ਨਰਮੇ ਦੀ ਕਾਸ਼ਤ ਨੂੰ ਉਤਸਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਲਾਹ ਜਾਰੀ
ਫਾਜ਼ਿਲਕਾ 5 ਮਈ
ਪੰਜਾਬ ਸਰਕਾਰ ਵੱਲੋਂ ਨਰਮੇ Cotton ਦੀ ਕਾਸ਼ਤ ਨੂੰ ਉਤਸਾਹਿਤ ਕਰਨ ਲਈ ਜਿੱਥੇ ਨਰਮੇ ਦੇ ਬੀਜਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਉੱਥੇ ਹੀ PAU ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਬੋਹਰ ਸਥਿਤ ਖੇਤਰੀ ਫਾਰਮਰ ਸਲਾਹਕਾਰ ਸੇਵਾ ਵੱਲੋਂ ਕਿਸਾਨਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਖੇਤੀ ਵਿਗਿਆਨੀ ਡਾ ਜਗਦੀਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਕਿਸਾਨ ਜੇਕਰ ਤਕਨੀਕੀ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਰਮੇ ਦੀ ਕਾਸ਼ਤ ਕਰਨ ਤਾਂ ਨਰਮੇ ਦੀ ਫਸਲ ਤੋਂ ਵਧੀਆ ਮੁਨਾਫਾ ਲਿਆ ਜਾ ਸਕਦਾ ਹੈ ।
ਕੀ ਕਰੀਏ
ਡਾ ਜਗਦੀਸ਼ ਅਰੋੜਾ ਨੇ ਦੱਸਿਆ ਕਿ ਨਰਮੇ ਦੀਆਂ ਛਟੀਆਂ ਨੂੰ ਬਿਜਾਈ ਤੋਂ ਪਹਿਲਾਂ ਵਰਤ ਲਵੋ । ਖੇਤ ਨੂੰ ਡੂੰਘਾ ਵਾਹ ਕੇ ਤਿਆਰ ਕਰੋ ਅਤੇ ਨਹਿਰੀ ਪਾਣੀ ਨਾਲ ਭਰਵੀਂ ਰਾਉਣੀ ਕਰੋ। ਬੀਟੀ ਹਾਈਬ੍ਰਿਡ ਨਰਮੇ ਦੀਆਂ ਕੇਵਲ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕਰੋ। ਬਿਜਾਈ 15 ਮਈ ਤੋਂ ਪਹਿਲਾਂ ਨਿਬੇੜ ਲਵੋ। ਪ੍ਰਤੀ ਏਕੜ ਦੋ ਪੈਕਟ ਬੀਜ ਪਾਓ। ਮਿੱਟੀ ਪਰਖ ਦੇ ਆਧਾਰ ਤੇ ਡੀਏਪੀ ਅੱਧਾ ਗੱਟਾ, ਮਿਊਰਟ ਆਫ ਪੋਟਾਸ਼ 20 ਕਿਲੋ ਅਤੇ ਜਿੰਕ ਸਲਫੇਟ 21 ਫੀਸਦੀ 10 ਕਿਲੋ (ਜਾਂ 33 ਫੀਸਦੀ 6 ਕਿਲੋ) ਪ੍ਰਤੀ ਏਕੜ ਖਾਦਾਂ ਦੀ ਵਰਤੋਂ ਬਿਜਾਈ ਸਮੇਂ ਕਰੋ । ਬਿਜਾਈ ਸਵੇਰੇ 10 ਵਜੇ ਤੋਂ ਪਹਿਲਾਂ ਜਾਂ ਸ਼ਾਮ 4 ਵਜੇ ਤੋਂ ਬਾਅਦ ਕਰੋ। ਲਾਈਨ ਤੋਂ ਲਾਈਨ ਦੀ ਦੂਰੀ 2.25 ਫੁੱਟ ਅਤੇ ਪੌਦੇ ਤੋਂ ਪੌਦੇ ਦੀ ਦੂਰੀ 2.5 