Thursday, October 27, 2022

80 ਰੁਪਏ ਵਿੱਚ ਖਾਓ ਸਾਰਾ ਸਿਆਲ ਤਾਜ਼ੀਆਂ ਸਬਜ਼ੀਆਂ

ਬਾਗਬਾਨੀ ਵਿਭਾਗ ਵੰਡ ਰਿਹਾ ਲੋਕਾਂ ਨੂੰ ਸਰਦੀ ਦੀਆਂ ਸਬਜ਼ੀਆਂ ਦੀਆਂ ਬੀਜ ਕਿੱਟਾਂ


6 ਮਰਲੇ ਰਕਬੇ ਵਿਚੋਂ ਸਾਰੇ ਸੀਜ਼ਨ ਦੌਰਾਨ ਪੈਦਾ ਹੁੰਦੀ ਹੈ 500 ਕਿਲੋ ਸਬਜ਼ੀ

ਗੁਰਦਾਸਪੁਰ, 27 ਅਕਤੂਬਰ (              ) - ਕੇਵਲ 80 ਰੁਪਏ ਖਰਚ ਕਰਕੇ ਸਾਰਾ ਸਿਆਲ ਤਾਜ਼ੀਆਂ ਅਤੇ ਜ਼ਹਿਰਾਂ ਰਹਿਤ ਸਬਜ਼ੀਆਂ ਖਾਦੀਆਂ ਜਾ ਸਕਦੀਆਂ ਹਨ।  80 ਰੁਪਏ ਵਿੱਚ 10 ਵੱਖ-ਵੱਖ ਕਿਸਮਾਂ ਦੀਆਂ 5 ਕੁਇੰਟਲ ਤੋਂ ਵੱਧ ਦੀਆਂ ਸਬਜ਼ੀਆਂ ਪ੍ਰਾਪਤ ਕਰਨਾ ਕੋਈ ਸੁਪਨਾ ਨਹੀਂ ਬਲਕਿ ਪੂਰੀ ਤਰਾਂ ਹਕੀਕਤ ਹੈ। ਪੰਜਾਬ ਸਰਕਾਰ ਵਲੋਂ ਸੰਤੁਲਿਤ ਅਤੇ ਜ਼ਹਿਰਾਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੂਬੇ ਦੇ ਬਾਗਬਾਨੀ ਵਿਭਾਗ ਨੇ ਸਰਦ ਰੁੱਤ ਦੀਆਂ ਸਬਜ਼ੀਆਂ ਬੀਜ਼ਣ ਲਈ ਬੀਜ਼ਾਂ ਦੀ ਇੱਕ ਮਿੰਨੀ ਕਿੱਟ ਤਿਆਰ ਕੀਤੀ ਹੈ, ਜਿਸਦੀ ਕੀਮਤ 80 ਰੁਪਏ ਰੁਪਏ ਰੱਖੀ ਗਈ ਹੈ। ਇਸ ਬੀਜ਼ ਕਿੱਟ ਵਿੱਚ ਸਰਦੀਆਂ ਦੀਆਂ ਸਬਜ਼ੀਆਂ ਦੇ 10 ਕਿਸਮਾਂ ਦੇ ਬੀਜ਼ ਹਨ ਅਤੇ ਇਸ ਇੱਕ ਕਿੱਟ ਦੇ ਬੀਜ਼ 6 ਮਰਲੇ ਰਕਬੇ ਵਿੱਚ ਬੀਜ਼ ਕੇ ਸਾਰੇ ਸੀਜ਼ਨ ਦੌਰਾਨ ਤਾਜ਼ੀ ਤੇ ਘਰ ਦੀ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਰਦੀਆਂ ਦੀਆਂ ਸਬਜ਼ੀਆਂ ਲਈ ਘਰੇਲੂ ਬਗੀਚੀ ਲਈ ਸਬਜ਼ੀ ਬੀਜ ਕਿੱਟ ਬਾਗਬਾਨੀ ਵਿਭਾਗ ਦੇ ਦਫ਼ਤਰ ਤੋਂ 80 ਰੁਪਏ ਦੀ ਕੀਮਤ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਬੀਜ਼ ਕਿੱਟ ਵਿੱਚ ਗਾਜ਼ਰ, ਮੂਲੀ, ਸ਼ਲ਼ਗਮ, ਬਰੌਕਲੀ, ਮੇਥੀ, ਮਟਰ, ਧਨੀਆ ਅਤੇ ਹੋਰ ਸਿਆਲੀ ਸਬਜ਼ੀਆਂ ਦੇ ਬੀਜ਼ ਹਨ। ਉਨਾਂ ਦੱਸਿਆ ਕਿ ਇਹ ਬੀਜ਼ 6 ਮਰਲੇ ਰਕਬੇ ਵਿੱਚ ਬੀਜੇ ਜਾ ਸਕਦੇ ਹਨ ਅਤੇ ਸਾਰਾ ਸੀਜ਼ਨ 5 ਕੁਇੰਟਲ ਤੋਂ ਵੱਧ ਦੀ ਸਬਜ਼ੀ ਪੈਦਾ ਹੁੰਦੀ ਹੈ। ਉਨਾਂ ਕਿਹਾ ਕਿ ਇੱਕ ਪਰਿਵਾਰ ਦੀਆਂ ਰੋਜ਼ਾਨਾ ਸਬਜ਼ੀਆਂ ਦੀਆਂ ਲੋੜਾਂ ਬੜੀ ਅਸਾਨੀ ਨਾਲ ਇਸ ਘਰੇਲੂ ਬਗੀਚੀ ਤੋਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਬਜ਼ਾਰ ਤੋਂ ਸਬਜ਼ੀਆਂ ਨਾ ਖਰੀਦ ਕੇ ਵੱਡੀ ਵਿੱਤੀ ਬੱਚਤ ਹੁੰਦੀ ਹੈ। ਸ. ਬਾਜਵਾ ਨੇ ਦੱਸਿਆ ਕਿ ਘਰੇਲੂ ਬਗੀਚੀ ਨਾਲ ਜਿਥੇ ਧੰਨ ਦੀ ਬਚਤ ਹੁੰਦੀ ਹੈ ਉਥੇ ਨਾਲ ਹੀ ਇਹ ਸਬਜ਼ੀਆਂ ਜ਼ਹਿਰਾਂ ਰਹਿਤ ਹੁੰਦੀਆਂ ਹਨ ਅਤੇ ਰੋਜ਼ਾਨਾ ਤਾਜ਼ਾ ਤੋੜ ਕੇ ਬਣਾਈਆਂ ਇਹ ਸਬਜ਼ੀਆਂ ਸਿਹਤ ਲਈ ਬਹੁਤ ਵਧੀਆ ਹਨ।

ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਬੀਜ਼ ਕਿੱਟ ਹਰ ਬਾਗਬਾਨੀ ਦਫ਼ਤਰ ਵਿੱਚ ਉਪਲੱਬਧ ਹੈ ਅਤੇ 80 ਰੁਪਏ ਦੀ ਕੀਮਤ ਵਿੱਚ ਇਹ ਇੱਕ ਕਿੱਟ ਖਰੀਦੀ ਜਾ ਸਕਦੀ ਹੈ। ਉਨਾਂ ਕਿਸਾਨਾਂ ਸਮੇਤ ਸਮਾਜ ਦੇ ਹਰੇਕ ਵਰਗ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਕੋਲ ਵੀ ਥੋੜੀ ਬਹੁਤ ਥਾਂ ਉਪਲੱਬਧ ਹੈ ਉਹ ਆਪਣੀ ਘਰੇਲੂ ਬਗੀਚੀ ਜਰੂਰ ਬੀਜ਼ਣ ਅਤੇ ਤਾਜ਼ੀਆਂ ਅਤੇ ਜ਼ਹਿਰਾਂ ਰਹਿਤ ਸਬਜ਼ੀਆਂ ਖਾ ਕੇ ਨਿਰੋਗ ਅਤੇ ਤੰਦਰੁਸਤ ਜੀਵਨ ਬਸਰ ਕਰਨ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...