Friday, June 24, 2022

ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਮਹਿਲ ਕਲਾਂ ਬਲਾਕ ਵਿੱਚ ਨਰਮੇ ਦੇ ਖੇਤਾਂ ਦਾ ਦੌੌਰਾ ਕੀਤਾ

ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਖੇਤੀਬਾੜੀ ਮਾਹਰਾਂ ਦੀ ਸਲਾਹ ਨਾਲ ਸਪਰੇ ਕੀਤੀ ਜਾਵੇ


ਮਹਿਲ ਕਲਾਂ, 24 ਜੂਨ

  ਬਰਨਾਲਾ ਜਿਲ੍ਹੇ ਵਿੱਚ ਨਰਮੇ ਦੀ ਫਸਲ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋੋਂ ਵੱਖ ਵੱਖ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਦੌੌਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਬੇਲੋੋੜੀਆਂ ਸਪਰੇਆਂ ਨਾ ਕਰਨ ਸੰਬੰਧੀ ਜਾਗਰੁਕ ਕੀਤਾ ਗਿਆ।ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ ਬਲਬੀਰ ਚੰਦ ਨੇ ਖੇਤੀਬਾੜੀ ਵਿਭਾਗ ਦੀ ਟੀਮ ਨਾਲ ਮਹਿਲ ਕਲਾਂ ਬਲਾਕ ਦੇ ਪਿੰਡ ਪੰਡੋਰੀ ਅਤੇ ਕਲਾਲਾ ਵਿੱਚ ਕਿਸਾਨ ਚੇਤ ਸਿੰਘ, ਪ੍ਰੀਤਮ ਸਿੰਘ, ਲਾਭ ਸਿੰਘ, ਗੁਰਚਰਨ ਸਿੰਘ, ਸਵਰਨ ਸਿੰਘ ਤੇ ਜਸਵੀਰ ਸਿੰਘ  ਦੇ ਖੇਤਾਂ ਵਿੱਚ ਨਰਮੇ ਦੀ ਫਸਲ ਦਾ ਸਰਵੇਖਣ ਕੀਤਾ ਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ , ਚਿੱਟੀ ਮੱਖੀ ਤੇ ਨਰਮੇ ਦੀ ਫਸਲ ਦੇ ਹੋਰ ਕੀੜੇ ਮਕੌੜਿਆਂ ਦੀ ਪਛਾਣ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਰਮੇ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਜਾਵੇ ਤਾਂ ਤੁਰੰਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਲਿਆਦਾ ਜਾਵੇ।
ਉਨਾਂ ਦੱਸਿਆ ਕਿ ਬਰਨਾਲਾ ਜਿਲ੍ਹੇ ਵਿੱਚ ਜਿਲ੍ਹਾ ਪੱਧਰੀ, ਬਲਾਕ ਪੱਧਰੀ ਤੇ ਪਿੰਡ ਪੱਧਰੀ ਪੈਸਟ ਸਰਵੇਲੈਂਸ ਟੀਮਾਂ ਵੱਲੋਂ ਨਿਰੰਤਰ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਸਮੇਂ ਸਮੇਂ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਸਿਫਾਰਿਸ਼ ਕੀਤੀਆਂ ਦਵਾਈਆਂ ਹੀ ਵਰਤੀਆ ਜਾਣ।
ਇਸ ਸਮੇਂ ਸ੍ਰੀ ਹਰਪਾਲ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਮਹਿਲ ਕਲਾਂ ਹਾਜਰ ਸਨ।

ਨਰਮੇ ਦੀ ਗੁਲਾਬੀ ਸੂੰਡੀ ਦੀ ਨਿਗਰਾਨੀ ਲਈ ਖੇਤੀਬਾੜੀ ਵਿਭਾਗ ਨੇ ਬਣਾਈਆਂ 29 ਟੀਮਾਂ

-ਹਫਤੇ ਵਿਚ ਦੋ ਦਿਨ ਕਰਦੀਆਂ ਹਨ ਖੇਤਾਂ ਦਾ ਸਰਵੇਖਣ

-ਏਕੀਕ੍ਰਿਤ ਕੀਟ ਪ੍ਰਬੰਧਨ ਲਈ ਵੀ ਵਿਭਾਗ ਕਰ ਰਿਹਾ ਹੈ ਉਪਰਾਲੇ



ਫਾਜਿ਼ਲਕਾ, 24 ਜ਼ੂਨ
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਨਰਮੇ ਦੀ ਫਸਲ ਨੂੰ ਗੁਲਾਬੀ ਸੂੰਡੀ ਦੇ ਹਮਲੇ ਤੋਂ ਬਚਾਉਣ ਲਈ ਦਿੱਤੇ ਨਿਰਦੇਸ਼ਾਂ ਦੇ ਮੱਦੇਨਜਰ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਫਾਜਿ਼ਲਕਾ ਵੱਲੋਂ ਜਿ਼ਲ੍ਹੇ ਵਿਚ ਕੁੱਲ 29 ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸਮ ਸਿੰਘ ਨੇ ਦੱਸਿਆ ਕਿ ਇੰਨਾਂ ਵਿਚੋਂ 24 ਟੀਮਾਂ ਸਰਕਲ ਪੱਧਰ ਤੇ, 4 ਬਲਾਕ ਪੱਧਰ ਤੇ ਇਕ ਜਿ਼ਲ੍ਹਾ ਪੱਧਰ ਤੇ ਬਣਾਈ ਗਈ ਹੈ। ਇਹ ਟੀਮਾਂ ਮੰਗਲਵਾਰ ਅਤੇ ਵੀਰਵਾਰ ਨੂੰ ਖੇਤਾਂ ਦਾ ਨੀਰਿਖਣ ਕਰਦੀਆਂ ਹਨ ਅਤੇ ਗੁਲਾਬੀ ਸੂੰਡੀ ਸਮੇਤ ਹੋਰ ਕੀੜਿਆਂ ਦੀ ਨਿਗਰਾਨੀ ਕਰਦੀਆਂ ਹਨ ਤਾਂ ਜ਼ੋ ਕਿਸੇ ਵੀ ਸੰਭਾਵਿਤ ਹਮਲੇ ਦੀ ਸੂਰਤ ਵਿਚ ਤੁਰੰਤ ਅਗੇਤੇ ਪ੍ਰਬੰਧ ਕਰਦਿਆਂ ਕੀੜੇ ਤੇ ਕਾਬੂ ਪਾਇਆ ਜਾ ਸਕੇ।

ਇਸ ਤੋਂ ਬਿਨ੍ਹਾਂ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਬਣਾ ਕੇ ਉਨ੍ਹਾਂ ਨੂੰ ਗੁਲਾਬੀ ਸੂੰਡੀ ਦੇ ਅਗੇਤੇ ਆਗਮਨ ਦਾ ਪਤਾ ਲਗਾਉਣ ਅਤੇ ਰੋਕਥਾਮ ਬਾਰੇ ਦੱਸਿਆ ਜਾ ਰਿਹਾ ਹੈ।ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਦੋ ਫੈਰੋਮੈਨ ਟਰੈਪ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਇਸ ਵਿਚ ਆਉਣ ਵਾਲੇ ਨਰ ਪੰਤਗਿਆਂ ਤੋਂ ਗੁਲਾਬੀ ਸੂੰਡੀ ਦੀ ਆਮਦ ਤੋਂ ਪਹਿਲਾਂ ਹੀ ਪਤਾ ਲੱਗ ਸਕੇ ਅਤੇ ਕਿਸਾਨ ਤੁਰੰਤ ਛਿੜਕਾਅ ਕਰ ਸਕਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲੇ ਨਰਮੇ ਨੂੰ ਫੁਲ ਆਉਣ ਦਾ ਸਮਾਂ ਨਹੀਂ ਹੈ ਅਤੇ ਇਸ ਸਮੇਂ ਜਿਹੜੇ ਫੁੱਲ ਆ ਰਹੇ ਹਨ ਇਹ ਪੱਕਣਗੇ ਨਹੀਂ। ਇੰਨ੍ਹਾਂ ਨੂੰ ਝੂਠੇ ਫੁੱਲ ਕਿਹਾ ਜਾਂਦਾ ਹੈ, ਇੰਨ੍ਹਾਂ ਦੀ ਗਿਣਤੀ ਵੀ ਇਕ ਏਕੜ ਵਿਚ 40-50 ਕੁ ਹੀ ਹੈ ਇਸ ਲਈ ਜ਼ੇਕਰ ਇੰਨ੍ਹਾਂ ਨੂੰ ਤੋੜ ਕੇ ਕਿਸੇ ਥੈਲੇ ਵਿਚ ਇੱਕਠੇ ਕਰਕੇ ਖੇਤ ਤੋਂ ਬਾਹਰ ਲਿਆ ਕੇ ਨਸ਼ਟ ਕਰ ਦਿੱਤੇ ਜਾਣ ਤਾਂ ਇਸ ਨਾਲ ਵੀ ਜ਼ੇ ਕਿਤੇ ਗੁਲਾਬੀ ਸੂੰਡੀ ਦਾ ਬੱਚਾ ਹੋਇਆ ਤਾਂ ਉਹ ਮਰ ਜਾਵੇਗਾ। ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲੇ ਤੱਕ ਕਿਤੇ ਵੀ ਜਿ਼ਲ੍ਹੇ ਵਿਚ ਗੁਲਾਬੀ ਸੂੰਡੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਦੂਜ਼ੇ ਪਾਸੇ ਵਿਭਾਗ ਕਿਸਾਨਾਂ ਨੂੰ ਏਕੀਕ੍ਰਿਤ ਕੀਟ ਪ੍ਰਬੰਧਨ ਬਾਰੇ ਵੀ ਦੱਸ ਰਿਹਾ ਹੈ। ਇਸ ਬਾਬਤ ਮੁੱਖ ਖੇਤੀਬਾੜੀ ਅਫਸਰ ਡਾ: ਰੇਸਮ ਸਿੰਘ ਨੇ ਦੱਸਿਆ ਕਿ ਜਿ਼ਲ੍ਹੇ ਵਿਚ 62.5 ਏਕੜ ਹਰਕੇ ਦੀ ਦਰ ਨਾਲ ਤਿੰਨ ਪ੍ਰਦਰਸ਼ਨੀ ਪਲਾਂਟ ਵਿਭਾਗ ਲਗਵਾ ਰਿਹਾ ਹੈ ਜਿਸ ਵਿਚ ਪੀਬੀ ਨਾਟ ਤਕਨੀਕ ਤਹਿਤ ਪੌਦਿਆਂ ਤੇ ਕੁਝ ਧਾਗੇ ਬੰਨੇ ਜਾ ਰਹੇ ਹਨ ਜਿੰਨ੍ਹਾਂ ਤੋਂ ਗੁਲਾਬੀ ਸੂੰਡੀ ਦੇ ਮਾਦਾ ਪੰਤਗੇ ਦੀ ਸੰੁਗਧ ਆਉਂਦੀ ਹੈ ਜਿਸ ਨਾਲ ਨਰ ਅਤੇ ਮਾਦਾ ਦਾ ਅਸਲ ਮਿਲਣ ਨਹੀਂ ਹੁੰਦਾ ਤੇ ਸੂੰਡੀ ਦਾ ਅੱਗੇ ਵਾਧਾ ਰੁੱਕ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਖੁਦ ਕੱਲ ਮਾਹੂਆਣਾ ਤੇ ਅੱਜ ਰਾਮਸਰਾ ਦਾ ਦੌਰਾ ਕਰਕੇ ਨਰਮੇ ਵਾਲੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ।


ਅਬੋਹਰ ਦੇ ਏਪੀਪੀਓ ਸ੍ਰੀ ਸੰੁਦਰ ਲਾਲ ਨੇ ਦੱਸਿਆ ਕਿ ਇਸ ਤਕਨੀਕ ਤਹਿਤ ਪਿੰਡ ਰਾਮਸਰਾ ਵਿਚ 62.5 ਏਕੜ ਵਿਚ ਇਕ ਪ੍ਰਦਰਸ਼ਨੀ ਪਲਾਂਟ ਅੱਜ ਲਗਾਇਆ ਗਿਆ ਹੈ।ਪਰ ਇਹ ਤਕਨੀਕ ਤਦ ਹੀ ਕਾਮਯਾਬ ਹੈ ਜਦ ਵੱਡੇ ਏਰੀਏ ਵਿਚ ਸਾਰੇ ਕਿਸਾਨ ਕਰਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ।ਇਸ ਤੋਂ ਬਿਨ੍ਹਾਂ ਅੱਜ ਹੀ ਫਾਜਿ਼ਲਕਾ ਬਲਾਕ ਦੇ ਪਿੰਡ ਮਾਹੂਆਣਾ ਅਤੇ ਖੂਈਆਂ ਸਰਵਰ ਦੇ ਪਿੰਡ ਉਸਮਾਨ ਖੇੜਾ ਵਿਚ ਵੀ ਪੀਬੀ ਨਾਟ ਤਕਨੀਕ ਦੇ ਪ੍ਰਦਰਸ਼ਨੀ ਪਲਾਂਟ ਲਗਾਏ ਗਏ ਹਨ। ਹਰੇਕ ਪ੍ਰਦਰਸ਼ਨੀ ਪਲਾਂਟ ਤੋਂ 10 ਤੋਂ 20 ਕਿਸਾਨਾਂ ਨੂੰ ਲਾਭ ਹੋਵੇਗਾ।

ਡਾਇਰੈਕਟਰ ਖੇਤੀਬਾੜੀ ਨੇ ਗੁਲਾਬੀ ਸੁੰਡੀ ਦੇ ਖਦਸ਼ੇ ਤੋਂ ਪ੍ਭਾਵਿਤ ਖੇਤਾਂ ਦਾ ਲਿਆ ਜਾਇਜ਼ਾ

ਮਾਨਸਾ, 


ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਵੱਲੋਂ ਗੁਲਾਬੀ ਸੁੰਡੀ ਦੇ  ਖਦਸ਼ੇ ਤੋਂ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈਣ ਲਈ ਜ਼ਿਲਾ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਬਲਾਕ ਝੁਨੀਰ ਅਤੇ ਮਾਨਸਾ ਦੇ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਨਿਰੀਖਣ ਕੀਤਾ ਗਿਆ। ਉਨਾਂ ਦੱਸਿਆ ਕਿ ਬਲਾਕ ਮਾਨਸਾ ਦੇ ਪਿੰਡ ਦੂਲੋਵਾਲ ਵਿਖੇ ਕਿਸਾਨ ਪ੍ਰਗਟ ਸਿੰਘ ਦੀ ਨਰਮੇ ਫਸਲ ਦਾ ਨਿਰੀਖਣ ਕਰਦੇ ਸਮੇਂ ਨਰਮੇ ਦੀ ਫਸਲ ਦੇ ਕੁਝ ਕੁ ਫੁੱਲਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ ਸੀ, ਪ੍ਰੰਤੂ ਇਹ ਹਮਲਾ ਆਰਥਿਕ ਕਗਾਰ ਤੋਂ ਘੱਟ ਸੀ।

ਉਨਾਂ ਦੱਸਿਆ ਕਿ ਬਲਾਕ ਝੁਨੀਰ ਦੇ ਪਿੰਡਾਂ ਵਿੱਚ ਫਸਲ ਦਾ ਨਿਰੀਖਣ ਕਰਦੇ ਸਮੇਂ ਸਭ ਤੋਂ ਪਹਿਲਾਂ ਪਿੰਡ ਭੰਮੇ ਖੁਰਦ ਦੇ ਕਿਸਾਨ ਗੁਰਪ੍ਰੀਤ ਸਿੰਘ  ਦੇ ਖੇਤ ਦੇ ਨਿਰੀਖਣ ਸਮੇਂ 40 ਫੁੱਲਾਂ ਪਿੱਛੇ 3-4 ਫੁੱਲਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ, ਜੋ ਕਿ ਆਰਥਿਕ ਕਗਾਰ ਤੋਂ ਹੇਠਾਂ ਪਾਇਆ ਗਿਆ। ਇਸੇ ਤਰਾਂ ਪਿੰਡ ਭਲਾਈਕੇ ਵਿਖੇ ਗੁਰਦੀਪ ਸਿੰਘ  ਅਤੇ ਅਮਰੀਕ ਸਿੰਘ  ਦੇ ਖੇਤ ਦਾ ਵੀ ਦੌਰਾ ਕੀਤਾ ਗਿਆ ਅਤੇ ਉਥੇ ਵੀ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਹੀ ਪਾਇਆ ਗਿਆ।

ਡਾਇਰੈਕਟਰ ਸ਼੍ਰੀ ਗੁਰਵਿੰਦਰ ਸਿੰਘ ਵੱਲੋਂ ਮੌਕੇ ’ਤੇ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਔੜ ਦੌਰਾਨ ਲੱਗੇ ਝੂਠੇ ਫੁੱਲਾਂ ਨੂੰ ਤੋੜ ਕੇ ਨਸ਼ਟ ਕਰ ਦਿੱਤਾ ਜਾਵੇ ਕਿਉਂਕਿ ਇਹਨਾਂ ਫੁੱਲਾਂ ਦਾ ਝਾੜ ’ਤੇ ਕੋਈ ਅਸਰ ਨਹੀ ਪੈਂਦਾ ਜਦੋਂ ਕਿ ਇਨਾਂ ਨੂੰ ਨਸ਼ਟ ਕਰਨ ਨਾਲ ਗੁਲਾਬੀ ਸੁੰਡੀ ਦੀ ਪਹਿਲੀ ਪੀੜੀ ਨੂੰ ਖਤਮ ਕਰਕੇ ਅਗਲੀ ਪੀੜੀ ਨੂੰ 80 ਗੁਣਾ ਤੱਕ ਘੱਟ ਕਰਦੇ ਹੋਏ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਨਰਮੇ ਦੀ ਫਸਲ ਦੇ ਅਗਲੇ ਆਉਣ ਵਾਲੇ ਪੂਰ ਨੂੰ ਬਚਾਇਆ ਜਾ ਸਕਦਾ ਹੈ।

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਜਾਵੇ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ।

ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲੇ ਵਿੱਚ ਜ਼ਿਲਾ ਪੱਧਰੀ, ਬਲਾਕ ਪੱਧਰੀ, ਪਿੰਡ ਪੱਧਰੀ ਸਰਵੇਲੈਂਸ ਟੀਮਾਂ ਵੱਲੋਂ ਨਿਰੰਤਰ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਸਮੇਂ-ਸਮੇਂ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਸਿਫਾਰਸਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਡਾ. ਸੁਰੇਸ ਕੁਮਾਰ ਖੇਤੀਬਾੜੀ ਅਫਸਰ ਝੁਨੀਰ, ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਝੁਨੀਰ, ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ) ਮਾਨਸਾ, ਡਾ. ਸ਼ਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ (ਇੰਨਫੋ:) ਮਾਨਸਾ, ਹਰਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਝੁਨੀਰ ਤੋਂ ਇਲਾਵਾ ਇਲਾਕੇ ਦੇ ਕਿਸਾਨ ਮੌਜੂਦ ਸਨ

ਪੀ.ਏ.ਯੂ. ਵਿੱਚ ਪਿੰਡਾਂ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਕਰਾਇਆ ਜਾਵੇਗਾ

ਲੁਧਿਆਣਾ 23 ਜੂਨ


ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਪਿੰਡਾਂ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਮਿਤੀ 01.08.2022 ਤੋਂ 28.10.2022 ਤੱਕ ਕਰਵਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਏ ਜਾਣ ਵਾਲੇ ਇਸ ਕੋਰਸ ਵਿੱਚ 20 ਤੋਂ 40 ਸਾਲ ਉਮਰ ਦੇ ਦਸਵੀਂ ਪਾਸ ਪੰਜਾਬ ਦੇ ਨੌਜਵਾਨ ਕਿਸਾਨ ਦਾਖ਼ਲਾ ਲੈ ਸਕਦੇ ਹਨ।


ਸਿਖਿਆਰਥੀਆਂ ਨੂੰ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਖੇਤੀ ਸਹਾਇਕ ਧੰਦਿਆਂ ਬਾਰੇ ਸਿਖਲਾਈ ਦਿੱਤੀ ਜਾਵੇਗੀ। ਇਸ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਆਪਣੇ ਜਿਲੇ੍ਹ ਦੇ ਕਿ੍ਰਸ਼ੀ ਵਿਗਿਆਨ ਕੇਂਦਰਾਂ/ਸਕਿੱਲ ਡਿਵੈਲਪਮੈਂਟ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਫਾਰਮ ਪ੍ਰਾਪਤ ਕਰ ਸਕਦੇ ਹਨ। ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 25.07.2022 ਹੈ। ਇੰਟਰਵਿਊ ਮਿਤੀ 29.07.2022 ਨੂੰ ਸਵੇਰੇ 10.00 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਵੇਗੀ। ਉਮੀਦਵਾਰ ਦਸਵੀਂ ਪਾਸ ਅਤੇ ਉਮਰ ਦੇ ਸਬੂਤ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਚੁਣੇ ਜਾਣ ਵਾਲੇ ਸਿਖਿਆਰਥੀ ਤੋਂ 1000/- ਰੁਪਏ ਬਤੌਰ ਸਕਿਓਰਟੀ ਲਈ ਜਾਵੇਗੀ ਜੋ ਕਿ ਸਫ਼ਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀ ਨੂੰ ਹੀ ਵਾਪਿਸ ਦਿੱਤੀ ਜਾਵੇਗੀ। ਕੋਰਸ ਦੀ ਫੀਸ 500/- ਰੁਪਏ ਹੈ ਅਤੇ ਰਿਹਾਇਸ਼ ਦੀ 300/- ਰੁਪਏ ਪ੍ਰਤੀ ਮਹੀਨਾ ਫੀਸ ਲਈ ਜਾਵੇਗੀ ।

Thursday, June 23, 2022

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੁਰਾਣੀ ਸੀਰੀਜ਼ ਦੇ ਛੋਟੇ ਅੱਖਰਾਂ ਵਾਲੇ ਫੈਂਸੀ ਨੰਬਰ ਲਗਾ ਕੇ ਘੁੰਮ ਰਹੇ ਵਾਹਨਾਂ ਦੇ ਚਲਾਣ ਅਤੇ ਜ਼ਬਤ ਕਰਨ ਦੇ ਹੁਕਮ


ਚੰਡੀਗੜ, 23 ਜੂਨ:


ਪੰਜਾਬ ਸਰਕਾਰ ਨੇ ਅੱਜ ਇਕ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਵਿੱਚ ਰਜਿਸਟ੍ਰੇਸ਼ਨ ਮਾਰਕ ਸਟੇਟ ਕੋਡ ਪੀ.ਬੀ. ਅਤੇ ਹੋਰ ਬਾਕੀ ਮਾਰਕ ਦਾ ਹਿੱਸਾ ਦਰਸਾਏ ਮਾਪਦੰਡ ‘ਤੇ ਪੂਰਾ ਨਹੀਂ ਢੁੱਕਦੇ ਅਜਿਹੇ ਸਾਰੇ ਵਾਹਨਾਂ ਦੇ ਚਲਾਣ ਅਤੇ ਜ਼ਬਤ ਕਰਨ ਦਾ ਹੁਕਮ ਦਿੱਤੇ ਹਨ। ਇਹ ਹੁਕਮ 12-06-1989 ਤੋਂ ਬਾਅਦ ਰਜਿਸਟ੍ਰੇਸ਼ਨ ਅਥਾਰਟੀ ਕੋਲ ਰਜਿਸਟਿਡ ਕਰਵਾਏ ਗਏ ਸਾਰੇ ਵਾਹਨਾਂ ‘ਤੇ ਲਾਗੂ ਹੋਵੇਗਾ।  

ਪੰਜਾਬ ਸਰਕਾਰ ਵੱਲੋਂ ਐਕਟ ਦੀ ਉਲੰਘਣਾ ਕਰਕੇ ਦਿੱਤੇ ਗਏ ਇਹਨਾਂ ਫੈਂਸੀ, ਅਣ-ਅਧਿਕਾਰਤ ਨੰਬਰਾਂ ਨੂੰ ਜਨਤਕ ਨੋਟਿਸ 30-12-2020 ਰਾਹੀਂ ਗੈਰ-ਕਾਨੂੰਨੀ ਮੰਨਦੇ ਹੋਏ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਇਹਨਾਂ ਫੈਂਸੀ ਨੰਬਰਾਂ ਨੂੰ ਤੁਰੰਤ ‘ਵਾਹਨ’ ਵੈਬਸਾਈਟ ‘ਤੇ ਵੀ ਬਲਾਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਪੰਜਾਬ ਰਾਜ ਦੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲਏ ਗਏ ਉਕਤ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਿਹਨਾਂ ਵਾਹਨ ਚਾਲਕਾਂ ਵੱਲੋਂ ਪੁਰਾਣੇ ਫੈਂਸੀ ਨੰਬਰ ਲਗਾਏ ਗਏ ਸਨ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਪੰਜਾਬ ਮੋਟਰ ਵਹੀਕਲ 1989 ਦੇ ਨਿਯਮ 42-ਏ ਤਹਿਤ ਜਾਰੀ ਨੋਟੀਫਿਕੇਸ਼ਨ ਨੰਬਰ 10/51/2017/1ਟੀ2/1365 ਮਿਤੀ 10-12-2020 ਅਨੁਸਾਰ ਨਵੇਂ ਫੈਂਸੀ ਨੰਬਰ ਲੈ ਸਕਦੇ ਹਨ ਪਰੰਤੂ ਇਹ ਨੰਬਰ ਲੈਣ ਲਈ  ਮੋਟਰ ਵਹੀਕਲ 1988 ਅਧੀਨ ਸਬੰਧਤ ਵਾਹਨ ਧਾਰਾ 39, 41 (6) ਅਤੇ 217 (ਡੀ) ਮੋਟਰ ਵਹੀਕਲ ਐਕਟ ਦੇ ਅਧੀਨ ਖਰੇ ਉਤਰਦੇ ਹੋਣ।

ਟਰਾਂਸਪੋਰਟ ਮੰਤਰੀ ਨੇ ਸੂਬੇ ਦੇ ਸਾਰੇ ਆਰਟੀਏਜ਼ ਨੂੰ ਹਦਾਇਤ ਕੀਤੀ ਕਿ ਉਹ ਵਿਸ਼ੇਸ਼ ਨਾਕੇ ਲਗਾ ਕੇ ਅਜਿਹੇ ਸਾਰੇ ਵਾਹਨਾਂ ਦੇ ਚਲਾਣ ਕੀਤੇ ਜਾਣ ਅਤੇ ਇਹਨਾਂ ਵਾਹਨਾਂ ਨੂੰ ਜ਼ਬਤ ਕਰਨ ਜੋ ਕਿ ਨਿਯਮਾਂ ਦੇ ਉਲਟ  ਜਾ ਕੇ ਅਜੇ ਵੀ ਪੁਰਾਣੇ ਫੈਂਸੀ ਨੰਬਰ ਲਗਾ ਕੇ ਵਾਹਨ ਚਲਾ ਰਹੇ ਹਨ।

ਜ਼ਿਲ੍ਹੇ ਦੇ ਕਿਸਾਨ ਝੀਂਗਾ ਮੱਛੀ ਪਾਲਣ ਦੇ ਧੰਦੇ ਨੂੰ ਵੱਧ ਤੋਂ ਵੱਧ ਅਪਣਾਉਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ-ਡਿਪਟੀ ਕਮਿਸ਼ਨਰ

ਝੀਂਗਾ ਮੱਛੀ ਪਾਲਣ ਦੇ ਧੰਦੇ ਨੂੰ ਅਪਣਾਉਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਸਬਸਿਡੀ

ਕਿਹਾਕਿਸਾਨਾਂ ਨੂੰ ਝੀਂਗਾ ਮੱਛੀ ਪਾਲਣ ਦੇ ਧੰਦੇ ਨੂੰ ਅਪਣਾਉਣ ਵਿੱਚ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਬੇਝਿਜਕ ਹੋ ਕੇ ਦੱਸਣ


ਫਾਜਿ਼ਲਕਾ 23 ਮਾਰਚ 2022 (             ) ਜ਼ਿਲ੍ਹੇ ਦੇ ਕਿਸਾਨ ਝੀਂਗਾ ਮੱਛੀ ਪਾਲਣ ਦੇ ਧੰਦੇ ਨੂੰ ਵੱਧ ਤੋਂ ਵੱਧ ਅਪਣਾ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ।ਇਹ ਇਲਾਕਾ ਸੇਮ ਤੋਂ ਪ੍ਰਭਾਵਿਤ ਹੋਣ ਕਾਰਨ ਅਤੇ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਫਾਜਿ਼ਲਕਾ ਜਿ਼ਲ੍ਹਾ ਝੀਂਗਾ ਪਾਲਣ ਲਈ ਪੂਰੀ ਤਰਾਂ ਅਨੂਕੁਲ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਰੱਖੀ ਮੀਟਿੰਗ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਕਿੱਤੇ ਨੂੰ ਉਤਸਾਹਤ ਕਰਨ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸੇ ਲੜੀ ਤਹਿਤ ਕਿਸਾਨਾਂ ਨੂੰ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ  40 ਫੀਸਦੀਔਰਤਾਂ ਅਤੇ ਐਸ.ਸੀ ਕਿਸਾਨਾਂ ਨੂੰ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਚਾਹਵਾਨ ਕਿਸਾਨ ਮੱਛੀ ਪਲਾਣ ਵਿਭਾਗ ਨਾਲ ਰਾਬਤਾ ਕਾਇਮ ਕਰ ਸਕਦੇ ਹਨ।

ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਝੀਂਗਾ ਮੱਛੀ ਪਾਲਣ ਦੇ ਧੰਦੇ ਨੂੰ ਅਪਣਾਉਣ ਵਿੱਚ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਤਾਂ ਜੋ ਉਹ ਉਨ੍ਹਾਂ ਦੀ ਪੂਰੀ ਮਦਦ ਕਰ ਸਕਣ। ਉਨ੍ਹਾਂ ਵੱਲੋਂ ਕਿਸਾਨਾਂ ਤੋਂ ਬਿਜਲੀਲੈਬੋਰਟਰੀਸੋਲਰ ਸਿਸਟਮ ਅਤੇ ਬੈਂਕ ਲੋਨ ਆਦਿ ਜੋ ਵੀ ਉਨ੍ਹਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਸੁਣੀਆਂ ਅਤੇ ਮੁਸ਼ਕਲਾਂ ਦਾ ਹੱਲ ਸਬੰਧੀ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ।

ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿਚ ਪਿੱਛਲੇ ਸਾਲ ਨਾਲੋ ਵੀ ਵੱਧ ਝੀਂਗਾ ਮੱਛੀ ਪਾਲਣ ਦਾ ਸਹਾਇਕ ਧੰਦਾ ਵਧਿਆ ਹੈ ਤੇ ਹੋਰ ਕਿਸਾਨ ਵੀ ਇਨ੍ਹਾਂ ਕਿਸਾਨਾਂ ਤੋਂ ਪ੍ਰੇਰਨਾ ਲੈਣ ਅਤੇ ਝੀਂਗਾ ਮੱਛੀ ਪਾਲਣ ਦੇ ਸਹਾਇਕ ਧੰਦੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ।ਇਸ ਉਪਰੰਤ ਪਿੰਡ ਮੂਲਿਆਂ ਵਾਲੇ ਦੇ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਲਗਭਗ 4 ਮਹੀਨੇ ਵਿਚ ਝੀਂਗਾ ਮੱਛੀ ਤਿਆਰ ਹੋ ਜਾਂਦੀ ਹੈ ਪਰ ਕਿਸਾਨ ਨੂੰ ਇਸ ਦੌਰਾਨ ਇਸ ਦੀ ਸੰਭਾਲ ਲਈ ਪੂਰਾ ਚੌਕਸ ਰਹਿਣਾ ਪੈਂਦਾ ਹੈ ਤੇ ਤਲਾਬ ਵਿਚ ਆਕਸੀਜਨ ਦਾ ਪੱਧਰ ਘਟਣ ਨਹੀਂ ਦੇਣਾ ਹੈ। ਕਿਸਾਨ ਨੇ ਦੱਸਿਆ ਕਿ ਸਾਨੂੰ ਝੋਨੇ ਵਰਗੇ ਰਵਾਇਤੀ ਫਸਲਾਂ ਤੋ ਬਾਹਰ ਨਿਕਲ ਕੇ ਸਹਾਇਕ ਧੰਦੇ ਅਪਣਾ ਕੇ ਖੁਸ਼ਹਾਲੀ ਵੱਲ ਅੱਗੇ ਵਧਣਾ ਚਾਹੀਦਾ ਹੈ। ਕਿਉਕਿ ਅਜਿਹਾ ਕਰਨ ਨਾਲ ਧਰਤੀ ਹੇਠਲਾ ਪਾਣੀ ਨਹੀਂ ਘਟੇਗਾ ਜੋ ਕਿ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਖਤਰਨਾਕ ਕਾਰਨ ਹੈ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੀਂਗੇ ਮੱਛੀ ਪਾਲਣ ਦੇ ਧੰਦੇ ਨੂੰ ਵੱਧ ਤੋਂ ਵੱਧ ਅਪਣਾਉਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ।

         ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ. ਮਨਜੀਤ ਸਿੰਘਮੱਛੀ ਪਸਾਰ ਅਫ਼ਸਰ ਫਾਜਿ਼ਲਕਾ ਕੋਕਮ ਕੌਰ ਅਤੇ ਮੱਛੀ ਪਸਾਰ ਅਫ਼ਸਰ ਅਬੋਹਰ ਸੁਪ੍ਰਿਆ ਕੰਬੋਜ ਤੋਂ ਇਲਾਵਾ ਜਿ਼ਲ੍ਹੇ ਦੇ ਵੱਖ-ਵੱਖ ਕਿਸਾਨ ਮੌਜੂਦ ਸਨ।

Wednesday, June 22, 2022

ਮੁੱਖ ਮੰਤਰੀ ਵੱਲੋਂ ਖੇਤੀਬਾੜੀ ਵਿਭਾਗ ਨੂੰ ਕਪਾਹ ਪੱਟੀ ਵਿੱਚ ਗੁਲਾਬੀ ਸੁੰਡੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕਦਮ ਚੁੱਕਣ ਦੇ ਨਿਰਦੇਸ਼

ਗੁਲਾਬੀ ਸੁੰਡੀ ਦਾ ਹਮਲਾ ਟਲਣ ਤੱਕ ਟੀਮਾਂ ਨੂੰ ਸਥਾਈ ਤੌਰ `ਤੇ ਮੌਕੇ ਉਤੇ ਮੌਜੂਦ ਰਹਿਣ ਲਈ ਕਿਹਾ

ਚੰਡੀਗੜ੍ਹ, 22 ਜੂਨ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੇਤੀਬਾੜੀ ਵਿਭਾਗ ਨੂੰ ਸੂਬੇ ਦੀ ਕਪਾਹ ਪੱਟੀ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।