ਫੁੱਟ ਰੱਖੋ। ਨਦੀਨਾਂ ਦੀ ਰੋਕਥਾਮ ਲਈ ਸਟੋਪ 30 ਈਸੀ (ਪੈਡੀਮੈਥਾਈਲੀਨ) ਇਕ ਲੀਟਰ ਪ੍ਰਤੀ ਏਕੜ 200 ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਦੇ ਤੁਰੰਤ ਬਾਅਦ ਸਪਰੇ ਕਰੋ। ਨਰਮੇ ਦੀ ਫਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ਚਾਰ ਤੋਂ ਛੇ ਹਫਤਿਆਂ ਬਾਅਦ ਲਗਾਓ। ਯੂਰੀਆ ਦੀ ਪਹਿਲੀ ਖੁਰਾਕ 45 ਕਿਲੋ ਪਹਿਲੇ ਪਾਣੀ ਤੋਂ ਬਾਅਦ ( ਬੂਟੇ ਵਿਰਲੇ ਕਰਨ ਸਮੇਂ ) ਅਤੇ ਦੂਜੀ ਖੁਰਾਕ 45 ਕਿਲੋ ਫੁੱਲ ਡੋਡੀ ਪੈਣ ਤੇ ਦਿਓ । ਘੱਟ ਉਪਜਾਊ ਜਮੀਨਾਂ ਵਿੱਚ ਯੂਰੀਆ ਦੀ ਪਹਿਲੀ ਕਿਸ਼ਤ ਬਿਜਾਈ ਸਮੇਂ ਹੀ ਪਾ ਦਿਓ । ਪਹਿਲੇ 45 ਦਿਨ ਚਿੱਟੇ ਮੱਛਰ ਦੇ ਹਮਲੇ ਨੂੰ ਨਜਿੱਠਣ ਲਈ ਪਹਿਲੀ ਸਪਰੇ ਨਿੰਮ ਵਾਲੀ ਕੀਟਨਾਸ਼ਕ ਦੀ ਹੀ ਕਰੋ। ਜੇਕਰ ਕਿਸੇ ਕੀੜੇ ਜਾਂ ਬਿਮਾਰੀ ਦੇ ਲੱਛਣ ਆਉਣ ਤਾਂ ਪੰਜਾਬ ਖੇਤਬਾੜੀ ਯੂਨੀਵਰਸਿਟੀ ਦੇ ਫਾਰਮਰ ਸਲਾਹਕਾਰ ਕੇਂਦਰ ਅਬੋਹਰ ਜਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰੋ।
ਕੀ ਨਾ ਕਰੀਏ
ਨਰਮੇ ਦੀਆਂ ਪਿਛਲੇ ਸਾਲ ਦੀਆਂ ਛਟੀਆਂ ਨੂੰ ਖੇਤ ਦੇ ਨੇੜੇ ਨਾ ਰਹਿਣ ਦਿਓ। ਖੇਤ ਉੱਚਾ ਨੀਵਾਂ ਤਿਆਰ ਨਾ ਕਰੋ ਅਤੇ ਟਿਊਬਵੈਲ ਦੇ ਮਾੜੇ ਪਾਣੀ ਨਾਲ ਰਾਉਣੀ ਕਰਨ ਤੋਂ ਗੁਰੇਜ਼ ਕਰੋ। ਗੈਰ ਸ਼ਿਫਾਰਿਸ਼ ਸ਼ੁਦਾ ਬੀਟੀ ਹਾਈਬਰਿਡ ਬੀਜਾਂ ਦੀ ਬਿਜਾਈ ਨਾ ਕਰੋ। 15 ਮਈ ਤੋਂ ਬਾਅਦ ਬਿਜਾਈ ਤੋਂ ਪਰਹੇਜ ਕਰੋ। ਬੀਜ ਦੀ ਜਿਆਦਾ ਵਰਤੋਂ ਨਾ ਕਰੋ ਅਤੇ ਨਾ ਹੀ ਬੇਲੋੜੀਆਂ ਖਾਦਾਂ ਜਾਂ ਗੈਰ ਸਿਫਾਰਸ਼ੀ ਖੁਰਾਕੀ ਤਤ ਪਾਓ। ਦੁਪਹਿਰ ਵੇਲੇ ਬਜਾਈ ਨਾ ਕਰੋ। ਪਹਿਲਾ ਪਾਣੀ ਚਾਰ ਹਫਤਿਆਂ ਤੋਂ ਪਹਿਲਾਂ ਨਾ ਲਾਓ। ਪਾਣੀ ਤੋਂ ਪਹਿਲਾਂ ਯੂਰੀਆ ਨਾ ਪਾਓ। ਕੀਟਾਂ ਦੇ ਹਮਲੇ ਤੋਂ ਡਰਦਿਆਂ ਲੋੜ ਤੋਂ ਘੱਟ ਯੂਰੀਆ ਨਾ ਪਾਓ।
No comments:
Post a Comment