Sunday, September 17, 2023

ਪੰਜਾਬ ਸਰਕਾਰ ਨੇ ਬਰਾਮਦ ਦੇ ਉਦੇਸ਼ ਨਾਲ ਰਸਾਇਣ-ਰਹਿਤ ਬਾਸਮਤੀ ਦੇ ਉਤਪਾਦਨ ਲਈ ਵਿੱਢਿਆ ਪ੍ਰਾਜੈਕਟ

ਬਾਸਮਤੀ ਉਤਪਾਦਕਾਂ ਦੀ ਜ਼ਿੰਦਗੀ ਮਹਿਕਾਉਣ ਲਈ ਅੰਮ੍ਰਿਤਸਰ ਵਿੱਚ ਪ੍ਰਾਜੈਕਟ ਸ਼ੁਰੂ

ਵਿਸ਼ੇਸ਼ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਦੇ ਚੋਗਾਵਾਂ ਬਲਾਕ ਦਾ 25 ਹਜ਼ਾਰ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਅਧੀਨ:  ਗੁਰਮੀਤ ਸਿੰਘ ਖੁੱਡੀਆਂ


ਚੰਡੀਗੜ੍ਹ, 17 ਸਤੰਬਰ:


ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਸੱਦੇ ਤਹਿਤ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਚੋਗਾਵਾਂ ਬਲਾਕ ਵਿੱਚ ਰਸਾਇਣ-ਰਹਿਤ ਬਾਸਮਤੀ ਦੀ ਕਾਸ਼ਤ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।


ਪੰਜਾਬ ਦੇ ਖੇਤੀਬਾੜੀ ਤੇ


ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਲਈ ਚੋਗਾਵਾਂ ਬਲਾਕ ਦੀ ਚੋਣ ਇਸ ਲਈ ਕੀਤੀ ਗਈ ਹੈ ਕਿਉਂਕਿ ਇਹ ਖੇਤਰ ਰਾਵੀ ਦਰਿਆ ਦੇ ਨੇੜੇ ਪੈਂਦਾ ਹੈ ਅਤੇ ਇੱਥੋਂ ਦਾ ਜਲਵਾਯੂ ਵਧੀਆ ਮਹਿਕ ਵਾਲੀ ਅਤੇ ਨਿਰਯਾਤ ਗੁਣਵੱਤਾ ਵਾਲੀ ਬਾਸਮਤੀ ਦੀ ਪੈਦਾਵਾਰ ਦੇ ਬਿਲਕੁਲ ਅਨੁਕੂਲ ਹੈ।


ਉਨ੍ਹਾਂ ਕਿਹਾ ਕਿ ਬਾਸਮਤੀ ਚੌਲਾਂ ਦੀ ਬਰਾਮਦ ਦੀਆਂ ਬਹੁਤ ਸੰਭਾਵਨਾਵਾਂ ਹਨ ਕਿਉਂਕਿ ਇਸ ਖੇਤਰ ਵਿੱਚ ਪੈਦਾ ਹੋਣ ਵਾਲੀ ਜ਼ਿਆਦਾਤਰ ਬਾਸਮਤੀ ਅਰਬ, ਯੂਰਪੀਅਨ ਅਤੇ ਮੱਧ ਪੂਰਬੀ ਦੇਸ਼ਾਂ ਨੂੰ ਨਿਰਯਾਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਾਸਮਤੀ 60 ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਕੀਤੀ ਜਾਂਦੀ ਹੈ, ਜਿਸ ਵਿੱਚੋਂ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਨੇ ਪਿਛਲੇ ਸਾਲ ਦੌਰਾਨ ਤਕਰੀਬਨ 9 ਹਜ਼ਾਰ ਕਰੋੜ ਰੁਪਏ ਦੀ ਬਾਸਮਤੀ ਬਰਾਮਦ ਕੀਤੀ ਹੈ।


ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਤੋਂ ਬਾਸਮਤੀ ਚੌਲਾਂ ਦੀ ਬਰਾਮਦ ਦੀ ਸੰਭਾਵਨਾ ਨੂੰ ਵਧਾਉਣ ਲਈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਬਾਸਮਤੀ ਦੀ ਫ਼ਸਲ ਲਈ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਬਜਾਏ ਬਦਲਵੇਂ ਰਸਾਇਣਾਂ ਦੀ ਢੁਕਵੀਂ ਮਾਤਰਾ ਵਿੱਚ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 10 ਕੀਟਨਾਸ਼ਕਾਂ/ਫੰਗੀਸਾਈਡਸ 'ਤੇ ਬਾਸਮਤੀ ਦੀ ਫ਼ਸਲ ‘ਤੇ ਵਰਤੋਂ ਉੱਤੇ ਪਾਬੰਦੀ ਲਗਾਈ ਗਈ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਚੋਗਾਵਾਂ ਬਲਾਕ ਵਿੱਚ ਕੁੱਲ 32000 ਹੈਕਟੇਅਰ ਰਕਬਾ ਖੇਤੀਯੋਗ ਹੈ, ਜਿਸ ਵਿੱਚੋਂ 28753 ਹੈਕਟੇਅਰ ਰਕਬਾ ਝੋਨੇ ਦੀ ਫ਼ਸਲ ਹੇਠ ਹੈ ਅਤੇ 25000 ਹੈਕਟੇਅਰ ਰਕਬਾ ਸਿਰਫ਼ ਬਾਸਮਤੀ ਦੀ ਕਾਸ਼ਤ ਅਧੀਨ ਹੈ। ਉਨ੍ਹਾਂ ਦੱਸਿਆ ਕਿ ਇਸ ਬਲਾਕ ਦੇ ਕੁੱਲ 102 ਪਿੰਡਾਂ ਵਿੱਚੋਂ 42 ਪਿੰਡਾਂ ਨੂੰ ਇਸ ਪ੍ਰਾਜੈਕਟ ਤਹਿਤ ਚੁਣਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਬਲਾਕ ਵਿੱਚ ਪੂਸਾ ਬਾਸਮਤੀ 1718, ਪੂਸਾ ਬਾਸਮਤੀ 1121, ਪੂਸਾ ਬਾਸਮਤੀ 1885, ਪੂਸਾ ਬਾਸਮਤੀ 1509, ਪੂਸਾ ਬਾਸਮਤੀ 1692 ਅਤੇ ਪੰਜਾਬ ਬਾਸਮਤੀ-7 ਕਿਸਮਾਂ ਦੀ ਮੁੱਖ ਤੌਰ ‘ਤੇ ਕਾਸ਼ਤ ਕੀਤੀ ਜਾਂਦੀ ਹੈ।