ਮੁੱਖ ਮੰਤਰੀ ਨੇ ਕੁਝ ਖੇਤਰਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਖੇਤੀਬਾੜੀ ਵਿਭਾਗ ਨੂੰ ਕਪਾਹ ਪੱਟੀ ਵਿੱਚ ਪੱਕੇ ਤੌਰ `ਤੇ ਆਪਣੀਆਂ ਟੀਮਾਂ ਤਾਇਨਾਤ ਕਰਨ ਲਈ ਆਖਿਆ ਤਾਂ ਜੋ ਸ਼ੁਰੂਆਤੀ ਪੜਾਅ `ਤੇ ਹੀ ਹਮਲੇ ਦੀ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ ਕਿ ਨਰਮੇ ਦੀ ਕਾਸ਼ਤ ਵਾਲੇ ਖੇਤਰਾਂ ਵਿੱਚ ਗੁਲਾਬੀ ਸੁੰਡੀ ਦਾ ਫੈਲਾਅ ਨਾ ਹੋਵੇ, ਜਿਸ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਇਹ ਯਕੀਨੀ ਬਣਾਏ ਕਿ ਕਿਸਾਨਾਂ ਦਾ ਕੋਈ ਨੁਕਸਾਨ ਨਾ ਹੋਵੇ, ਜਿਸ ਲਈ ਗੁਲਾਬੀ ਸੁੰਡੀ ਦੇ ਹਮਲੇ ਦਾ ਟਾਕਰਾ ਕਰਨ ਦੀ ਲੋੜ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੂੰ ਮਾਲਵਾ ਖੇਤਰ ਦਾ ਵੱਡੇ ਪੱਧਰ ਉਤੇ ਦੌਰਾ ਕਰਨਾ ਚਾਹੀਦਾ ਹੈ ਅਤੇ ਹਮਲੇ ਦੀ ਤੀਬਰਤਾ ਦਾ ਜਾਇਜ਼ਾ ਲੈਣਾ ਚਾਹੀਦਾ ਹੈ, ਜਿਸ ਤੋਂ ਬਾਅਦ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੀਮਾਂ ਕਿਸਾਨਾਂ ਨਾਲ ਸਲਾਹ ਕਰਕੇ ਲੋੜੀਂਦੀ ਕਾਰਵਾਈ ਕਰਨ। ਭਗਵੰਤ ਮਾਨ ਨੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਮੁੱਖ ਮੰਤਰੀ ਨੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਸੰਕਟ ਵਿੱਚੋਂ ਕੱਢਣਾ ਪੰਜਾਬ ਸਰਕਾਰ ਦਾ ਫ਼ਰਜ਼ ਬਣਦਾ ਹੈ। ਭਗਵੰਤ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਜ਼ਰੂਰੀ ਕਦਮ ਚੁੱਕਿਆ ਜਾਵੇਗਾ।

ਪੰਜਾਬ ਸਰਕਾਰ ਫਸਲੀ ਵਿਭਿੰਨਤਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਯਤਨਸ਼ੀਲ-ਸੇਖੋਂ

ਅਨਾਜ ਮੰਡੀ ਫਰੀਦਕੋਟ ਵਿਖੇ ਮੂੰਗੀ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ


ਫਰੀਦਕੋਟ22 ਜੂਨ  () ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਕਿਸਾਨਾਂ,


ਮਜਦੂਰਾਂ ਦੀ ਆਮਦਨ ਵਧਾਉਣ ਅਤੇ ਫਸਲੀ ਵਿਭਿੰਨਤਾ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ, ਜਿਸ ਤਹਿਤ ਸਰਕਾਰ ਵੱਲੋਂ ਖਰੀਦ ਸੀਜਨ 2022-23 ਲਈ ਮਾਰਕਫੈਂਡ ਦੁਆਰਾ ਮੂੰਗੀ ਦੀ ਖਰੀਦ ਕਰਵਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਘੱਟੋਂ ਘੱਟ ਸਮਰਥਨ ਮੁੱਲ 7275 ਰੁਪਏ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਮੂੰਗੀ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਉਪਰੰਤ ਕੀਤਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਦੀਪ ਸਿੰਘ ਬਰਾੜ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਮੂੰਗੀ, ਮੱਕੀ ਤੇ ਹੋਰ ਅਜਿਹੀਆਂ ਫਸਲਾਂ ਹੇਠ ਰਕਬਾ ਵਧਾਉਣਾ ਚਾਹੁੰਦੀ ਹੈ ਜਿਸ ਨਾਲ ਜਿੱਥੇ ਕੁਦਰਤੀ ਸੋਮੇ ਪਾਣੀ ਦੀ ਬਚੱਤ ਹੋਵੇਗੀ ਉੱਥੇ ਹੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੇ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਮੂੰਗੀ ਦੀ ਐਮ.ਐਸ.ਪੀ ਦਿੱਤੀ ਗਈ ਹੈ, ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਮੱਕੀ ਤੇ ਹੋਰ ਫਸਲਾਂ ਤੇ ਵੀ ਐਮ.ਐਸ.ਪੀ. ਦੇਣ ਦੀ ਯੋਜਨਾ ਹੈ।

ਮਾਰਕਫੈੱਡ ਦੇ ਜਿਲਾ ਮੈਨੇਜਰ ਸ੍ਰੀ ਡੀ.ਐਸ.ਧਾਲੀਵਾਲ ਨੇ ਇਸ ਮੌਕੇ ਦੱਸਿਆ ਕਿ ਅੱਜ ਜਿਲੇ ਵਿੱਚ ਮੂੰਗੀ ਦੀ ਪਹਿਲੀ ਢੇਰੀ ਖਰੀਦੀ ਗਈ ਹੈ ਅਤੇ ਸਾਰੀ ਖਰੀਦ ਭਾਰਤ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਮਾਰਕਫੈੱਡ ਵੱਲੋਂ ਕੀਤੀ ਜਾਵੇਗੀ ਤੇ ਇਸ ਲਈ ਫਰੀਦਕੋਟ ਜਿਲੇ ਵਿੱਚ ਫਰੀਦਕੋਟ ਮੰਡੀ ਵਿਖੇ ਹੀ ਖਰੀਦ ਕੇਂਦਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੂੰਗੀ ਦੀ ਫਸਲ ਵੇਚਣ ਵਾਲੇ ਕਿਸਾਨਾਂ  ਲਈ ਜਮੀਨ ਦੇ ਵੇਰਵੇ ਅਤੇ ਮੌਕੇ ਤੇ ਲੱਗੀ ਫਸਲ ਦੀ ਗਿਰਦਾਵਰੀ ਦੇ ਵੇਰਵੇ ਅਨਾਜ ਖਰੀਦ ਪੋਰਟਲ ਤੇ ਦਰਜ ਕਰਵਾਉਣੇ ਲਾਜ਼ਮੀ ਹੈ। ਮੂੰਗੀ ਵੇਚਣ ਵਾਲੇ ਮੌਕੇ ਕਿਸਾਨ ਬੋਹੜ ਸਿੰਘ ਪਿੰਡ ਸੈਦੇਕੇ ਨੇ ਦੱਸਿਆ ਕਿ ਉਸ ਨੇ ਆਪਣੀ ਮੂੰਗੀ ਦੀ ਫਸਲ ਅੱਜ ਲਿਆਂਦੀ ਹੈ ਅਤੇ ਜਿਸ ਦੀ ਸਫਾਈ ਉਪਰੰਤ ਵਿਕਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਸ ਨੇ 145 ਏਕੜ ਮੂੰਗੀ ਬੀਜੀ ਹੈ ਅਤੇ ਵਧੀਆ ਫਸਲ ਕਾਰਨ ਉਸ ਨੂੰ ਲਾਭ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮੂੰਗੀ ਤੇ ਐਮ.ਐਸ.ਪੀ ਜਾਰੀ ਕਰਨ ਤੇ ਵੀ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਜਿਲਾ ਮੰਡੀ ਅਫਸਰ ਸ੍ਰੀ ਸਲੋਧ ਬਿਸ਼ਨੋਈ, ਡੀ.ਐਫ.ਐਸ.ਸੀ. ਸ੍ਰੀ ਸੁਖਵਿੰਦਰ ਸਿੰਘ ਗਿੱਲ, ਸ੍ਰੀ ਗੁਰਦੀਪ ਸਿੰਘ ਬਰਾੜ ਸੈਕਟਰੀ ਮਾਰਕਿਟ ਕਮੇਟੀ, ਸ੍ਰੀ ਗੁਰਜੰਟ ਸਿੰਘ, ਮਾਸਟਰ ਭੁਪਿੰਦਰ ਸਿੰਘ, ਮਾਸਟਰ ਅਮਰਜੀਤ ਸਿੰਘ, ਹੈਪੀ ਬਰਾੜ, ਜਗਜੀਤ ਸਿੰਘ ਤੋਂ ਇਲਾਵਾ ਕੁਲਭੂਸ਼ਨ ਰਾਏ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਮਹਿੰਦਰ ਬਾਂਸਲ, ਪ੍ਰਮੋਦ ਬਾਂਸਲ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਮੱਕੀ ਦੀ ਕਾਸ਼ਤ ਬਾਬਤ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜਿਲਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਵੱਲੋਂ ਬੀਤੇ ਦਿਨੀਂ ਪਿੰਡ ਜੁਗਿਆਲ, ਬਲਾਕ ਹਾਜੀਪੁਰ ਵਿਖੇ ਮੱਕੀ ਦੀ ਕਾਸ਼ਤ ਦੀਆਂ ਉੱਨਤ ਤਕਨੀਕਾਂ ਅਤੇ ਪੌਦ ਸੁਰੱਖਿਆ ਬਾਬਤ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। 


