ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਸ਼ੂਧੰਨ ਵਿੱਚ ਮੂੰਹ-ਖੁਰ ਬਿਮਾਰੀ ਦੀ ਰੋਕਥਾਮ ਲਈ ਮੁਫ਼ਤ ਟੀਕਾਕਰਨ ਦੀ ਰਾਜ ਵਿਆਪੀ ਮੁਹਿੰਮ ਦੀ ਸ਼ੁਰੂਆਤ
ਕਿਹਾ-ਲਗਭਗ 59 ਲੱਖ ਗਾਵਾਂ ਅਤੇ ਮੱਝਾਂ ਨੂੰ ਹੋਣ ਵਾਲੀ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਕੀਤਾ ਜਾਵੇਗਾ ਮੁਫ਼ਤ ਟੀਕਾਕਰਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਅਕਤੂਬਰ, 2025:
ਪਸ਼ੂ ਪਾਲਣ ਮੰਤਰੀ, ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਭਰ ਵਿੱਚ ਅੱਜ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਗੌਰੀ ਸ਼ੰਕਰ ਸੇਵਾ ਦਲ, ਇੰਡਸਟ੍ਰੀਅਲ ਏਰੀਆਂ ਫੇਜ਼-1, ਮੋਹਾਲੀ ਵਿਖੇ ਸਥਿਤ ਗਊਸ਼ਾਲਾ ਵਿਖੇ ਮੁਫ਼ਤ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਲਗਭਗ 59 ਲੱਖ ਗਾਵਾਂ ਅਤੇ ਮੱਝਾਂ ਨੂੰ ਮੂੰਹ-ਖੁਰ Foot and Mouth Diseaes ਦੀ ਬਿਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਐਫ.ਐਮ.ਡੀ.ਦੇ ਸੱਤਵੇਂ ਗੇੜ ਦੇ ਰਾਹੀਂ ਮੁਫਤ ਟੀਕਾਕਰਨ Vaccination ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਛੇ ਗੇੜ ਸਫਲਤਾ ਪੂਰਵਕ ਪਾਰ ਕੀਤੇ ਜਾ ਚੁੱਕੇ ਹਨ, ਜਿਸ ਕਾਰਨ ਪੰਜਾਬ ਵਿੱਚ ਗਾਵਾਂ ਮੱਝਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕਿਆ।
ਇਸ ਮੌਕੇ ਪਸ਼ੂ ਪਾਲਣ ਮੰਤਰੀ ਵੱਲੋਂ ਗਊਸ਼ਾਲਾ ਨੂੰ 50,000 ਦਾ ਚੈੱਕ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਵਿੱਚੋਂ ਮੂੰਹ-ਖੁਰ ਦੀ ਬਿਮਾਰੀ ਨੂੰ ਜੜ੍ਹੋਂ ਖਤਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾਕਰਨ ਪਸ਼ੂ ਪਾਲਣ ਵਿਭਾਗ ਦੇ ਸਟਾਫ਼ ਵੱਲੋਂ ਪੂਰੇ ਪੰਜਾਬ ਅੰਦਰ ਘਰ-ਘਰ ਜਾ ਕੇ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਪੰਜਾਬ ਪੱਧਰੀ ਇਸ ਟੀਕਾਕਰਨ ਮੁਹਿੰਮ ਦਾ ਮਕਸਦ ਪਸ਼ੂਆਂ ਨੂੰ ਮੂੰਹ-ਖੁਰ ਜਿਹੇ ਮਾਰੂ ਰੋਗ ਤੋਂ ਮੁਕਤ ਰੱਖਣਾ ਹੈ।
ਉਨ੍ਹਾਂ ਕਿਹਾ ਕਿ ਲੋੜਵੰਦ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਇਹ ਟੀਕੇ ਲਗਵਾਉਣ। ਪਸ਼ੂਧੰਨ ਵਿੱਚ ਮੂੰਹ-ਖੋਰ ਦੀ ਬਿਮਾਰੀ ਬਹੁਤ ਹੀ ਖਤਰਨਾਕ ਬਿਮਾਰੀ ਹੈ। ਮੰਤਰੀ ਖੁੱਡੀਆਂ ਵੱਲੋਂ ਪੰਜਾਬ ਰਾਜ ਦੇ ਸਾਰੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਪਸ਼ੂਆਂ ਦੇ ਟੀਕਾਕਰਨ ਕਰਵਾਉਣ ਸਬੰਧੀ ਆਪਣੇ ਨੇੜਲੇ ਪਸ਼ੂ ਹਸਪਤਾਲ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆਂ ਕਿ ਇਸ ਬਿਮਾਰੀ ਕਾਰਨ ਪਸ਼ੂਆਂ ਵਿੱਚ ਮੂੰਹ ਅਤੇ ਖੁਰ ਵਿੱਚ ਛਾਲੇ ਹੋ ਜਾਦੇ ਹਨ, ਜਿਸ ਕਾਰਨ ਦੁੱਧ ਉਤਪਾਦਨ ਵਿੱਚ ਵੀ ਕਮੀ ਆ ਜਾਦੀ ਹੈ। ਇਸ ਬਿਮਾਰੀ ਕਾਰਨ ਦੇਸ਼ ਭਰ ਵਿੱਚ ਲਗਭਗ 20,000/- ਕਰੋੜ ਰੁਪਏ ਦਾ ਪਸ਼ੂ ਧਨ ਅਤੇ ਦੁੱਧ ਉਤਪਾਦਨ ਦਾ ਨੁਕਸਾਨ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ 45 ਦਿਨਾਂ ਦੇ ਵਿੱਚ-ਵਿੱਚ ਮੁਕੰਮਲ ਕੀਤਾ ਜਾਣਾ ਹੈ ਅਤੇ ਜਲਦ ਹੀ ਪੰਜਾਬ ਰਾਜ ਨੂੰ ਮੂੰਹ-ਖੋਰ ਬਿਮਾਰੀ ਤੋਂ ਮੁਕਤ ਕੀਤਾ ਜਾਵੇਗਾ। ਇਸ ਬਿਮਾਰੀ ਤੋਂ ਬਚਾਅ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਤਿੰਨ ਸਾਲ ਤੋਂ ਲਗਾਤਾਰ ਟੀਕਾਕਾਰਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ. ਸ਼ਾਮ ਸਿੰਘ, ਜੁਆਇੰਟ ਡਾਇਰੈਕਟਰ, ਪਸ਼ੂ ਪਾਲਣ, ਡਾ. ਭੁਪਿੰਦਰਪਾਲ ਸਿੰਘ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਡਾ. ਆਲਮਦੀਪ ਕੌਰ, ਸਹਾਇਕ ਡਾਇਰੈਕਟਰ, ਪਸ਼ੂ ਪਾਲਣ, ਡਾ. ਲੋਕੇਸ਼ ਕਾਜਲ, ਸਹਾਇਕ ਡਾਇਰੈਕਟਰ, ਪਸ਼ੂ ਪਾਲਣ, ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

No comments:
Post a Comment