Thursday, November 19, 2026

ਨਰਮਾ ਮੰਡੀ ਭਾਅ ਅਪਡੇਟ 19 ਨਵੰਬਰ 2026 Cotton Mandi Bhav

 ਅਬੋਹਰ-9250, 

ਗੋਲੂਵਾਲਾ-9700, 

ਭੱਟੂ ਕਲਾਂ-9000, 

ਬਰਬਾਲਾ-9050, 

ਉਚਾਣਾ-9180, 

ਢੀਂਗ-8701, 

ਐਲਣਾਬਾਦ-9058, 

ਰਾਮਾਂ ਮੰਡੀ-9100, 

ਗਜ ਸਿੰਘ ਪੁਰ-9150, 

ਪਦਮਪੁਰ-9175, 

ਰਾਵਲਾ-9190, 

ਸ੍ਰੀ ਕਰਨਪੁਰ-9347, 

ਸੂਰਤਗੜ੍ਹ-9210, 

ਭਾਦਰਾ-8850, 

ਸੰਗਰੀਆ-9155 

 (ਸਾਰੇ ਭਾਅ ਰੁਪਏ ਪ੍ਰਤੀ ਕੁਇੰਟਲ)

ਖੇਤ ਬਚਾਓ ਮੁਹਿੰਮ ਤਹਿਤ ਫਾਜ਼ਿਲਕਾ ਦੇ 47 ਪਿੰਡਾਂ ਵਿੱਚ ਪਹੁੰਚੀ ਕੇ.ਵੀ.ਕੇ. ਫਾਜ਼ਿਲਕਾ ਦੀ ਟੀਮ, ਕੁਦਰਤੀ ਖੇਤੀ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

ਫਾਜ਼ਿਲਕਾ, 19 ਨਵੰਬਰ

ਕਿਸਾਨਾਂ ਨੂੰ ਕੁਦਰਤੀ ਖੇਤੀ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਅਤੇ ਟਿਕਾਊ ਖੇਤੀਬਾੜੀ ਤਰੀਕਿਆਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਫਾਜ਼ਿਲਕਾ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ - ਕੇਂਦਰੀ ਕਟਾਈ ਉਪਰੰਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾਨ (ਆਈ.ਸੀ.ਏ.ਆਰ.-ਸੀਫੇਟ), ਖੇਤਰੀ ਕੇਂਦਰ, ਅਬੋਹਰ ਵੱਲੋਂ 22 ਅਕਤੂਬਰ ਤੋਂ 17 ਨਵੰਬਰ 2026 ਤੱਕ ਜ਼ਿਲ੍ਹੇ ਵਿੱਚ ਵੱਡੇ ਪੱਧਰ 'ਤੇ 'ਖੇਤ ਬਚਾਓ ਮੁਹਿੰਮ - ਹਾੜੀ ਸੀਜ਼ਨ 2026-27' ਚਲਾਈ ਗਈ।
ਇਸ ਮੁਹਿੰਮ ਤਹਿਤ ਕੇ.ਵੀ.ਕੇ. ਦੀ ਵਿਗਿਆਨਕ ਅਤੇ ਤਕਨੀਕੀ ਟੀਮ ਨੇ 47 ਪਿੰਡਾਂ ਵਿੱਚ 45 ਜਾਗਰੂਕਤਾ ਪ੍ਰੋਗਰਾਮ ਕਰਵਾਏ, ਜਿਨ੍ਹਾਂ ਵਿੱਚ 3,275 ਕਿਸਾਨਾਂ ਅਤੇ ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ 23 ਸਿਖਲਾਈ ਪ੍ਰੋਗਰਾਮਾਂ ਰਾਹੀਂ 1,202 ਕਿਸਾਨਾਂ ਅਤੇ ਭਾਗੀਦਾਰਾਂ ਨੂੰ ਵਿਗਿਆਨਕ ਖੇਤੀਬਾੜੀ ਤਕਨੀਕਾਂ ਦੀ ਸਿਖਲਾਈ ਦਿੱਤੀ ਗਈ।
ਇਸ ਮੁਹਿੰਮ ਦੌਰਾਨ ਕੁਦਰਤੀ ਖੇਤੀ ਨੂੰ ਖ਼ਾਸ ਤਰਜੀਹ ਦਿੱਤੀ ਗਈ। ਕਿਸਾਨਾਂ ਨੂੰ ਜੀਵਾਮ੍ਰਿਤ, ਬੀਜਾਮ੍ਰਿਤ, ਘਨਜੀਵਾਮ੍ਰਿਤ ਅਤੇ ਨੀਮਾਸਤਰ ਵਰਗੇ ਕੁਦਰਤੀ ਜੈਵਿਕ ਤੱਤਾਂ ਦੀ ਤਿਆਰੀ ਅਤੇ ਵਰਤੋਂ, ਮਿੱਟੀ ਦੀ ਸਿਹਤ ਸੰਭਾਲ ਅਤੇ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ 'ਤੇ ਨਿਰਭਰਤਾ ਘਟਾਉਣ ਬਾਰੇ ਜਾਣਕਾਰੀ ਦਿੱਤੀ ਗਈ। ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਬਾਇਓ-ਐਨ.ਪੀ.ਕੇ. ਅਤੇ ਬਾਇਓ-ਜ਼ਿੰਕ ਵੀ ਵੰਡੇ ਗਏ।
ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਅਤੇ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਮਲਚਰ ਵਰਗੀਆਂ ਆਧੁਨਿਕ ਖੇਤੀ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਗਈ। ਵੱਖ-ਵੱਖ ਪ੍ਰੋਗਰਾਮਾਂ ਵਿੱਚ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਕੁਦਰਤੀ ਖੇਤੀ ਅਤੇ ਫ਼ੂਡ ਪ੍ਰੋਸੈਸਿੰਗ ਨਾਲ ਸਬੰਧਤ 7,000 ਤੋਂ ਵੱਧ ਤਕਨੀਕੀ ਸਾਹਿਤ ਅਤੇ ਫੋਲਡਰ ਵੰਡੇ ਗਏ।
ਤੇਲ ਬੀਜਾਂ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਸੀ.ਐਫ.ਐਲ.ਡੀ. ਪ੍ਰੋਗਰਾਮ ਤਹਿਤ 25 ਕਿਸਾਨਾਂ ਨੂੰ 25 ਏਕੜ ਵਿੱਚ ਸਰ੍ਹੋਂ ਦੀ ਬਿਜਾਈ ਲਈ ਪ੍ਰਮਾਣਿਤ ਬੀਜ ਅਤੇ ਲੋੜੀਂਦੀ ਖੇਤੀ ਸਮੱਗਰੀ ਵੰਡੀ ਗਈ ਸੋਸ਼ਲ ਮੀਡੀਆ ਰਾਹੀਂ ਵੀ 34,205 ਲੋਕਾਂ ਤੱਕ ਮੁਹਿੰਮ ਦਾ ਸੁਨੇਹਾ ਪਹੁੰਚਾਇਆ ਗਿਆ।
ਡਾ. ਅਰਵਿੰਦ ਕੁਮਾਰ ਅਹਲਾਵਤ, ਮੁਖੀ, ਕੇ.ਵੀ.ਕੇ. ਫਾਜ਼ਿਲਕਾ ਦੀ ਅਗਵਾਈ ਵਿੱਚ ਕੇ.ਵੀ.ਕੇ. ਟੀਮ ਨੇ ਪਿੰਡ-ਪਿੰਡ ਪਹੁੰਚ ਕੇ ਕਿਸਾਨਾਂ ਨੂੰ ਵਿਗਿਆਨਕ ਅਤੇ ਵਾਤਾਵਰਣ-ਪੱਖੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਕੇ.ਵੀ.ਕੇ. ਦਾ ਮਕਸਦ ਸਿਹਤਮੰਦ ਮਿੱਟੀ, ਸਾਫ਼ ਵਾਤਾਵਰਣ, ਕੁਦਰਤੀ ਖੇਤੀ ਅਤੇ ਖੁਸ਼ਹਾਲ ਕਿਸਾਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰਨਾ ਹੈ।
ਮੁਹਿੰਮ ਦਾ ਸੁਨੇਹਾ ਸਪੱਸ਼ਟ ਹੈ—ਸਿਹਤਮੰਦ ਮਿੱਟੀ, ਸਾਫ਼ ਵਾਤਾਵਰਣ, ਕੁਦਰਤੀ ਖੇਤੀ ਅਤੇ ਖੁਸ਼ਹਾਲ ਕਿਸਾਨ ਹੀ ਟਿਕਾਊ ਖੇਤੀਬਾੜੀ ਦਾ ਆਧਾਰ ਹਨ।

ਸਰ੍ਹੋਂ ਦੀਆਂ ਬਿਮਾਰੀਆਂ ਸਬੰਧੀ ਲਗਾਇਆ ਸਿਖਲਾਈ ਕੈਂਪ

ਤਰਨ ਤਾਰਨ, 19 ਨਵੰਬਰ :

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵਲੋਂ ਪਿੰਡ ਭਾਈ ਲੱਧੂ ਵਿਖੇ ਸਰ੍ਹੋਂ ਦੀਆਂ ਬਿਮਾਰੀਆਂ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦੋਰਾਨ ਡਾ. ਪਰਮਿੰਦਰ ਕੌਰ ਸਹਿਜਪਾਲ, ਪ੍ਰਮੁੱਖ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਜ਼ਿਲ੍ਹੇ ਵਿੱਚ ਤੇਲ ਬੀਜ ਫ਼ਸਲਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਰ੍ਹੋਂ ਦੀ ਫ਼ਸਲ ਦੇ ਮੁੱਖ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਲੱਛਣ, ਉਨ੍ਹਾਂ ਦੀ ਪਛਾਣ ਅਤੇ ਰੋਕਥਾਮ ਦੇ ਢੰਗਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਫ਼ਸਲਾਂ ਵਿੱਚ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਅਤੇ ਸਮੇਂ ਸਿਰ ਰੋਕਥਾਮ ਦੇ ਤਰੀਕੇ ਅਪਨਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਕਣਕ ਅਤੇ ਬਰਸੀਮ ਵਿੱਚ ਆਉਣ ਵਾਲੇ ਮੁੱਖ ਕੀੜੇ-ਮਕੌੜਿਆ ਅਤੇ ਬਿਮਾਰੀਆਂ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਕਿਸਾਨਾਂ ਦੇ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਨ੍ਹਾਂ ਨੂੰ ਖੇਤੀਬਾੜੀ ਸਬੰਧੀ ਤਕਨੀਕੀ ਜਾਣਕਾਰੀ ਅਤੇ ਸਲਾਹ ਲਈ ਪੀ. ਏ. ਯੂ ਦੇ ਮਾਹਿਰਾਂ ਨਾਲ ਸੰਪਰਕ ਵਿਚ ਰਹਿਣ ਲਈ ਪ੍ਰੇਰਿਤ ਕੀਤਾ।

ਸਰਕਾਰ ਵੱਲੋਂ ਪਸ਼ੂ ਸਿਹਤ ਸੰਭਾਲ ਲਈ ਵੱਡਾ ਕਦਮ: 625 ਵੈਟਰਨਰੀ ਅਫ਼ਸਰ ਕੀਤੇ ਭਰਤੀ: ਗੁਰਮੀਤ ਸਿੰਘ ਖੁੱਡੀਆਂ

•ਪਸ਼ੂ ਪਾਲਣ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ 579 ਵੈਟਰਨਰੀ ਇੰਸਪੈਕਟਰ ਅਤੇ ਸਹਾਇਕ ਅਮਲਾ ਕੀਤਾ ਭਰਤੀ : ਖੁੱਡੀਆਂ

