ਸਿੱਧੀ ਬਿਜਾਈ ਰਾਹੀਂ ਧਰਤੀ ਹੇਠਲੇ ਪਾਣੀ ਦੀ ਹੁੰਦੀ ਹੈ ਬੱਚਤ : ਮੁੱਖ ਖੇਤੀਬਾੜੀ ਅਫ਼ਸਰ
ਕਿਸਾਨ ਵੀਰ 01 ਮਈ ਤੋਂ 15 ਜੂਨ ਤੱਕ ਪੋਰਟਲ 'ਤੇ ਕਰਵਾਉਣ ਰਜਿਸਟ੍ਰੇਸ਼ਨ
ਬਠਿੰਡਾ, 6 ਮਈ : ਝੋਨੇ ਦੀ ਸਿੱਧੀ ਬਿਜਾਈ Direct Sowing of Rice ਰਾਹੀਂ ਧਰਤੀ ਹੇਠਲੇ ਡਿਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨ ਵੀਰਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਮੱਦਦ ਦਿੱਤੀ ਜਾ ਰਹੀ ਹੈ ।
ਇਹ ਜਾਣਕਾਰੀ ਦਿੰਦਿਆਂ ਡਾ. ਹਰਪ੍ਰੀਤਪਾਲ ਕੌਰ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਨੇ ਦੱਸਿਆ ਕਿ ਸਕੀਮ ਦਾ ਲਾਹਾ ਲੈਣ ਲਈ ਕਿਸਾਨ ਵੀਰ ਆਪਣੀ ਰੇਜਿਸਟ੍ਰੇਸ਼ਨ 01 ਮਈ ਤੋਂ 15 ਜੂਨ ਤੱਕ ਪੋਰਟਲ https://agrisubsidy.agrimachinerypb.com/#/dsr-registration 'ਤੇ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਜਾ ਰਹੇ ਪੱਧਰ ਨੂੰ ਠੱਲ੍ਹ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਣੀ ਬਚਾਉਣ ਦੇ ਮੰਤਵ ਲਈ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ 2026 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮੱਦਦ ਦਿੱਤੀ ਜਾ ਰਹੀ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 15-20 ਫ਼ੀਸਦੀ ਪਾਣੀ ਦੀ ਬੱਚਤ ਦੇ ਨਾਲ-ਨਾਲ ਜ਼ਮੀਨ ਵਿੱਚ ਪਾਣੀ ਦਾ ਰਿਚਾਰਜ਼, ਕੱਦੂ ਕਰਕੇ ਝੋਨਾ ਲਾਉਣ ਦੇ ਮੁਕਾਬਲੇ 10-12 ਪ੍ਰਤੀਸ਼ਤ ਵਧੇਰੇ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਇਸ ਵਿਧੀ ਨਾਲ ਬਿਜਾਈ ਕਰਨ ਨਾਲ ਕਿਸਾਨ ਵੀਰਾਂ ਦੇ ਮਜ਼ਦੂਰੀ ਦੀ ਬੱਚਤ ਅਤੇ ਫ਼ਸਲ ਨੂੰ ਬਿਮਾਰੀ ਘੱਟ ਲੱਗਣ ਕਰਕੇ ਖੇਤੀ ਖ਼ਰਚੇ ਘੱਟਦੇ ਹਨ, ਉੱਥੇ ਹੀ ਝੋਨੇ ਦੀ ਪਰਾਲੀ ਦਾ ਸੌਖਾ ਪ੍ਰਬੰਧਨ ਅਤੇ ਇਸ ਉਪਰੰਤ ਬੀਜੀ ਕਣਕ ਦਾ ਝਾੜ ਵੀ ਵਧੇਰੇ ਨਿਕਲਦਾ ਹੈ।
ਡਾ. ਹਰਪ੍ਰੀਤਪਾਲ ਕੌਰ ਨੇ ਕਿਹਾ ਕਿ ਕਿਸਾਨ ਭਰਾ ਇਸ ਸਕੀਮ ਦਾ ਲਾਭ ਲੈਣ ਲਈ 01 ਮਈ ਤੋਂ 15 ਜੂਨ ਤੱਕ ਵਿਭਾਗ ਦੇ ਪੋਰਟਲ https://agrisubsidy.agrimachinerypb.com/#/dsr-registration ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕਿਸਾਨ ਭਰਾ ਸਿਰਫ਼ ਆਪਣੇ ਆਧਾਰ ਕਾਰਡ ਅਤੇ ਇਸ ਨਾਲ ਰਜਿਸਟਰਡ ਮੋਬਾਇਲ ਨੰਬਰ ਨਾਲ ਆਪਣੇ-ਆਪ ਨੂੰ ਰਜਿਸਟਰ ਕਰ ਸਕਦੇ ਹਨ। ਕਿਸਾਨਾਂ ਦੇ ਨਿੱਜੀ ਅਤੇ ਬੈਂਕ ਦੇ ਵੇਰਵੇ ਅਨਾਜ ਖਰੀਦ/ਈ ਮੰਡੀਕਰਨ ਪੋਰਟਲ ਤੋਂ ਲਏ ਜਾਣਗੇ। ਕਿਸਾਨਾਂ ਵੀਰਾਂ ਵੱਲੋਂ ਕੇਵਲ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ (ਕਨਾਲ/ਮਰਲਾ ਜਾਂ ਬਿੱਘੇ/ਵਿਸਵੇ) ਅਤੇ ਰਕਬੇ ਦਾ ਸਥਾਨ ਜ਼ਿਲ੍ਹਾ/ ਤਹਿਸੀਲ/ਪਿੰਡ/ਖੇਵਟ ਨੰਬਰ/ ਖਸਰਾ ਨੰਬਰ ਆਦਿ ਦੀ ਜਾਣਕਾਰੀ ਹੀ ਭਰੀ ਜਾਣੀ ਹੈ। ਝੋਨੇ ਦੀ ਬਿਜਾਈ ਬਾਰੇ ਵਧੇਰੇ ਤਕਨੀਕੀ ਅਤੇ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਸਰਕਲ/ਬਲਾਕ ਪੱਧਰ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਸਕਦੇ ਹਨ।

No comments:
Post a Comment