖਤਮ ਹੋ ਚੁੱਕੀ ਸੀ ਅਤੇ ਉਹ ਲਾਈਸੈਂਸ ਰੀਨਿਊ ਜਾਂ ਬਿੱਲ ਮੁਹੱਈਆ ਕਰਵਾਏ ਬਿਨਾਂ ਬੀਜ ਵੇਚ ਰਹੇ ਸਨ, ਜੋ ਕਿ ਸੀਡ (ਕੰਟਰੋਲ) ਆਰਡਰ 1983 ਦੀ ਧਾਰਾ 3 ਅਤੇ 9 ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਡੀਲਰ ਵੱਲੋਂ ਸੀਡ ਕੰਟਰੋਲ ਆਰਡਰ 1983 ਦੀ ਧਾਰਾ 18 (1) ਅਤੇ 18 (2) ਅਤੇ ਸੀਡ ਰੂਲਜ਼ 1968 ਦੀ ਧਾਰਾ 38 ਦੀ ਵੀ ਉਲੰਘਣਾ ਕੀਤੀ ਗਈ ਹੈ।

ਸ. ਖੁੱਡੀਆਂ ਨੇ ਦੱਸਿਆ ਕਿ ਇਨ੍ਹਾਂ ਉਲੰਘਣਾਵਾਂ ਦੇ ਮੱਦੇਨਜ਼ਰ ਕੰਪਨੀ ਦੇ ਖਿਲਾਫ ਸੀਡ (ਕੰਟਰੋਲ) ਆਰਡਰ 1983 ਅਤੇ ਸੀਡ ਰੂਲਜ਼ 1968 ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜੋ ਕਿ ਜ਼ਰੂਰੀ ਕੋਮੋਡਿਟੀਜ਼ ਐਕਟ, 1955 ਤਹਿਤ ਸਜ਼ਾਯੋਗ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਮਾਲਕ ਅਤੇ ਨੁਮਾਇੰਦਿਆਂ ਖਿਲਾਫ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਸ਼ਿਕਾਇਤ ਦਰਜ ਕੀਤੀ ਗਈ ਹੈ।

ਕੁਆਲਿਟੀ ਕੰਟਰੋਲ ਮਹਿੰਮ ਤਹਿਤ ਕੀਤੀਆਂ ਗਈਆਂ ਕਾਰਵਾਈਆਂ 'ਤੇ ਚਾਨਣਾ ਪਾਉਂਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਾਲ 2024-25 ਦੌਰਾਨ ਖਾਦ ਡੀਲਰਾਂ/ਕੰਪਨੀਆਂ ਦੇ ਕੁੱਲ 87 ਲਾਇਸੰਸ ਰੱਦ ਕੀਤੇ ਗਏ ਹਨ ਅਤੇ ਖਾਦ ਡੀਲਰਾਂ/ਕੰਪਨੀਆਂ ਵਿਰੁੱਧ 08 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ। ਇਸੇ  ਤਰ੍ਹਾਂ, 2024-25 ਦੌਰਾਨ ਕੀਟਨਾਸ਼ਕ ਡੀਲਰਾਂ/ਕੰਪਨੀਆਂ ਦੇ ਕੁੱਲ 116 ਲਾਇਸੰਸ ਰੱਦ ਕੀਤੇ ਗਏ ਅਤੇ ਕੀਟਨਾਸ਼ਕ ਡੀਲਰਾਂ ਅਤੇ ਕੰਪਨੀਆਂ ਵਿਰੁੱਧ 05 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ।

ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਪੈਸੇ

ਪੰਜਾਬ ਸਰਕਾਰ ਨੇ ਪਾਣੀ ਸੰਭਾਲ ਨੂੰ ਉਤਸ਼ਾਹਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਸਕੀਮ ਤਹਿਤ 9500 ਕਿਸਾਨਾਂ ਨੂੰ 4.34 ਕਰੋੜ ਰੁਪਏ ਵੰਡੇ

*•ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਚਨਬੱਧ: ਗੁਰਮੀਤ ਸਿੰਘ ਖੁੱਡੀਆਂ

*•ਬਾਕੀ ਲਾਭਪਾਤਰੀਆਂ ਦੀ ਬਕਾਇਆ ਰਾਸ਼ੀ ਇਸ ਮਹੀਨੇ ਦੇ ਅੰਦਰ ਟਰਾਂਸਫ਼ਰ ਕਰ ਦਿੱਤੀ ਜਾਵੇਗੀ: ਖੇਤੀਬਾੜੀ ਮੰਤਰੀ*

