Wednesday, March 26, 2025

ਕਣਕ ਝੋਨੇ ਦੇ ਮੰਡੀਕਰਨ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਬੈਠਕ

 ਮੁੱਖ ਮੰਤਰੀ ਨੇ ਸੂਬੇ ਤੋਂ ਅਨਾਜ ਦੀ ਚੁਕਾਈ ਤੇਜ਼ ਕਰਨ ਲਈ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਦਖ਼ਲ ਦੀ ਕੀਤੀ ਮੰਗ

* ਆਉਣ ਵਾਲੇ ਸਮੇਂ ਵਿੱਚ ਅਨਾਜ ਦੀ ਨਿਰਵਿਘਨ ਅਤੇ ਸੁਚਾਰੂ ਖ਼ਰੀਦ ਲਈ ਚੁਕਾਈ ਨੂੰ ਜ਼ਰੂਰੀ ਦੱਸਿਆ 

* ਸਾਈਲੋਜ਼ ਲਈ ਕਣਕ ਦੀ ਖਰੀਦ ਵਾਸਤੇ ਆੜ੍ਹਤੀਆਂ ਦੇ ਕਮਿਸ਼ਨ ਵਿੱਚ ਕਟੌਤੀ ਦਾ ਮੁੱਦਾ ਚੁੱਕਿਆ

* ਆੜ੍ਹਤੀਆਂ ਦੇ ਕਮਿਸ਼ਨ 'ਤੇ ਹੱਦ ਲਗਾਉਣ ਦਾ ਮੁੱਦਾ ਵੀ ਉਠਾਇਆ

ਨਵੀਂ ਦਿੱਲੀ, 26 ਮਾਰਚ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Mann ਨੇ ਬੁੱਧਵਾਰ ਨੂੰ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ Parhlad Joshi ਤੋਂ ਸੂਬੇ ਤੋਂ ਅਨਾਜ (ਚੌਲ ਅਤੇ ਕਣਕ) ਦੀ ਚੁਕਾਈ ਵਿੱਚ ਤੇਜ਼ੀ ਲਿਆਉਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਨਾਜ ਦੀ ਸੁਚਾਰੂ ਅਤੇ ਮੁਸ਼ਕਲ ਰਹਿਤ ਖਰੀਦ ਅਤੇ ਭੰਡਾਰਨ ਯਕੀਨੀ ਬਣਾਇਆ ਜਾ ਸਕੇ।

ਮੁੱਖ ਮੰਤਰੀ ਨੇ ਸ੍ਰੀ ਜੋਸ਼ੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਹਾੜੀ ਮਾਰਕੀਟਿੰਗ ਸੀਜ਼ਨ 2025-26 ਦੌਰਾਨ ਸੂਬੇ ਵੱਲੋਂ 124 ਲੱਖ ਮੀਟਰਕ ਟਨ ਕਣਕ Wheat Procurement  ਖਰੀਦਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਫਸਲੀ ਸੀਜ਼ਨ ਦੀ ਲਗਭਗ ਪੰਜ ਲੱਖ ਮੀਟਰਕ ਟਨ ਕਣਕ ਵੀ ਸੂਬੇ ਵਿੱਚ ਸਟਾਕ ਕੀਤੀ ਗਈ ਹੈ, ਜਿਸ ਕਾਰਨ ਸੂਬੇ ਨੂੰ ਲਗਭਗ 129 ਲੱਖ ਮੀਟਰਕ ਟਨ ਕਣਕ ਦੇ ਭੰਡਾਰਨ Wheat Storage  ਲਈ ਪ੍ਰਬੰਧ ਕਰਨੇ ਪੈ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਟੋਰੇਜ ਲਈ ਥਾਂ ਦੀ ਭਾਰੀ ਕਮੀ ਹੈ ਅਤੇ ਏਜੰਸੀਆਂ ਕੋਲ ਉਪਲਬਧ ਜ਼ਿਆਦਾਤਰ ਕਵਰਡ ਜਗ੍ਹਾ ਚੌਲਾਂ ਦੇ ਭੰਡਾਰਨ ਲਈ ਵਰਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਟੋਰੇਜ ਲਈ ਥਾਂ ਦੀ ਕਮੀ ਨਾਲ ਨਜਿੱਠਣ ਲਈ ਘੱਟੋ-ਘੱਟ 25 ਲੱਖ ਮੀਟਰਕ ਟਨ ਕਣਕ ਦੀ ਸਿੱਧੀ ਡਿਲੀਵਰੀ ਲਈ ਸਪੈਸ਼ਲ ਟਰੇਨਾਂ Special Goods Trains for Wheat ਦੀ ਲੋੜ ਹੋਵੇਗੀ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦਖ਼ਲ ਦੇਣ ਲਈ ਕਿਹਾ ਤਾਂ ਜੋ ਕਣਕ ਨੂੰ ਸਪੈਸ਼ਲ ਟਰੇਨਾਂ ਰਾਹੀਂ ਪਹਿਲ ਦੇ ਆਧਾਰ 'ਤੇ ਬਾਹਰ ਭੇਜਿਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਚੌਲਾਂ ਲਈ ਜਗ੍ਹਾ ਦੀ ਘਾਟ ਕਾਰਨ ਐਫ.ਸੀ.ਆਈ. ਵੱਲੋਂ ਹੁਣ ਤੱਕ ਸਿਰਫ਼ 45 ਫੀਸਦੀ ਚੌਲ ਹੀ ਲਏ ਗਏ ਹਨ, ਜਦੋਂ ਕਿ ਮਿਲਿੰਗ ਦੀ ਆਖਰੀ ਮਿਤੀ 31 ਮਾਰਚ 2025 ਹੈ।