ਚੰਡੀਗੜ੍ਹ, 19 ਨਵੰਬਰ:
ਪਸ਼ੂ ਸਿਹਤ ਸੰਭਾਲ ਅਤੇ ਪੇਂਡੂ ਆਰਥਿਕਤਾ ਦੇ ਧੁਰੇ ਨੂੰ ਮਜ਼ਬੂਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਤਹਿਤ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਤਿੰਨ ਨਵੇਂ ਭਰਤੀ ਹੋਏ ਵੈਟਰਨਰੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਗਏ ਵੈਟਰਨਰੀ ਅਫ਼ਸਰਾਂ ਦੀ ਕੁੱਲ ਗਿਣਤੀ 625 ਹੋ ਗਈ ਹੈ।
ਸੂਬਾ ਸਰਕਾਰ ਵੱਲੋਂ ਪੇਂਡੂ ਆਰਥਿਕਤਾ ਨੂੰ ਦਿੱਤੀ ਜਾ ਰਹੀ ਤਰਜੀਹ ਦਾ ਜ਼ਿਕਰ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵਿਭਾਗ ਨੇ ਪਿਛਲੇ ਚਾਰ ਸਾਲਾਂ ਦੌਰਾਨ ਵੱਡੀ ਅਤੇ ਬਹੁ-ਪੱਧਰੀ ਭਰਤੀ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿ੍ਆ ਹੈ। 625 ਵੈਟਰਨਰੀ ਅਫ਼ਸਰਾਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵਿੱਚ 579 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕਰ ਕੇ ਸੂਬੇ ਭਰ ਵਿੱਚ ਪਸ਼ੂ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕਈ ਅਹਿਮ ਪ੍ਰਸ਼ਾਸਕੀ, ਤਕਨੀਕੀ ਅਤੇ ਸਹਾਇਕ ਅਹੁਦਿਆਂ ’ਤੇ ਵੀ ਭਰਤੀ ਕੀਤੀ ਗਈ ਹੈ। ਸੂਬੇ ਨੇ ਮੁੱਖ ਦਫ਼ਤਰ ਵਿੱਚ ਕਲਰਕਾਂ ਦੀਆਂ 17 ਅਸਾਮੀਆਂ, 2 ਮਿਲਕ ਰਿਕਾਰਡਰ, 7 ਲੈਬ ਸਹਾਇਕ, 7 ਕੰਪਿਊਟਰ/ਇੰਨੂਮੀਰੇਟਰ /ਪੰਚਰ, 1 ਮਸ਼ੀਨ ਆਪਰੇਟਰ, 1 ਇਨਕਿਊਬੇਟਰ ਆਪਰੇਟਰ, 2 ਲੀਗਲ ਕਲਰਕ ਅਤੇ 8 ਸਟੈਨੋਟਾਈਪਿਸਟਾਂ ਵੀ ਭਰਤੀ ਕੀਤੇ ਹਨ।
ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਸ. ਖੁੱਡੀਆਂ ਨੇ ਉਨ੍ਹਾਂ ਨੂੰ ਕਿਸਾਨਾਂ ਨੂੰ ਪੂਰੀ ਲਗਨ, ਪੇਸ਼ੇਵਰਾਨਾ ਢੰਗ ਅਤੇ ਸੁਹਿਰਦਤਾ ਨਾਲ ਸੇਵਾ ਦੇਣ ਲਈ ਕਿਹਾ। ਉਨ੍ਹਾਂ ਨੇ ਸਾਰੀਆਂ ਖਾਲੀ ਅਸਾਮੀਆਂ ਭਰਨ ਲਈ ਮਾਨ ਸਰਕਾਰ ਦੀ ਵਚਨਬੱਧਤਾ ਦੁਹਰਾਈ ਤਾਂ ਜੋ ਪੰਜਾਬ ਦਾ ਕੋਈ ਵੀ ਕਿਸਾਨ ਸਮੇਂ ਸਿਰ ਪਸ਼ੂ ਡਾਕਟਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਕਿਹਾ, ‘‘ਪਸ਼ੂ ਧਨ ਪੰਜਾਬ ਦੀ ਪੇਂਡੂ ਖੁਸ਼ਹਾਲੀ ਦੀ ਰੀੜ੍ਹ ਦੀ ਹੱਡੀ ਹੈ। ਸੈਂਕੜੇ ਵੈਟਰਨਰੀ ਅਫ਼ਸਰਾਂ ਅਤੇ ਇੰਸਪੈਕਟਰਾਂ ਦੇ ਨਾਲ-ਨਾਲ ਅਹਿਮ ਪ੍ਰਸ਼ਾਸਕੀ ਅਮਲੇ ਦੀ ਭਰਤੀ ਕਰਕੇ ਅਸੀਂ ਜ਼ਮੀਨੀ ਪੱਧਰ ਤੱਕ ਮਜ਼ਬੂਤ ਵਿਭਾਗੀ ਨੈੱਟਵਰਕ ਤਿਆਰ ਕਰ ਰਹੇ ਹਾਂ।’’
ਉਨ੍ਹਾਂ ਕਿਹਾ ਕਿ ਇਸ ਵੱਡੀ ਸ਼ਮੂਲੀਅਤ ਨਾਲ ਪਸ਼ੂਆਂ ਵਾਸਤੇ ਡਾਕਟਰੀ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ, ਡੇਅਰੀ ਉਤਪਾਦਕਤਾ ਨੂੰ ਹੁਲਾਰਾ ਮਿਲੇਗਾ ਅਤੇ ਕਿਸਾਨ ਭਾਈਚਾਰੇ ਨੂੰ ਸਿੱਧਾ ਸਹਿਯੋਗ ਮਿਲੇਗਾ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਰਾਇਤ ਬਾਹੜਾ ਪ੍ਰੋਫੈਸ਼ਨਲ ਯੁਨੀਵਰਸਿਟੀ, ਹੁਸ਼ਿਆਰਪੁਰ ਵਿਖੇ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਜਾਗਰੂਕਤਾ ਮੁਹਿੰਮ ਕਰਵਾਈ ਗਈ

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਰਾਇਤ ਬਾਹੜਾ ਪ੍ਰੋਫੈਸ਼ਨਲ ਯੁਨੀਵਰਸਿਟੀ, ਹੁਸ਼ਿਆਰਪੁਰ ਵਿਖੇ ਕੌਮੀ ਸੇਵਾ ਯੋਜਨਾ (ਐੇਨ.ਐਸ.ਐਸ.) ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਮਿਤੀ 18 ਅਕਤੂਬਰ, 2026 ਨੂੰ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਜਾਗਰੁਕਤਾ ਕੈਂਪ ਕਰਵਾਇਆ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਰਾਇਤ ਬਾਹੜਾ ਪ੍ਰੋਫੈਸ਼ਨਲ ਯੁਨੀਵਰਸਿਟੀ, ਹੁਸ਼ਿਆਰਪੁਰ ਦੇ ਸਕੂਲ ਆਫ ਸਾਇੰਸਜ਼ ਦੇ ਡੀਨ ਤੇ ਕੌਮੀ ਸੇਵਾ ਯੋਜਨਾ ਦੇ ਕੋਆਰਡੀਨੇਟਰ, ਡਾ. ਜਯੋਤਸਨਾ ਨੇ ਆਏ ਮਾਹਿਰਾਂ ਦਾ ਸੁਆਗਤ ਕੀਤਾ ਅਤੇ ਝੋਨੇ ਦੀ ਪਰਾਲੀ ਸੰਭਾਲਣ ਲਈ ਜਾਗਰੁਕਤਾ ਮੁਹਿੰਮ ਚਲਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਵਿਦਿਆਰਥੀਆਂ ਨਾਲ ਰੂਬਰੂੂ ਹੁੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌੰਸ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੀ ਲੋੜ ਅਤੇ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਹਨਾਂ ਨੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਅਤੇ ਪਰਾਲੀ ਵਿੱਚ ਮੋਜੂਦ ਵੱਖ-ਵੱਖ ਤੱਤਾਂ ਦੀ ਮਹਤੱਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ।ਡਾ.ਬੌਂਸ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਅਤੇ ਝੋਨੇ ਦੀ ਪਰਾਲੀ ਦੀ ਬਾਇੳੇੁ ਗੈਸ ਪਲਾਂਟ, ਊੂਰਜਾ, ਖੁੰਬ ਉਤਪਾਦਨ ਅਤੇ ਪਸ਼ੂ ਖੁਰਾਕ ਵਜੋਂ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਕਾਲਜ ਮੁਹਿੰੰਮ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਪਰਾਲੀ ਸੰਭਾਲਣ ਦੇ ਇਸ ਨੇਕ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਲਈ ਵੀ ਲਾਮਬੰਦ ਕੀਤਾ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਰਾਇਤ ਬਾਹੜਾ ਪ੍ਰੋਫੈਸ਼ਨਲ ਯੁਨੀਵਰਸਿਟੀ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਭਾਸ਼ਣ, ਲੇਖ ਲਿਖਣਾ ਅਤੇ ਪੇਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ।ਵਿਦਿਆਰਥੀਆਂ ਵੱਲੋਂ ਸਾਰੇ ਮੁਕਾਬਲਿਆਂ ਵਿੱਚ ਵੱਧ-ਚੱੜਕੇ ਸ਼ਮੂਲੀਅਤ ਕੀਤੀ ਗਈ।
ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਣ ਲਈ ਰਾਇਤ ਬਾਹੜਾ ਪ੍ਰੋਫੈਸ਼ਨਲ ਯੁਨੀਵਰਸਿਟੀ, ਹੁਸ਼ਿਆਰਪੁਰ ਦੇ ਉਪ ਕੁਲਪਤੀ, ਡਾ. ਚੰਦਰ ਮੋਹਨ ਅਤੇ ਹੋਰ ਮਹਿਮਾਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਡਾ. ਚੰਦਰ ਮੋਹਨ ਨੇ ਕੌਮੀ ਸੇਵਾ ਯੋਜਨਾ ਦੇ ਵਾਲੰਟੀਅਰਾਂ ਦੀ ਵਾਤਾਵਰਣ ਸੁਰੱਖਿਆ ਵਿੱਚ ਅਹਿਮ ਭੁਮਿਕਾ ਤੇ ਜ਼ੋਰ ਦਿੱਤਾ ਅਤੇ ਇਸ ਮੁਹਿੰਮ ਪ੍ਰਤੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਵੱਖ-ਵੱਖ ਮੁਕਾਬਲੇ, ਕ੍ਰਿਸੀ ਵਿਗਿਆਨ ਕੇਂਦਰ ਦੇ ਸਟਾਫ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇਂੰਜੀਨੀਅਰਿੰਗ), ਡਾ. ਅਜੈਬ ਸਿੰਘ, ਤੇ ਪ੍ਰੋਗਰਾਮ ਸਹਾਇਕ (ਲੈਬ ਟੈਕਨੀਸ਼ਿਅਨ), ਸ਼੍ਰੀਮਤੀ ਸੁਨੀਤਾ ਅਤੇ ਰਾਇਤ ਬਾਹੜਾ ਪ੍ਰੋਫੈਸ਼ਨਲ ਯੁਨੀਵਰਸਿਟੀ ਦੇ ਸਟਾਫ, ਮੁਖੀ, ਮੈਡਮ ਸਿਮਰਜੀਤ ਕੌਰ, ਸਹਾਇਕ ਪੂੋਫੈਸਰ ਮੈਡਮ ਨੀਰੂ ਜੰਮਵਾਲ, ਸ਼੍ਰੀ. ਨਿਸ਼ਾਂਤ ਭਾਟੀਆ, ਮੈਡਮ ਜਸਨੀਤ ਕੌਰ, ਡਾ. ਸਈਦ ਤੇ ਡਾ. ਪੂਜਾ ਦੀ ਦੇਖ-ਰੇਖ ਅਧੀਨ ਹੋਏ।

Wednesday, November 18, 2026

ਪੰਜਾਬ ਘੋੜਸਵਾਰੀ ਮੇਲੇ 3.0 ਦੀਆਂ ਤਿਆਰੀਆਂ ਦਾ ਜਾਇਜ਼ਾ

27 ਤੋਂ 29 ਨਵੰਬਰ ਤੱਕ ਹੋਣ ਵਾਲੇ ਤਿੰਨ ਰੋਜ਼ਾ ‘ਚੈਂਪੀਅਨਾਂ ਦੇ ਮਹਾਂਉਤਸਵ’ ਵਿੱਚ ਘੋੜਿਆਂ ਦੇ ਮੁਕਾਬਲੇ, ਘੋੜਿਆਂ ਦੀ ਪਰੇਡ ਅਤੇ ਪੰਜਾਬੀ ਸੱਭਿਆਚਾਰਕ ਵੰਨਗੀਆਂ ਹੋਣਗੀਆਂ ਖਿੱਚ ਦਾ ਕੇਂਦਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਨਵੰਬਰ:

ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਅਦਿੱਤਿਆ ਡਾਚਲਵਾਲ ਨੇ ਅੱਜ ਪਿੰਡ ਪੱਲਣਪੁਰ, ਨਿਊ ਚੰਡੀਗੜ੍ਹ, ਬਲਾਕ ਮਾਜਰੀ, ਤਹਿਸੀਲ ਖਰੜ ਵਿਖੇ ਦ ਰੈਂਚ ਕਲੱਬ ਵਿਖੇ 27 ਤੋਂ 29 ਨਵੰਬਰ, 2026 ਤੱਕ ਕਰਵਾਏ ਜਾਣ ਵਾਲੇ ਤੀਜੇ ਪੰਜਾਬ ਘੋੜਸਵਾਰੀ ਉਤਸਵ (ਇਕਵੇਸਟ੍ਰੀਅਨ ਫੈਸਟੀਵਲ) 3.0 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਮੇਲੇ ਨੂੰ ‘ਪੰਜਾਬ ਦੇ ਸਭ ਤੋਂ ਵੱਡੇ ਚੈਂਪੀਅਨਾਂ ਦੇ ਮਹਾਂਉਤਸਵ’ ਵਜੋਂ ਉਲੀਕਿਆ ਗਿਆ ਹੈ। ਇਸ ਦੌਰਾਨ ਘੋੜਿਆਂ ਦੇ ਵੱਖ-ਵੱਖ ਮੁਕਾਬਲੇ, ਸ਼ਾਨਦਾਰ ਘੋੜਾ ਪਰੇਡ, ਲੋਕ ਸੰਗੀਤ, ਸੱਭਿਆਚਾਰਕ ਪੇਸ਼ਕਾਰੀਆਂ, ਪੰਜਾਬ ਦੀ ਰਵਾਇਤੀ ਕਲਾ, ਜੀਵਨ ਸ਼ੈਲੀ ਨਾਲ ਸਬੰਧਤ ਸਟਾਲ ਅਤੇ ਪਰਿਵਾਰਾਂ ਲਈ ਮਨੋਰੰਜਨ ਗਤੀਵਿਧੀਆਂ ਖਿੱਚ ਦਾ ਕੇਂਦਰ ਹੋਣਗੀਆਂ।

ਇਸ ਸਬੰਧੀ ਅੱਜ ਸਮਾਗਮ ਵਾਲੇ ਸਥਾਨ ਤੇ ਸੱਦੀ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਸਬੰਧਤ ਵਿਭਾਗਾਂ ਅਤੇ ਗਠਿਤ ਕੀਤੀਆਂ ਨੌਂ ਨੋਡਲ ਕਮੇਟੀਆਂ ਨੂੰ ਆਪਸੀ ਤਾਲਮੇਲ ਨਾਲ ਸਾਰੀਆਂ ਤਿਆਰੀਆਂ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਮੇਲੇ ਨੂੰ ਸੁਚਾਰੂ ਅਤੇ ਸਫ਼ਲ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਉਨ੍ਹਾਂ ਪੁਲਿਸ ਵਿਭਾਗ ਨੂੰ ਸਮਾਗਮ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਅਤੇ ਆਵਾਜਾਈ ਦੇ ਸੁਚਾਰੂ ਪ੍ਰਬੰਧ ਲਈ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕਰਨ, ਸਮਰਪਿਤ ਪੁਲਿਸ ਕੰਟਰੋਲ ਰੂਮ ਸਥਾਪਤ ਕਰਨ ਅਤੇ ਅਹਿਮ ਥਾਵਾਂ ’ਤੇ ਜਨਤਕ ਐਲਾਨ ਪ੍ਰਣਾਲੀ ਨਾਲ ਲੈਸ ਸਹਾਇਤਾ ਕੇਂਦਰ ਬਣਾਉਣ ਦੇ ਨਿਰਦੇਸ਼ ਦਿੱਤੇ।

ਸਮਾਗਮ ਵਾਲੀ ਥਾਂ ’ਤੇ ਬੁਨਿਆਦੀ ਸਹੂਲਤਾਂ ਸਬੰਧੀ ਉਨ੍ਹਾਂ ਸਾਈਟ ਮੈਪ, ਸਟਾਲਾਂ, ਸਟੇਜ, ਪਾਰਕਿੰਗ, ਆਰਜ਼ੀ ਪਖਾਨਿਆਂ, ਪੀਣ ਵਾਲੇ ਪਾਣੀ, ਅੱਗ ਬੁਝਾਊ ਪ੍ਰਬੰਧਾਂ ਅਤੇ ਸਫ਼ਾਈ ਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਮੇਲੇ ਵਾਲੀ ਥਾਂ ਅਤੇ ਉੱਥੇ ਪਹੁੰਚਣ ਵਾਲੀਆਂ ਸੜਕਾਂ ’ਤੇ ਨਿਯਮਤ ਪਾਣੀ ਦਾ ਛਿੜਕਾਅ ਅਤੇ ਸਫ਼ਾਈ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ।

ਪਸ਼ੂਆਂ ਦੀ ਦੇਖਭਾਲ ਅਤੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਅਹਿਮੀਅਤ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਨੂੰ ਭਾਗ ਲੈਣ ਵਾਲੇ ਘੋੜਿਆਂ ਅਤੇ ਹੋਰ ਪਸ਼ੂਆਂ ਲਈ ਪਸ਼ੂ ਡਾਕਟਰੀ ਸਹੂਲਤਾਂ, ਚਾਰੇ ਅਤੇ ਪੀਣ ਵਾਲੇ ਪਾਣੀ ਦੇ ਢੁੱਕਵੇਂ ਪ੍ਰਬੰਧ ਕਰਨ ਲਈ ਕਿਹਾ। ਸਿਹਤ ਵਿਭਾਗ ਨੂੰ ਐਮਰਜੈਂਸੀ ਮੈਡੀਕਲ ਟੀਮਾਂ, ਮੁੱਢਲੀ ਸਹਾਇਤਾ ਅਤੇ ਐਂਬੂਲੈਂਸਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਪਤਵੰਤੇ ਮਹਿਮਾਨਾਂ ਦੇ ਸਵਾਗਤ, ਜੱਜਾਂ ਦੀ ਚੋਣ ਅਤੇ ਰਿਹਾਇਸ਼, ਮੁਕਾਬਲਿਆਂ ਦੇ ਨਤੀਜਿਆਂ ਦੀ ਡਿਜੀਟਲ ਤੌਰ ’ਤੇ ਤਿਆਰੀ, ਇਨਾਮ ਵੰਡ ਅਤੇ ਪ੍ਰਚਾਰ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਪਿੰਡਾਂ, ਸ਼ਹਿਰਾਂ, ਵਿਦਿਅਕ ਸੰਸਥਾਵਾਂ ਅਤੇ ਵੱਖ-ਵੱਖ ਮੀਡੀਆ ਮੰਚਾਂ ਰਾਹੀਂ ਵਿਆਪਕ ਪ੍ਰਚਾਰ ਕਰਕੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੋਨਮ ਚੌਧਰੀ, ਜੋ ਇਸ ਮੇਲੇ ਲਈ ਨੋਡਲ ਅਫ਼ਸਰ (ਕਨਵੀਨਰ) ਵੀ ਹਨ; ਐੱਸ.ਪੀ. (ਦਿਹਾਤੀ) ਜਸਪਿੰਦਰ ਸਿੰਘ ਗਿੱਲ; ਡੀ.ਐੱਸ.ਪੀ. ਮੁੱਲਾਂਪੁਰ ਹਰਕੀਰਤ ਸਿੰਘ; ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ; ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਰਮਬੀਰ ਕੌਰ; ਤਹਿਸੀਲਦਾਰ ਖਰੜ ਹਰਮਿੰਦਰ ਸਿੰਘ ਘੋਲੀਆ; ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਭੁਪਿੰਦਰ ਸਿੰਘ ਅਤੇ ਦ ਰੈਂਚ ਕਲੱਬ ਦੇ ਨੁਮਾਇੰਦੇ ਦੀਪਇੰਦਰ ਸਿੰਘ ਬਰਾੜ ਹਾਜ਼ਰ ਸਨ।

14 ਕਰੋੜ ਨਾਲ ਬਣੇਗੀ ਕੰਕਰੀਟ ਲਾਈਨਿੰਗ ਨਾਲ ਨਵੀਂ ਮੌਜਮ ਮਾਈਨਰ, 20 ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗਾ ਲਾਭ

ਫਾਜ਼ਿਲਕਾ 18 ਨਵੰਬਰ 2026…

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਾ ਫਾਜ਼ਿਲਕਾ ਨੂੰ ਫਿਰ ਇੱਕ ਹੋਰ ਵੱਡੀ ਸੌਗਾਤ ਦਿੱਤੀ ਗਈ ਹੈ। ਫਾਜ਼ਿਲਕਾ ਵਾਸੀਆਂ ਲਈ ਇਹ ਖੁਸ਼ਖਬਰੀ ਹੈ ਕਿ ਸਾਡੇ ਹਲਕੇ ਵਿੱਚ 14 ਕਰੋੜ ਦੀ ਲਾਗਤ ਨਾਲ ਕੰਕਰੀਟ ਲਾਈਨਿੰਗ ਨਾਲ ਨਵੀਂ ਮੌਜਮ ਮਾਈਨਰ ਬਣਨ ਜਾ ਰਹੀ ਹੈ ਇਸ ਦੇ ਬਣਨ ਨਾਲ 20 ਪਿੰਡਾਂ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ । ਇਹ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਪਿੰਡ ਓਝਾਂ ਵਾਲੀ, ਸੰਤ ਖੀਵਾ ਪੁਰ ਤੋਂ ਇਸ ਮੌਜਮ ਮਾਈਨਰ ਦਾ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ।
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਸ ਮੌਜਮ ਮਾਈਨਰ ਨਹਿਰ ਲਗਭਗ 21 ਕਿਲੋਮੀਟਰ ਲੰਬੀ ਹੈ ਤੇ ਇਹ ਮਾਈਨਰ ਲਗਭਗ 2 ਮਹੀਨੇ ਵਿੱਚ ਬਣਕੇ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਇਸ ਨਹਿਰ ਦੇ ਆਸ ਪਾਸ ਦੇ ਲੋਕਾਂ ਦੀ ਲੰਬੇ ਸਮੇਂ ਦੀ ਮੰਗ ਸੀ ਕਿ ਇਸ ਨਹਿਰ ਨੂੰ ਵੀ ਕੰਕਰੀਟ ਲਾਈਨਿੰਗ ਨਾਲ ਬਣਾਇਆ ਜਾਵੇ ਤੇ ਅੱਜ ਸਾਡੇ ਕਿਸਾਨਾਂ ਤੇ ਇਲਕਾ ਵਾਸੀਆਂ ਦੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਨਹਿਰ ਦੇ ਬਣਨ ਨਾਲ ਪਿੰਡ ਓਝਾਂ ਵਾਲੀ, ਨਵਾਂ ਓਝਾਂ ਵਾਲੀ, ਪਿੰਡ ਸੰਤ ਖੀਵਾ ਪੁਰ, ਝੋਕ ਡਿੱਪੂਲਾਣਾ, ਢਾਣੀ ਬੁਰਜ ਵਾਲੀ, ਥੇਹ ਕਲੰਦਰ, ਹਸਤਾ ਕਲਾਂ, ਨਿਓਲਾ, ਗੁਲਾਬ ਰਸੂਲ, ਕਾਂਵਾ ਵਾਲੀ, ਗਾਗਨ ਕੇ,ਗੰਜੂਆਣਾ ਤੇ ਮੌਜ਼ਮ ਆਦਿ ਅਨੇਕਾਂ ਪਿੰਡ ਨੂੰ ਫਾਇਦਾ ਹੋਵੇਗਾ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਸਾਡੇ ਹਲਕੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪਿਛਲੇ ਪੌਣੇ 5 ਸਾਲਾਂ ਵਿੱਚ ਪੂਰਾ ਮਿਲਿਆ ਤੇ ਕਿਸਾਨਾਂ ਨੂੰ ਹੋਰ ਵੀ ਵੱਧ ਮਾਤਰਾ ਵਿੱਚ ਨਹਿਰੀ ਪਾਣੀ ਮਿਲੇ ਇਸ ਲਈ ਨਵੀਆਂ ਨਹਿਰਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਹਲਕੇ ਵਿੱਚ ਅਨੇਕਾਂ ਹੀ ਵਿਕਾਸ ਦੇ ਕੰਮ ਪਾਰਟੀਬਾਜ਼ੀ ਤੇ ਬਿਨਾਂ ਕਿਸੇ ਭੇਦਭਾਵ ਦੇ ਹੋਏ ਹਨ ਤੇ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਗਈ। ਇਸ ਲਈ ਉਹ ਪੰਜਾਬ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਨ।

