*ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦਾ ਕਿਸਾਨ ਦੀ ਸਫਲਤਾ ਵਿੱਚ ਅਹਿਮ ਯੋਗਦਾਨ: ਡਾ. ਅਸ਼ੋਕ ਕੁਮਾਰ ਗਰਗ
ਸੰਗਰੂਰ, 25 ਮਾਰਚ
ਪੀ.ਏ.ਯੂ. ਦੇ ਕਿਸਾਨ ਮੇਲੇ Kisan Mela ਦੇ ਪਹਿਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Singh Mann ਵੱਲੋਂ ਅਗਾਂਹਵਧੂ ਅਤੇ ਵਿਗਿਆਨਕ ਖੇਤੀ ਨਾਲ ਜੁੜੇ ਕਿਸਾਨ ਸ. ਜਸਵੰਤ ਸਿੰਘ ਨੂੰ ਉਹਨਾਂ ਵੱਲੋਂ ਪਾਏ ਯੋਗਦਾਨ ਲਈ ਪੰਜਾਬ ਰਾਜ ਵਿੱਚ ਖੇਤ ਫ਼ਸਲਾਂ ਦੇ ਸਵੈ-ਕਾਸ਼ਤਕਾਰ ਲਈ “ਮੁੱਖ ਮੰਤਰੀ ਪੁਰਸਕਾਰ-2026 ” Mukh Mantri State Farmer Award ਨਾਲ ਸਨਮਾਨਿਤ ਕੀਤਾ ਗਿਆ।
ਪੀ.ਏ.ਯੂ. ਲੁਧਿਆਣਾ ਦੇ ਵਾਈਸ ਚਾਂਸਲਰ, ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਮੱਖਣ ਸਿੰਘ ਭੁੱਲਰ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਅਤੇ ਕਿਸਾਨ ਸ. ਜਸਵੰਤ ਸਿੰਘ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਸੰਗਰੂਰ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਪ੍ਰਾਪਤੀ ਦੱਸਿਆ।
ਇਸ ਬਾਰੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ ਸ. ਜਸਵੰਤ ਸਿੰਘ (43 ਸਾਲ) ਸਪੁੱਤਰ ਸ. ਬਲਦੇਵ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੂੰਦੜ ਭੈਣੀ ਦੇ ਅਗਾਂਹਵਧੂ ਅਤੇ ਵਿਗਿਆਨਕ ਸੋਚ ਵਾਲੇ ਕਿਸਾਨ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨਾਲ ਜੁੜੇ ਹੋਏ ਹਨ। ਉਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ 8 ਏਕੜ ਮਾਲਕੀ ਵਾਲੀ ਜ਼ਮੀਨ ਦੇ ਨਾਲ ਠੇਕੇ ਉੱਪਰ 7 ਏਕੜ ਜ਼ਮੀਨ ਲੈ ਕੇ ਫ਼ਸਲ ਉਤਪਾਦਨ ਅਤੇ ਸਹਾਇਕ ਕਿੱਤਿਆਂ ਨੂੰ ਬੜੀ ਸਫਲਤਾ ਨਾਲ ਕੀਤਾ ਹੈ।
ਕੁਦਰਤੀ ਸਰੋਤਾਂ ਦੀ ਸੰਭਾਲ ਪ੍ਰਤੀ ਸੁਚੇਤ ਸ. ਜਸਵੰਤ ਨੇ ਪੀ.ਏ.ਯੂ. ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨਾਲ ਜੁੜ ਕੇ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਅਤੇ ਪੀ.ਏ.