ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜਿੱਥੇ ਲੋਕਾਂ ਨੂੰ ਝੋਨੇ ਦੀ ਪਰਾਲੀ ਨੂੰ ਲੱਗ ਨਾ ਲਗਾਉਣ ਦੀ ਥਾਂ ਖੇਤਾਂ ਵਿੱਚ ਵਾਹੁਣ ਜਾਂ ਫਿਰ ਗੱਠਾ ਬਣਾ ਕੇ ਜਮੀਨ ਵਿੱਚੋਂ ਕੱਢਣ ਤੋਂ ਬਾਅਦ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਇੱਕ ਅਗਾਂਹਵਧੂ ਕਿਸਾਨ ਲਖਬੀਰ ਸਿੰਘ ਪਿੰਡ ਪੱਟੀ ਪੂਰਨ ਵੱਲੋਂ ਆਪਣੇ ਪਿੰਡ ਵਾਸੀਆਂ ਤੇ ਜ਼ਿਲ੍ਹਾ ਵਾਸੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਅਤੇ ਆਪਣੇ 45 ਏਕੜ ਖੇਤ ਵਿਚਲੀ ਝੋਨੇ ਦੀ ਪਰਾਲੀ ਨੂੰ ਬੇਲਰ ਮਸੀਨ ਰਾਹੀਂ ਗੱਠਾਂ ਬੰਨ੍ਹ ਕੇ ਬਾਹਰ ਕੱਢ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।

ਅਗਾਂਹਵਧੂ ਕਿਸਾਨ ਲਖਬੀਰ ਸਿੰਘ ਨੇ ਦੱਸਿਆ ਕਿ ਸਾਲ 2014 ਤੋਂ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਉਹ ਆਪਣੀ ਕਣਕ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਂਦਾ। ਉਨ੍ਹਾਂ ਕਿਹਾ ਕਿ ਉਹ ਆਪਣੀ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਤੂੜੀ ਬਣਾ ਕੇ ਬਾਕੀ ਬਚੀ ਆਪਣੇ ਖੇਤਾਂ ਵਿੱਚ ਵਾਹ ਦਿੰਦਾ ਹੈ ਇਸੇ ਤਰ੍ਹਾਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਫੈਕਟਰੀ ਵਿੱਚ ਭੇਜ ਦਿੰਦਾ ਹੈ। ਕਿਸਾਨ ਨੇ ਪਰਾਲੀ ਨੂੰ ਅੱਗ ਲਗਾਉਣ ਤੋਂ ਬਾਅਦ ਇਸ ਤੋਂ ਪੈਦਾ ਹੋਏ ਧੂੰਏ ਨਾਲ ਨਾ ਸਿਰਫ ਵਾਤਾਵਰਨ ਹੀ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਅਨੇਕਾਂ ਸੜਕੀ ਦੁਰਘਟਨਾਵਾਂ ਵੀ ਪੈਦਾ ਹੁੰਦੀਆਂ ਹਨ। ਸਾਨੂੰ ਸਾਰਿਆਂ ਨੂੰ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਗੱਠਾ ਬਣਾ ਕੇ ਖੇਤਾਂ ਵਿੱਚ ਬਾਹਰ ਕੱਢ ਕੇ ਜ਼ਮੀਨ ਵਾਹੁਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਡੀ ਜਮੀਨ ਦੀ ਉਪਜਾਊ ਸਕਤੀ ਵੀ ਵਧੇਗੀ ਅਤੇ ਜਮੀਨ ਵਿਚਲੇ ਮਿੱਤਰ ਕੀੜੇ ਵੀ ਨਸਟ ਨਹੀਂ ਹੋਣਗੇ ਅਤੇ ਸਾਡੀ ਅਗਲੀ ਫਸਲ ਦਾ ਝਾੜ ਵੀ ਵਧੇਗਾ।
ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਰਾਜਿੰਦਰ ਕੰਬੋਜ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਓਥੇ ਇਸ ਨਾਲ ਵਾਤਾਵਰਨ ਵੀ ਪ੍ਰਦੂਸ਼ਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਨੂੰ ਖੇਤਾਂ ਵਿਚ ਪ੍ਰਬੰਧਨ ਕਰਨ ਲਈ ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਜੀਰੋ ਡਰਿਲ, ਐਮ.ਬੀ. ਪਲੋਅ, ਚੋਪਰ ਕਮ ਸ਼ਰੈਡਰ, ਮਲਚਰ, ਰੋਟਰੀ ਸਲੈਸਰ, ਸੁਪਰ ਐਸ.ਐਮ.ਐਸ ਆਦਿ ਨਵੀਨਤਮ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ।