ਬਰਨਾਲਾ, 10 ਜੁਲਾਈ
ਸਾਬਕਾ ਸਰਪੰਚ ਹਰਬੰਤ ਸਿੰਘ ਵੱਲੋਂ ਮੌਜੂਦਾ ਸਮੇਂ 3 ਏਕੜ ਦੇ ਕਰੀਬ ਰਕਬੇ ’ਚ ਡਰੈਗਨ ਫਰੂਟ ਤੇ ਹੋਰ ਫਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ, ਜਦੋਂਕਿ ਸ਼ੁਰੂਆਤੀ ਰਕਬਾ ਡੇਢ ਕਨਾਲ ਸੀ। ਹਰਬੰਤ ਸਿੰਘ ਨੇ ਦੱਸਿਆ ਕਿ ਉਸ ਨੇ ਟੈਲੀਵਿਜ਼ਨ ’ਤੇ ਡਰੈਗਨ ਫਰੂਟ ਦੀ ਖੇਤੀ ਬਾਰੇ ਦੇਖਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਜਿੱਥੇ ਇਹ ਫਸਲ ਬਹੁਤ ਘੱਟ ਪਾਣੀ ਲੈਂਦੀ ਹੈ, ਉਥੇ ਮੁਨਾਫਾ ਵੀ ਚੰਗਾ ਦਿੰਦੀ ਹੈ। ਇਸ ਮਗਰੋਂ ਉਨਾਂ ਅਤੇ ਉਨਾਂ ਦੇ ਪੁੱਤਰ ਸਤਨਾਮ ਸਿੰਘ (34 ਸਾਲ) ਨੇ ਡਰੈਗਨ ਫਰੂਟ ਦੀ ਖੇਤੀ ਦਾ ਤਜਰਬਾ ਕਰਨ ਦਾ ਸੋਚਿਆ ਅਤੇ ਇਸ ਬਾਰੇ ਮੁਢਲੀ ਜਾਣਕਾਰੀ ਹਾਸਲ ਕਰ ਕੇ ਸਾਲ 2016 ’ਚ ਅਹਿਮਦਾਬਾਦ (ਗੁਜਰਾਤ) ਦਾ ਦੌਰਾ ਕੀਤਾ ਤੇ ਉਥੋਂ 70-80 ਦੇ ਕਰੀਬ ਕਲਮਾਂ ਲਿਆਂਦੀਆਂ। ਉਨਾਂ ਦੱਸਿਆ ਕਿ 2016 ’ਚ ਟ੍ਰਾਇਲ ਕੀਤਾ ਅਤੇ 2018 ’ਚ ਪੂਰਨ ਤੌਰ ’ਤੇ ਇਹ ਖੇਤੀ ਅਪਣਾ ਲਈ। ਉਨਾਂ ਦੱਸਿਆ ਕਿ 3 ਏਕੜ ’ਚ 1300 ਦੇ ਕਰੀਬ ਸੀਮਿੰਟ ਦੇ ਪੋਲ ਪੌਦਿਆਂ ਨੂੰ ਸਹਾਰਾ ਦੇਣ ਲਈ ਲਾਏ ਗਏ ਹਨ।
ਉਨਾਂ ਦੱਸਿਆ ਕਿ ਸ਼ੁਰੂਆਤੀ ਸਮੇਂ ਵਿੱਚ ਇਸ ਨੂੰ ਸ਼ੁਰੂ ਕਰਨ ’ਤੇ ਪੋਲਾਂ, ਸਿੰਜਾਈ ਪ੍ਰਬੰਧ, ਲੇਬਰ ਆਦਿ ’ਤੇ 4 ਲੱਖ ਪ੍ਰਤੀ ਏਕੜ ਦੇ ਕਰੀਬ ਖ਼ਰਚਾ ਆਂਇਆ, ਪਰ ਉਸ ਤੋਂ ਬਾਅਦ ਇਹ ਫਸਲ ਚੰਗਾ ਮੁਨਾਫਾ ਦਿੰਦੀ ਹੈ ਤੇ ਮੁਢਲਾ ਖਰਚਾ ਕਰੀਬ 2 ਸਾਲਾਂ ’ਚ ਪੂਰਾ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਪਹਿਲੇ ਸਾਲ ਪ੍ਰਤੀ ਪੋਲ ਇਕ ਕਿਲੋ ਦੇ ਕਰੀਬ ਫਲ, ਦੂਜੇ ਸਾਲ ਤੋਂ ਬਾਅਦ 4 ਤੋਂ 5 ਕਿਲੋ ਉਪਜ ਹੁੰਦੀ ਹੈ। ਉਨਾਂ ਦੱਸਿਆ ਕਿ ਮੰਡੀਕਰਨ ਦੀ ਕੋਈ ਦਿੱਕਤ ਪੇਸ਼ ਨਹੀਂ ਆਉਦੀ, ਕਿਉਕਿ ਖੇਤੋਂ ਹੀ ਸਾਰੀ ਫਸਲ ਆਰਡਰ ’ਤੇ ਵਿਕ ਜਾਂਦੀ ਹੈ। ਉਨਾਂ ਦੱਸਿਆ ਕਿ 200 ਤੋਂ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਸ ਦਾ ਭਾਅ ਮਿਲ ਜਾਂਦਾ ਹੈ। ਪਿਛਲੇ ਸਾਲ ਪ੍ਰਤੀ ਏਕੜ 3 ਲੱਖ ਰੁਪਏ ਦੀ ਫਸਲ ਦੀ ਵਿਕਰੀ ਹੋਈ ਹੈ।
ਉਨਾਂ ਦੱਸਿਆ ਕਿ ਡਰੈਗਨ ਫਰੂਟ ਦੀ ਕਲਮਾਂ ਲਾਈਆਂ ਜਾਂਦੀਆਂ ਹਨ ਤੇ ਹੁਣ ਉਹ ਖੁਦ ਵੀ ਕਲਮਾਂ ਤਿਆਰ ਕਰ ਕੇ ਆਪਣੀ ਨਰਸਰੀ ’ਤੇ ਰੱਖਦੇ ਹਨ, ਜੋ ਪੰਜਾਬ ਭਰ ਤੋਂ ਕਿਸਾਨ ਲੈ ਕੇ ਜਾਂਦੇ ਹਨ।