ਪਿੰਡ ਸੁਚਾਨੀਆਂ ਵਿੱਚ ਕਿਸਾਨ ਜਾਗਰੂਕਤਾ ਕੈਂਪ

 ਬਹਾਰ ਰੁੱਤ ਵਿੱਚ ਚੌੜੀ-ਡੂੰਘੀ ਖਾਲੀ ਵਿਧੀ ਨਾਲ ਗੰਨੇ ਦੀ ਬਿਜਾਈ ਕਰਨ ਕਿਸਾਨ: ਡਾ. ਅਮਰੀਕ ਸਿੰਘ

ਬਟਾਲਾ,18 ਨਵੰਬਰ ()
ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਬਟਾਲਾ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਸਹਿਯੋਗ ਨਾਲ ਗੰਨਾ ਕਾਸ਼ਤਕਾਰਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਸੁਚਾਨੀਆਂ ਵਿਖੇ ਨੁੱਕੜ ਮੀਟਿੰਗ ਕੀਤੀ ਗਈ। ਸਾਬਕਾ ਕੇਨ ਕਮਿਸ਼ਨਰ ਪੰਜਾਬ , ਡਾਕਟਰ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਇਸ ਕੈਂਪ ਵਿਚ ਪਹੁੰਚੇ। ਇਸ ਮੌਕੇ ਸੁਮੀਤ ਕੁਮਾਰ , ਇੰਜ.ਅੰਮ੍ਰਿਤਪਾਲ ਸਿੰਘ , ਜੋਬਨਜੀਤ ਸਿੰਘ ,ਪਲਵਿੰਦਰ ਸਿੰਘ , ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ, ਨੇ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਮਜ਼ਦੂਰਾਂ ਦੀ ਆ ਰਹੀ ਕਮੀ ਨੁੰ ਮੁੱਖ ਰੱਖਦਿਆਂ , ਬਹਾਰ ਰੁੱਤ ( 15 ਫਰਵਰੀ ਤੋਂ 20 ਮਾਰਚ ) ਦੌਰਾਨ ਗੰਨੇ ਦੀ ਬਿਜਾਈ ਚੌੜੀ ਵਿੱਥ ਡੂੰਘੀ ਇਕਹਿਰੀ ਖਾਲੀ ਵਿਧੀ ਨਾਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋਂ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਏਕੜ ਪੈਦਾਵਾਰ ਲਈ ਜਾ ਸਕੇ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਹਾਰ ਰੁੱਤ ਦੌਰਾਨ ਗੰਨੇ ਦੀ ਫ਼ਸਲ ਵਿਚ ਅੰਤਰ-ਫ਼ਸਲਾਂ ਜਿਵੇਂ ਗਰਮੀ ਰੁੱਤ ਦੇ ਮਾਂਹ,ਮੂੰਗੀ,ਭਿੰਡੀ, ਮੈਂਥਾ,ਰਾਜਮਾਂਹ ਆਦਿ ਦੀ ਕਾਸ਼ਤ ਕਰਕੇ ਕਿਸਾਨ ਵਾਧੂ ਆਮਦਨ ਵੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਗੰਨੇ ਦੀ ਬਿਜਾਈ 4–5 ਫੁੱਟ ਦੀ ਦੂਰੀ ਵਾਲੀ ਚੌੜੀ-ਡੂੰਘੀ ਖਾਲੀ ਵਿਧੀ ਵਿਧੀ ਨਾਲ ਨਦੀਨਾਂ ਦੀ ਰੋਕਥਾਮ, ਮਸ਼ੀਨੀ ਗੋਡੀ, ਮਿੱਟੀ ਚੜ੍ਹਾਉਣ ਅਤੇ ਹੋਰ ਖੇਤੀ ਕਾਰਜ ਆਸਾਨ ਹੋ ਜਾਂਦੇ ਹਨ। ਕਤਾਰਾਂ ਵਿੱਚ ਹਵਾ ਅਤੇ ਧੁੱਪ ਦਾ ਵਧੀਆ ਸੰਚਾਰ ਹੋਣ ਨਾਲ ਫ਼ਸਲ ਦਾ ਵਾਧਾ ਵੀ ਸੁਚੱਜਾ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਪਾਣੀ ਦੀ ਬਚਤ, ਜੜ੍ਹਾਂ ਦੇ ਵਧੀਆ ਵਿਕਾਸ ਅਤੇ ਗੰਨੇ ਦੇ ਮਜ਼ਬੂਤ ਵਾਧੇ ਵਿੱਚ ਮਦਦ ਮਿਲਦੀ ਹੈ ਅਤੇ ਹਵਾ ਤੇ ਮੀਂਹ ਕਾਰਨ ਫ਼ਸਲ ਦੇ ਡਿੱਗਣ ਦੀ ਸੰਭਾਵਨਾ ਘਟਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੌੜੀ-ਡੂੰਘੀ ਖਾਲੀ ਵਿਧੀ ਨਾਲ ਗੰਨੇ ਦੀ ਹਾਰਵੈਸਟਰ ਰਾਹੀਂ ਮਕੈਨੀਕਲ ਕਟਾਈ ਵਧੇਰੇ ਸੁਚੱਜੇ ਢੰਗ ਨਾਲ ਕੀਤੀ ਜਾ ਸਕਦੀ ਹੈ। ਸੁਮੀਤ ਕੁਮਾਰ ਨੇ ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਵਿੱਚ ਹਾਜ਼ਰ ਗੰਨਾ ਕਾਸ਼ਤਕਾਰਾਂ ਨੇ ਸਰਕਾਰ ਤੋਂ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ।

ਜ਼ਿਲ੍ਹੇ ਦੇ ਕਿਸਾਨ ਬਣੇ ਵਾਤਾਵਰਨ ਦੇ ਰਾਖੇ: ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਪ੍ਰਬੰਧਨ ਲੱਕੀ ਡਰਾਅ ਦੇ ਜੇਤੂ ਕਿਸਾਨ ਸਨਮਾਨਿਤ

50 ਕਿਸਾਨਾਂ ਨੂੰ ਮਿਲੇ ਇਨਾਮ, ਹੋਰਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦੀ ਕੀਤੀ ਅਪੀਲ

 ਬਰਨਾਲਾ, 17 ਨਵੰਬਰ

    ਜ਼ਿਲ੍ਹਾ ਬਰਨਾਲਾ ਵਿੱਚ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਲੱਕੀ ਡਰਾਅ (ਪਰਾਲੀ) ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਵੱਲੋਂ ਪਹਿਲੇ ਅਤੇ ਦੂਜੇ ਲੱਕੀ ਡਰਾਅ ਦੇ ਜੇਤੂ ਕਿਸਾਨਾਂ ਨੂੰ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸੱਤ ਹਫ਼ਤਾਵਾਰ ਲੱਕੀ ਡਰਾਅ ਕਰਵਾਏ ਜਾ ਰਹੇ ਹਨ। ਹਰੇਕ ਡਰਾਅ ਵਿੱਚ ਪਹਿਲਾ ਇਨਾਮ 20,000 ਰੁਪਏ, ਦੂਜਾ ਇਨਾਮ 15,000 ਰੁਪਏ, ਤੀਜਾ ਇਨਾਮ 10,000 ਰੁਪਏ ਅਤੇ 22 ਹੋਰ ਕਿਸਾਨਾਂ ਨੂੰ 2,500-2,500 ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ। ਹੁਣ ਤੱਕ ਦੋ ਲੱਕੀ ਡਰਾਅ ਕੱਢੇ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ ਕੁੱਲ 50 ਕਿਸਾਨਾਂ ਦੀ ਚੋਣ ਕੀਤੀ ਗਈ ਹੈ।
ਪਹਿਲੇ ਲੱਕੀ ਡਰਾਅ ਵਿੱਚ ਪਹਿਲਾ ਇਨਾਮ 20,000 ਰੁਪਏ ਪਿੰਡ ਝਲੂਰ, ਬਲਾਕ ਬਰਨਾਲਾ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਜਿੱਤਿਆ। ਦੂਜਾ ਇਨਾਮ 15,000 ਰੁਪਏ ਪਿੰਡ ਬੀਹਲਾ, ਬਲਾਕ ਮਹਿਲ ਕਲਾਂ ਦੇ ਜਸਵੰਤ ਸਿੰਘ ਜੌਹਲ ਅਤੇ ਤੀਜਾ ਇਨਾਮ 10,000 ਰੁਪਏ ਪਿੰਡ ਮੰਗੇਵਾਲ, ਬਲਾਕ ਬਰਨਾਲਾ ਦੇ ਹਰਦੀਪ ਸਿੰਘ ਨੇ ਪ੍ਰਾਪਤ ਕੀਤਾ।
ਦੂਜੇ ਲੱਕੀ ਡਰਾਅ ਵਿੱਚ ਪਹਿਲਾ ਇਨਾਮ 20,000 ਰੁਪਏ ਕੌਰ ਸਿੰਘ, ਦੂਜਾ ਇਨਾਮ 15,000 ਰੁਪਏ ਨਰਿੰਦਰਜੀਤ ਸਿੰਘ ਅਤੇ ਤੀਜਾ ਇਨਾਮ 10,000 ਰੁਪਏ ਸੁਖਪਾਲ ਸਿੰਘ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਦੋਵਾਂ ਡਰਾਅ ਵਿੱਚ 22-22 ਹੋਰ ਕਿਸਾਨਾਂ ਨੂੰ 2,500-2,500 ਰੁਪਏ ਦੇ ਇਨਾਮ ਦਿੱਤੇ ਗਏ ਹਨ।
ਸਮਾਗਮ ਦੌਰਾਨ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਸਬੰਧੀ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਹੀ ਸੰਭਾਲਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ, ਖੇਤੀਬਾੜੀ ਖਰਚਿਆਂ ਵਿੱਚ ਕਮੀ ਆਉਂਦੀ ਹੈ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਵੇਕ ਮੋਦੀ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਸਾਨ ਦੂਜੇ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨਾ ਸਾੜਨ ਅਤੇ ਇਸ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ ਭਵਿੱਖ ਵਿੱਚ ਵੀ ਪੂਰੀ ਗੰਭੀਰਤਾ ਨਾਲ ਜਾਰੀ ਰਹੇਗੀ। ਜ਼ਿਲ੍ਹਾ ਪ੍ਰਸ਼ਾਸਨ,ਖੇਤੀਬਾੜੀ ਵਿਭਾਗ ਅਤੇ ਕਿਸਾਨਾਂ  ਦੇ ਸਾਂਝੇ ਯਤਨਾਂ ਨਾਲ ਹੀ ਸਾਫ਼-ਸੁਥਰਾ ਵਾਤਾਵਰਨ ਅਤੇ ਟਿਕਾਊ ਖੇਤੀਬਾੜੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
 ਓਹਨਾਂ ਨੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਸਾਲ 2027 ਦੌਰਾਨ ਪਰਾਲੀ ਪ੍ਰਬੰਧਨ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਕਿਸਾਨਾਂ ਤੋਂ ਕੀਮਤੀ ਸੁਝਾਅ ਮੰਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਤਜਰਬਿਆਂ ਅਤੇ ਸੁਝਾਵਾਂ ਦੇ ਆਧਾਰ 'ਤੇ ਆਉਣ ਵਾਲੇ ਸੀਜ਼ਨ ਲਈ ਹੋਰ ਬਿਹਤਰ ਰਣਨੀਤੀ ਤਿਆਰ ਕੀਤੀ ਜਾਵੇਗੀ, ਤਾਂ ਜੋ ਪਰਾਲੀ ਦਾ ਸੁਚੱਜਾ ਪ੍ਰਬੰਧਨ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਨਾਲ ਸੰਪਰਕ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਆਪਣੀ ਰਜਿਸਟ੍ਰੇਸ਼ਨ ਸਮੇਂ ਸਿਰ ਕਰਵਾਉਣ ਅਤੇ ਆਉਣ ਵਾਲੇ ਲੱਕੀ ਡਰਾਅ ਵਿੱਚ ਭਾਗ ਲੈ ਕੇ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੌਕੇ ਡਾ. ਸੁਖਪਾਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ, ਖੇਤੀਬਾੜੀ ਵਿਭਾਗ ਤੋਂ ਸੁਨੀਤਾ ਰਾਣੀ, ਮਨਦੀਪ ਸਿੰਘ, ਏ.ਈ.ਓ. ਤੋਂ ਇਲਾਵਾ ਜ਼ਿਲ੍ਹੇ ਦੇ ਲਗਭਗ 50 ਕਿਸਾਨ ਹਾਜ਼ਰ ਸਨ।