ਯੂ. ਦੀ ਸਿਫ਼ਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਖੇਤ ਵਿਚ ਛੋਟੇ ਕਿਆਰੇ ਪਾਉਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਹਰ ਸਾਲ ਉਹਨਾਂ ਨਾਲ ਸਲਾਹ ਕਰ ਕੇ ਆਪਣੇ ਹਰੇਕ ਖੇਤ ਦੀ ਮਿੱਟੀ ਪਰਖ ਕਰਵਾਈ ਅਤੇ ਖੇਤ ਵਿਚ ਗਲੀ-ਸੜੀ ਰੂੜੀ ਦੀ ਵਰਤੋਂ ਕਰ ਕੇ ਜ਼ਮੀਨ ਨੂੰ ਉਪਜਾਊ ਅਤੇ ਤੱਤ ਭਰਪੂਰ ਬਣਾਇਆ। ਝੋਨੇ ਵਿਚ ਪਾਣੀ ਬਚਾਉਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 126 ਅਤੇ ਪੂਸਾ ਬਾਸਮਤੀ 1121 ਨੂੰ ਹਮੇਸ਼ਾਂ ਤਰਜੀਹ ਦਿੱਤੀ।
ਸ. ਜਸਵੰਤ ਸਿੰਘ ਨੇ ਡਾ. ਅਸ਼ੋਕ ਨਾਲ ਸਲਾਹ ਕਰਕੇ ਪਿਆਜ਼ ਦੀ ਖੇਤੀ ਸ਼ੁਰੂ ਕੀਤੀ, ਉਹਨਾਂ ਦੁਆਰਾ ਸਮੇਂ-ਸਮੇਂ 'ਤੇ ਖੇਤਾਂ ਵਿੱਚ ਜਾ ਕੇ ਖੇਤੀ ਸਬੰਧੀ ਲੋੜੀਂਦੀ ਸਲਾਹ ਲੈ ਕੇ 2 ਕਿੱਲਿਆਂ 'ਚੋਂ 440 ਕੁਇਟੰਲ ਪਿਆਜ਼ ਪੈਦਾ ਕੀਤੇ ਗਏ।ਪੀ.ਏ.ਯੂ. ਲੁਧਿਆਣਾ ਵਿਖੇ “ਫਲ ਅਤੇ ਸਬਜ਼ੀ ਸਬੰਧੀ ਵਰਕਸ਼ਾਪ” ਲਈ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨਾਲ ਮਿਤੀ 28.01.25 ਨੂੰ ਭਾਗ ਲੈਣ ਵੀ ਗਏ ਅਤੇ ਸਬਜ਼ੀ ਵਿਗਿਆਨੀਆਂ ਤੇ ਮਾਹਿਰਾਂ ਨਾਲ ਸੰਪਰਕ ਕਰਕੇ ਤੋਰੀਆਂ ਦਾ ਖੇਤ ਤਜਰਬਾ ਵੀ ਕੀਤਾ।
ਉਹਨਾਂ ਨੂੰ ਪੀ.ਏ. ਯੂ. ਦੀ “ਫਲ ਅਤੇ ਸਬਜ਼ੀ ਉਤਪਾਦਨ ਕਮੇਟੀ ਦੇ ਮੈਂਬਰ” ਵਜੋਂ ਸ਼ਾਮਿਲ ਕਰਵਾਇਆ ਗਿਆ। ਸਾਲ 2025 ਵਿੱਚ ਪਹਿਲੀ ਵਾਰ ਖੀਰੇ ਦੀ 2 ਏਕੜ ਰਕਬੇ 'ਤੇ ਬੈਡਾਂ ਤੇ ਮੱਲਚ ਕਰਕੇ ਕਾਸ਼ਤ ਕੀਤੀ ਅਤੇ 245 ਕੁਇੰਟਲ ਪ੍ਰਤੀ ਏਕੜ ਝਾੜ ਲਿਆ। ਨੀਵੀਂ ਸੁਰੰਗ ਵਿਧੀ ਨਾਲ ਸ਼ਿਮਲਾ ਮਿਰਚ ਦੀ ਖੇਤੀ ਵੀ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੀ ਮਦਦ ਨਾਲ 2025 ਵਿੱਚ ਸ਼ੁਰੂ ਕੀਤੀ। ਲਸਣ ਵੀ ਇੱਕ ਏਕੜ ਝੋਨੇ ਦੀ ਪਰਾਲੀ ਨਾਲ ਮੱਲਚ ਕਰਕੇ ਲਗਾਇਆ।
ਖੇਤੀ ਦਾ ਸਾਰਾ ਕੰਮ ਸ. ਜਸਵੰਤ ਸਿੰਘ ਆਪ ਖੁਦ ਕਰਦੇ ਹਨ ਅਤੇ ਪਰਿਵਾਰ ਦੇ ਹੋਰ ਮੈਂਬਰ (ਪਤਨੀ, ਬੇਟਾ ਅਤੇ ਦੋਸਤ ਸ. ਤਰਸੇਮ ਸਿੰਘ) ਵੀ ਨਾਲ ਹੱਥ ਵਟਾ ਦਿੰਦੇ ਹਨ। ਉਹਨਾਂ ਨੇ ਅੱਜ ਤਕ ਕੋਈ ਵੀ ਸਾਂਝੀ ਜਾਂ ਨੌਕਰ ਨਹੀਂ ਰੱਖਿਆ। ਉਪਰੋਕਤ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਪੀ.ਏ.ਯੂ. ਲੁਧਿਆਣਾ ਵਲੋਂ ਸ. ਜਸਵੰਤ ਸਿੰਘ ਨੂੰ ਪੰਜਾਬ ਰਾਜ ਵਿੱਚ ਖੇਤ ਫ਼ਸਲਾਂ ਦੇ ਸਵੈ-ਕਾਸ਼ਤਕਾਰ ਲਈ “ਮੁੱਖ ਮੰਤਰੀ ਪੁਰਸਕਾਰ-2026” ਨਾਲ ਸਨਮਾਨਿਤ ਕੀਤਾ ਗਿਆ ਹੈ।

No comments:
Post a Comment