ਮੁੱਖ ਮੰਤਰੀ ਨੇ ਪ੍ਰਹਿਲਾਦ ਜੋਸ਼ੀ ਨੂੰ ਸਥਿਤੀ ਨਾਲ ਨਜਿੱਠਣ ਲਈ ਮਿਲਿੰਗ ਦੀ ਮਿਤੀ ਵਧਾਉਣ ਲਈ ਜ਼ੋਰ ਪਾਇਆ। ਉਨ੍ਹਾਂ ਕਿਹਾ ਕਿ ਅੱਜ ਤੱਕ ਐਫ.ਸੀ.ਆਈ. ਕੋਲ 7.50 ਲੱਖ ਮੀਟਰਿਕ ਟਨ ਚੌਲਾਂ ਦੀ ਜਗ੍ਹਾ ਉਪਲਬਧ ਹੈ, ਜਦੋਂ ਕਿ ਕੁੱਲ 71.50 ਲੱਖ ਮੀਟਰਿਕ ਟਨ ਚੌਲਾਂ ਦੀ ਡਿਲੀਵਰੀ ਅਜੇ ਬਾਕੀ ਹੈ। ਭਗਵੰਤ ਮਾਨ ਨੇ ਅਪੀਲ ਕੀਤੀ ਕਿ ਸਾਉਣੀ ਸੀਜ਼ਨ 2024-25 ਦੀ ਚੌਲਾਂ ਦੀ ਮਿਲਿੰਗ ਨੂੰ ਸਮੇਂ ਸਿਰ ਪੂਰਾ ਕਰਨ ਲਈ ਐਫ.ਸੀ.ਆਈ. ਵੱਲੋਂ ਸੂਬੇ ਤੋਂ ਚੌਲਾਂ ਦੀ ਵੱਧ ਤੋਂ ਵੱਧ ਢੋਆ-ਢੁਆਈ ਦੀ ਆਗਿਆ ਦਿੱਤੀ ਜਾਵੇ।

