-ਲੋੜ ਤੋਂ ਵੱਧ ਖ਼ਾਦਾਂ ਦੀ ਵਰਤੋਂ ਨੁਕਸਾਨ ਦੇਹ : ਡਾ. ਭੁਪਿੰਦਰ ਸਿੰਘ ਏ.ਓ
-ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਗਿਆ ਸਨਮਾਨਿਤ
ਤਰਨ ਤਾਰਨ, 20 ਮਈ - ਮੁੱਖ ਖੇਤੀਬਾੜੀ ਅਫ਼ਸਰ ਤਰਨ ਤਰਨ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ Direct Sowing of Rice ਸਬੰਧੀ ਤਕਨੀਕੀ ਜਾਣਕਾਰੀ ਦੇਣ ਹਿੱਤ ਆਤਮਾ ਸਕੀਮ ਅਧੀਨ ਕਿਸਾਨ ਗੋਸ਼ਠੀ ਦਾ ਆਯੋਜਨ ਪੱਟੀ ਵਿਖੇ ਕੀਤਾ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ. ਭੁਪਿੰਦਰ ਸਿੰਘ, ਡਾ. ਗੁਰਬਰਿੰਦਰ ਸਿੰਘ ਏ.ਡੀ.ਓ, ਡਾ. ਹਰਮਨਦੀਪ ਕੌਰ ਏ.ਡੀ.ਓ, ਦਇਆਪ੍ਰੀਤ ਸਿੰਘ ਏ.ਈ.ਓ, ਹਰਕੀਰਤ ਸਿੰਘ ਏ.ਈ.ਓ, ਡਾ. ਅਮਨਦੀਪ ਸਿੰਘ ਏ.ਈ.ਓ, ਡਾ. ਪਰਮਿੰਦਰ ਕੌਰ ਏ.ਡੀ.ਓ ਅਤੇ ਪੀ.ਏ.ਯੂ ਲੁਧਿਆਣਾ ਦੇ ਤਰਨ ਤਾਰਨ ਸਥਿਤ ਜ਼ਿਲ੍ਹਾ ਪ੍ਰਸਾਰ ਮਾਹਿਰ ਡਾ. ਪਰਮਿੰਦਰ ਸਿੰਘ ਸੰਧੂ, ਡਾ. ਪਰਮਿੰਦਰ ਕੌਰ ਅਤੇ ਡਾ. ਸਵਰੀਤ ਖਹਿਰਾ ਨੇ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ, ਫਲਦਾਰ ਬੂਟਿਆਂ, ਘਰੇਲੂ ਬਗੀਚੀ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਇਸ ਮੌਕੇ ਮਾਹਿਰਾਂ ਨੇ ਕਿਹਾ ਕਿ ਫ਼ਸਲ ਤੋਂ ਵਧੀਆ ਝਾੜ ਅਤੇ ਕੁਆਲਿਟੀ ਪ੍ਰਾਪਤ ਕਰਨ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਬਿਹਤਰ ਰੱਖਣ ਲਈ ਜੀਵਕ ਅਤੇ ਰਸਾਇਣਕ ਖਾਦਾਂ ਦਾ ਸੁਮੇਲ ਬਹੁਤ ਜ਼ਰੂਰੀ ਹੈ। ਖ਼ਾਦਾਂ ਤੋਂ ਜ਼ਿਆਦਾ ਫਾਇਦਾ ਲੈਣ ਵਾਸਤੇ ਖ਼ਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ 'ਤੇ ਕਰਨੀ ਚਾਹੀਦੀ ਹੈ। ਖੇਤਾਂ ਵਿੱਚ ਸੱਠੀ ਮੂੰਗੀ ਦੀਆਂ ਫਲੀਆਂ ਤੋੜ ਕੇ ਟਾਂਗਰ ਨੂੰ ਝੋਨਾ ਲਾਉਣ ਤੋਂ ਇਕ ਦਿਨ ਪਹਿਲਾਂ ਖੇਤ ਵਿੱਚ ਵਾਹੁਣ ਨਾਲ ਪ੍ਰਤੀ ਏਕੜ 35 ਕਿਲੋ Urea ਦੀ ਬੱਚਤ ਹੋ ਜਾਂਦੀ ਹੈ। ਇਸਦੇ ਬਦਲ ਵਿੱਚ ਜੰਤਰ ਦੀ ਹਰੀ ਖ਼ਾਦ ਨਾਲ ਝੋਨੇ ਦੀ ਫ਼ਸਲ ਵਿੱਚ ਪ੍ਰਤੀ ਏਕੜ 55 ਕਿਲੋ ਯੂਰੀਆ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਧਨ ਦੀ ਬੱਚਤ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਅਤੇ ਉਪਜਾਊ ਸ਼ਕਤੀ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ। ਇਸ ਮੌਕੇ ਸਾਇੰਸਦਾਨਾਂ ਅਤੇ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੇ ਸਹਿਮਤੀ ਪ੍ਰਗਟਾਈ ਕਿ ਰਵਾਇਤੀ ਕੱਦੂ ਤਕਨੀਕ ਦੇ ਮੁਕਾਬਲੇ ਸਿੱਧੀ ਬਿਜਾਈ ਵਧੀਆ, ਸਸਤੀ ਅਤੇ ਸੌਖੀ ਤਕਨੀਕ ਹੈ। ਇਸ ਨਾਲ ਵਾਧੂ ਪਾਣੀ ਰਿਚਾਰਜ ਹੋ ਜਾਂਦਾ ਹੈ ਅਤੇ ਫ਼ਸਲ ਨੂੰ ਘੱਟ ਬਿਮਾਰੀ ਲੱਗਦੀ ਹੈ। ਨਾਲ ਦੀ ਨਾਲ ਅਗਲੀ ਬੀਜੀ ਜਾਣ ਵਾਲੀ ਕਣਕ ਦੀ ਫ਼ਸਲ ਦਾ ਝਾੜ ਵੀ ਪ੍ਰਤੀ ਏਕੜ ਜ਼ਿਆਦਾ ਹੁੰਦਾ ਹੈ। ਸਿੱਧੀ ਬਿਜਾਈ ਤੋਂ ਚੰਗੇ ਨਤੀਜੇ ਲੈਣ ਲਈ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਦੂਜੇ ਪੰਦਰਵਾੜੇ ਤੱਕ ਢੁਕਵਾਂ ਸਮਾਂ ਹੈ। ਬੀਜ ਨੂੰ ਪੋਟਾਸ਼ੀਅਮ ਨਾਈਟ੍ਰੇਟ ਅਤੇ ਸਪਰਿੰਟ ਦਵਾਈ ਨਾਲ ਸੋਧ ਲੈਣ ਉਪਰੰਤ ਬੀਜ਼ ਅਤੇ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਤਰ ਵੱਤਰ ਖੇਤਾਂ ਵਿੱਚ ਬਿਜਾਈ ਸਮੇਂ ਅਤੇ ਸੁੱਕੇ ਖੇਤਾਂ ਵਿੱਚ ਪਾਣੀ ਲਾਉਣ ਤੋਂ ਬਾਅਦ ਪੈਂਡੀਮੈਥਾਲੀਨ 30 ਈਸੀ ਜਾਂ ਪੇਪੇ 25 ਐਸਈ ਦਾ ਛਿੜਕਾਅ ਕਰਨ ਨਾਲ ਫ਼ਸਲ ਮੁੱਢਲੇ ਦਿਨਾਂ ਵਿੱਚ ਨਦੀਨ ਰਹਿਤ ਰਹਿੰਦੀ ਹੈ । ਖੜੀ ਫ਼ਸਲ ਵਿੱਚ ਜੇ ਨਦੀਨਾਂ ਦੀ ਸਮੱਸਿਆ ਆਉਂਦੀ ਹੈ ਤਾਂ ਨਦੀਨ ਨਾਸ਼ਕਾਂ ਦੀ ਚੋਣ ਖੇਤ ਵਿੱਚ ਉੱਗੇ ਨਦੀਨਾਂ ਦੀ ਕਿਸਮ ਦੇ ਆਧਾਰ 'ਤੇ ਮਾਹਿਰਾਂ ਦੀ ਸਲਾਹ ਨਾਲ ਕੀਤੀ ਜਾਵੇ ਅਤੇ ਛਿੜਕਾਅ ਸਮੇਂ ਨਦੀਨ ਦੋ ਤਿੰਨ ਪੱਤਿਆਂ ਦੀ ਅਵਸਥਾ ਤੋਂ ਵੱਡੇ ਨਾ ਹੋਣ।ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਜੇਕਰ ਕੋਈ ਕਿਸਾਨ ਝੋਨੇ ਦੇ ਬਜਾਏ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਦਾ ਹੈ ਤਾਂ ਪ੍ਰਤੀ ਏਕੜ 7 ਹਜ਼ਾਰ ਰੁਪਏ ਅਤੇ ਜੇਕਰ ਕੋਈ ਕਿਸਾਨ ਰਵਾਇਤੀ ਤਕਨੀਕ ਦੀ ਬਜਾਏ ਸਿੱਧੀ ਬਿਜਾਈ ਕਰੇਗਾ ਤਾਂ ਉਸ ਨੂੰ ਪ੍ਰਤੀ ਏਕੜ 1500 ਰੁਪਏ ਪ੍ਰੋਤਸਾਹਨ ਰਾਸ਼ੀ ਮਿਲੇਗੀ। ਇਸ ਦੌਰਾਨ ਖ਼ਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨ ਦੀ ਸਲਾਹ ਦਿੰਦੇ ਦੱਸਿਆ ਕਿ ਜੇਕਰ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖ਼ਾਦ ਪਾਈ ਹੋਵੇ ਤਾਂ ਝੋਨੇ ਨੂੰ ਫਾਸਫੋਰਸ ਖ਼ਾਦ ਪਾਉਣ ਦੀ ਲੋੜ ਨਹੀਂ। ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੇ ਵੀ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਕਿਸਾਨਾਂ ਨੂੰ ਕਿਹਾ ਗਿਆ ਕਿ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਕਿਸਾਨ ਆਈ.ਡੀ ਬਣਵਾਉਣ। ਇਸ ਦੌਰਾਨ ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਗੁਰਸਿਮਰਨ ਸਿੰਘ, ਬਾਜਾ ਸਿੰਘ ਖੇਤੀ ਉਪ ਨਿਰੀਖਕ, ਫਤਿਹ ਸਿੰਘ ਬੇਲਦਰ, ਦਿਲਬਾਗ ਸਿੰਘ, ਬਲਜੀਤ ਕੌਰ, ਗੁਰਦੇਵ ਸਿੰਘ ਖੇਤੀ ਸਹਾਇਕ ਪ੍ਰਬੰਧਕ ਅਤੇ ਇਲਾਕੇ ਦੇ ਕਿਸਾਨਾਂ ਨੇ ਸਹਿਯੋਗ ਅਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।
.jpeg)
No comments:
Post a Comment