*ਚੰਡੀਗੜ੍ਹ, 13 ਮਾਰਚ:*


ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ (DSR) ਸਕੀਮ ਤਹਿਤ ਸਾਉਣੀ ਸੀਜ਼ਨ-2024 ਲਈ ਪਹਿਲੇ ਪੜਾਅ ਅਧੀਨ 9500 ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 4.34 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਅੱਜ ਦੱਸਿਆ ਕਿ ਸਾਉਣੀ ਸੀਜ਼ਨ-2024 ਦੌਰਾਨ 24 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਸਿੱਧੀ ਬਿਜਾਈ ਸਕੀਮ ਅਧੀਨ 2.53 ਲੱਖ ਏਕੜ ਜ਼ਮੀਨ ਡੀ.ਐਸ.ਆਰ. ਪੋਰਟਲ ‘ਤੇ ਦਰਜ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਤਸਦੀਕ ਕਰਨ ਤੋਂ ਬਾਅਦ ਖੇਤੀਬਾੜੀ ਵਿਭਾਗ ਨੇ ਪਹਿਲੇ ਪੜਾਅ ਤਹਿਤ 9500 ਤੋਂ ਵੱਧ ਲਾਭਪਾਤਰੀ ਕਿਸਾਨਾਂ Farmers ਦੇ ਬੈਂਕ ਖਾਤਿਆਂ ਵਿੱਚ 4.34 ਕਰੋੜ ਰੁਪਏ ਰੁਪਏ ਟਰਾਂਸਫ਼ਰ ਕਰ ਦਿੱਤੇ ਹਨ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਪ੍ਰੋਤਸਾਹਨ ਰਾਸ਼ੀ ਵਜੋਂ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਰਕਮ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾਂਦੀ ਹੈ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਡੀ.ਐਸ.ਆਰ. ਦੀ ਬਕਾਇਆ ਰਾਸ਼ੀ ਵੀ ਇਸ ਮਹੀਨੇ ਦੇ ਅੰਦਰ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੀ ਜਾਵੇਗੀ।

Wednesday, March 12, 2025

ਇਸ ਵਾਰ ਨਹੀਂ ਵਿਕ ਸਕਣਗੇ ਗੈਰ ਪ੍ਰਮਾਣਿਤ ਝੋਨੇ ਦੀਆਂ ਕਿਸਮਾਂ ਦੇ ਬੀਜ

 ਪੰਜਾਬ ‘ਚ ਝੋਨੇ ਦੇ ਗ਼ੈਰ-ਪ੍ਰਮਾਣਿਤ ਬੀਜਾਂ ਦੀ ਵਿਕਰੀ ਅਤੇ ਖਰੀਦ ‘ਤੇ ਰੋਕ ਲਾਉਣ ਲਈ ਜਲਦ ਸ਼ੁਰੂ ਕੀਤਾ ਜਾਵੇਗਾ ਆਨਲਾਈਨ ਪੋਰਟਲ

• ਗੁਰਮੀਤ ਸਿੰਘ ਖੁੱਡੀਆਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਇੱਕ ਮਹੀਨੇ ਦੇ ਅੰਦਰ ਪੋਰਟਲ ਵਿਕਸਤ ਕਰਨ ਦੇ ਨਿਰਦੇਸ਼

•ਗੈਰ-ਪ੍ਰਮਾਣਿਤ ਝੋਨੇ ਦੇ ਬੀਜਾਂ ਖਿਲਾਫ਼ ਫੈਸਲਾਕੁੰਨ ਕਦਮ ਕਿਸਾਨਾਂ ਅਤੇ ਚੌਲ ਉਦਯੋਗ ਦੇ ਹਿੱਤਾਂ ਦੀ ਰਾਖੀ ਕਰੇਗਾ: ਗੁਰਮੀਤ ਸਿੰਘ ਖੁੱਡੀਆਂ

 •ਖੇਤੀਬਾੜੀ ਅਧਿਕਾਰੀਆਂ ਨੂੰ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੇ ਝੋਨੇ ਦੇ ਮਿਆਰੀ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਆਦੇਸ਼

