Thursday, March 26, 2026

ਪਰਾਲੀ ਪ੍ਰਬੰਧਨ ਨਾਲ ਕਣਕ ਦੀ ਸਫਲ ਕਾਸ਼ਤ, ਕਿਸਾਨ ਉਤਸ਼ਾਹਿਤ

 ਸ੍ਰੀ ਮੁਕਤਸਰ ਸਾਹਿਬ, 26 ਮਾਰਚ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ PAU ਦੇ ਕ੍ਰਿਸ਼ੀ ਵਿਗਿਆਨ ਕੇਂਦਰ KVK, ਸ੍ਰੀ ਮੁਕਤਸਰ ਸਾਹਿਬ Muktsar ਵੱਲੋਂ ਪਰਾਲੀ ਪ੍ਰਬੰਧਨ Crop Residue Management ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਖੇਤ ਦਿਵਸ ਆਯੋਜਿਤ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ Malout ਬਲਾਕ ਦੇ ਪਿੰਡ ਤਰਖਾਣ ਵਾਲਾ ਅਤੇ ਬਲਾਕ ਮੁਕਤਸਰ ਦੇ ਪਿੰਡ ਖੱਪਿਆਂ ਵਾਲੀ ਵਿਖੇ ਖੇਤ ਦਿਵਸ ਲਗਾਏ ਗਏ, ਜਿਨ੍ਹਾਂ ਵਿੱਚ ਇਲਾਕੇ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪਸਾਰ ਸਿੱਖਿਆ) ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਰਾਲੀ ਸਾੜਨ Crop Residue Burning ਨਾਲ ਵਾਤਾਵਰਣ ਅਤੇ ਮਿੱਟੀ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਤਕਨੀਕਾਂ ਨੂੰ ਅਪਣਾਉਣ ਨਾਲ ਨਾ ਸਿਰਫ਼ ਵਾਤਾਵਰਣ ਦੀ ਸੁਰੱਖਿਆ ਹੁੰਦੀ ਹੈ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਅਤੇ ਖੇਤੀ ਖਰਚਿਆਂ ਵਿੱਚ ਕਮੀ ਵੀ ਆਉਂਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਦਾ ਸੁਚੱਜਾ ਪ੍ਰਬੰਧਨ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ Crop Residue Management ਨਾਲ ਸੰਬੰਧਿਤ ਵੱਖ-ਵੱਖ ਤਕਨੀਕਾਂ ਅਤੇ ਮਸ਼ੀਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਖੇਤ ਵਿੱਚ ਹੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਲਾਭ ਸਮਝਾਏ। ਉਨ੍ਹਾਂ ਨੇ ਮੌਜੂਦਾ ਫਸਲਾਂ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਾਉਣੀ ਰੁੱਤ ਲਈ ਕਿਸਾਨਾਂ ਨੂੰ ਤਿਆਰੀ ਕਰਨ ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਇਸ ਦੇ ਨਾਲ ਹੀ ਡਾ. ਸੁਖਜਿੰਦਰ ਸਿੰਘ ਮਾਨ, ਸਹਾਇਕ ਪ੍ਰੋਫੈਸਰ (ਫ਼ਲ ਵਿਗਿਆਨ) ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਤੇ ਬਾਗਬਾਨੀ ਫਸਲਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਆਪਣੀ ਘਰੇਲੂ ਲੋੜਾਂ ਦੀ ਪੂਰਤੀ ਲਈ ਪੌਸ਼ਟਿਕ ਬਗੀਚੀ ਲਗਾਉਣ ਲਈ ਪ੍ਰੇਰਿਤ ਕੀਤਾ।

ਇਹਨਾਂ ਪ੍ਰੋਗਰਾਮਾਂ ਦੌਰਾਨ ਇਹ ਗੱਲ ਖਾਸ ਤੌਰ ‘ਤੇ ਸਾਹਮਣੇ ਆਈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੇ ਪਰਾਲੀ ਵਾਲੇ ਖੇਤਾਂ ਵਿੱਚ ਕਣਕ ਦੀ ਕਾਸ਼ਤ ਦੌਰਾਨ ਬਹੁਤ ਘੱਟ ਦਿੱਕਤਾਂ ਦਾ ਸਾਹਮਣਾ ਕੀਤਾ, ਜੋ ਕਿ ਪਰਾਲੀ ਪ੍ਰਬੰਧਨ ਤਕਨੀਕਾਂ Crop Residue Management Techniques ਬਾਰੇ ਕਿਸਾਨਾਂ ਦੀ ਵਧਦੀ ਸਮਝ, ਸੁਧਰੇ ਹੁਨਰ ਅਤੇ ਬਿਹਤਰ ਤਿਆਰੀ ਨੂੰ ਦਰਸਾਉਂਦਾ ਹੈ। ਇਸ ਨਾਲ ਕਣਕ ਦੀ ਕਾਸ਼ਤ ਹੋਰ ਵੀ ਸੁਚੱਜੀ ਅਤੇ ਸਫਲ ਬਣੀ ਹੈ, ਜਿਸ ਨਾਲ ਕਿਸਾਨਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਸਾੜਨ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਅਪਣਾ ਕੇ ਵਾਤਾਵਰਣ ਦੀ ਸੁਰੱਖਿਆ ਅਤੇ ਟਿਕਾਊ ਖੇਤੀ ਵੱਲ ਕਦਮ ਵਧਾਉਣ।


No comments:

Post a Comment