ਸਾਈਲੋਜ਼ ਵਿਖੇ ਕਣਕ ਦੀ ਖਰੀਦ ਲਈ ਆੜ੍ਹਤੀਆ ਦੇ ਕਮਿਸ਼ਨ ਵਿੱਚ ਕਟੌਤੀ ਦਾ ਮੁੱਦਾ ਉਠਾਉਂਦਿਆ ਮੁੱਖ ਮੰਤਰੀ ਨੇ ਕਿਹਾ ਕਿ ਆੜ੍ਹਤੀਆ ਦੇ ਕਮਿਸ਼ਨ ਦੀ ਅਦਾਇਗੀ ਹੋਰ ਮੰਡੀਆਂ ਦੇ ਬਰਾਬਰ ਕਰਨ ਦੇ ਮਾਮਲੇ 'ਤੇ ਡੀ.ਐਫ.ਪੀ.ਡੀ., ਭਾਰਤ ਸਰਕਾਰ ਨਾਲ ਵੱਖ-ਵੱਖ ਮੀਟਿੰਗਾਂ ਵਿੱਚ ਚਰਚਾ ਕੀਤੀ ਗਈ ਸੀ ਅਤੇ ਇਹ ਵੀ ਦੱਸਿਆ ਗਿਆ ਸੀ ਕਿ ਜੇ ਆੜ੍ਹਤੀਆਂ ਨੂੰ ਸਾਈਲੋਜ਼ ਤੋਂ ਖਰੀਦ ਲਈ ਕਮਿਸ਼ਨ, ਨਿਯਮਤ ਮੰਡੀਆਂ 'ਤੇ ਖਰੀਦ ਦੇ ਬਰਾਬਰ ਦਿੱਤਾ ਜਾਂਦਾ ਹੈ ਤਾਂ ਮੰਡੀ ਲੇਬਰ ਅਤੇ ਆਵਾਜਾਈ ਖਰਚਿਆਂ ਦੇ ਪੱਖ ਤੋਂ ਬੱਚਤ ਹੋਵੇਗੀ। ਇਸ ਲਈ ਉਨ੍ਹਾਂ ਬੇਨਤੀ ਕੀਤੀ ਕਿ ਸਾਈਲੋਜ਼ ਵਿੱਚ ਆੜ੍ਹਤੀਆ ਦੇ ਕਮਿਸ਼ਨ ਨੂੰ ਆਮ ਖਰੀਦ ਦੇ ਬਰਾਬਰ ਆਗਿਆ ਦਿੱਤੀ ਜਾਵੇ ਤਾਂ ਜੋ ਸਾਈਲੋਜ਼ ਤੋਂ ਸਿੱਧੀ ਖਰੀਦ ਦੀ ਸਹੂਲਤ ਮਿਲ ਸਕੇ। ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਆੜ੍ਹਤੀਏ ਸਾਈਲੋਜ਼ ਵਿੱਚ ਮੰਡੀ ਦੇ ਕੰਮਕਾਜ ਵਾਂਗ ਹੀ ਕੰਮ ਕਰ ਰਹੇ ਹਨ।

