Sunday, April 2, 2023

ਨਰਮੇਂ ਦੀ ਬਿਜਾਈ ਦੀ ਕੀਤੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ  2 ਅਪ੍ਰੈਲ

ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ  ਖੇਤੀਬਾੜੀ ਮੰਤਰੀ ਪੰਜਾਬ  ਮੁੱਖ ਸਕੱਤਰ  ਅਤੇ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ  ਦੀ ਯੋਗ ਅਗਵਾਈ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਤੇ ਫ਼ਸਲੀ ਵਿਭਿੰਨਤਾ ਅਧੀਨ ਨਰਮਾ ਪੱਟੀ ਵਾਲੇ ਜਿ਼ਲ੍ਹਿਆਂ ਵਿੱਚ ਨਰਮੇ ਦੀ ਫਸਲ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਕਿਸਾਨਾਂ ਨੂੰ ਨਰਮੇ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਵਿਸ਼ੇਸ਼

ਉਪਰਾਲੇ ਕੀਤੇ ਜਾ ਰਹੇ ਹਨ।


                              ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਅਨੁਸਾਰ ਜਿ਼ਲ੍ਹੇ ਦੇ ਪਿੰਡ ਰਾਮਗੜ੍ਹ ਚੁੰਘਾ ਵਿਖੇ ਕਿਸਾਨ ਸ੍ਰ.ਗੁਰਬਾਜ ਸਿੰਘ ਦੇ ਖੇਤ ਵਿਖੇ ਨਰਮੇਂ ਦੀ ਬਿਜਾਈ ਦੀ ਸ਼ੁਰੂਆਤ ਕਰਵਾਉਂਦਿਆਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਨਰਮੇਂ ਦੇ ਬੀ.ਟੀ. ਬੀਜ਼ ਤੇ ਬੀਜ਼ ਦੀ ਕੁੱਲ ਕੀਮਤ ਦਾ 33 ਪ੍ਰਤੀਸ਼ਤ ਹਿੱਸਾ ਸਬਸਿਡੀ ਦਿੱਤੀ ਜਾ ਰਹੀ ਹੈ।

                              ਉਹਨਾਂ ਦੱਸਿਆ ਕਿ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ, 10 ਬੀ.ਟੀ. ਬੀਜ਼ ਦੇ ਪੈਕੇਟਾਂ ਤੇ ਹੀ ਸਬਸਿਡੀ ਮਿਲੇਗੀ। ਇਹ ਸਬਸਿਡੀ ਕੇਵਲ ਪੀ.ਏ.ਯੂ. ਵੱਲੋਂ ਸਿ਼ਫਾਰਸ਼ ਕੀਤੀਆਂ ਕਿਸਮਾਂ ਤੇ ਹੀ ਮਿਲੇਗੀ। ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਸਬਸਿਡੀ ਪ੍ਰਾਪਤ ਕਰਨ ਲਈ  www.agrimachinerypb.com     ਪੋਰਟਲ ਉਪਰ 15 ਮਈ ਤੱਕ ਅਪਲਾਈ ਕਰ ਸਕਦੇ ਹਨ ਅਤੇ ਕਿਸਾਨ ਪਾਸ ਬੀ.ਟੀ. ਬੀਜ਼ ਦਾ ਪੱਕਾ ਬਿੱਲ ਵੀ 25 ਮਾਰਚ ਤੋਂ 15

ਮਈ ਤੱਕ ਦੇ ਸਮੇਂ ਦੌਰਾਨ ਦਾ ਕੱਟਿਆ ਹੋਣਾ ਚਾਹੀਦਾ ਹੈ।

                             ਉਹਨਾਂ ਦੱਸਿਆ ਕਿ ਇਨ੍ਹਾਂ ਮਿਤੀਆਂ ਤੋਂ ਪਹਿਲਾਂ ਅਤੇ ਬਾਅਦ ਵਾਲੇ ਬਿੱਲਾਂ ਤੇ ਸਬਸਿਡੀ ਨਹੀਂ ਮਿਲੇਗੀ। ਭਾਰਤ ਸਰਕਾਰ ਵੱਲੋਂ ਨਰਮੇਂ ਨਭ੍ਜ਼ਜ਼ ਦੇ ਪ੍ਰਤੀ ਬੀਜ਼ ਪੈਕੇਟ ਦਾ ਮੁੱਲ 853/-ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਸਬਸਿਡੀ ਲਈ ਅਪਲਾਈ ਕਰਨ ਸਮੇਂ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ/ਵਿਸਥਾਰ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

                ਉਨ੍ਹਾਂ ਦੱਸਿਆ ਕਿ ਅਗੇਤੇ ਬੀਜ਼ੇ ਗਏ ਨਰਮੇਂ ਦੀ ਫ਼ਸਲ ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ ਅਤੇ ਝਾੜ ਵੱਧ ਹੁੰਦਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਨਰਮੇਂ ਦੀ ਅਗੇਤੀ ਬਿਜਾਈ ਲਈ 01 ਅਪ੍ਰੈਲ ਤੋਂ ਨਹਿਰੀ ਪਾਣੀ ਦੇਣ ਲਈ ਨਹਿਰੀ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਟੇਲ ਐਂਡ ਤੱਕ ਪੂਰਾ ਪਾਣੀ ਪੁੱਜਦਾ ਕਰਨ ਲਈ ਅਤੇ ਪਾਣੀ ਦੀ ਚੋਰੀ ਰੋਕਣ ਲਈ ਨਹਿਰੀ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬਿਜਾਈ ਵਾਲੇ ਇਨ੍ਹਾਂ ਦਿਨਾਂ ਦੌਰਾਨ ਨਰਮੇਂ ਵਾਲੇ ਪਿੰਡਾਂ ਵਿੱਚ ਟਿਊਬਵੈਲਾਂ ਤੇ ਬਿਜਲੀ ਦੀ ਸਪਲਾਈ ਵੀ ਦਿੱਤੀ ਜਾਵੇਗੀ।

              ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਲਈ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ 189 ਕਿਸਾਨ ਮਿੱਤਰ ਅਤੇ 12 ਸੁਪਰਵਾਈਜ਼ਰ ਭਰਤੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਛਟੀਆਂ ਦੇ ਪ੍ਰਬੰਧਨ ਤੋਂ ਇਲਾਵਾ ਜਿ਼ੰਨਿੰਗ ਅਤੇ ਆਇਲ ਮਿੱਲਾਂ ਵਿੱਚ ਵੀ ਲੋੜੀਂਦੇ ਪ੍ਰਬੰਧਨ ਕਰਵਾਏ ਗਏ ਹਨ। ਨਰਮੇ਼ ਦੀ ਫ਼ਸਲ ਨੂੰ ਚਿੱਟੇ ਮੱਛਰ ਤੋਂ ਬਚਾਉਣ ਲਈ ਨਦੀਨ ਨਸ਼ਟ ਮੁਹਿੰਮ ਵੀ ਚਲਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਨਰਮੇਂ ਵਾਲੇ ਜਿ਼ਲ੍ਹਿਆਂ ਵਿੱਚ ਮੂੰਗੀ ਦੀ ਸਰਕਾਰੀ ਖ੍ਰੀਦ ਨਹੀਂ ਕੀਤੀ ਜਾਵੇਗੀ ਕਿਉਂਕਿ ਮੂੰਗੀ ਦੀ ਫ਼ਸਲ ਤੇ ਚਿੱਟੀ ਮੱਖੀ ਪਲਦੀ ਹੈ ਅਤੇ ਬਾਅਦ ਵਿੱਚ ਨਰਮੇਂ ਦੀ ਫ਼ਸਲ ਤੇ ਹਮਲਾ ਕਰ ਦਿੰਦੀ ਹੈ।

              ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਬਿਹਤਰੀ ਲਈ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਫ਼ਸਲੀ ਬੀਮੇ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਅੰਤ ਵਿੱਚ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਤੂੜੀ ਬਣਾਉਣ ਉਪਰੰਤ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ। ਨਰਮੇਂ ਦੀ ਬਿਜਾਈ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਨਰਮੇਂ ਦੀ ਬਿਜਾਈ ਹੇਠ ਰਕਬਾ ਵਧਾਇਆ ਜਾਵੇ, ਜਿ਼ਲ੍ਹੇ ਅੰਦਰ ਸੱਠੀ ਮੂੰਗੀ ਦੀ ਬਿਜਾਈ ਨਾ ਕੀਤੀ ਜਾਵੇ, ਖੇਤਾਂ ਦੁਆਲੇ ਉਘੇ ਨਦੀਨਾਂ ਨੂੰ ਤੁਰੰਤ ਨਸ਼ਟ ਕੀਤਾ ਜਾਵੇ, ਜੇਕਰ ਕਿਸੇ ਕਿਸਾਨ ਨੇ ਅਜੇ ਤੱਕ ਛਟੀਆਂ ਦਾ ਪ੍ਰਬੰਧਨ ਨਹੀਂ ਕੀਤਾ ਤਾਂ ਤੁਰੰਤ ਛਟੀਆਂ ਝਾੜ ਕੇ ਇਸ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੱਤੀ ਜਾਵੇ ਅਤੇ ਕਿਸੇ ਗਲਤ ਪ੍ਰਚਾਰ ਅਧੀਨ ਆ ਕੇ ਗੁਜਰਾਤ ਤੋਂ ਬੀਜ਼ ਨਾ ਲਿਆ ਕੇ ਬੀਜਿ਼ਆ ਜਾਵੇ। ਇਸ ਤੋਂ ਇਲਾਵਾ ਬੀਜ਼, ਖਾਦ ਅਤੇ ਦਵਾਈਆਂ ਖ੍ਰੀਦ ਦੇ ਸਮੇਂ ਪੱਕਾ ਬਿੱਲ ਲਿਆ ਜਾਵੇ ਅਤੇ ਜੇਕਰ ਕੋਈ ਡੀਲਰ ਅਣਚਾਹੀ ਖੇਤੀ ਸਮੱਗਰੀ ਖ੍ਰੀਦਣ ਲਈ ਕਿਸਾਨ ਨੂੰ ਮਜ਼ਬੂਰ ਕਰਦਾ ਹੈ ਤਾਂ ਉਸ ਦੀ ਸੂਚਨਾਂ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਦਿੱਤੀ ਜਾਵੇ। ਇਸ ਸਮੇਂ ਮੌਕੇ ਸ਼੍ਰੀ ਹਰਮਨਦੀਪ ਸਿੰਘ ਏ.ਡੀ.ਓ,  ਸ਼੍ਰੀ ਸ਼ਵਿੰਦਰ ਸਿੰਘ ਏ.ਡੀ.ਓ, ਸ਼੍ਰੀ ਸਵਰਨਜੀਤ ਸਿੰਘ ਏ.ਟੀ.ਐਮ, ਸ਼੍ਰੀ ਹਰਦੀਪ ਸਿੰਘ ਏ.ਟੀ.ਐਮ ਅਤੇ ਸ਼੍ਰੀ ਹਰਚਰਨ ਸਿੰਘ ਕਿਸਾਨ ਮਿੱਤਰ ਤੋ ਇਲਾਵਾਂ ਹੋਰ ਕਿਸਾਨ ਵੀ ਮੋਜੂਦ ਸਨ।

No comments:

Post a Comment

Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking

Fazilka :  ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ  Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...