ਬਾਕਸ:

*ਕਿਸਾਨਾਂ ਤੱਕ ਪਹੁੰਚ ਕਰਨ ਲਈ ਵਿਸ਼ੇਸ਼ ਮੁਹਿੰਮ*

ਚੋਗਾਵਾਂ ਬਲਾਕ ਵਿਖੇ ਤਾਇਨਾਤ ਖੇਤੀਬਾੜੀ ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਇਸ ਪ੍ਰਾਜੈਕਟ ‘ਤੇ ਲਗਾਇਆ ਗਿਆ ਹੈ ਤਾਂ ਜੋ ਚੁਣੇ ਗਏ ਪਿੰਡਾਂ ਦੇ ਸਾਰੇ ਕਿਸਾਨਾਂ ਨੂੰ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੇਡਾ) ਦੇ Basmati.net ਪੋਰਟਲ 'ਤੇ ਆਨਲਾਈਨ ਰਜਿਸਟਰ ਕੀਤਾ ਜਾ ਸਕੇ। ਖੇਤੀਬਾੜੀ ਵਿਭਾਗ ਵੱਲੋਂ ਘਰ-ਘਰ ਜਾ ਕੇ ਕੀਤੇ ਸਰਵੇਖਣ ਤੋਂ ਬਾਅਦ 3691 ਕਿਸਾਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਪਾਬੰਦੀਸ਼ੁਦਾ ਕੀਟਨਾਸ਼ਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ 54 ਤੋਂ ਵੱਧ ਪਿੰਡ ਪੱਧਰੀ ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ ਕੀਟਨਾਸ਼ਕ ਵੇਚਣ ਵਾਲੇ ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੇ ਸਟਾਕ ਸਬੰਧੀ ਰਿਪੋਰਟ ਲਈ ਗਈ ਹੈ ਅਤੇ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਿਕਰੀ ਨਾ ਕਰਨ ਸਬੰਧੀ ਡੀਲਰਾਂ ਨੂੰ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪੀ.ਏ.ਯੂ., ਲੁਧਿਆਣਾ ਵੱਲੋਂ ਤਿਆਰ ਕੀਤਾ ਵਿਸ਼ੇਸ਼ ਸਾਹਿਤ ਵੀ ਕਿਸਾਨਾਂ ਵਿੱਚ ਵੰਡਿਆ ਜਾ ਰਿਹਾ ਹੈ।


*ਸੁਪਰਵਾਈਜ਼ਰ, ਕਿਸਾਨ ਮਿੱਤਰ ਅਤੇ ਹੋਰ ਸਟਾਫ਼ ਨੂੰ ਫੀਲਡ ਵਿੱਚ ਲਗਾਇਆ*


ਚੋਗਾਵਾਂ ਬਲਾਕ ਵਿੱਚ 38 ਕਿਸਾਨ ਮਿੱਤਰ, ਤਿੰਨ ਸੁਪਰਵਾਈਜ਼ਰ ਅਤੇ ਅੱਠ ਫੀਲਡ ਸੁਪਰਵਾਈਜ਼ਰ ਨਿਯਮਤ ਤੌਰ 'ਤੇ ਖੇਤਾਂ ਦਾ ਦੌਰਾ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਰਸਾਇਣ-ਰਹਿਤ ਬਾਸਮਤੀ ਦੀ ਪੈਦਾਵਾਰ ਲਈ ਜਾਗਰੂਕ ਕਰ ਰਹੇ ਹਨ। ਸਮੁੱਚੇ ਸਟਾਫ਼ ਨੂੰ ਪੀ.ਏ.ਯੂ. ਦੇ ਵਿਗਿਆਨੀਆਂ ਵੱਲੋਂ ਸਿਖਲਾਈ ਦਿੱਤੀ ਗਈ ਹੈ, ਤਾਂ ਜੋ ਉਹ ਕਿਸਾਨਾਂ ਦਾ ਸਹੀ ਮਾਰਗ ਦਰਸ਼ਨ ਕਰ ਸਕਣ। ਇਸ ਤੋਂ ਇਲਾਵਾ 2500 ਤੋਂ ਵੱਧ ਕਿਸਾਨਾਂ ਦੇ ਵਟਸਐਪ ਗਰੁੱਪ ਵੀ ਬਣਾਏ ਗਏ ਹਨ ਜਿਨ੍ਹਾਂ ਰਾਹੀਂ ਸੁਝਾਅ ਅਤੇ ਜਾਣਕਾਰੀ ਭਰਪੂਰ ਸਾਹਿਤ ਸਾਂਝਾ ਕੀਤਾ ਜਾ ਰਿਹਾ ਹੈ।

No comments:

Post a Comment

Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking

Fazilka :  ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ  Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...