Wednesday, June 22, 2022

ਪੰਜਾਬ ਸਰਕਾਰ ਫਸਲੀ ਵਿਭਿੰਨਤਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਯਤਨਸ਼ੀਲ-ਸੇਖੋਂ

ਅਨਾਜ ਮੰਡੀ ਫਰੀਦਕੋਟ ਵਿਖੇ ਮੂੰਗੀ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ


ਫਰੀਦਕੋਟ22 ਜੂਨ  () ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਕਿਸਾਨਾਂ,


ਮਜਦੂਰਾਂ ਦੀ ਆਮਦਨ ਵਧਾਉਣ ਅਤੇ ਫਸਲੀ ਵਿਭਿੰਨਤਾ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ, ਜਿਸ ਤਹਿਤ ਸਰਕਾਰ ਵੱਲੋਂ ਖਰੀਦ ਸੀਜਨ 2022-23 ਲਈ ਮਾਰਕਫੈਂਡ ਦੁਆਰਾ ਮੂੰਗੀ ਦੀ ਖਰੀਦ ਕਰਵਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਘੱਟੋਂ ਘੱਟ ਸਮਰਥਨ ਮੁੱਲ 7275 ਰੁਪਏ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਮੂੰਗੀ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਉਪਰੰਤ ਕੀਤਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਦੀਪ ਸਿੰਘ ਬਰਾੜ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਮੂੰਗੀ, ਮੱਕੀ ਤੇ ਹੋਰ ਅਜਿਹੀਆਂ ਫਸਲਾਂ ਹੇਠ ਰਕਬਾ ਵਧਾਉਣਾ ਚਾਹੁੰਦੀ ਹੈ ਜਿਸ ਨਾਲ ਜਿੱਥੇ ਕੁਦਰਤੀ ਸੋਮੇ ਪਾਣੀ ਦੀ ਬਚੱਤ ਹੋਵੇਗੀ ਉੱਥੇ ਹੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੇ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਮੂੰਗੀ ਦੀ ਐਮ.ਐਸ.ਪੀ ਦਿੱਤੀ ਗਈ ਹੈ, ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਮੱਕੀ ਤੇ ਹੋਰ ਫਸਲਾਂ ਤੇ ਵੀ ਐਮ.ਐਸ.ਪੀ. ਦੇਣ ਦੀ ਯੋਜਨਾ ਹੈ।

ਮਾਰਕਫੈੱਡ ਦੇ ਜਿਲਾ ਮੈਨੇਜਰ ਸ੍ਰੀ ਡੀ.ਐਸ.ਧਾਲੀਵਾਲ ਨੇ ਇਸ ਮੌਕੇ ਦੱਸਿਆ ਕਿ ਅੱਜ ਜਿਲੇ ਵਿੱਚ ਮੂੰਗੀ ਦੀ ਪਹਿਲੀ ਢੇਰੀ ਖਰੀਦੀ ਗਈ ਹੈ ਅਤੇ ਸਾਰੀ ਖਰੀਦ ਭਾਰਤ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਮਾਰਕਫੈੱਡ ਵੱਲੋਂ ਕੀਤੀ ਜਾਵੇਗੀ ਤੇ ਇਸ ਲਈ ਫਰੀਦਕੋਟ ਜਿਲੇ ਵਿੱਚ ਫਰੀਦਕੋਟ ਮੰਡੀ ਵਿਖੇ ਹੀ ਖਰੀਦ ਕੇਂਦਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੂੰਗੀ ਦੀ ਫਸਲ ਵੇਚਣ ਵਾਲੇ ਕਿਸਾਨਾਂ  ਲਈ ਜਮੀਨ ਦੇ ਵੇਰਵੇ ਅਤੇ ਮੌਕੇ ਤੇ ਲੱਗੀ ਫਸਲ ਦੀ ਗਿਰਦਾਵਰੀ ਦੇ ਵੇਰਵੇ ਅਨਾਜ ਖਰੀਦ ਪੋਰਟਲ ਤੇ ਦਰਜ ਕਰਵਾਉਣੇ ਲਾਜ਼ਮੀ ਹੈ। ਮੂੰਗੀ ਵੇਚਣ ਵਾਲੇ ਮੌਕੇ ਕਿਸਾਨ ਬੋਹੜ ਸਿੰਘ ਪਿੰਡ ਸੈਦੇਕੇ ਨੇ ਦੱਸਿਆ ਕਿ ਉਸ ਨੇ ਆਪਣੀ ਮੂੰਗੀ ਦੀ ਫਸਲ ਅੱਜ ਲਿਆਂਦੀ ਹੈ ਅਤੇ ਜਿਸ ਦੀ ਸਫਾਈ ਉਪਰੰਤ ਵਿਕਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਸ ਨੇ 145 ਏਕੜ ਮੂੰਗੀ ਬੀਜੀ ਹੈ ਅਤੇ ਵਧੀਆ ਫਸਲ ਕਾਰਨ ਉਸ ਨੂੰ ਲਾਭ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮੂੰਗੀ ਤੇ ਐਮ.ਐਸ.ਪੀ ਜਾਰੀ ਕਰਨ ਤੇ ਵੀ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਜਿਲਾ ਮੰਡੀ ਅਫਸਰ ਸ੍ਰੀ ਸਲੋਧ ਬਿਸ਼ਨੋਈ, ਡੀ.ਐਫ.ਐਸ.ਸੀ. ਸ੍ਰੀ ਸੁਖਵਿੰਦਰ ਸਿੰਘ ਗਿੱਲ, ਸ੍ਰੀ ਗੁਰਦੀਪ ਸਿੰਘ ਬਰਾੜ ਸੈਕਟਰੀ ਮਾਰਕਿਟ ਕਮੇਟੀ, ਸ੍ਰੀ ਗੁਰਜੰਟ ਸਿੰਘ, ਮਾਸਟਰ ਭੁਪਿੰਦਰ ਸਿੰਘ, ਮਾਸਟਰ ਅਮਰਜੀਤ ਸਿੰਘ, ਹੈਪੀ ਬਰਾੜ, ਜਗਜੀਤ ਸਿੰਘ ਤੋਂ ਇਲਾਵਾ ਕੁਲਭੂਸ਼ਨ ਰਾਏ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਮਹਿੰਦਰ ਬਾਂਸਲ, ਪ੍ਰਮੋਦ ਬਾਂਸਲ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...