ਕਣਕ ਦੇ ਤਸਦੀਕਸ਼ੁਦਾ ਬੀਜ ਅਤੇ ਜਿਪਸਮ ਦੀ ਖਰੀਦ ’ਤੇ ਦਿੱਤੀ ਜਾ ਰਹੀ ਹੈ ਸਬਸਿਡੀ

-ਬਲਾਕ ਪੱਟੀ ਵਿਖੇ 4 ਹਜ਼ਾਰ ਏਕੜ ਰਕਬੇ ਲਈ ਵੰਡਿਆ ਜਾ ਚੁੱਕਾ ਹੈ ਤਸਦੀਕਸ਼ੁਦਾ ਕਣਕ ਦਾ ਬੀਜ

ਪੱਟੀ/ਤਰਨ ਤਾਰਨ, 18 ਨਵੰਬਰ :
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਟੀ ਵੱਲੋਂ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਣਕ ਦੀ ਕਾਸ਼ਤ ਲਈ ਤਸਦੀਕਸ਼ੁਦਾ ਬੀਜ ਅਤੇ ਜਿਪਸਮ ਦੀ ਖ਼ਰੀਦ ’ਤੇ ਸਰਕਾਰੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫ਼ਸਰ ਪੱਟੀ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਟੀ ਵਿੱਚ ਹੁਣ ਤੱਕ 900 ਰੁਪਏ ਪ੍ਰਤੀ 40 ਕਿਲੋ ਤਸਦੀਕ ਸ਼ੁਦਾ ਕਣਕ ਦਾ ਬੀਜ ਲੱਗਭਗ ਦੋ ਹਜ਼ਾਰ ਕਿਸਾਨਾਂ ਨੂੰ ਵੰਡਿਆ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਮਿਆਰੀ ਅਤੇ ਤਸਦੀਕਸ਼ੁਦਾ ਬੀਜ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਕਣਕ ਦੀ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਮਿੱਟੀ ਦੀ ਸਿਹਤ ਅਤੇ ਫ਼ਸਲ ਦੀ ਲੋੜ ਅਨੁਸਾਰ ਜਿਪਸਮ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵੀ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਸਰਕਾਰੀ ਸਬਸਿਡੀ ’ਤੇ ਕਣਕ ਦਾ ਤਸਦੀਕਸ਼ੁਦਾ ਬੀਜ ਅਤੇ ਜਿਪਸਮ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ agrimachinerypb.com ’ਤੇ ਅਪਲਾਈ ਕਰ ਸਕਦੇ ਹਨ।
ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਆਨਲਾਈਨ ਅਪਲਾਈ ਕਰਨ ਜਾਂ ਸਬਸਿਡੀ ਦਾ ਲਾਭ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ’ਤੇ ਕਿਸਾਨ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਜਾਂ ਸਬੰਧਤ ਸਰਕਲ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ, ਤਾਂ ਜੋ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।

Tuesday, November 17, 2026

ਆਲੂ, ਪਿਆਜ਼ ਤੇ ਟਮਾਟਰ ਉਤਪਾਦਕਾਂ ਦੀ ਫ਼ਸਲ ਦੂਜੇ ਰਾਜਾਂ ਵਿੱਚ ਵੇਚਣ ਦਾ ਖਰਚ ਚੁੱਕੇਗੀ ਕੇਂਦਰ ਸਰਕਾਰ; ਨਕਲੀ ਕੀਟਨਾਸ਼ਕਾਂ ਵਿਰੁੱਧ ਆਵੇਗਾ ਸਖ਼ਤ ਕਾਨੂੰਨ: ਸ਼ਿਵਰਾਜ ਸਿੰਘ ਚੌਹਾਨ

 ਪੀਏਯੂ ਦੇ ਇੱਕ ਏਕੜ ਵਿੱਚ ਤਿੰਨ ਫ਼ਸਲਾਂ ਵਾਲੇ ਮਾਡਲ ਦੀ ਸ਼ਲਾਘਾ, ਕਿਸਾਨ ਸਾਲਾਨਾ ਡੇਢ ਲੱਖ ਰੁਪਏ ਤੱਕ ਦੀ ਸ਼ੁੱਧ ਆਮਦਨ ਕਮਾ ਸਕਦੇ ਹਨ

ਫ਼ਸਲਾਂ ਦੇ ਭਾਅ ਡਿੱਗਣ 'ਤੇ ਮਾਰਕੀਟਿੰਗ ਇੰਟਰਵੈਂਸ਼ਨ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਜਾਵੇਗੀ ਮੁਆਵਜ਼ੇ ਦੀ ਰਕਮ

ਪਰਾਲੀ ਕਿਸਾਨਾਂ ਦੀ ਬਦਨਾਮੀ ਦਾ ਕਾਰਨ ਨਹੀਂ, ਇਹ ਖੇਤ ਦੀ ਖੁਰਾਕ ਅਤੇ ਮਿੱਟੀ ਵਿੱਚ ਆਰਗੈਨਿਕ ਕਾਰਬਨ ਵਧਾਉਣ ਦਾ ਸਾਧਨ ਹੈ: ਚੌਹਾਨ

ਖਾਦਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਫਾਰਮਰ ਆਈਡੀਜ਼ ਬਣਾਉਣ 'ਤੇ ਜ਼ੋਰ, ਪੰਜਾਬ ਵਿੱਚ ਹੁਣ ਤੱਕ ਬਣੀਆਂ 6 ਲੱਖ ਫਾਰਮਰ ਆਈਡੀਜ਼

ਸਮਰਾਲਾ (ਲੁਧਿਆਣਾ), 17 ਨਵੰਬਰ: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ Shivraj Singh Chauhan  ਨੇ ਕਿਸਾਨਾਂ ਲਈ ਕਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਲੂ, ਪਿਆਜ਼ ਅਤੇ ਟਮਾਟਰ ਦੇ ਭਾਅ ਡਿੱਗਣ ਦੀ ਸੂਰਤ ਵਿੱਚ ਕਿਸਾਨਾਂ ਦੀ ਉਪਜ ਦੂਜੇ ਰਾਜਾਂ ਦੇ ਵੱਡੇ ਬਾਜ਼ਾਰਾਂ ਵਿੱਚ ਵੇਚਣ ਲਈ ਆਉਣ ਵਾਲਾ ਪੂਰਾ ਟਰਾਂਸਪੋਰਟੇਸ਼ਨ ਖਰਚ ਕੇਂਦਰ ਸਰਕਾਰ ਚੁੱਕੇਗੀ। ਇਸ ਤੋਂ ਇਲਾਵਾ ਮਾਰਕੀਟਿੰਗ ਇੰਟਰਵੈਂਸ਼ਨ ਸਕੀਮ ਤਹਿਤ ਫ਼ਸਲ ਦੇ ਘੱਟ ਭਾਅ ਮਿਲਣ 'ਤੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ 50-50 ਫ਼ੀਸਦੀ ਦੀ ਹਿੱਸੇਦਾਰੀ ਨਾਲ ਕੀਮਤ ਦੇ ਅੰਤਰ ਦੀ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਉਨ੍ਹਾਂ ਨਕਲੀ ਕੀਟਨਾਸ਼ਕਾਂ ਅਤੇ ਘਟੀਆ ਬੀਜਾਂ ਦੀ ਵਿਕਰੀ ਰੋਕਣ ਲਈ ਸਖ਼ਤ ਕਾਨੂੰਨ ਲਿਆਉਣ, ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਸਸਤੀਆਂ ਕਰਨ ਅਤੇ ਖਾਦਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਫਾਰਮਰ ਆਈਡੀਜ਼ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰਨ ਦਾ ਵੀ ਐਲਾਨ ਕੀਤਾ। ਉਹ ਅੱਜ 'ਸਿਹਤਮੰਦ ਧਰਤੀ, ਖੁਸ਼ਹਾਲ ਕਿਸਾਨ' ਦੇ ਸੰਕਲਪ ਨਾਲ 22 ਅਕਤੂਬਰ ਤੋਂ 30 ਨਵੰਬਰ 2026 ਤੱਕ ਚਲਾਈ ਜਾ ਰਹੀ 'ਖੇਤ ਬਚਾਓ ਮੁਹਿੰਮ' ਤਹਿਤ ਖੇਤੀਬਾੜੀ ਵਿਗਿਆਨ ਕੇਂਦਰ (ਕੇਵੀਕੇ), ਸਮਰਾਲਾ ਵਿਖੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨਾਲ ਸਿੱਧੀ ਗੱਲਬਾਤ ਕਰ ਰਹੇ ਸਨ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਉਨ੍ਹਾਂ ਦੇ ਦੌਰੇ ਦੌਰਾਨ ਹਾਜਰ ਰਹੇ ਸਨ। 

ਇਸ ਮੌਕੇ ਉਨ੍ਹਾਂ ਪੰਜਾਬ ਦੀ ਉਪਜਾਊ ਧਰਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵੱਲੋਂ ਖੇਤੀ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਨਵੀਆਂ ਖੋਜਾਂ ਅਤੇ ਨਵੀਨਤਮ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਏਕੀਕ੍ਰਿਤ ਖੇਤੀ, ਫ਼ਸਲੀ ਵਿਭਿੰਨਤਾ, ਮਿੱਟੀ ਦੀ ਸਿਹਤ, ਪਰਾਲੀ ਪ੍ਰਬੰਧਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਵਾਜਬ ਮੁੱਲ ਦਿਵਾਉਣ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਆਉਣ ਵਾਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ।

ਸਮਾਗਮ ਦੀ ਸ਼ੁਰੂਆਤ ਮੌਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਰਸਾਇਆ ਗਿਆ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦਾ ਮਾਰਗ ਪੂਰੀ ਦੁਨੀਆ ਨੂੰ ਖੁਸ਼ਹਾਲ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਕਿਸੇ ਮੰਤਰੀ ਦੇ ਅਹੁਦੇ ਦੇ ਅਹੰਕਾਰ ਨਾਲ ਨਹੀਂ, ਸਗੋਂ ਇੱਕ ਕਿਸਾਨ ਅਤੇ 'ਮਾਮਾ' ਵਜੋਂ ਕਿਸਾਨਾਂ ਦੇ ਸੇਵਕ ਬਣ ਕੇ ਆਏ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਯੋਜਨਾਵਾਂ ਦਿੱਲੀ ਦੇ ਬੰਦ ਕਮਰਿਆਂ ਵਿੱਚ ਬੈਠ ਕੇ ਨਹੀਂ, ਸਗੋਂ ਖੇਤਾਂ ਦੀਆਂ ਵੱਟਾਂ 'ਤੇ ਕਿਸਾਨਾਂ ਨਾਲ ਸਿੱਧਾ ਸੰਵਾਦ ਕਰਕੇ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ-ਨਿਰਭਰ ਬਣਾਇਆ

ਕੇਂਦਰੀ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਭਾਰਤ ਨੂੰ ਵਿਦੇਸ਼ਾਂ ਤੋਂ ਲਾਲ ਕਣਕ ਮੰਗਵਾਉਣੀ ਪੈਂਦੀ ਸੀ, ਪਰ ਪੰਜਾਬ ਤੋਂ ਸ਼ੁਰੂ ਹੋਈ ਹਰੀ ਕ੍ਰਾਂਤੀ ਨੇ ਦੇਸ਼ ਦੀ ਤਸਵੀਰ ਬਦਲ ਦਿੱਤੀ। ਅੱਜ ਭਾਰਤ ਦੇ ਅਨਾਜ ਭੰਡਾਰ ਭਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਭਾਰਤ ਚੌਲਾਂ ਦੇ ਉਤਪਾਦਨ ਵਿੱਚ ਚੀਨ ਨੂੰ ਪਛਾੜ ਕੇ ਦੁਨੀਆ ਵਿੱਚ ਪਹਿਲੇ ਅਤੇ ਕਣਕ ਦੇ ਉਤਪਾਦਨ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।