ਇਸ ਕੈਂਪ ਦੀ ਸ਼ੁਰੁਆਤ ਵਿੱਚ ਕਿਸਾਨਾਂ ਨਾਲ ਰੂਬਰੂ ਹੁੰਦੇ ਹੋਏ ਡਾ. ਮਨਿੰਦਰ ਸਿੰਘ ਬੌਂਸ, ਉਪ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਿਛਲੇ ਸਾਲਾਂ ਦੌਰਾਨ ਸਾਉਣੀ ਦੀ ਮੱਕੀ ਲਈ ਦੋ ਨਵੀਆਂ ਕੰਪੋਸਿਟ ਕਿਸਮਾਂ ਦਿੱਤੀਆ ਗਈਆਂ ਸਨ- ਜੇ ਸੀ 12 (ਝਛ 12) ਅਤੇ ਜੇ ਸੀ 4 (ਝਛ 4).  ਮੱਕੀ ਦੀ  ਜੇ ਸੀ 12 (ਝਛ 12) ਕਿਸਮ ਤਕਰੀਬਨ 99 ਦਿਨ ਵਿੱੱਚ ਪੱੱਕਦੀ ਹੈ ਅਤੇ ਇਸਦਾ ਔਸਤਨ ਝਾੜ 18.2 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ ਸਿਫਾਰਸ਼ ਪੰਜਾਬ ਦੇ ਕੰਢੀ ਇਲਾਕੇ ਲਈ ਕੀਤੀ ਗਈ ਹੈ।ਮੱਕੀ ਦੀ ਜੇ ਸੀ 4 (ਝਛ 4) ਕਿਸਮ ਰੋਟੀ ਵਾਸਤੇ ਅਤਿ-ਢੁੱਕਵੀਂ ਹੈ ਅਤੇ ਇਸ ਦੇ ਆਟੇ ਦੀ ਰੋਟੀ ਸੁਆਦਲੀ ਅਤੇ ਮੁਲਾਇਮ ਬਣਦੀ ਹੈ। ਇਹ ਕਿਸਮ ਤਕਰੀਬਨ 90 ਦਿਨ ਵਿੱੱਚ ਪੱੱਕਦੀ ਹੈ ਅਤੇ ਇਸਦਾ ਔਸਤਨ ਝਾੜ 13.0 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ ਸਿਫਾਰਸ਼ ਪੰਜਾਬ ਦੇ ਸੇਂਜੂ ਅਤੇ ਕੰਢੀ ਇਲਾਕਿਆਂ ਲਈ ਕੀਤੀ ਗਈ ਹੈ।ਇਸ ਕਿਸਮ ਦੀ ਸਿਫਾਰਸ਼ ਜੈਵਿਕ ਖੇਤੀ ਅਧੀਨ ਵੀ ਕੀਤੀ ਗਈ ਹੈ।ਇਹਨਾਂ ਕੰਪੋਸਿਟ ਕਿਸਮਾਂ ਦਾ ਕਿਸਾਨ ਬੀਜ ਰੱਖ ਕੇ ਅਗਲੇ ਸਾਲ ਵੀ ਬਿਜਾਈ ਕਰ ਸਕਦੇ ਹਨ। 

ਡਾ. ਬੌਂਸ ਨੇ ਮੱਕੀ ਦੀ ਫਾਲ ਆਰਮੀਵਰਮ ਸੁੰਡੀ ਦੀ ਰੋਕਥਾਮ ਲਈ ਕੁੱਝ ਜਰੂ੍ਰਰੀ ਨੁਕਤੇ ਵੀ ਸਾਂਝੇ ਕੀਤੇ।ਉਹਨਾਂ ਦੱਸਿਆ ਕਿ ਇਸ ਕੀੜੇ ਦੀਆਂ ਛੋਟੀਆਂ ਸੰੁਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ।ਵੱਡੀਆਂ ਸੰੁਡੀਆਂ ਗੋਭ ਦੇ ਪੱਤੇ ਵਿੱਚ ਗੋਲ ਤੋਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਭਾਰੀ ਮਾਤਰਾ ਵਿੱਚ ਵਿੱਠਾਂ ਕਰਦੀਆਂ ਹਨ। ਇਸ ਸੁੰਡੀ ਦੀ ਪਛਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ‘ੈ’ ਦੇ ਉਲਟੇ ਨਿਸ਼ਾਨ () ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸਾਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ। ਡਾ. ਬੌਂਸ ਨੇ ਕਿਹਾ ਕਿ ਇਸ ਕੀੜੇ ਦੀ ਰੋਕਥਾਮ ਲਈ ਨਾਲ ਲਗਦੇ ਖੇਤਾਂ ਵਿੱੱਚ ਮੱੱਕੀ ਦੀ ਬਿਜਾਈ ਥੋੜੇ-ਥੋੜੇ ਵਕਫ਼ੇ ਤੇ ਨਾ ਕਰੋ ਤਾਂ ਜੋ ਕੀੜੇ ਦਾ ਫਲਾਅ ਘਟਾਇਆ ਜਾ ਸਕੇ। ਇਸ ਦੇ ਨਾਲ ਹੀ ਖੇਤਾਂ ਦਾ ਸਰਵੇਖਣ ਲਗਾਤਾਰ ਕਰੋ ਅਤੇ ਪੱੱਤਿਆਂ ਉੱਪਰ ਦਿੱਤੇ ਕੀੜੇ ਦੇ ਆਂਡਿਆਂ ਨੂੰ ਨਸ਼ਟ ਕਰ ਦਿਉ। ਆਂਡਿਆਂ ਦੇ ਝੰੁਡ ਲੂਈ ਨਾਲ ਢੱਕੇ ਹੁੰਦੇ ਹਨ ਅਤੇ ਅਸਾਨੀ ਨਾਲ ਦਿੱਖ ਜਾਂਦੇ ਹਨ। 

ਡਾ. ਗੁਰਪ੍ਰਤਾਪ ਸਿੰਘ, ਸਹਿਯੋਗੀ ਪ੍ਰੋਫੈਸਰ (ਫਸਲ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਸਾਉਣੀ ਦੀ ਮੱਕੀ ਦੀੇ ਉੱਨਤ ਕੰਪੋਸਿਟ ਕਿਸਮ, ਜੇ ਸੀ 12 (ਝਛ 12), ਉਸ ਦੀ ਸਫਲ ਕਾਸ਼ਤ ਦੇ ਢੰਗ, ਨਦੀਨ ਅਤੇ ਖਾਦ ਪ੍ਰਬੰਧ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਉਹਨਾਂ ਨੇ ਮਿੱਟੀ ਪਰਖ ਤੇ ਅਧਾਰ ਤੇ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਮੱਕੀ ਵਿੱਚ ਜੀਵਾਣੂ ਖਾਦਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਇਹਨਾਂ ਕੁਦਰਤੀ ਸੋਮੇ ਸੰਭਾਲ ਤਕਨੀਕਾਂ ਨੂੰ ਅਪਨਾਉਣ ਬਾਬਤ ਵੀ ਜੋਰ ਦਿੱਤਾ ਦਿੱਤਾ।ਡਾ. ਗੁਰਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਮੱਕੀ ਦਾ ਵਧੇਰੇ ਝਾੜ ਲੈਣ ਲਈ, ਦੇਸੀ/ਹਰੀ ਖਾਦ ਦੀ ਵਰਤੋਂ ਲਾਹੇਵੰਦ ਹੈ। ਮੱਕੀ ਦੀ ਬਿਜਾਈ ਮਈ ਦੇ ਆਖਰੀ ਹਫ਼ਤੇ ਤੋਂ ਅਖੀਰ ਜੂਨ ਵਿੱਚ ਕਰੋ। ਇਸ ਦੇ ਨਾਲ ਹੀ ਬੂਟਿਆਂ ਦੀ ਗਿਣਤੀ (33333 ਬੂਟੇ ਪ੍ਰਤੀ/ਏਕੜ) ਪੂਰੀ ਰੱਖਣ ਵਾਸਤੇ ਬਿਜਾਈ 60×20 ਸੈਂਟੀਮੀਟਰ ਤੇ ਕਰੋ।ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦਸ ਦਿਨਾਂ ਦੇ ਅੰਦਰ-ਅੰਦਰ ਐਟਰਾਟਾਫ਼ 50 ਡਬਲਯੂ ਪੀ (ਐਟਰਾਜ਼ੀਨ) 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿੱਚ ਛਿੜਕਾਅ ਕਰੋ। ਮੱਕੀ ਦੇ ਨਿੱਸਰਣ, ਸੂਤ ਕੱਤਣ ਅਤੇ ਦਾਣੇ ਪੈਣ ਸਮੇਂ ਪਾਣੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। 

ਡਾ. ਪ੍ਰਭਜੋਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਸਾਉਣੀ ਦੀ ਮੱਕੀ ਦੇ ਪ੍ਰਮੁੱਖ ਕੀੜੇ - ਮੱਕੀ ਦਾ ਗੜੂੰਆਂ ਅਤੇ ਫਾਲ ਆਰਮੀਵਰਮ ਸੁੰਡੀ ਦੇ ਸਰਵਪੱਖੀ ਕੀਟ ਪ੍ਰਬੰਧ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਦੱਸਿਆ ਕਿ ਗੋਡੀ ਕਰਦੇ ਸਮੇਂ ਗੜੂੰਏਂ ਦੇ ਸਖਤ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦਿਉ। ਮੱਕੀ ਦੇ ਗੜੂੰਏਂ ਦੀ ਰੋਕਥਾਮ ਲਈ ਬਿਜਾਈ ਤੋਂ 2-3 ਹਫ਼ਤੇ ਪਿੱਛੋਂ ਜਿਸ ਵੇਲੇ ਪੱਤਿਆਂ ਉੱਪਰ ਇਸ ਕੀੜੇ ਦਾ ਹਮਲਾ ਦਿੱਸੇ ਤਾਂ 30 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਨੂੰ 60 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨੈਪਸੈਕ ਪੰਪ ਨਾਲ ਛਿੜਕੋ। ਗੜੂੰਏਂ ਦੀ ਰੋਕਥਾਮ ਲਈ ਮਿੱਤਰ ਕੀੜੇ ਦੇ ਟਰਾਈਕੋਗਰਾਮਾ ਕਾਰਡ ਨੂੰ 10 ਅਤੇ ਦੁਬਾਰਾ 17 ਦਿਨ ਦੀ ਫ਼ਸਲ ਤੇ ਵਰਤ ਕੇ ਵੀ ਕੀਤੀ ਜਾ ਸਕਦੀ ਹੈ।ਫਾਲ ਆਰਮੀਵਰਮ ਸੁੰਡੀ ਦੀ ਰੋਕਥਾਮ ਲਈ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰਨ ਕਈ ਕਿਹਾ।ਡਾ. ਪ੍ਰਭਜੋਤ ਕੌਰ ਨੇ ਇਹ ਵੀ ਦੱਸਿਆ ਕਿ 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉ। ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰਨਾ ਜ਼ਰੂਰੀ ਹੈ।ਜਦੋਂ ਹਮਲਾ ਧੌੜੀਆਂ ਵਿੱਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ (ਲਗਭਗ ਅੱਧਾ ਗ੍ਰਾਮ) ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾ ਕੇ ਫ਼ਾਲ ਆਰਮੀਵਰਮ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 5 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ।

