*ਸੂਬੇ ਭਰ ਵਿੱਚ 31,000 ਤੋਂ ਵੱਧ ਪ੍ਰੋਜੈਕਟਾਂ ਨੂੰ ਏ.ਆਈ.ਐਫ ਸਕੀਮ ਤਹਿਤ ਮਨਜ਼ੂਰੀ; ₹11,270 ਕਰੋੜ ਦਾ ਨਿਵੇਸ਼, ₹7,221 ਕਰੋੜ ਦੇ ਕਰਜ਼ੇ ਹੋਏ ਮਨਜ਼ੂਰ*
ਚੰਡੀਗੜ੍ਹ, 8 ਜਨਵਰੀ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Singh Maan ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਗਬਾਨੀ ਵਿਭਾਗ ਜੋ ਕਿ ਏ.ਆਈ.ਐਫ ਸਕੀਮ Agriculture Infrastructure Fund (AIF) scheme ਨੂੰ ਲਾਗੂ
ਕਰਨ ਲਈ ਸਟੇਟ ਨੋਡਲ ਏਜੰਸੀ ਹੈ ਨੇ ਆਪਣੇ ਨਿਰੰਤਰ ਯਤਨਾਂ ਸਦਕਾ ਪੰਜਾਬ ਦੀ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਲਈ ਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ। ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐਫ.) ਯੋਜਨਾ ਅਧੀਨ ਪ੍ਰੋਜੈਕਟਾਂ ਨੂੰ ਵਧੀਆ ਢੰਗ ਨਾਲ ਲਾਗੂਕਰਨ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਲਈ ਪੰਜਾਬ ਨੂੰ ਦੋ ਵੱਕਾਰੀ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਦੱਸਿਆ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਚੰਡੀਗੜ੍ਹ ਵਿਖੇ ਆਯੋਜਿਤ ਇਕ ਖੇਤਰੀ ਕਾਨਫਰੰਸ ਦੌਰਾਨ ਪੰਜਾਬ ਨੂੰ ‘ਬੈਸਟ ਪਰਫਾਰਮਿੰਗ ਸਟੇਟ’ ਅਤੇ ‘ਬੈਸਟ ਸਟੇਟ ਪ੍ਰੋਜੈਕਟ ਮੋਨੀਟੀਰਿੰਗ ਯੂਨਿਟ’ ਵੱਜੋਂ ਅਵਾਰਡ ਹਾਸਲ ਹੋਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ 31 ਦਸੰਬਰ, 2025 ਤੱਕ ਪੰਜਾਬ ਵਿੱਚ ਕੁੱਲ 31,076 ਪ੍ਰੋਜੈਕਟਾਂ ਨੂੰ ਏ.ਆਈ.ਐਫ ਸਕੀਮ ਤਹਿਤ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ₹11,270 ਕਰੋੜ ਦਾ ਨਿਵੇਸ਼ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਲਈ ਵੱਖ ਵੱਖ ਬੈਂਕਾਂ ਵੱਲੋਂ ₹7,221 ਕਰੋੜ ਦੇ ਕਰਜ਼ੇ ਵੀ ਮਨਜ਼ੂਰ ਕੀਤੇ ਗਏ ਹਨ। ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਸਕੀਮ ਦੇ ਲਾਭਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ 7 ਸਾਲਾਂ ਦੀ ਮਿਆਦ ਲਈ ₹2 ਕਰੋੜ ਤੱਕ ਦੇ ਕਰਜ਼ਿਆਂ 'ਤੇ 3 ਪ੍ਰਤੀਸ਼ਤ ਵਿਆਜ 'ਤੇ ਸਹਾਇਤਾ ਦਿੱਤੀ ਜਾਂਦੀ ਹੈ । ਇਸ ਸਕੀਮ ਅਧੀਨ ਕਰਜ਼ਿਆ ਦੀ ਵਿਆਜ਼ ਦਰ 9 ਪ੍ਰਤੀਸ਼ਤ ਤੱਕ ਸੀਮਤ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਬਾਗਬਾਨੀ ਵਿਭਾਗ ਜੋ ਕਿ ਏ.ਆਈ.ਐਫ ਸਕੀਮ ਨੂੰ ਲਾਗੂ ਕਰਨ ਲਈ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਹੈ, ਵੱਲੋਂ ਇੱਕ ਵਟਸਅਪ ਹੈਲਪਲਾਈਨ ਨੰਬਰ 9056092906 ਸਥਾਪਤ ਕੀਤਾ ਹੈ, ਜਿਸ ਰਾਹੀਂ ਦਿਲਚਸਪੀ ਰੱਖਣ ਵਾਲੇ ਕਿਸਾਨ ਯੋਜਨਾ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਇਹ‘ਬੈਸਟ ਪਰਫਾਰਮਿੰਗ ਸਟੇਟ' ਅਵਾਰਡ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਸ਼੍ਰੀ ਅਨਬਾਲਗਨ ਪੀ ਅਤੇ ਉੱਪ ਸਕੱਤਰ ਸ਼੍ਰੀਮਤੀ ਰਚਨਾ ਕੁਮਾਰ ਵੱਲੋਂ ਡਾਇਰੈਕਟਰ ਬਾਗਬਾਨੀ, ਪੰਜਾਬ, ਅਤੇ ਏ.ਆਈ.ਐਫ ਸਕੀਮ ਦੇ ਸਟੇਟ ਨੋਡਲ ਅਫਸਰ ਸ਼੍ਰੀਮਤੀ ਸ਼ੈਲੇਂਦਰ ਕੌਰ ਨੇ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਦੂਜਾ ਅਵਾਰਡ ਸ਼੍ਰੀਮਤੀ ਰਵਦੀਪ ਕੌਰ, ਟੀਮ ਲੀਡਰ ਅਤੇ ਸ਼੍ਰੀ ਯੁਵਰਾਜ ਔਲਖ, ਸਲਾਹਕਾਰ, ਸਟੇਟ ਪ੍ਰੋਜੈਕਟ ਨਿਗਰਾਨੀ ਯੂਨਿਟ ਵੱਲੋਂ ਅਵਾਰਡ ਪ੍ਰਾਪਤ ਕੀਤਾ ਗਿਆ।