ਪੀਏਯੂ ਦੇ ਇੱਕ ਏਕੜ ਵਿੱਚ ਤਿੰਨ ਫ਼ਸਲਾਂ ਵਾਲੇ ਮਾਡਲ ਦੀ ਸ਼ਲਾਘਾ

ਕਿਸਾਨਾਂ ਕੋਲ ਘਟ ਰਹੀ ਖੇਤੀਯੋਗ ਜ਼ਮੀਨ ਨੂੰ ਵੱਡੀ ਚੁਣੌਤੀ ਦੱਸਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਭਾਰਤ ਵਿੱਚ ਵਿਦੇਸ਼ਾਂ ਵਾਂਗ ਹਜ਼ਾਰਾਂ ਏਕੜ ਦੇ ਵੱਡੇ ਫਾਰਮ ਨਹੀਂ ਹਨ। ਇਸ ਲਈ ਛੋਟੀ ਜ਼ਮੀਨ ਵਿੱਚੋਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੇ ਖੇਤੀ ਮਾਡਲ ਅਪਣਾਉਣ ਦੀ ਲੋੜ ਹੈ।

ਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ PAU ਵੱਲੋਂ ਤਿਆਰ ਕੀਤੇ ਗਏ ਇੱਕ ਏਕੜ ਵਿੱਚ ਤਿੰਨ ਫ਼ਸਲਾਂ ਦੀ ਖੇਤੀ ਦੇ ਮਾਡਲ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਡਲ ਰਾਹੀਂ ਕਿਸਾਨ ਸਾਲਾਨਾ ਡੇਢ ਲੱਖ ਰੁਪਏ ਤੱਕ ਦੀ ਸ਼ੁੱਧ ਆਮਦਨ ਹਾਸਲ ਕਰ ਸਕਦੇ ਹਨ। ਉਨ੍ਹਾਂ ਕੇਵੀਕੇ ਸਮਰਾਲਾ ਦੇ ਅਧਿਕਾਰੀਆਂ ਨੂੰ ਇਸ ਮਾਡਲ ਨੂੰ ਪੂਰੇ ਖੇਤਰ ਵਿੱਚ ਪ੍ਰਚਲਿਤ ਕਰਨ ਦੇ ਨਿਰਦੇਸ਼ ਵੀ ਦਿੱਤੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿਰਫ਼ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਕਿਉਂਕਿ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੋ ਰਹੀ ਹੈ। ਫ਼ਸਲੀ ਵਿਭਿੰਨਤਾ ਅਪਣਾਉਂਦਿਆਂ ਅਨਾਜ ਦੇ ਨਾਲ ਫਲਾਂ, ਫੁੱਲਾਂ, ਸਬਜ਼ੀਆਂ, ਔਸ਼ਧੀ ਪੌਦਿਆਂ ਦੀ ਖੇਤੀ ਅਤੇ ਪਸ਼ੂ ਪਾਲਣ, ਬੱਕਰੀ ਪਾਲਣ ਤੇ ਮੱਛੀ ਪਾਲਣ ਵਰਗੇ ਸਹਾਇਕ ਕਿੱਤਿਆਂ ਨੂੰ ਵੀ ਖੇਤੀ ਨਾਲ ਜੋੜਨਾ ਚਾਹੀਦਾ ਹੈ।

ਕੁਦਰਤੀ ਖੇਤੀ ਅਤੇ ਮਿੱਟੀ ਦੀ ਸਿਹਤ ਵੱਲ ਧਿਆਨ ਦੇਣ ਦੀ ਅਪੀਲ

ਮਿੱਟੀ ਦੀ ਵਿਗੜ ਰਹੀ ਸਿਹਤ Soil Health ਅਤੇ ਖਾਦਾਂ ਦੀ ਬੇਲੋੜੀ ਵਰਤੋਂ 'ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਮਿੱਟੀ ਦੀ ਜਾਂਚ ਕਰਵਾਏ ਬਿਨਾਂ ਲੋੜ ਤੋਂ ਵੱਧ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਨਾਲ ਮਿੱਟੀ ਵਿੱਚ ਮੌਜੂਦ ਮਿੱਤਰ ਕੀੜੇ ਅਤੇ ਕੇਂਚੂਏ ਨਸ਼ਟ ਹੋ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੂਰੀ ਜ਼ਮੀਨ ਦੀ ਬਜਾਏ ਪਹਿਲਾਂ ਅੱਧੇ ਹਿੱਸੇ ਵਿੱਚ ਕੁਦਰਤੀ ਖੇਤੀ ਕਰਕੇ ਦੇਖਣ, ਤਾਂ ਜੋ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਂਦਾ ਜਾ ਸਕੇ ਅਤੇ ਉਤਪਾਦਨ ਨੂੰ ਵੀ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ।

ਪਰਾਲੀ ਕਿਸਾਨਾਂ ਲਈ ਬਦਨਾਮੀ ਨਹੀਂ, ਮਿੱਟੀ ਦੀ ਖੁਰਾਕ ਹੈ: ਚੌਹਾਨ

ਪਰਾਲੀ ਸਾੜਨ Paddy Stubble Burning ਦੇ ਮੁੱਦੇ 'ਤੇ ਕਿਸਾਨਾਂ ਦਾ ਪੱਖ ਲੈਂਦਿਆਂ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਦੂਸ਼ਣ ਦੇ ਨਾਮ 'ਤੇ ਹਰ ਵਾਰ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਹੋਣਾ ਚਾਹੀਦਾ ਹੈ। ਕਿਸਾਨ ਹੁਣ ਪਰਾਲੀ ਦੇ ਪ੍ਰਬੰਧਨ ਪ੍ਰਤੀ ਜਾਗਰੂਕ ਹੋ ਰਹੇ ਹਨ ਅਤੇ ਇਸ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਸੰਭਾਲਣ ਦੇ ਉਪਰਾਲੇ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪਰਾਲੀ ਖੇਤ ਦੀ ਖੁਰਾਕ ਹੈ। ਇਸ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਜੈਵਿਕ ਕਾਰਬਨ (Organic Carbon) ਦੀ ਮਾਤਰਾ ਵਧਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਪਰਾਲੀ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਸੀਡਰ ਵਰਗੀਆਂ ਮਸ਼ੀਨਾਂ ਨੂੰ ਹੋਰ ਸਸਤੀਆਂ ਬਣਾਉਣ ਅਤੇ ਖੇਤੀ ਮਸ਼ੀਨੀਕਰਨ ਦੀਆਂ ਯੋਜਨਾਵਾਂ ਨੂੰ ਕਿਸਾਨਾਂ ਦੀ ਲੋੜ ਅਨੁਸਾਰ ਬਣਾਉਣ ਦਾ ਭਰੋਸਾ ਦਿੱਤਾ।

ਖਾਦਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਫਾਰਮਰ ਆਈਡੀਜ਼ ਬਣਾਉਣ 'ਤੇ ਜ਼ੋਰ

ਖਾਦਾਂ ਦੀ ਉਪਲਬਧਤਾ ਅਤੇ ਕਾਲਾਬਾਜ਼ਾਰੀ ਬਾਰੇ ਗੱਲ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਲਗਭਗ 5,000 ਰੁਪਏ ਦੀ DAP ਦੀ ਬੋਰੀ 1,350 ਰੁਪਏ ਵਿੱਚ ਅਤੇ ਲਗਭਗ 3,000 ਰੁਪਏ ਦੀ UREA ਦੀ ਬੋਰੀ ਸਿਰਫ਼ 266 ਰੁਪਏ ਵਿੱਚ ਮੁਹੱਈਆ ਕਰਵਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਬਸਿਡੀ ਵਾਲੀ ਖਾਦ ਨੂੰ ਉਦਯੋਗਾਂ ਜਾਂ ਹੋਰ ਗਲਤ ਕੰਮਾਂ ਵਿੱਚ ਵਰਤੇ ਜਾਣ ਤੋਂ ਰੋਕਣ ਲਈ ਫਾਰਮਰ ਆਈਡੀ ਬਣਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਹੁਣ ਤੱਕ 6 ਲੱਖ ਫਾਰਮਰ ਆਈਡੀਜ਼ ਬਣਾਈਆਂ ਜਾ ਚੁੱਕੀਆਂ ਹਨ। ਇਸ ਨਾਲ ਕਿਸਾਨਾਂ ਦੀ ਜ਼ਮੀਨ ਅਤੇ ਫ਼ਸਲ ਦੀ ਅਸਲ ਲੋੜ ਅਨੁਸਾਰ ਖਾਦ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਨਕਲੀ ਕੀਟਨਾਸ਼ਕਾਂ ਅਤੇ ਘਟੀਆ ਬੀਜਾਂ ਦੀ ਵਿਕਰੀ ਨੂੰ ਰੋਕਣ ਲਈ ਵੀ ਗੰਭੀਰ ਹੈ। ਇਸ ਮਕਸਦ ਲਈ ਕੇਂਦਰ ਸਰਕਾਰ ਵੱਲੋਂ ਜਲਦ ਹੀ ਸਖ਼ਤ ਪੈਸਟੀਸਾਈਡ ਐਕਟ ਅਤੇ ਬੀਜ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਆਲੂ, ਪਿਆਜ਼ ਅਤੇ ਟਮਾਟਰ ਉਤਪਾਦਕਾਂ ਲਈ ਵੱਡੀ ਰਾਹਤ

ਕਿਸਾਨਾਂ ਨੂੰ ਫ਼ਸਲਾਂ ਦੇ ਵਾਜਬ ਭਾਅ ਦਿਵਾਉਣ ਅਤੇ ਬਾਜ਼ਾਰ ਵਿੱਚ ਕੀਮਤਾਂ ਦੇ ਉਤਰਾਅ-ਚੜ੍ਹਾਅ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕੇਂਦਰੀ ਮੰਤਰੀ ਨੇ ਦੋ ਅਹਿਮ ਰਾਹਤ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਆਲੂ, ਪਿਆਜ਼ ਜਾਂ ਟਮਾਟਰ ਦੇ ਭਾਅ ਡਿੱਗ ਜਾਂਦੇ ਹਨ, ਪਰ ਦਿੱਲੀ, ਮੁੰਬਈ, ਕੋਲਕਾਤਾ ਜਾਂ ਚੇਨਈ ਵਰਗੇ ਵੱਡੇ ਸ਼ਹਿਰਾਂ ਵਿੱਚ ਇਨ੍ਹਾਂ ਫ਼ਸਲਾਂ ਦੇ ਚੰਗੇ ਭਾਅ ਮਿਲ ਰਹੇ ਹੋਣ ਤਾਂ ਰਾਜ ਸਰਕਾਰ ਦੀਆਂ ਸੰਸਥਾਵਾਂ ਰਾਹੀਂ ਉਪਜ ਨੂੰ ਉੱਥੇ ਲਿਜਾ ਕੇ ਵੇਚਣ ਲਈ ਆਉਣ ਵਾਲਾ ਪੂਰਾ ਟਰਾਂਸਪੋਰਟੇਸ਼ਨ ਖਰਚ ਕੇਂਦਰ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

ਇਸ ਤੋਂ ਇਲਾਵਾ 'ਮਾਰਕੀਟਿੰਗ ਇੰਟਰਵੈਂਸ਼ਨ ਸਕੀਮ' ਤਹਿਤ ਜੇਕਰ ਕਿਸਾਨਾਂ ਨੂੰ ਆਪਣੀ ਫ਼ਸਲ ਬਹੁਤ ਘੱਟ ਕੀਮਤ 'ਤੇ ਵੇਚਣੀ ਪੈਂਦੀ ਹੈ ਤਾਂ ਕੇਂਦਰ ਅਤੇ ਸੂਬਾ ਸਰਕਾਰ 50-50 ਫ਼ੀਸਦੀ ਦੀ ਹਿੱਸੇਦਾਰੀ ਨਾਲ ਬਾਜ਼ਾਰ ਵਿੱਚ ਦਖ਼ਲ ਦੇਣਗੀਆਂ ਅਤੇ ਕੀਮਤਾਂ ਦੇ ਅੰਤਰ ਦੀ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ।