ਇਸ ਮੌਕੇ ਕਿਸਾਨਾਂ ਦੀ ਸਹੂਲਤ ਲਈ ਸਾਉਣੀ ਦੀ ਮੱਕੀ ਝਛ 12 ਦਾ ਬੀਜ, ਮੱਕੀ ਲਈ ਜੀਵਾਣੂ ਖਾਦ ਅਤੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ।

ਕੈਂਪ ਦੌਰਾਨ ਸ਼੍ਰੀ ਰਮਨ ਕੁਮਾਰ, ਭੂਮੀ ਰੱਖਿਆ ਅਫਸਰ, ਸ਼੍ਰੀ ਰਮਨ ਅੱਤਰੀ, ਭੂਮੀ ਰੱਖਿਆ ਅਫਸਰ, ਸ਼੍ਰੀਮਤੀ ਸੀਮਾ ਰਾਣੀ, ਸੋਸ਼ਲ ਮੋਬੀਲਾਈਜਰ, ਸ਼੍ਰੀ ਪ੍ਰਕਾਸ਼ ਚੰਦ, ਸਰਵੇਅਰ, ਸ਼੍ਰੀ ਮੁਖਤਿਆਰ ਸਿੰਘ, ਸਕੱਤਰ, ਸ਼੍ਰੀ ਸ਼ਕਤੀ ਸਿੰਘ, ਮੈਂਬਰ, ਸ਼੍ਰੀਮਤੀ ਨੀਲਮ ਕੁਮਾਰੀ, ਕੈਸ਼ੀਅਰ ਅਤੇ ਸ਼੍ਰੀ ਜੋਗਿੰਦਰ ਪਾਲ, ਮੈਂਬਰ, ਵਾਟਰਸ਼ੈਡ ਗਰੁੱਪ ਵੀ ਮੌਜੂਦ ਸਨ। 

Tuesday, June 21, 2022

ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਸਬੰਧੀ ਚਲਾਈ ਗਈ ਜਾਗਰੁਕਤਾ ਮੁਹਿੰਮ

ਫਰੀਦਕੋਟ 21 ਜੂਨ () ਡਾ. ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਰਮੇ/ਕਪਾਹ ਦੀ ਫਸਲ ਉਪਰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਮਿਤੀ: 21 ਅਤੇ 22 ਜੂਨ 2022 ਨੂੰ ਪੰਜਾਬ ਭਰ ਦੀ


ਨਰਮਾ ਬੈਲਟ ਚ’ ਕਿਸਾਨ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗਫਰੀਦਕੋਟ ਵੱਲੋ ਦੋ ਵੈਨਾਂ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਚਲਾਈਆਂ ਗਈਆਂ।

ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰਫਰੀਦਕੋਟ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਦੇ ਲਗਭਗ 88 ਪਿੰਡਾਂ ਵਿੱਚ ਨਰਮੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਇਨ੍ਹਾਂ ਵੈਨਾਂ ਰਾਹੀ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੀ ਰੋਕਥਾਮ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋ ਇਲਾਵਾ ਇਸ ਮੁਹਿੰਮ ਦੋਰਾਨ ਜਿਲ੍ਹਾ ਪੱਧਰਬਲਾਕ ਪੱਧਰਪਿੰਡ ਪੱਧਰ ਦੀਆਂ ਸਰਵੀਲੈਂਸ ਟੀਮਾਂ ਵੱਲੋਂ ਨਰਮੇ ਦੀ ਫਸਲ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਗੁਲਾਬੀ ਸੁੰਡੀ ਅਤੇ ਹੋਰ ਕੀੜੇ ਮਕੌੜਿਆਂ ਦੀ ਸਹੀ ਸਮੇਂ ਤੇ ਰੋਕਥਾਮ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੁੰਡੀ ਫੁੱਲਾਂਡੋਡੀਆਂ ਅਤੇ ਟੀਂਡਿਆਂ ਦਾ ਨੁਕਸਾਨ ਕਰਦੀ ਹੈ ਅਤੇ ਟੀਂਡੇ ਗਲ ਜਾਂਦੇ ਹਨ ਤੇ ਰੂੰ ਵੀ ਦਾਗੀ ਹੋ ਜਾਂਦੀ ਹੈ ਅਤੇ ਟੀਂਡੇ ਪੂਰੀ ਤਰ੍ਹਾਂ ਖਿੜਦੇ ਵੀ ਨਹੀ। ਇਸ ਮੁਹਿੰਮ ਦੋਰਾਨ ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਆਸੇ-ਪਾਸੇ ਦੇ ਨਦੀਨ ਖਤਮ ਕਰ ਦਿੱਤੇ ਜਾਣ।

              ਇਸ ਮੌਕੇ ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਨਰਮਾ/ਕਪਾਹ ਦੇ ਕੀਟ ਪ੍ਰਬੰਧਨ ਲਈ ਕੀਟਨਾਸ਼ਕ/ਉਲੀਨਾਸ਼ਕ ਦੀ ਖ੍ਰੀਦ ਪੱਕੇ ਬਿੱਲ ਉਪਰ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬੀ.ਟੀ. ਨਰਮੇ ਉੱਤੇ ਗੁਲਾਬੀ ਸੁੰਡੀ ਜਾਂ ਚਿੱਟੇ ਮੱਛਰ ਦਾ ਹਮਲਾ ਵਿਖਾਈ ਦੇਵੇ ਤਾਂ ਖੇਤੀਬਾੜੀ ਵਿਭਾਗ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

   

Monday, June 20, 2022

ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਸੈਮੀਨਾਰ ਆਯੋਜਿਤ

ਬਠਿੰਡਾ, 18 ਜੂਨ : ਬਾਗਬਾਨੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਤੇ ਡਾਇਰੈਕਟਰ ਬਾਗਬਾਨੀ-


ਕਮ-ਸਟੇਟ ਨੋਡਲ ਅਫਸਰ ਏ.ਆਈ.ਐਫ ਸ੍ਰੀਮਤੀ ਸਲਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਜ਼ਿਲ੍ਹਾ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਜ਼ਿਲ੍ਹੇ ਭਰ ਵਿੱਚੋਂ ਉਦਮੀ ਕਿਸਾਨਾਂ ਤੇ ਲਾਭਪਾਤਰੀਆਂ ਨੇ ਭਾਗ ਲਿਆ। 

ਸੈਮੀਨਾਰ ਵਿੱਚ ਕੇ.ਪੀ.ਐਮ.ਜੀ ਅਡਵਾਈਜਰੀ ਸਰਵਿਸ ਵਲੋਂ ਮੈਡਮ ਮਨੀ ਮਿੱਤਲ ਤੇ ਮੈਡਮ ਨਿਤਿਆ ਨੇ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਹਾਜ਼ਰ ਵੱਖ-ਵੱਖ ਬਾਗਬਾਨੀ ਖੇਤਰ ਨਾਲ ਸਬੰਧਿਤ ਕੋਲਡ ਸਟੋਰ ਮਾਲਿਕਾਂ, ਬੈਕਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਫਲਾਂ ਅਤੇ ਹੋਰ ਫ਼ਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਵਾਸਤੇ ਪੈਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਬਰ, ਵੇਅਰ ਹਾਊਸ, ਸੀਲੋਜ, ਈ-ਮਾਰਕੀਟਿੰਗ ਆਦਿ ਲਈ ਬੈਕਾਂ ਤੋ ਲਏ ਜਾਂਦੇ 2 ਕਰੋੜ ਤੱਕ ਦੇ ਕਰਜ਼ੇ ਦੇ ਵਿਆਜ ਤੇ 3 ਪ੍ਰਤੀਸ਼ਤ ਛੋਟ ਦਿੱਤੀ ਜਾਂਦੀ ਹੈ ਅਤੇ 7 ਸਾਲ ਦੇ ਸਮੇ ਤੱਕ ਲਾਗੂ ਹੁੰਦੀ ਹੈ।

