Tuesday, January 20, 2026

ਕਣਕ ਦੀ ਫਸਲ ਤੋਂ ਵਧੇਰੇ ਝਾੜ ਲੈਣ ਲਈ ਨੁਕਤੇ

 *ਕਣਕ ਦੀ ਫਸਲ ਤੋਂ ਵਧੇਰੇ ਝਾੜ ਲੈਣ ਅਤੇ ਭੂਮੀ ਦੀ ਸਿਹਤ ਸੁਧਾਰਨ ਸਬੰਧੀ ਪਿੰਡ ਗਹਿਲਾਂ ਵਿਖੇ ਲਗਾਇਆ ਜਾਗਰੂਕਤਾ ਕੈਂਪ*

ਸੰਗਰੂਰ, 20 ਜਨਵਰੀ (Only Agriculture) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਸੰਗਰੂਰ ਜਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਮੌਜੂਦਾ ਕਣਕ ਤੋਂ ਚੰਗਾ ਝਾੜ ਲੈਣ High Yield From Wheat Crop ਲਈ ਖੁਰਾਕੀ ਨੁਕਤੇ ਅਤੇ ਕੀੜ੍ਹੇ-ਮਕੌੜਿਆਂ ਦੀ ਏਕੀਕ੍ਰਿਤ ਰੋਕਥਾਮ, ਭੂਮੀ ਸਿਹਤ ਸੁਧਾਰ ਸਬੰਧੀ ਨੁਕਤੇ ਆਦਿ ਤੇ ਪਿੰਡ ਗਹਿਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ।

ਇਸ ਮੌਕੇ ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ ਦੀ ਫਸਲ ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਣਕ ਵਿੱਚ ਬੋਰੌਨ ਅਤੇ ਮੈਗਨੀਸ਼ੀਅਮ ਖਾਦਾਂ ਵਰਤਣ ਦੀ ਕੋਈ ਜਰੂਰਤ ਨਹੀਂ, ਕੇਵਲ ਘਾਟ ਵਾਲੇ ਖੇਤਾਂ ਵਿੱਚ ਹੀ ਸਿਫਾਰਸ਼ ਮੁਤਾਬਕ ਇਨ੍ਹਾਂ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਭੂਮੀ ਦੀ ਸਿਹਤ ਸੁਧਾਰਨ ਲਈ ਡਾ. ਅਸ਼ੋਕ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਦੀਆਂ ਫਸਲਾਂ ਜਿਵੇਂ ਕਿ ਸਣ, ਢੈਚਾਂ/ਜੰਤਰ ਆਦਿ ਬੀਜਣ ਨੂੰ ਕਿਹਾ। ਉਹਨਾਂ ਨੇ ਮਿੱਟੀ ਪਰਖ਼ ਕਰਵਾ ਕੇ ਭੂਮੀ ਦਾ ਜੈਵਿਕ ਮਾਦਾ ਸੁਧਾਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਸੰਭਾਲਣ ਬਾਰੇ, ਜੈਵਿਕ ਖਾਦਾਂ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਕੁਝ ਕਿਸਾਨਾਂ ਦੀਆਂ ਮਿੱਟੀ ਪਰਖ਼ ਰਿਪੋਰਟਾਂ ਦਾ ਵਿਸ਼ਲੇਸ਼ਣ ਕਰਕੇ ਕੈਂਪ ਦੌਰਾਨ ਹੀ ਉਹਨਾਂ ਕਿਸਾਨਾਂ ਨੂੰ ਖੁਰਾਕੀ ਤੱਤਾਂ ਦੀ ਪੂਰਤੀ ਬਾਰੇ ਦੱਸਿਆ ਗਿਆ। ਡਾ. ਗਰਗ ਨੇ ਸੰਗਰੂਰ ਜਿਲ੍ਹੇ ਨੂੰ ਸਭ ਤੋਂ ਵੱਧ ਯੂਰੀਏ ਦੀ ਖਪਤ ਕਰਨ ਵਾਲਾ ਜ਼ਿਲ੍ਹਾ ਹੋਣ ਤੇ ਚਿੰਤਾ ਪ੍ਰਗਟਾਈ ਅਤੇ ਕਿਸਾਨਾਂ ਨੂੰ ਲੋੜ ਮੁਤਾਬਿਕ ਹੀ ਇਸਦੀ ਵਰਤੋਂ ਕਰਨ ਲਈ ਪ੍ਰੇਰਿਆ। ਉਹਨਾਂ ਕੇਂਦਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਕਿਸਾਨ ਮੇਲਿਆਂ ਤੋਂ ਬਾਅਦ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਵਿੱਕਰੀ, ਖੇਤੀ ਸਾਹਿਤ ਦੀ ਵਿੱਕਰੀ, ਸਬਜ਼ੀਆਂ ਦੇ ਬੀਜ ਦੀਆਂ ਕਿੱਟਾਂ, ਜੈਵਿਕ ਖਾਦਾਂ ਦੇ ਟੀਕੇ ਅਤੇ ਹੋਰ ਬਾਰੇ ਕਿਸਾਨਾਂ ਨੂੰ ਦੱਸਿਆ।

ਉਪਰੋਕਤ ਉਤਪਾਦਾਂ ਤੋਂ ਇਲਾਵਾ ਪਸ਼ੂਆਂ ਲਈ ਧਾਤਾਂ ਦਾ ਚੂਰਾ, ਬਾਈਪਾਸ ਫੈਟ, ਪਸ਼ੂ ਚਾਟ, ਪ੍ਰੀਮਿਕਸ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾਂ ਜਿਵੇਂ ਕਿ ਨੈਨੋ ਯੂਰੀਏ ਦੀ ਵਰਤੋਂ ਦੇ ਫਾਇਦੇ ਜਾਂ ਨੁਕਸਾਨ, ਬੋਰੋਨ ਤੱਤ ਦੀ ਲੋੜ, ਮਿੱਟੀ ਪਰਖ ਲਈ ਨਮੂਨੇ ਲੈਣ ਦਾ ਢੰਗ ਆਦਿ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ।

ਕੈਂਪ ਤੋਂ ਬਾਅਦ, ਸ. ਹਰਜਿੰਦਰ ਸਿੰਘ ਦੇ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਨਾਲ ਲਗਦੇ ਪਿੰਡ ਦਿੱਤੂਪੁਰ ਵਿਖੇ ਵੀ ਆਲੂਆਂ ਅਤੇ ਕਣਕ ਦੇ ਖੇਤ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੀ ਟੀਮ ਦੁਆਰਾ ਦੇਖੇ ਗਏ ਅਤੇ ਮੌਕੇ ਤੇ ਹੀ ਕਿਸਾਨਾਂ ਦੀਆਂ ਖੇਤੀ ਸਬੰਧੀ ਮੁਸ਼ਕਿਲਾਂ ਦੇ ਹੱਲ ਦੱਸੇ ਗਏ। ਕੈਂਪ ਉਲੀਕਣ ਵਿੱਚ ਸ. ਹਰਮਨਪ੍ਰੀਤ ਸਿੰਘ ਅਤੇ ਸ. ਹਰਦੀਪ ਸਿੰਘ ਨੇ ਪੂਰਾ ਯੋਗਦਾਨ ਦਿੱਤਾ।

No comments:

Post a Comment

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...