ਛੋਟੀ ਜੋਤ ਵਾਲੇ ਕਿਸਾਨਾਂ ਲਈ ਮਸ਼ੀਨੀਕਰਨ ਅਤੇ ਆਧੁਨਿਕ ਤਕਨੀਕ 'ਤੇ ਜ਼ੋਰ

ਸ਼੍ਰੀ ਚੌਹਾਨ ਨੇ ਬਿਨਾਂ ਡਰਾਈਵਰ ਤੋਂ ਚੱਲਣ ਵਾਲੇ ਆਧੁਨਿਕ ਮੈਪਿੰਗ ਆਧਾਰਿਤ ਟਰੈਕਟਰ ਦੀ ਵਰਤੋਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਛੋਟੀ ਜੋਤ ਵਾਲੇ ਕਿਸਾਨਾਂ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਮਸ਼ੀਨੀਕਰਨ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਖੇਤੀਬਾੜੀ ਸੂਬੇ ਦਾ ਵਿਸ਼ਾ ਹੈ, ਪਰ ਕਿਸਾਨਾਂ ਦੀ ਭਲਾਈ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵਿਚਕਾਰ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ (RKVY) ਤਹਿਤ ਭੇਜੇ ਗਏ ਸਾਰੇ ਪ੍ਰਸਤਾਵ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕਰ ਲਏ ਗਏ ਹਨ।

ਉਨ੍ਹਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਦਿੱਲੀ ਵਿੱਚ ਕੋਈ ਵੀ ਕਿਸਾਨ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਲੈ ਕੇ ਪਹਿਲਾਂ ਸਮਾਂ ਲੈ ਕੇ ਉਨ੍ਹਾਂ ਨਾਲ ਸਿੱਧੀ ਮੁਲਾਕਾਤ ਕਰ ਸਕਦਾ ਹੈ।

ਇਸ ਮੌਕੇ ਕੇਂਦਰੀ ਖੇਤੀਬਾੜੀ ਕਮਿਸ਼ਨਰ ਪੀ.ਕੇ. ਸਿੰਘ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਖੇਤੀ ਵਿਗਿਆਨੀ, ਅਧਿਕਾਰੀ ਅਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

ਐਸ.ਸੀ. ਸਿਖਿਆਰਥੀਆਂ ਲਈ 2 ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ 30 ਨਵੰਬਰ 2026 ਤੋਂ ਸ਼ੁਰੂ

ਸਿਖਲਾਈ ਉਪਰੰਤ ਦਿੱਤਾ ਜਾਵੇਗਾ 3500 ਰੁਪਏ ਵਜ਼ੀਫ਼ਾ

ਸਿਰਫ਼ ਐਸ.ਸੀ. ਨੌਜਵਾਨਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ

ਸਿਖਲਾਈ ਉਪਰੰਤ ਡੇਅਰੀ ਕਰਨ ’ਤੇ ਦਿੱਤੀ ਜਾਵੇਗੀ 33 ਫ਼ੀਸਦੀ ਸਬਸਿਡੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਨਵੰਬਰ:

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ Gurmeet Singh Khuddian ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰੀ ਵਰਿਆਮ ਸਿੰਘ ਦੀ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਐਸ.ਸੀ. ਬੇਰੁਜ਼ਗਾਰਾਂ ਨੂੰ 2 ਹਫ਼ਤਿਆਂ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 30 ਨਵੰਬਰ 2026 ਤੋਂ ਡੇਅਰੀ ਸਿਖਲਾਈ ਕੇਂਦਰ, ਚਤਾਮਲੀ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਸ੍ਰੀ ਹਰਵੰਤ ਸਿੰਘ, ਡਿਪਟੀ ਡਾਇਰੈਕਟਰ ਡੇਅਰੀ SAS Nagar ਨੇ ਦੱਸਿਆ ਕਿ ਇਸ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ 55 ਸਾਲ ਦੇ ਦਰਮਿਆਨ ਹੋਵੇ, ਘੱਟੋ-ਘੱਟ ਪੰਜਵੀਂ ਪਾਸ ਹੋਵੇ ਅਤੇ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਵੇ। ਪੰਜਾਬ ਸਰਕਾਰ ਵੱਲੋਂ ਇਹ ਸਿਖਲਾਈ ਮੁਫ਼ਤ ਕਰਵਾਈ ਜਾ ਰਹੀ ਹੈ, ਜਿਸਦੀ ਕੋਈ ਵੀ ਫ਼ੀਸ ਨਹੀਂ ਹੈ। ਬਲਕਿ ਸਿਖਿਆਰਥੀਆਂ ਨੂੰ ਸਿਖਲਾਈ ਉਪਰੰਤ 3500 ਰੁਪਏ ਪ੍ਰਤੀ ਸਿਖਿਆਰਥੀ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਡੇਅਰੀ ਇੰਸਪੈਕਟਰ ਮਿਸ ਗੁਰਪ੍ਰੀਤ ਅਤੇ ਮਿਸ ਵਰਤਿਕਾ ਨੇ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਡੇਅਰੀ ਸਿਖਲਾਈ ਨੂੰ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈ ਕੇ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾਂ ’ਤੇ ਲੈ ਕੇ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਖੇਤੀਬਾੜੀ ਦੇ ਨਾਲ-ਨਾਲ ਚੰਗੇ ਕਾਰੋਬਾਰ ਲਈ ਡੇਅਰੀ Dairy Farming  ਦਾ ਧੰਦਾ ਅਪਣਾਉਣਾ ਚਾਹੀਦਾ ਹੈ। ਚਾਹਵਾਨ ਐਸ.ਸੀ. ਲਾਭਪਾਤਰੀ ਡੇਅਰੀ ਡਿਪਟੀ ਡਾਇਰੈਕਟਰ ਡੇਅਰੀ ਮਾਰਫ਼ਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ. ਨਗਰ ਦੇ ਕਮਰਾ ਨੰਬਰ 434, ਤੀਜੀ ਮੰਜ਼ਿਲ ਤੋਂ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਆਪਣੀ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 7009982900, 8221024797 ’ਤੇ ਸੰਪਰਕ ਕਰ ਸਕਦੇ ਹਨ।


Monday, November 16, 2026

ਸੀ.ਏ.ਕਿਊ.ਐੱਮ ਦੇ ਮੈਂਬਰ ਸਕੱਤਰ ਤਰੁਣ ਪੀਠੋੜੇ ਵੱਲੋਂ ਸਟੱਬਲ ਬਰਨਿੰਗ ਬਾਰੇ ਪ੍ਰਸ਼ਾਸਨਿਕ, ਖੇਤੀਬਾੜੀ ਤੇ ਸਬੰਧਿਤ ਵਿਭਾਗੀ ਅਧਿਕਾਰੀਆਂ ਨਾਲ ਬੈਠਕ

ਕਿਹਾ, ਪਰਾਲੀ ਮੈਨੇਜਮੈਂਟ ਸਿਸਟਮ ਨੂੰ ਮਜ਼ਬੂਤ ਬਣਾਇਆ ਜਾਵੇ

ਫਾਜ਼ਿਲਕਾ 16 ਨਵੰਬਰ 2026…
ਸੀ.ਏ.ਕਿਊ.ਐੱਮ ਦੇ ਮੈਂਬਰ ਸਕੱਤਰ ਤਰੁਣ ਪੀਠੋੜੇ ਵੱਲੋਂ ਸਟੱਬਲ ਬਰਨਿੰਗ ਸੀਜ਼ਨ 2026-27 ਦੌਰਾਨ ਜ਼ਿਲ੍ਹੇ ਵਿੱਚ ਪਰਾਲੀ ਮੈਨੇਜਮੈਂਟ ਸਿਸਟਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਇੱਕ ਅਹਿਮ ਬੈਠਕ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸੀ.ਏ.ਕਿਊ.ਐੱਮ ਦੇ ਡਾਇਰੈਕਟਰ ਸ਼ਿਵੇਂਦਰਾ ਚਤੁਰਵੇਦੀ ਤੇ ਸੀ.ਏ.ਕਿਊ.ਐੱਮ ਦੇ ਵਿਗਿਆਨੀ-ਬੀ ਡਾ. ਰਮੇਸ਼ ਕੁਮਾਰ ਵੀ ਮੌਜੂਦ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐੱਸ.ਐੱਸ.ਪੀ ਗਗਨ ਅਜੀਤ ਸਿੰਘ; ਵਧੀਕ ਡਿਪਟੀ ਕਮਿਸ਼ਨਰ ਜਨ. ਡਾ. ਮਨਦੀਪ ਕੌਰ ਵੀ ਹਾਜ਼ਰ ਸਨ।
ਵਿਭਾਗੀ ਅਧਿਕਾਰੀਆਂ ਨਾਲ ਚਰਚਾ ਕਰਨ ਉਪਰੰਤ ਸੀ.ਏ.ਕਿਊ.ਐੱਮ ਦੇ ਮੈਂਬਰ ਸਕੱਤਰ ਤਰੁਣ ਪੀਠੋੜੇ ਵੱਲੋਂ ਜ਼ਿਲ੍ਹੇ ਵਿੱਚ ਬੇਲਰ ਮਸ਼ੀਨਰੀ, ਪਰਾਲੀ ਖੇਤ ਵਿੱਚ ਵਾਹੁਣ ਵਾਲੀਆਂ ਮਸ਼ੀਨਾਂ, ਪਰਾਲੀ ਪਰੋਟੈਕਸ਼ਨ ਫੋਰਸ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਮੈਂਬਰ ਸਕੱਤਰ ਤਰੁਣ ਪੀਠੋੜੇ ਨੇ ਦੱਸਿਆ ਕਿ ਪਰਾਲੀ ਮੈਨੇਜਮੈਂਟ ਸਿਸਟਮ ਨੂੰ ਮਜ਼ਬੂਤ ਬਣਾਇਆ ਜਾਵੇ ਅਤੇ ਕਿਸਾਨਾਂ ਦੀ ਡਿਮਾਂਡ ਤੇ ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਤੇ ਪਰਾਲੀ ਜਮੀਨ ਵਿੱਚ ਵਾਹੁਣ ਲਈ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਖੇਤਾਂ ਵਿੱਚ ਵਾਹ ਕੇ ਆਪਣੀ ਜ਼ਮੀਨ ਦਾ ਸੁਧਾਰ ਕਰਨ।
ਇਸ ਉਪਰੰਤ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਤੇ ਨਿਗ੍ਹਾਂ ਰੱਖਣ ਲਈ ਸੈਟੇਲਾਈਟ ਅਤੇ ਡਰੋਨ ਸਿਸਟਮ ਚੱਲ ਰਿਹਾ ਹੈ। ਇਸ ਤੋਂ ਇਲਾਵਾ 1 ਸੈਂਸਰ ਵੀ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੈਟੇਲਾਈਟ ਰਾਹੀਂ ਪ੍ਰਾਪਤ ਸੂਚੀ ਅਨੁਸਾਰ ਸਾਲ 2025 ਦੇ ਮੁਕਾਬਲੇ ਇਸ ਸਾਲ 2026 ਵਿੱਚ ਘੱਟ ਰਕਬੇ ਵਿੱਚ ਅੱਗ ਲੱਗੀ ਹੈ।
ਸੀ.ਏ.ਕਿਊ.ਐੱਮ ਦੇ ਮੈਂਬਰ ਸਕੱਤਰ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨਿਕ ਤੇ ਸਬੰਧਿਤ ਵਿਭਾਗੀ ਅਧਿਕਾਰੀ ਖਾਸ ਟੀਮਾਂ ਦੀ ਤਰ੍ਹਾਂ ਕੰਮ ਕਰਨ ਜਿੱਥੇ ਲੋੜ ਹੈ ਉੱਥੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਵਰਤੀ ਜਾਂਦੀ ਆਧੁਨਿਕ ਮਸ਼ੀਨਰੀ ਦੀ ਜੇਕਰ ਘਾਟ ਹੈ ਤਾਂ ਉਸ ਨੂੰ ਪੂਰਾ ਕੀਤਾ ਜਾਵੇ ਤੇ ਕਿਸਾਨਾਂ ਨੂੰ ਵੀ ਪਰਾਲੀ ਦੇ ਨਿਪਟਾਰੇ ਵਾਲੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਲਜੀਤ ਸਿੰਘ ਅਤੇ ਐੱਸ.ਡੀ.ਓ ਐੱਚ.ਬੀ ਸਿੰਘ ਅਤੇ ਖੇਤੀਬਾੜੀ ਅਫਸਰ ਡਾ. ਮਮਤਾ ਸਿੰਘ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Sunday, November 15, 2026

