Sunday, June 8, 2025

ਅਬੋਹਰ ਵਿੱਚ ਲੱਗੇਗਾ ਮਿਰਚ ਪ੍ਰੋਸੈਸਿੰਗ ਪਲਾਂਟ

*ਫ਼ਸਲੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਦੇਵੇਗਾ 9.50 ਕਰੋੜ ਰੁਪਏ ਦੀ ਲਾਗਤ ਵਾਲਾ ਚਿੱਲੀ ਪ੍ਰੋਸੈਸਿੰਗ ਪਲਾਂਟ*

- *5 ਟਨ ਪ੍ਰਤੀ ਘੰਟੇ ਦੀ ਸਮਰੱਥਾ ਵਾਲਾ ਪਲਾਂਟ ਅਬੋਹਰ ਵਿੱਚ ਸਤੰਬਰ 2025 ਤੱਕ ਹੋਵੇਗਾ ਕਾਰਜਸ਼ੀਲ: ਗੁਰਮੀਤ ਸਿੰਘ ਖੁੱਡੀਆਂ*

- *ਪੰਜਾਬ ਦੀ ਲਾਲ ਮਿਰਚ ਪੇਸਟ ਦੀ ਮੰਗ ਕਾਰਨ ਪੈਗਰੈਕਸਕੋ ਨੇ ਆਲਮੀ ਪੱਧਰ ’ਤੇ ਮਿਰਚ ਪੇਸਟ ਨਿਰਯਾਤ ਕਰਨ ਦਾ ਮਿੱਥਿਆ ਟੀਚਾ: ਫੂਡ ਪ੍ਰੋਸੈਸਿੰਗ ਮੰਤਰੀ*

* *19 ਮੀਟਰਕ ਟਨ ਪ੍ਰਤੀ ਹੈਕਟੇਅਰ ਮਿਰਚ ਦੀ ਪੈਦਾਵਾਰ ਨਾਲ ਫਿਰੋਜ਼ਪੁਰ ਬਣਿਆ ਮੋਹਰੀ*

*ਚੰਡੀਗੜ੍ਹ, 8 ਜੂਨ:*

ਪੰਜਾਬ ਦੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ  ਦੱਸਿਆ ਕਿ ਸੂਬੇ ਵਿੱਚ ਫ਼ਸਲੀ ਵਿਭਿੰਨਤਾ Crop Diversification ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਯਤਨਾਂ ਤਹਿਤ ਪੰਜਾਬ ਸਰਕਾਰ ਵੱਲੋਂ ਸਤੰਬਰ 2025 ਤੱਕ ਅਬੋਹਰ Abohar ਵਿੱਚ 9.50 ਕਰੋੜ ਰੁਪਏ ਦੀ ਲਾਗਤ ਵਾਲਾ ਚਿੱਲੀ ਪ੍ਰੋਸੈਸਿੰਗ ਪਲਾਂਟ Chilli Processing Plant ਤਿਆਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੈਗਰੈਕਸੋ) ਵੱਲੋਂ ਪ੍ਰਤੀ ਘੰਟਾ ਪੰਜ ਟਨ ਸਮਰੱਥਾ ਵਾਲਾ ਇਹ ਚਿੱਲੀ ਪ੍ਰੋਸੈਸਿੰਗ ਪਲਾਂਟ ਇੱਕ ਏਕੜ ਜ਼ਮੀਨ ’ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬੇ ਦੇ ਖੇਤੀਬਾੜੀ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।


ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਪ੍ਰੋਸੈਸਿੰਗ ਲਈ ਢੁਕਵੀਆਂ ਵਧ-ਉਪਜ ਵਾਲੀਆਂ ਮਿਰਚ ਦੀਆਂ ਕਿਸਮਾਂ ਉਗਾਉਣ ਲਈ ਉਤਸ਼ਾਹਿਤ ਕਰਨ ਸਦਕਾ ਮਿਰਚ ਦੀ ਕਾਸ਼ਤ ਹੇਠ ਰਕਬਾ ਹਰ ਸਾਲ ਵਧ ਰਿਹਾ ਹੈ। ਸਾਲ 2024 ਤੱਕ, ਪੰਜਾਬ ਵਿੱਚ ਮਿਰਚ ਦੀ ਕਾਸ਼ਤ ਹੇਠ ਰਕਬਾ 10,614 ਹੈਕਟੇਅਰ ਸੀ, ਜੋ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਧ ਰਿਕਾਰਡ ਕੀਤਾ ਗਿਆ ਖੇਤਰ ਹੈ, ਜਿਸ ਵਿੱਚੋਂ 21,416 ਮੀਟ੍ਰਿਕ ਟਨ ਪੈਦਾਵਾਰ ਹੋਈ। ਮਿਰਚਾਂ ਦੇ ਉਤਪਾਦਨ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਮੋਹਰੀ ਰਿਹਾ, ਇਸ ਤੋਂ ਬਾਅਦ ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨ ਤਾਰਨ, ਅੰਮ੍ਰਿਤਸਰ, ਐਸ.ਬੀ.ਐਸ. ਨਗਰ ਅਤੇ ਹੁਸ਼ਿਆਰਪੁਰ ਹਨ। ਫਿਰੋਜ਼ਪੁਰ ਦਾ ਔਸਤਨ ਝਾੜ ਪ੍ਰਤੀ ਹੈਕਟੇਅਰ ਲਗਭਗ 19 ਮੀਟ੍ਰਿਕ ਟਨ ਰਿਹਾ, ਜੋ ਖੇਤਰ ਵਿੱਚ ਅਪਣਾਏ ਜਾ ਰਹੇ ਕੁਸ਼ਲ ਖੇਤੀ ਅਭਿਆਸਾਂ ਅਤੇ ਕਿਸਾਨਾਂ ਦੀ ਰੌਸ਼ਨ-ਦਿਮਾਗੀ ਨੂੰ ਦਰਸਾਉਂਦਾ ਹੈ।

ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਪੈਗਰੈਕਸੋ ਵੱਲੋਂ ਸਥਾਪਤ ਮਾਰਕੀਟਿੰਗ ਨੈੱਟਵਰਕ ਦੀ ਮਦਦ ਨਾਲ ਸਿੱਧੀ ਕਿਸਾਨਾਂ ਅਤੇ ਐਗਰੀਗੇਟਰਾਂ ਤੋਂ ਮਿਰਚਾਂ ਖ਼ਰੀਦੀਆਂ ਜਾਂਦੀਆਂ ਹਨ। ਇਹ ਕਾਰਪੋਰੇਸ਼ਨ ਪੰਜਾਬ ਦੀ ਲਾਲ ਮਿਰਚ ਦੇ ਪੇਸਟ ਨੂੰ ਵੱਡੇ ਪੱਧਰ ’ਤੇ ਨਿਰਯਾਤ ਕਰਦੀ ਹੈ। ਪੰਜਾਬ ਦੀਆਂ ਮਿਰਚਾਂ ਦੀ ਉੱਚ ਗੁਣਵੱਤਾ ਅਤੇ ਤਿੱਖੇ ਸਵਾਦ ਕਾਰਨ ਸਾਲ ਦਰ ਸਾਲ ਇਸ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਪ੍ਰੋਸੈਸਿੰਗ ਲਈ ਲਾਲ ਮਿਰਚਾਂ ਦੀ ਕਾਸ਼ਤਕਾਰੀ ਕਰਨ ਵੱਲ ਹੋਰ ਉਤਸ਼ਾਹ ਮਿਲਿਆ ਹੈ।

ਮਿਰਚਾਂ ਦੀ ਕਾਸ਼ਤ ਪੰਜਾਬ ਦੀ ਖੇਤੀਬਾੜੀ ਵਿਭਿੰਨਤਾ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਉੱਭਰੀ ਹੈ, ਜਿਸ ਨਾਲ ਕਿਸਾਨਾਂ ਨੂੰ ਕਣਕ ਅਤੇ ਝੋਨੇ ਵਰਗੀਆਂ ਰਵਾਇਤੀ ਫਸਲਾਂ ਦੀ ਥਾਂ ਇੱਕ ਲਾਹੇਵੰਦ ਵਿਕਲਪ ਮਿਲਿਆ ਹੈ। ਉਨ੍ਹਾਂ ਕਿਹਾ ਕਿ ਰਾਜ ਦੀਆਂ ਅਨੁਕੂਲ ਖੇਤੀ-ਜਲਵਾਯੂ ਸਥਿਤੀਆਂ ਨੇ ਰਣਨੀਤਕ ਤੌਰ ’ਤੇ ਪੰਜਾਬ ਨੂੰ ਮਿਰਚਾਂ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਵਿੱਚ ਇੱਕ ਪ੍ਰਮੁੱਖ ਕਾਸ਼ਤਕਾਰ ਵਜੋਂ ਉਭਾਰਿਆ ਹੈ। 

ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਹੁਣ ਮੱਧ ਪੂਰਬੀ ਅਤੇ ਅਫਰੀਕੀ ਕੈਰੇਬੀਅਨ ਦੇਸ਼ਾਂ ਸਮੇਤ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਲਾਲ ਮਿਰਚਾਂ ਦੇ ਪੇਸਟ ਦਾ ਵੱਡੇ ਪੱਧਰ ’ਤੇ ਨਿਰਯਾਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਪੈਗਰੈਕਸਕੋ ਦਾ ਟੀਚਾ ਹੈ ਕਿ ਪੰਜਾਬ ਦੀ ਲਾਲ ਮਿਰਚ ਦਾ ਪੇਸਟ ਆਲਮੀ ਪੱਧਰ ’ਤੇ ਨਿਰਯਾਤ ਕੀਤਾ ਜਾਵੇ। ਕਾਰਪੋਰੇਸ਼ਨ ਦੀ ਮਾਰਕੀਟਿੰਗ ਟੀਮ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਦੁਨੀਆ ਭਰ ਵਿੱਚ ਉਤਪਾਦ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਪੰਜਾਬ ਦੀਆਂ ਤਿੱਖੇ ਸਵਾਦ ਵਾਲੀਆਂ ਮਿਰਚਾਂ ਨੂੰ ਸਰਗਰਮੀ ਨਾਲ ਪ੍ਰਦਰਸ਼ਿਤ ਕਰ ਰਹੀ ਹੈ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...