•ਕਿਸੇ ਨੂੰ ਵੀ ਨਕਲੀ ਅਤੇ ਗੈਰ-ਪ੍ਰਮਾਣਿਤ ਝੋਨੇ ਦੇ ਬੀਜਾਂ ਦੀ ਵਿਕਰੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਖੇਤੀਬਾੜੀ ਮੰਤਰੀ

ਚੰਡੀਗੜ੍ਹ, 12 ਮਾਰਚ:

 ਸੂਬੇ ਵਿੱਚ ਗੈਰ-ਪ੍ਰਮਾਣਿਤ ਬੀਜਾਂ ਦੀ ਵਿਕਰੀ ਅਤੇ ਖਰੀਦ 'ਤੇ ਮੁਕੰਮਲ ਰੋਕ ਲਾਉਣ ਲਈ ਫੈਸਲਾਕੁੰਨ ਕਾਰਵਾਈ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਝੋਨੇ ਦੇ ਬੀਜਾਂ Paddy Seed ਦੀ ਟਰੈਕਿੰਗ ਅਤੇ ਟਰੇਸਿੰਗ ਲਈ ਖੇਤੀਬਾੜੀ ਵਿਭਾਗ ਨੂੰ ਇੱਕ ਮਹੀਨੇ ਦੇ ਅੰਦਰ ਆਨਲਾਈਨ ਪੋਰਟਲ Online Portal for Tracking of Seeds ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਹਨ।


ਇਹ ਪੋਰਟਲ ਰਜਿਸਟਰਡ ਬੀਜ ਉਤਪਾਦਕਾਂ ਨੂੰ ਬੀਜਾਂ ਦੀ ਖਰੀਦ, ਵਿਕਰੀ ਅਤੇ ਮਿਕਦਾਰ ਸਮੇਤ ਝੋਨੇ ਦੇ ਬੀਜਾਂ ਨਾਲ ਸਬੰਧਤ ਹਰ ਲੈਣ-ਦੇਣ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨਾ ਲਾਜ਼ਮੀ ਕਰੇਗਾ ਤਾਂ ਜੋ ਡਿਜੀਟਲ ਰਿਕਾਰਡ ਨੂੰ ਮੇਨਟੇਂਨ ਰੱਖਦਿਆਂ ਬੀਜ ਸਪਲਾਈ ਚੇਨ ‘ਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਅਨੁਰਾਗ ਵਰਮਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨਾਲ ਅੱਜ ਇਥੇ ਆਪਣੇ ਦਫ਼ਤਰ ਵਿਖੇ ਸ਼ੈਲਰ ਮਾਲਕਾਂ, ਖੇਤੀਬਾੜੀ ਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਪੰਜਾਬ ਦੇ ਖੇਤੀਬਾੜੀ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੇ ਕਿਸਾਨਾਂ ਨੂੰ ਪੀ.ਏ.ਯੂ. ਦੁਆਰਾ ਸਿਫ਼ਾਰਸ਼ ਕੀਤੇ ਗਏ ਝੋਨੇ ਦੇ ਮਿਆਰੀ ਬੀਜਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬੀਜ ਸਪਲਾਈ ਚੇਨ ਦੀ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ।

