Sunday, March 1, 2026

ਮੁੜ ਸੁਰਜੀਤ ਖੇਤੀ (Regenerative Agriculture) ਬਾਰੇ 4 ਦਿਨਾਂ ਦਾ ਟ੍ਰੇਨਿੰਗ ਪ੍ਰੋਗਰਾਮ ਸਮਾਪਤ

 -ਕੁਦਰਤੀ ਖੇਤੀ ਪ੍ਰਣਾਲੀ ਤੋਂ ਇਲਾਵਾ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣ ਬਾਰੇ ਦਿੱਤੀ ਗਈ ਜਾਣਕਾਰੀ

ਬਠਿੰਡਾ, 1 ਮਾਰਚ : ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਬਠਿੰਡਾ ਡਾ. ਤੇਜਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ RKVY ਅਤੇ ਆਤਮਾ ਸਕੀਮ ਅਧੀਨ “ਰਿਜਨਰੇਟਿਵ ਐਗ੍ਰੀਕਲਚਰ– ਇਕ ਕੁਦਰਤੀ ਖੇਤੀ ਪੱਧਤੀ” Regenerative Agriculture ਵਿਸ਼ੇ ’ਤੇ 4 ਦਿਨਾਂ ਦਾ ਸਿਖ਼ਲਾਈ ਪ੍ਰੋਗਰਾਮ ਸਥਾਨਕ ਖੇਤੀ ਭਵਨ ਵਿਖੇ ਕਰਵਾਇਆ ਗਿਆ।

ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ Regenerative Agriculture ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਅਤੇ ਕੁਦਰਤੀ ਖੇਤੀ ਪ੍ਰਣਾਲੀਆਂ ਬਾਰੇ ਜਾਗਰੂਕ ਕਰਨਾ, ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਅਤੇ ਖੇਤੀ ਨੂੰ ਟਿਕਾਊ ਅਤੇ ਲਾਭਕਾਰੀ ਬਣਾਉਣਾ ਸੀ।

ਸਿਖ਼ਲਾਈ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਰ ਡਾ. ਤੇਜਬੀਰ ਸਿੰਘ ਬੁੱਟਰ, ਡਾ. ਪ੍ਰੀਤਪਾਲ ਸਿੰਘ, ਡਾ. ਨਵਨੀਤ ਕੌਰ, ਡਾ. ਜਸਰੀਤ ਕੌਰ ਅਤੇ ਡਾ. ਗੁਰਦੀਪ ਸਿੰਘ ਵੱਲੋਂ Regenerative Agriculture ਦੇ ਸੰਕਲਪ ਅਤੇ ਸਿਧਾਂਤ, ਮਿੱਟੀ ਦੀ ਸਿਹਤ ਅਤੇ ਮਿੱਟੀ ਜੀਵ ਵਿਗਿਆਨ, ਸੋਇਲ ਹੈਲਥ ਕਾਰਡ ਦੀ ਸਮਝ, ਫ਼ਸਲ ਯੋਜਨਾ, ਜੈਵਿਕ ਪੋਸ਼ਕ ਪ੍ਰਬੰਧਨ (ਜੀਵਾਮ੍ਰਿਤ, ਬੀਜਾਮ੍ਰਿਤ, ਵਰਮੀਕੰਪੋਸਟ), ਕੁਦਰਤੀ ਕੀਟ ਅਤੇ ਰੋਗ ਪ੍ਰਬੰਧਨ ਅਤੇ ਰਿਜਨਰੇਟਿਵ ਖੇਤੀ ਦੇ ਅਰਥਸ਼ਾਸ਼ਤ੍ਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਸਮਾਗਮ ਦੇ ਆਖਰੀ ਦਿਨ ਭਾਗੀਦਾਰਾਂ ਨੂੰ ਸੋਹਨਗੜ੍ਹ ਕੁਦਰਤੀ ਫਾਰਮ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਕੁਦਰਤੀ ਖੇਤੀ ਦੇ ਸਫਲ ਮਾਡਲਾਂ ਦਾ ਮੌਕੇ ’ਤੇ ਅਧਿਐਨ ਕੀਤਾ। ਇਸ ਮੌਕੇ ਸਟੇਜ ਸੰਚਾਲਨ ਡੀ.ਪੀ.ਡੀ. ਆਤਮਾ ਨਰੇਂਦਰ ਗੋਦਾਰਾ ਅਤੇ ਬੀ.ਟੀ.ਐਮ. ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਬੀ.ਟੀ.ਐਮ. ਮਨਦੀਪ ਕੌਰ ਅਤੇ ਨਵਜੀਤ ਸਿੰਘ (ਕੰਪਿਊਟਰ ਆਪਰੇਟਰ) ਵੀ ਹਾਜ਼ਰ ਸਨ।

No comments:

Post a Comment