ਉਨਾਂ ਦੱਸਿਆ ਕਿ ਡਰੈਗਨ ਫਰੂਟ ਘੱਟ ਪਾਣੀ ਲੈਣ ਵਾਲੀ ਫਸਲ ਹੈ, ਜਿਸ ’ਤੇ ਤੁਪਕਾ ਸਿੰਜਾਈ ਬੇਹੱਦ ਕਾਮਯਾਬ ਹੈ। ਉਨਾਂ ਦੱਸਿਆ ਕਿ ਇਸ ਵੇਲੇ ਉਨਾਂ ਨੇ ਇਕ ਹੋਰ ਫਸਲ ’ਤੇ ਤੁਪਕਾ ਸਿੰਜਾਈ ਅਪਣਾਈ ਹੈ, ਜਿਸ ’ਤੇ ਸਬਸਿਡੀ ਵੀ ਪ੍ਰਾਪਤ ਕੀਤੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਦੀ ਸ਼ਲਾਘਾ
ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਪਿੰਡ ਠੁੱਲੇਵਾਲ ਦੇ ਕਿਸਾਨ ਹਰਬੰਤ ਸਿੰਘ ਦੇ ਉਦਮ ਦੀ ਸ਼ਲਾਘਾ ਕੀਤੀ ਤੇ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਵਿਭਿੰਨਤਾ ਅਤੇ ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਅਪਣਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ, ਜਿਸ ਵਾਸਤੇ ਅਜਿਹੇ ਉਦਮ ਕਰਨੇ ਬੇਹੱਦ ਜ਼ਰੂਰੀ ਹਨ।
ਇਸ ਵੇਲੇ ਕਲਮ ਲਾਉਣ ਦਾ ਸਮਾਂ ਢੁਕਵਾਂ: ਡਿਪਟੀ ਡਾਇਰੈਕਟਰ ਬਾਗਬਾਨੀ
ਡਿਪਟੀ ਡਾਇਰੈਕਟਰ ਬਾਗਬਾਨੀ ਨਿਰਵੰਤ ਸਿੰਘ ਨੇ ਕਿਸਾਨ ਦੇ ਉਦਮ ਦੀ ਸ਼ਲਾਘਾ ਕੀਤੀ। ਉਨਾਂ ਸੱਦਾ ਦਿੱਤਾ ਕਿ ਹੋਰ ਵੀ ਕਿਸਾਨ ਇਸ ਪਾਸੇ ਆਉਣ। ਉਨਾਂ ਦੱਸਿਆ ਕਿ ਕਲਮ ਲਾਉਣ ਦਾ ਢੁਕਵਾਂ ਸਮਾਂ ਜੁਲਾਈ-ਅਗਸਤ ਹੈ, ਜਦੋਂਕਿ ਡਰੈਗਨ ਫਰੂਟ ਦੀ ਤੁੜਾਈ ਸਤੰਬਰ ਤੋਂ ਦਸਬਰ ਤੱਕ ਹੁੰਦੀ ਹੈ। ਬਾਗਬਾਨੀ ਵਿਕਾਸ ਅਫਸਰ ਨਰਪਿੰਦਰ ਕੌਰ ਨੇ ਦੱਸਿਆ ਕਿ ਪਹਿਲੀ ਤੁੜਾਈ ਫੁੱਲ ਲੱਗਣ ਦੇ 45 ਦਿਨ ਬਾਅਦ ਤੇ ਦੂਜੀ ਅਤੇ ਤੀਜੀ ਤੁੜਾਈ 30 ਦਿਨ ਬਾਅਦ ਕੀਤੀ ਜਾਂਦੀ ਹੈ। ਉਨਾਂ ਅਗਾਂਹਵਧੂ ਕਿਸਾਨਾਂ ਨੂੰ ਕਿਸਾਨ ਹਰਬੰਤ ਸਿੰਘ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।
ਫੁਹਾਰਾ ਸਿੰਜਾਈ ’ਤੇ ਵਿਭਾਗ ਵੱਲੋਂ 90 ਫੀਸਦੀ ਤੱਕ ਸਬਸਿਡੀ
ਭੌਂ ਰੱਖਿਆ ਅਫਸਰ ਬਰਨਾਲਾ ਮਨਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਹਰਵੰਤ ਸਿੰਘ ਵਾਂਗ ਤੁਪਕਾ /ਫੁਹਾਰਾ ਸਿੰਜਾਈ ਤਕਨੀਕ ਅਪਣਾ ਕੇ ਕਿਸਾਨ 80 ਫੀਸਦੀ ਤੱਕ ਪਾਣੀ ਦੀ ਬੱਚਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਛੋਟੇ ਤੇ ਦਰਮਿਆਨੇ ਭਾਵ 5 ਏਕੜ ਤੱਕ ਭੂਮੀ ਵਾਲੇ ਕਿਸਾਨਾਂ ਅਤੇ ਜ਼ਮੀਨ ਦੀ ਮਾਲਕੀ ਵਾਲੀਆਂ ਔਰਤਾਂ ਨੂੰ 90 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਦੋਂਕਿ ਬਾਕੀਆਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
No comments:
Post a Comment