ਖੇਤੀਬਾੜੀ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਕਿਸੇ ਨੂੰ ਵੀ ਨਕਲੀ ਅਤੇ ਗੈਰ-ਪ੍ਰਮਾਣਿਤ ਝੋਨੇ ਦੇ ਬੀਜ, ਜਿਸ ਨਾਲ ਫ਼ਸਲ ਦੀ ਪੈਦਾਵਾਰ ਘੱਟ ਹੁੰਦੀ ਹੈ ਅਤੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੁੰਦਾ ਹੈ, ਵੇਚ ਕੇ ਸਾਡੇ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗੈਰ-ਪ੍ਰਮਾਣਿਤ ਬੀਜਾਂ ਵਿੱਚ ਅਕਸਰ ਜੈਨੇਟਿਕ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਦੀ ਘਾਟ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਫ਼ਸਲ ਦਾ ਵਿਕਾਸ ਰੁਕ ਜਾਂਦਾ ਹੈ, ਅਨਾਜ ਉਤਪਾਦਨ ਘੱਟ ਜਾਂਦਾ ਹੈ ਅਤੇ ਕੀੜਿਆਂ ਅਤੇ ਬਿਮਾਰੀਆਂ ਪ੍ਰਤੀ ਫ਼ਸਲ ਦੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਇਹ ਝੋਨੇ ਤੋਂ ਚੌਲਾਂ ਦੀ ਮਿਲਿੰਗ ਸਮੇਂ ਸੂਬੇ ਦੇ ਸ਼ੈਲਰ ਉਦਯੋਗ ਲਈ ਵੀ ਸਮੱਸਿਆ ਪੈਦਾ ਕਰਦਾ ਹੈ। ਇਹ ਚੌਲਾਂ ਅਤੇ ਸਮੁੱਚੀ ਖੇਤੀ ਪੈਦਾਵਾਰ ਦੇ ਬਾਜ਼ਾਰੂ ਮੁੱਲ ਨੂੰ ਪ੍ਰਭਾਵਤ ਕਰਦਾ ਹੈ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਨਵਾਂ ਆਨਲਾਈਨ ਪੋਰਟਲ ਇੱਕ ਵਧੇਰੇ ਪਾਰਦਰਸ਼ੀ ਅਤੇ ਜਵਾਬਦੇਹੀ ਬੀਜ ਸਪਲਾਈ ਚੇਨ ਤਿਆਰ ਕਰਦਿਆਂ ਪੰਜਾਬ ਦੀ ਖੇਤੀ ਲਈ ਇੱਕ ਵਧੇਰੇ ਟਿਕਾਊ ਅਤੇ ਖੁਸ਼ਹਾਲ ਭਵਿੱਖ ਵਿੱਚ ਯੋਗਦਾਨ ਦੇਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦਾ ਉਦੇਸ਼ ਗੈਰ-ਪ੍ਰਮਾਣਿਤ ਬੀਜਾਂ ਦੀ ਵਿਕਰੀ ਨੂੰ ਖਤਮ ਕਰਕੇ, ਫਸਲ ਦੀ ਪੈਦਾਵਾਰ ਵਿੱਚ ਸੁਧਾਰ ਕਰਨਾ, ਖੇਤੀਬਾੜੀ ਉਤਪਾਦਕਤਾ ਵਧਾਉਣਾ ਅਤੇ ਸਾਡੇ ਚੌਲਾਂ ਦੀ ਗੁਣਵੱਤਾ ਪ੍ਰਤੀ ਖਪਤਕਾਰਾਂ ਦੇ ਵਿਸ਼ਵਾਸ ਨੂੰ ਵਧਾਉਣਾ ਹੈ।

ਇਸ ਮੀਟਿੰਗ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਿਸ਼ੇਸ਼ ਸਕੱਤਰ ਖੇਤੀਬਾੜੀ ਸ਼੍ਰੀਮਤੀ ਬਲਦੀਪ ਕੌਰ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

 ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਝੋਨੇ ਦੀਆਂ ਕਿਸਮਾਂ

ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸੂਬੇ ਦੇ ਕਿਸਾਨਾਂ ਨੂੰ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ Approved Verities of Paddy ਝੋਨੇ ਦੇ ਬੀਜ ਦੀਆਂ ਕਿਸਮਾਂ ਖਰੀਦਣ ਦੀ ਅਪੀਲ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਬੀਜਾਂ ਅਤੇ ਹੋਰ ਖੇਤੀ ਸਮੱਗਰੀ ਖ਼ਰੀਦਣ ਸਮੇਂ ਰਸੀਦ ਅਤੇ ਬਿੱਲ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਨੇ ਝੋਨੇ ਦੀਆਂ 11 ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ, ਜਿਨ੍ਹਾਂ ਵਿੱਚ ਪੀ.ਆਰ. 131, ਪੀ.ਆਰ. 130, ਪੀ.ਆਰ. 129, ਪੀ.ਆਰ. 128, ਐਚ.ਕੇ.ਆਰ. 47, ਪੀ.ਆਰ. 127, ਪੀ.ਆਰ. 126, ਪੀ.ਆਰ. 122, ਪੀ.ਆਰ. 121, ਪੀ.ਆਰ. 114 ਅਤੇ ਪੀ.ਆਰ. 113 ਸ਼ਾਮਲ ਹਨ।



ਇਹ ਵੀ ਪੜੋ

ਨਰਮੇ ਦੀ ਵਧੇਗੀ ਕਾਸਤ

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...