ਪੀ.ਏ.ਯੂ.-ਕੇ.ਵੀ.ਕੇ., ਸੰਗਰੂਰ ਵੱਲੋਂ ਚਾਰ ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਮਸ਼ੀਨਰੀ ਦੀਆਂ ਖੇਤ ਪ੍ਰਦਰਸ਼ਨੀਆਂ

ਇੱਕ ਦਰਜਨ ਤੋਂ ਵੱਧ ਪ੍ਰਦਰਸ਼ਨੀਆਂ ਰਾਹੀਂ ਕਿਸਾਨਾਂ ਨੂੰ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਅਤੇ ਮਲਚਰ ਦੀ ਵਰਤੋਂ ਬਾਰੇ ਦਿੱਤੀ ਜਾਣਕਾਰੀ

ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤ ਵਿੱਚ ਹੀ ਇਸ ਦਾ ਪ੍ਰਬੰਧਨ ਕਰਨ — ਡਾ. ਮਨਦੀਪ ਸਿੰਘ
ਸੰਗਰੂਰ, 16 ਨਵੰਬਰ

ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਝੋਨੇ ਦੀ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਦੇ ਉਦੇਸ਼ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਸੰਗਰੂਰ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਕੈਂਪਰ, ਚੱਠੇ ਨੱਕਟੇ, ਤੂੰਗਾਂ ਅਤੇ ਕਨੋਈ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਖੇਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਨ੍ਹਾਂ ਪ੍ਰਦਰਸ਼ਨੀਆਂ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ ਦੀ ਵਿਧੀ ਬਾਰੇ ਅਮਲੀ ਜਾਣਕਾਰੀ ਦਿੱਤੀ ਗਈ।
ਪ੍ਰੋਗਰਾਮ ਤਹਿਤ ਕਿਸਾਨਾਂ ਦੇ ਖੇਤਾਂ ਵਿੱਚ ਇੱਕ ਦਰਜਨ ਤੋਂ ਵੱਧ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਨ੍ਹਾਂ ਦੌਰਾਨ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਅਤੇ ਮਲਚਰ ਵਰਗੀਆਂ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐੱਮ.) ਮਸ਼ੀਨਾਂ ਚਲਾ ਕੇ ਦਿਖਾਈਆਂ ਗਈਆਂ। ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਦੇ ਕੰਮ ਕਰਨ ਦੇ ਢੰਗ ਅਤੇ ਖੇਤ ਵਿੱਚ ਇਨ੍ਹਾਂ ਦੀ ਸਹੀ ਵਰਤੋਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਪੀ.ਏ.ਯੂ.-ਕੇ.ਵੀ.ਕੇ., ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ-ਸਿਟੂ ਪਰਾਲੀ ਪ੍ਰਬੰਧਨ ਨਾਲ ਲੰਮੇ ਸਮੇਂ ਵਿੱਚ ਮਿੱਟੀ ਦੀ ਸਿਹਤ ਸੁਧਾਰਨ, ਮਿੱਟੀ ਵਿੱਚ ਨਮੀ ਬਰਕਰਾਰ ਰੱਖਣ ਅਤੇ ਵਾਤਾਵਰਣ ਦੀ ਸੰਭਾਲ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਪ੍ਰਥਾ ਪੂਰੀ ਤਰ੍ਹਾਂ ਛੱਡਣ ਲਈ ਪ੍ਰੇਰਿਤ ਕੀਤਾ।
ਕੇ.ਵੀ.ਕੇ., ਸੰਗਰੂਰ ਦੇ ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ) ਡਾ. ਸੁਨੀਲ ਕੁਮਾਰ ਨੇ ਕਿਸਾਨਾਂ ਨੂੰ ਸੀ.ਆਰ.ਐੱਮ. ਮਸ਼ੀਨਰੀ ਦੀ ਸਹੀ ਕੈਲੀਬ੍ਰੇਸ਼ਨ ਅਤੇ ਸੰਚਾਲਨ ਬਾਰੇ ਮਾਰਗਦਰਸ਼ਨ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਕੁਸ਼ਲ ਵਰਤੋਂ ਲਈ ਕਟਾਈ ਤੋਂ ਬਾਅਦ ਖੇਤ ਵਿੱਚ ਪਈ ਖੁੱਲ੍ਹੀ ਪਰਾਲੀ ਦਾ ਇੱਕਸਾਰ ਖਿੱਲਰਿਆ ਹੋਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਝੋਨੇ ਦੀ ਕਟਾਈ ਸਮੇਂ ਸਟਰਾਅ ਮੈਨੇਜਮੈਂਟ ਸਿਸਟਮ (ਐੱਸ.ਐੱਮ.ਐੱਸ.) ਨਾਲ ਲੈਸ ਕੰਬਾਈਨ ਹਾਰਵੈਸਟਰ ਵਰਤਣ ਦੀ ਸਲਾਹ ਦਿੱਤੀ।
ਕੇ.ਵੀ.ਕੇ., ਸੰਗਰੂਰ ਦੇ ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਡਾ. ਰੁਕਿੰਦਰਪ੍ਰੀਤ ਸਿੰਘ ਨੇ ਖੇਤ ਵਿੱਚ ਪਰਾਲੀ ਦਾ ਪ੍ਰਬੰਧਨ ਕਰਨ ਉਪਰੰਤ ਕਣਕ ਦੀ ਬਿਜਾਈ ਅਤੇ ਫ਼ਸਲ ਦੀ ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਬਿਜਾਈ ਤੋਂ ਪਹਿਲਾਂ ਕਣਕ ਦੇ ਬੀਜ ਦੀ ਸੋਧ, ਫ਼ਸਲ ਵਿੱਚ ਨਦੀਨਾਂ ਦੇ ਪ੍ਰਬੰਧਨ ਅਤੇ ਖਾਦਾਂ ਦੀ ਢੁੱਕਵੀਂ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ।
ਬੀ.ਐੱਸ.ਸੀ. ਖੇਤੀਬਾੜੀ ਦੇ ਰੂਰਲ ਐਗਰੀਕਲਚਰਲ ਵਰਕ ਐਕਸਪੀਰੀਅੰਸ (ਰਾਵੇ) ਪ੍ਰੋਗਰਾਮ ਦੇ ਵਿਦਿਆਰਥੀਆਂ ਨੇ ਵੀ ਇਨ੍ਹਾਂ ਪ੍ਰਦਰਸ਼ਨੀਆਂ ਦੇ ਆਯੋਜਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕਿਸਾਨਾਂ ਨਾਲ ਮਿਲ ਕੇ ਖੇਤਾਂ ਵਿੱਚ ਪ੍ਰਦਰਸ਼ਨੀਆਂ ਲਗਾਉਣ ਅਤੇ ਖੇਤੀ ਤਕਨੀਕਾਂ ਬਾਰੇ ਅਮਲੀ ਜਾਣਕਾਰੀ ਸਾਂਝੀ ਕਰਨ ਦਾ ਤਜ਼ਰਬਾ ਹਾਸਲ ਕੀਤਾ।

ਪਰਾਲੀ ਪ੍ਰਬੰਧਨ ਲੱਕੀ ਡਰਾਅ ਤਹਿਤ 1 ਲੱਖ ਦੇ ਇਨਾਮਾਂ ਲਈ 25 ਹੋਰ ਕਿਸਾਨਾਂ ਦੀ ਚੋਣ

*ਪਹਿਲਾ ਇਨਾਮ ਪਿੰਡ ਹਮੀਦੀ ਦੇ ਕਿਸਾਨ ਕੌਰ ਸਿੰਘ ਨੇ ਜਿੱਤਿਆ*

ਬਰਨਾਲਾ, 15 ਨਵੰਬਰ
ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ-2026 ਤਹਿਤ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਉਤਸ਼ਾਹਿਤ ਕਰਨ ਲਈ ਵਿੱਢੀ ਲੱਕੀ ਡਰਾਅ ਮੁਹਿੰਮ ਤਹਿਤ ਅੱਜ ਦੂਜੇ ਹਫਤੇ ਦੇ ਲੱਕੀ ਡਰਾਅ ਕੱਢੇ ਗਏ ਜਿਸ ਵਿਚ 25 ਹੋਰ ਅਗਾਹਵਧੂ ਕਿਸਾਨਾਂ ਦੀ ਚੋਣ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਰਾਹੀਂ ਦੂਜੇ ਹਫਤੇ ਦੇ ਡਰਾਅ ਤਹਿਤ 25 ਕਿਸਾਨਾਂ ਦੀ ਇਨਾਮਾਂ ਲਈ ਚੋਣ ਕੀਤੀ ਗਈ।
ਇਸ ਡਰਾਅ ਵਿੱਚ ਪਿੰਡ ਹਮੀਦੀ ਦੇ ਕਿਸਾਨ ਕੌਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ 20,000 ਰੁਪਏ ਦਾ ਇਨਾਮ ਜਿੱਤਿਆ। ਕਲਾਲ ਮਾਜਰਾ ਦੇ ਨਰਿੰਦਰਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕਰਕੇ 15,000 ਰੁਪਏ ਅਤੇ ਬਰਨਾਲਾ ਦੇ ਸੁਖਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ 10,000 ਰੁਪਏ ਦਾ ਇਨਾਮ ਜਿੱਤਿਆ। ਇਸ ਤੋਂ ਇਲਾਵਾ ਬਾਕੀ 22 ਚੁਣੇ ਗਏ ਕਿਸਾਨਾਂ ਨੂੰ 2,500-2,500 ਰੁਪਏ ਦੇ ਇਨਾਮ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੱਕੀ ਡਰਾਅ ਵਰਗੀਆਂ ਪਹਿਲ ਕਦਮੀਆਂ ਦਾ ਮੁੱਖ ਉਦੇਸ਼ ਪਰਾਲੀ ਪ੍ਰਬੰਧਨ ਵਿੱਚ ਵਧੀਆ ਯੋਗਦਾਨ ਪਾਉਣ ਵਾਲੇ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਆਧੁਨਿਕ ਅਤੇ ਵਾਤਾਵਰਣ ਪੱਖੀ ਖੇਤੀ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਿਵੇਕ ਮੋਦੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਦੀਆਂ ਗੱਠਾਂ ਬਣਾਉਣ, ਮਲਚਿੰਗ ਅਤੇ ਸੁਪਰ ਸੀਡਰ ਵਰਗੀਆਂ ਤਕਨੀਕਾਂ ਅਪਣਾ ਕੇ ਪਰਾਲੀ ਨੂੰ ਸਾੜਨ ਦੀ ਬਜਾਏ ਖੇਤੀ ਵਿੱਚ ਵਰਤਿਆ ਜਾ ਰਿਹਾ ਹੈ, ਜੋ ਕਿ ਵਾਤਾਵਰਣ ਦੀ ਸੰਭਾਲ ਅਤੇ ਖੇਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਬਹੁਤ ਮਹੱਤਵਪੂਰਨ ਹੈ।
ਉਨ੍ਹਾਂ ਸਾਰੇ ਚੁਣੇ ਗਏ ਕਿਸਾਨਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਕਰਨ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।
ਜ਼ਿਕਰਯੋਗ ਹੈ ਕਿ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ 'ਲੱਕੀ ਡਰਾਅ ਸਕੀਮ' ਚਲਾਈ ਗਈ ਹੈ। ਇਸ ਤਹਿਤ ਮੌਜੂਦਾ ਸੀਜ਼ਨ ਵਿਚ ਕੁੱਲ 7 ਹਫਤੇ 7 ਲੱਖ ਦੇ ਇਨਾਮ ਰੱਖੇ ਗਏ ਹਨ ਅਤੇ ਅਜੇ 5 ਹੋਰ ਲੱਕੀ ਡਰਾਅ ਕੱਢੇ ਜਾਣੇ ਹਨ।