ਇਸ ਮੌਕੇ ਸਕੀਮ ਨਾਲ ਜੁੜਨ ਲਈ ਬੈਕਾਂ ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਬੈਕਾਂ ਨੂੰ ਇੰਨ੍ਹਾਂ ਸਕੀਮਾਂ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਬੈਕ ਕਿਸਾਨਾਂ ਦੀਆਂ ਫਾਇਲਾਂ ਦਾ ਨਿਪਟਾਰਾ ਨਹੀਂ ਕਰਦੇ, ਜਿਸ ਕਰਕੇ ਭਾਰਤ ਸਰਕਾਰ ਵੱਲੋਂ ਇਹ ਸਕੀਮ ਲਾਗੂ ਹੋਣ ਵਿੱਚ ਅਧੂਰੀ ਹੋ ਰਹੀ ਹੈ। ਇਸ ਦੌਰਾਨ ਕਿਸਾਨ ਤੇ ਬੈਕਾਂ ਨੂੰ ਲਾਗੂ ਕਰਨ ਲਈ ਬੜੇ ਸੰਖੇਪ ਵਿੱਚ ਦੱਸਿਆ ਗਿਆ ਕਿ ਕਿਸਾਨ ਕਰਜਾ ਲੈਣ ਉਪਰੰਤ ਬੈਂਕ ਵੱਲੋਂ ਜਾਰੀ ਕਰਜ਼ਾ ਦਸਤਾਵੇਜ਼ ਅਤੇ ਡੀ.ਪੀ.ਆਰ ਦੀ ਪੀ.ਡੀ.ਐਫ ਨੂੰ ਏ.ਆਈ.ਐਫ ਦੇ ਪੋਰਟਲ ਤੇ ਜਾ ਕੇ ਆਨ-ਲਾਇਨ ਕਰ ਦਿੱਤਾ ਜਾਵੇ ਤਾਂ ਆਪਣੇ-ਆਪ ਹੀ 3 ਫੀਸਦੀ ਲੋਨ ਤੇ ਵਿਆਜ ਨੂੰ ਘੱਟ ਕਰਨ ਲਈ ਲੋੜੀਂਦੀ ਕਾਰਵਾਈ ਚਾਲੂ ਹੋ ਜਾਵੇਗੀ।

ਇਸ ਦੌਰਾਨ ਬਾਗਬਾਨੀ ਵਿਕਾਸ ਅਫਸਰ ਸ੍ਰੀਮਤੀ ਰੀਨਾ ਰਾਣੀ ਨੇ ਕਿਸਾਨਾਂ ਨੂੰ ਬਾਗਬਾਨੀ ਦੀਆਂ ਸਕੀਮਾਂ ਅਪਣਾਉਣ ਲਈ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਵੱਲੋ ਕਿਸਾਨੀ ਨੂੰ ਲਾਹੇਵੰਦ ਧੰਦਾਂ ਬਣਾਉਣ ਲਈ ਦਿੱਤੀਆਂ ਜਾ ਰਹੀਆਂ ਵਿੱਤੀ ਸਹਾਇਤਾ ਦਾ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ, ਤਾਂ ਜੋ ਨਵੀਆਂ ਤਕਨੀਕਾਂ ਅਤੇ ਬੈਕਾਂ ਨਾਲ ਜੁੜੇ ਹੋਏ ਲਾਭਾਂ ਦਾ ਫਾਇਦਾ ਉਠਾ ਕੇ ਆਪਣੀ ਆਮਦਨ ਵਧਾ ਸਕਣ। 

ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ ਸ੍ਰੀ ਪ੍ਰੀਤਮਹਿੰਦਰ ਸਿੰਘ ਬਰਾੜ, ਜ਼ਿਲ੍ਹਾ ਵਿਕਾਸ ਮੈਨੇਜਰ ਨਾਬਾਰਡ ਸ੍ਰੀ ਅਮਿਤ ਗਰਗ, ਖੇਤੀਬਾੜੀ ਵਿਕਾਸ ਅਫਸਰ ਸ੍ਰੀ ਵਕੀਲ ਸਿੰਘ ਵੱਲੋ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਸਕੀਮਾਂ/ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਉਪ ਡਾਇਰੈਕਟਰ ਬਾਗਬਾਨੀ ਸ੍ਰੀ ਗੁਰਸ਼ਰਨ ਸਿੰਘ, ਸ੍ਰੀ ਸੁਖਦੇਵ ਸਿੰਘ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਹਰਮਨਪ੍ਰੀਤ ਸਿੰਘ, ਸ੍ਰੀਮਤੀ ਪ੍ਰਭਜੋਤ ਕੌਰ, ਬਾਗਬਾਨੀ ਵਿਕਾਸ ਅਫਸਰ ਮਿਸ ਰਮਨਦੀਪ ਕੌਰ, ਬਾਗਬਾਨੀ ਉਪ ਨਿਰੀਖਕ ਅਤੇ ਅਗਾਂਹਵਧੂ ਬਾਗਬਾਨ ਹਾਜ਼ਰ ਸਨ।

ਮਧੂ ਮੱਖੀ ਪਾਲਣ ਇੱਕ ਲਾਹੇਵੰਦ ਧੰਦਾ

ਫਰੀਦਕੋਟ 20 ਜੂਨ () ਡਾਇਰੈਕਟਰ ਬਾਗਬਾਨੀ ਪੰਜਾਬ ਮੈਡਮ ਸ਼ੈਲਿੰਦਰ ਕੌਰ, ਆਈ.ਐਫ.ਐਸ. ਦੀ ਅਗਵਾਈ ਹੇਠ


ਬਾਗਬਾਨੀ ਵਿਭਾਗ ਵਲੋਂ ਪੰਜਾਬ ਦੀ ਕਿਸਾਨੀ ਨੂੰ ਰਵਾਇਤੀ ਫਸਲੀ ਚੱਕਰ ਵਿੱਚੋਂ ਕੱਢ ਕੇ ਵੱਖ-ਵੱਖ ਸਕੀਮਾਂ ਤਹਿਤ ਬਾਗਬਾਨੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਡਿਪਟੀ ਡਾਇਰੈਕਟਰ ਬਾਗਬਾਨੀ ਫਰੀਦਕੋਟ ਦੇ ਦਫਤਰ ਵਿਖੇ ਜਿਲ੍ਹੇ ਦੇ ਮਧੂ ਮੱਖੀ ਪਾਲਕਾਂ ਦੀ ਮੀਟਿੰਗ ਕਰਕੇ ਉਨ੍ਹਾਂ ਨੂੰ ਇਸ ਧੰਦੇ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ 

 

ਡਿਪਟੀ ਡਾਇਰੈਕਟਰ ਬਾਗਬਾਨੀ, ਫਰੀਦਕੋਟ ਨਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹੇ ਵਿੱਚ ਤਕਰੀਬਨ 103 ਮਧੂ ਮੱਖੀ ਪਾਲਕ ਸਫਲਤਾ ਪੂਰਵਕ ਇਸ ਧੰਦੇ ਨੂੰ ਚਲਾ ਰਹੇ ਹਨ ਅਤੇ ਸ਼ਹਿਦ ਤੋਂ ਇਲਾਵਾ ਮਧੂ ਮੱਖੀਆਂ ਤੋਂ ਹੋਰ ਪ੍ਰੋਡਕਟ ਪ੍ਰਾਪਤ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਹ ਸਵੈ ਰੋਜਗਾਰ ਦਾ ਬਹੁਤ ਵਧੀਆ ਸਾਧਨ ਹੈ ਅਤੇ ਇਸ ਨੂੰ ਸਾਡੇ ਛੋਟੇ ਸੀਮਾਂਤ ਕਿਸਾਨ ਵੀਰ ਅਤੇ ਬੀਬੀਆਂ ਵੀ ਬੜੀ ਅਸਾਨੀ ਨਾਲ ਕਰ ਸਕਦੀਆਂ ਹਨ । ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਇਹ ਧੰਦਾ ਸ਼ੂਰੁ ਕੀਤਾ ਜਾ ਸਕਦਾ ਹੈ ਅਤੇ ਕੋਮੀ ਬਾਗਬਾਨੀ ਮਿਸ਼ਨ ਤਹਿਤ ਬਾਗਬਾਨੀ ਵਿਭਾਗ ਵਲੋਂ ਮਧੂ ਮੱਖੀਆਂ ਦੀਆਂ 50 ਕਲੋਨੀਆਂ ਤੇ 80000/- ਰੁਪੈ ਦੀ ਪ੍ਰਤੀ ਵਿਅਕਤੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।

 ਇਸ ਸਮੇਂ ਮਧੂ ਮੱਖੀ ਪਾਲਕਾਂ ਤੋਂ ਇਲਾਵਾ ਸ੍ਰੀ ਕਿਰਨਦੀਪ ਸਿੰਘ ਗਿੱਲ, ਸ੍ਰੀ ਗੁਰਪ੍ਰੀਤ ਸਿੰਘ ਸੇਠੀ, ਸ੍ਰੀਮਤੀ ਮਨਪ੍ਰੀਤ, ਸ੍ਰੀ ਕੁਲਦੀਪ .ਸਿੰਘ, ਬਾਗਬਾਨੀ ਵਿਕਾਸ ਅਫਸਰ ਵੀ ਹਾਜਰ ਸਨ ।

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...