ਇਨ੍ਹਾਂ ਕਿਸਮਾਂ ਦੀ ਬਿਜਾਈ ਨਾਲ ਪਾਣੀ/ਬਿਜਲੀ ਦੀ ਬੱਚਤ ਤੋਂ ਇਲਾਵਾ ਖਰਚਾ ਵੀ ਹੁੰਦਾ ਹੈ ਘੱਟ
ਬਠਿੰਡਾ, 19 ਮਈ :
ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ KVK, ਬਠਿੰਡਾ Bathinda ਵੱਲੋਂ ਕਿਸਾਨਾਂ ਨੂੰ ਝੋਨੇ Paddy Verities ਦੀਆਂ ਪੀ.ਏ.ਯੂ ਵੱਲੋਂ ਪ੍ਰਮਾਣਿਤ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਲਈ ਪ੍ਰੇਰਿਤ ਕਰਨ ਵਾਸਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਨਿਰੰਤਰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਕੇਂਦਰ ਦੀ ਟੀਮ ਵੱਲੋਂ ਰੋਜ਼ਾਨਾ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਘੱਟ ਪਾਣੀ ਦੀ ਖਪਤ ਵਾਲੀਆਂ ਝੋਨੇ ਦੀਆਂ ਉੱਨਤ ਕਿਸਮਾਂ ਅਤੇ ਉਨ੍ਹਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ, ਕੇ.ਵੀ.ਕੇ. ਬਠਿੰਡਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਧਰਤੀ ਹੇਠਲੇ ਪਾਣੀ Ground Water ਦਾ ਪੱਧਰ ਲਗਾਤਾਰ ਘਟ ਰਿਹਾ ਹੈ, ਜਿਸ ਕਾਰਨ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਸਮੇਂ ਦੀ ਲੋੜ ਬਣ ਗਈ ਹੈ। ਉਹਨਾਂ ਕਿਹਾ ਕਿ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਘੱਟ ਪਾਣੀ ਦੀ ਵਰਤੋਂ ਕਰਦੀਆਂ ਹਨ ਅਤੇ ਕਿਸਾਨਾਂ ਨੂੰ ਪਾਣੀ ਅਤੇ ਬਿਜਲੀ ਦੀ ਬਚਤ ਦੇ ਨਾਲ-ਨਾਲ ਖੇਤੀ ਦੀ ਲਾਗਤ ਘਟਾਉਣ ਵਿੱਚ ਵੀ ਮਦਦ ਕਰਦੀਆਂ ਹਨ।
ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਘੱਟ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਈ ਉੱਨਤ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਲਗਭਗ 90 ਤੋਂ 110 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਇਹ ਕਿਸਮਾਂ ਨਾ ਸਿਰਫ ਵਧੀਆ ਝਾੜ ਦਿੰਦੀਆਂ ਹਨ, ਸਗੋਂ ਚੌਲਾਂ ਦੀ ਗੁਣਵੱਤਾ ਦੇ ਮਾਮਲੇ ਵਿੱਚ ਵੀ ਉੱਤਮ ਮੰਨੀਆਂ ਜਾਂਦੀਆਂ ਹਨ।
ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਝੋਨੇ ਦੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਨਵੀਂ ਕਿਸਮ PR-133 ਖੇਤ ਵਿੱਚ ਲਵਾਈ ਤੋਂ ਬਾਅਦ ਕਰੀਬ 110 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦਾ ਔਸਤ ਝਾੜ ਲਗਭਗ 30.5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਨਾਲ ਹੀ ਇਸ ਕਿਸਮ ਦੀ ਚੌਲਾਂ ਦੀ ਰਿਕਵਰੀ ਵੀ ਬਹੁਤ ਚੰਗੀ ਹੈ। ਇਸ ਵਿੱਚ ਕੁੱਲ ਚੌਲਾਂ ਦੀ ਮਾਤਰਾ 68.05 ਪ੍ਰਤੀਸ਼ਤ ਅਤੇ ਸਾਬਤ ਚੌਲਾਂ ਦੀ ਮਾਤਰਾ 62.03 ਪ੍ਰਤੀਸ਼ਤ ਦਰਜ ਕੀਤੀ ਗਈ ਹੈ, ਜਿਸ ਕਾਰਨ ਇਹ ਕਿਸਮ ਕਿਸਾਨਾਂ ਲਈ ਵਧੀਆ ਵਿਕਲਪ ਸਾਬਤ ਹੋ ਸਕਦੀ ਹੈ।
ਉਹਨਾਂ ਅੱਗੇ ਦੱਸਿਆ ਕਿ ਝੋਨੇ ਦੀ ਸਭ ਤੋਂ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸਮ PR-126 ਸਿਰਫ 93 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਲਗਭਗ 30 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪੀ.ਆਰ. 132, ਪੀ.ਆਰ. 131 ਅਤੇ ਪੀ.ਆਰ. 128 ਕਿਸਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਖੇਤਾਂ ਅਤੇ ਪਾਣੀ ਦੀ ਉਪਲਬਧਤਾ ਅਨੁਸਾਰ ਢੁੱਕਵੀਂ ਕਿਸਮ ਦੀ ਚੋਣ ਕਰ ਸਕਣ।
ਉਹਨਾਂ ਕਿਸਾਨਾਂ ਨੂੰ ਸਿਫਾਰਸ਼ ਕੀਤੀ ਕਿ ਦਰਮਿਆਨੇ ਸਮੇਂ ਦੀਆਂ ਕਿਸਮਾਂ ਦੀ ਪਨੀਰੀ 20 ਤੋਂ 25 ਮਈ ਦੇ ਦਰਮਿਆਨ ਬੀਜਣੀ ਚਾਹੀਦੀ ਹੈ, ਜਦਕਿ ਘੱਟ ਸਮੇਂ ਵਾਲੀ ਕਿਸਮ ਪੀ.ਆਰ. 126 ਦੀ ਪਨੀਰੀ 25 ਮਈ ਤੋਂ 20 ਜੂਨ ਤੱਕ ਬੀਜੀ ਜਾ ਸਕਦੀ ਹੈ। ਸਮੇਂ ਸਿਰ ਪਨੀਰੀ ਦੀ ਬਿਜਾਈ ਕਰਨ ਨਾਲ ਫਸਲ ਦਾ ਵਾਧਾ ਚੰਗਾ ਹੁੰਦਾ ਹੈ ਅਤੇ ਵਧੀਆ ਝਾੜ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਉਪਰੋਕਤ ਸਾਰੀਆਂ ਪ੍ਰਮਾਣਿਤ ਕਿਸਮਾਂ ਦੇ ਬੀਜ ਹਫ਼ਤੇ ਦੇ ਸਾਰੇ ਦਿਨ ਕਿਸਾਨਾਂ ਲਈ ਉਪਲਬਧ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਮਾਣਿਤ ਬੀਜਾਂ ਦੀ ਹੀ ਵਰਤੋਂ ਕਰਨ ਅਤੇ ਵਿਗਿਆਨਕ ਸਿਫਾਰਸ਼ਾਂ ਅਨੁਸਾਰ ਝੋਨੇ ਦੀ ਕਾਸ਼ਤ ਕਰਕੇ ਪਾਣੀ ਦੀ ਬਚਤ ਅਤੇ ਵੱਧ ਮੁਨਾਫ਼ਾ ਯਕੀਨੀ ਬਣਾਉਣ।

No comments:
Post a Comment