ਬਠਿੰਡਾ, 8 ਜੁਲਾਈ ( ): ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਾਖਰ ਸਿੰਘ ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਦੀ ਅਗਵਾਈ ਹੇਠ ਪਿੰਡ ਕਟਾਰ ਸਿੰਘ ਵਾਲਾ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਗਪਾਲ ਸਿੰਘ ਨੇ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਸੰਬੰਧੀ ਕਿਸਾਨਾਂ ਨੂੰ ਵਿਸਥਾਰ ਨਾਲ ਸਮਝਾਉਂਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਨੁਕਸਾਨ ਦੇ ਆਰਥਿਕ ਕਗਾਰ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਫੁੱਲ ਜਾਂ ਟੀਡਿਆਂ ਤੇ ਹਮਲਾ 5# ਤੱਕ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ ਲਈ 60—120 ਦਿਨਾਂ ਦੇ ਅੰਦਰ ਅੰਦਰ ਮਹਿਕਮੇ ਵੱਲੋਂ ਸਿਫਾਰਿਸ਼ 800 ਮਿ:ਲੀ: ਈਥੀਆਨ 50 ਈ.ਸੀ. ਜਾਂ 500 ਮਿ:ਲੀ: ਪ੍ਰਫੈਨੋਫਾਸ 50 ਈ.ਸੀ. ਜਾਂ 100 ਗ੍ਰਾਮ ਪਰੋਕਲੇਮ 5 ਐਸ.ਜੀ. ਅਤੇ 120—150 ਦਿਨਾਂ ਬਾਅਦ 200 ਮਿ:ਲੀ: ਸਾਈਪਰਮੈਥਰਿਨ 10 ਈ.ਸੀ. ਜਾਂ 160 ਮਿ:ਲੀ: ਡੈਲਟਾਮੈਥਰਿਨ 2.8 ਈ.ਸੀ. ਜਾਂ 300 ਮਿ:ਲੀ: ਡੈਨੀਟੋਲ 10 ਈ.ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪ੍ਰੇਅ ਕੀਤੀ ਜਾਵੇ।
ਡਾ. ਜਗਪਾਲ ਸਿੰਘ ਨੇ ਕਿਸਾਨਾਂ ਨੂੰ ਨਰਮੇ ਵਿੱਚ ਫੁੱਲ ਪੈਣ ਤੋਂ ਲੈ ਕੇ ਟੀਂਡੇ ਪੈਣ ਤੱਕ ਵਧੇਰੇ ਝਾੜ ਲੈਣ ਲਈ ਦੋ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ਤੇ ਦੇ ਵਕਫ਼ੇ ਤੇ 4 ਸਪ੍ਰੇਆਂ 13:0:45 ਅਤੇ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ 15 ਦਿਨਾਂ ਦੇ ਵਕਫ਼ੇ ਤੇ 2 ਸਪ੍ਰੇਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਫੁੱਲ ਡੋਡੀ ਪੈਣ ਅਤੇ ਟੀਂਡੇ ਬਣਨ ਤੱਕ ਕੀਤੀ ਜਾ ਸਕਦੀ ਹੈ।
ਇਸ ਕੈਂਪ ਵਿੱਚ ਸ੍ਰੀ ਗੁਰਮਿਲਾਪ ਸਿੰਘ ਬੀ.ਟੀ.ਐਮ. ਦੁਆਰਾ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਸਰਵੇਖਣ ਕਰਨ ਲਈ ਕਿਹਾ ਗਿਆ ਅਤੇ ਜੇਕਰ ਚਿੱਟੀ ਮੱਖੀ ਦਾ ਹਮਲਾ ਬੂਟੇ ਦੇ ਉਪਰਲੇ ਹਿੱਸੇ ਵਿੱਚ 6 ਪ੍ਰਤੀ ਪੱਤਾ ਦਿਖਾਈ ਦੇਵੇ ਤਾਂ ਮਹਿਕਮੇ ਵੱਲੋਂ ਸਿਫਾਰਿਸ਼ 400 ਮਿ:ਲੀ: ਸਫੀਨਾ 50 ਡੀ ਸੀ ਜਾਂ 60 ਗ੍ਰਾਮ ਓਸ਼ੀਨ 20 ਐਸ.ਜੀ. ਜਾਂ 200 ਗ੍ਰਾਮ ਪੋਲੋ 50 ਡਬਲਯੂ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪ੍ਰੇਅ ਕਰਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਝੋਨੇ ਦੀ ਫ਼ਸਲ ਵਿੱਚ ਕੀਟ ਪ੍ਰਬੰਧਨ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਲਿਟਰੇਚਰ ਦੀ ਵੰਡ ਕੀਤੀ ਗਈ।
ਇਸ ਕੈਂਪ ਵਿੱਚ ਪਿੰਡ ਦੇ ਸਰਪੰਚ, ਪੰਚ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।
No comments:
Post a Comment