ਆਰਜ਼ੀ ਲਾਗਤ ਸ਼ੀਟ ਵਿੱਚ ਆੜ੍ਹਤੀਆ ਕਮਿਸ਼ਨ 'ਤੇ ਪਾਬੰਦੀ ਦੀ ਸੀਮਾ ਦੇ ਮੁੱਦੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆੜ੍ਹਤੀਆ ਕਮਿਸ਼ਨ ਹਾੜ੍ਹੀ ਸੀਜ਼ਨ 2020-21 ਦੇ ਪੀ.ਸੀ.ਐਸ. ਵਿੱਚ ਕਣਕ ਲਈ 46.00 ਰੁਪਏ/ਕੁਇੰਟਲ ਅਤੇ ਸਾਉਣੀ ਸੀਜ਼ਨ 2019-20 ਦੇ ਪੀ.ਸੀ.ਐਸ. ਵਿੱਚ ਝੋਨੇ ਲਈ  45.88 ਰੁਪਏ/ਕੁਇੰਟਲ ਤੱਕ ਸੀਮਤ ਸੀ, ਉਦੋਂ ਤੋਂ ਇਹੀ ਦਰ ਚੱਲ ਰਹੀ ਹੈ ਅਤੇ ਇਹ ਭਾਰਤ ਸਰਕਾਰ ਦੁਆਰਾ ਰਾਜ ਨੂੰ ਹਰੇਕ ਲਾਗਤ ਸ਼ੀਟ ਵਿੱਚ ਝੋਨੇ ਅਤੇ ਕਣਕ ਦੀ ਖਰੀਦ ਇਸੇ ਦਰ ‘ਤੇ ਕਰਨ ਦੀ ਆਗਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਉਤਪਾਦ ਮਾਰਕੀਟਿੰਗ ਐਕਟ, 1961 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ (ਭਾਵ ਸਾਉਣੀ ਸੀਜ਼ਨ 2025-26 ਲਈ 2425 ਰੁਪਏ) 'ਤੇ 2.5 ਫ਼ੀਸਦ ਆੜ੍ਹਤੀਆ ਕਮਿਸ਼ਨ  ਦੀ ਵਿਵਸਥਾ ਹੈ, ਜੋ ਕਿ ਆਗਾਮੀ ਹਾੜੀ ਸੀਜ਼ਨ ਵਿੱਚ 60.63 ਰੁਪਏ/ਕੁਇੰਟਲ ਬਣਦਾ ਹੈ ਪਰ ਆੜ੍ਹਤੀਆ ਕਮਿਸ਼ਨ ਦੀ ਅਦਾਇਗੀ ਭਾਰਤ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਅਤੇ ਹੁਣ ਤੱਕ ਇਸ ਦਰ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਆੜ੍ਹਤੀਆਂ ਕਮਿਸ਼ਨ 'ਤੇ ਪਾਬੰਦੀ ਲਗਾਉਣ ਨਾਲ ਪਿਛਲੇ ਸਾਉਣੀ ਮਾਰਕੀਟਿੰਗ ਸੀਜ਼ਨ 2024-25 ਵਿੱਚ ਆੜ੍ਹਤੀਆਂ ਨੇ ਆਪਣੀ ਮੰਗ ਪੂਰੀ ਨਾ ਹੋਣ ਕਾਰਨ ਹੜਤਾਲ ਕੀਤੀ ਸੀ, ਜਿਸ ਕਾਰਨ ਸੀਜ਼ਨ ਦੌਰਾਨ ਖਰੀਦ ਕਾਰਜ ਪ੍ਰਭਾਵਿਤ ਹੋਏ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇ ਇਸ ਮੁੱਦੇ ਨੂੰ ਹੱਲ ਨਹੀਂ ਕੀਤਾ ਗਿਆ ਤਾਂ ਆੜ੍ਹਤੀਏ ਦੁਬਾਰਾ ਹੜਤਾਲ ਕਰ ਸਕਦੇ ਹਨ, ਜਿਸ ਨਾਲ ਆਉਣ ਵਾਲੇ ਹਾੜੀ ਸੀਜ਼ਨ 2025-26 ਦੌਰਾਨ ਕਣਕ ਦੀ ਖਰੀਦ ਪ੍ਰਭਾਵਿਤ ਹੋਵੇਗੀ।

ਇੱਕ ਹੋਰ ਮੁੱਦੇ 'ਤੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਰ.ਡੀ.ਐਫ. ਦੇ ਸੂਬੇ ਦੇ ਬਕਾਇਆ ਹਿੱਸੇ ਨੂੰ ਤੁਰੰਤ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਲਈ ਜ਼ਰੂਰੀ ਸ਼ਰਤਾਂ ਪਹਿਲਾਂ ਹੀ ਪੂਰੀਆਂ ਕਰ ਦਿੱਤੀਆਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਇਹ ਪੈਸਾ ਜਾਰੀ ਕਰੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਭਿਖਾਰੀ ਨਹੀਂ ਹਨ ਅਤੇ ਉਨ੍ਹਾਂ ਨੂੰ ਤੰਗ ਕਰਨ ਦੀ ਬਜਾਏ ਕੇਂਦਰ ਵੱਲੋਂ ਉਨ੍ਹਾਂ ਦੇ ਫੰਡਾਂ ਦਾ ਜਾਇਜ਼ ਹਿੱਸਾ ਦਿੱਤਾ ਜਾਣਾ ਚਾਹੀਦਾ ਹੈ।

ਇਸ ਦੌਰਾਨ ਕੇਂਦਰੀ ਮੰਤਰੀ ਨੇ ਭਗਵੰਤ ਸਿੰਘ ਮਾਨ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਦੀਆਂ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰੇਗੀ।


ਇਹ ਵੀ ਪੜ੍ਹੋ

ਕਿਸਾਨਾਂ ਨੂੰ ਪੰਜਾਬ ਦੇ ਬਜਟ ਵਿਚ ਕੀ ਮਿਲਿਆ

No comments:

Post a Comment

Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking

Fazilka :  ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ  Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...