Sunday, June 14, 2026

ਔਸ਼ਧੀ ਗੁਣਾਂ ਵਾਲੀ ਖੁੰਬ ਦੀ ਕਾਸ਼ਤ ਤੋਂ ਸਾਲਾਨਾ 8 ਲੱਖ ਰੁਪਏ ਕਮਾ ਰਿਹਾ ਪਿੰਡ ਬੱਲੋਕੇ ਦਾ ਕਿਸਾਨ

*ਇਕ ਲੱਖ ਰੁਪਏ ਪ੍ਰਤੀ ਕਿਲੋ ਵਿਕਦੀ ਹੈ ਕੋਰਡੀਸੈਪਸ, ਦੇਸ਼-ਵਿਦੇਸ਼ ਵਿੱਚ ਜਾਂਦੀ ਹੈ ਖੁੰਬ*

ਬਰਨਾਲਾ, 14 ਜੂਨ
   ਜ਼ਿਲ੍ਹਾ Barnala ਦੇ ਪਿੰਡ ਬੱਲੋਕੇ ਦੇ 41 ਸਾਲਾ ਅਗਾਂਹਵਧੂ ਕਿਸਾਨ ਨੇ ਵਿਲੱਖਣ ਕਿਸਮ ਦੀ ਔਸ਼ਧੀ ਖੁੰਬ ਕੋਰਡੀਸੈਪਸ ਮਿਲੀਟੇਰਿਸ  Cordyceps Militaris Mushroom ਦੀ ਕਾਸ਼ਤ ਰਾਹੀਂ ਸਫਲਤਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ।
   ਆਰਟਸ ਵਿੱਚ ਗ੍ਰੈਜੂਏਟ ਰਸ਼ਪਾਲ ਸਿੰਘ ਪੁੱਤਰ ਤੀਰਥ ਸਿੰਘ ਪਿਛਲੇ ਕਰੀਬ 8 ਸਾਲਾਂ ਤੋਂ ਇਸ ਖੁੰਬ ਦੀ ਕਾਸ਼ਤ ਕਰ ਰਿਹਾ ਹੈ। ਉਨ੍ਹਾਂ ਨੇ ਲਗਭਗ 2 ਲੱਖ ਰੁਪਏ ਦੀ ਲਾਗਤ ਨਾਲ 100 ਵਰਗ ਫੁੱਟ ਦਾ ਇੱਕ ਨਿਯੰਤਰਿਤ ਵਾਤਾਵਰਣ ਵਾਲਾ ਕਮਰਾ ਤਿਆਰ ਕੀਤਾ, ਜਿਸ ਵਿੱਚ ਇਸ ਖਾਸ ਕਿਸਮ ਦੀ ਖੁੰਬ ਉਗਾਈ ਜਾਂਦੀ ਹੈ। ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪ੍ਰਤੀ ਸਾਲ ਕਮਾਈ ਕਰੀਬ 8 ਲੱਖ ਰੁਪਏ ਹੈ ਅਤੇ ਸਾਰੇ ਖਰਚੇ ਕੱਢ ਕੇ ਓਸਨੂੰ ਕਰੀਬ 5 ਲੱਖ ਰੁਪਏ ਬੱਚਤ ਹੋ ਜਾਂਦੀ ਹੈ।
  ਓਸਨੇ ਦਸਿਆ ਕਿ ਇਹ ਖੁੰਬ ਕਰੀਬ ਚਾਰ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਖੇਤਾਂ ਦੀ ਬਜਾਏ ਨਿਯੰਤਰਿਤ ਤਾਪਮਾਨ ਵਿੱਚ ਘੱਟ ਜਗ੍ਹਾ ‘ਤੇ ਉਗਾਈ ਜਾਂਦੀ ਹੈ। ਸ਼ੁਰੂਆਤੀ ਨਿਵੇਸ਼ ਤੋਂ ਬਾਅਦ ਇਸ ਦੀ ਲਾਗਤ ਵੀ ਕਾਫ਼ੀ ਘੱਟ ਰਹਿੰਦੀ ਹੈ।
ਰਸ਼ਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦਾ ਪਹਿਲਾ ਕਿਸਾਨ ਸੀ ਜਿਸ ਨੇ ਇਸ ਖੁੰਬ ਦੀ ਕਾਸ਼ਤ ਦੀ ਸ਼ੁਰੂਆਤ ਕੀਤੀ। ਓਸਨੇ ਸਾਲ 2018 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ (KVK), ਬਰਨਾਲਾ ਵਿੱਚ ਬਟਨ ਮਸ਼ਰੂਮ ਦੀ ਕਾਸ਼ਤ ਬਾਰੇ ਵਰਕਸ਼ਾਪ/ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ਜਿੱਥੋਂ ਓਸਨੂੰ ਕੋਰਡੀਸੈਪਸ ਦੀ ਕਾਸ਼ਤ ਬਾਰੇ ਪਤਾ ਲਗਿਆ। ਓਸਨੇ 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਜੀਵ ਵਿਗਿਆਨ ਕਿਤਾਬਾਂ ਅਤੇ ਖੋਜ ਪੱਤਰ ਪੜ੍ਹੇ, ਜਿਸ ਨਾਲ ਓਸਨੂੰ ਇਸ ਖੁੰਬ ਦੀ ਵਿਗਿਆਨਕ ਪ੍ਰਕਿਰਿਆ ਅਤੇ ਟਿਸ਼ੂ ਕਲਚਰ ਨੂੰ ਸਮਝਣ ਵਿੱਚ ਮਦਦ ਮਿਲੀ। ਓਸਨੂੰ ਇਸੇ ਵਰਕਸ਼ਾਪ ਅਤੇ ਖੋਜ ਪੱਤਰਾਂ ਵਿਚ ਪਤਾ ਲਗਿਆ ਕਿ ਕੋਰਡੀਸੈਪਸ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ ਅਤੇ ਖੋਜਾਂ ਤੋਂ ਇਹ ਸਾਬਤ ਹੋਇਆ ਹੈ ਕਿ ਇਸ ਵਿੱਚ ਟਿਊਮਰ, ਕੈਂਸਰ ਵਿਰੋਧੀ ਗੁਣ ਹਨ।
ਓਸਨੇ ਦੱਸਿਆ ਕਿ ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਇਹ ਖੁੰਬ ਸਿਰਫ਼ ਹਿਮਾਲਿਆਈ ਖੇਤਰਾਂ ਵਿੱਚ ਹੀ ਉੱਗਦੀ ਹੈ। ਓਸਨੇ ਇਸ ਬਾਰੇ ਕਾਫੀ ਖੋਜ ਪੇਪਰ ਪੜ੍ਹੇ ਅਤੇ ਫਿਰ ਲੈਬ ਬਣਾਉਣ ਦੀ ਸੋਚੀ। ਓਸ ਵਲੋਂ ਹੁਣ ਇਹ ਖੁੰਬ 20 ਤੋਂ 22 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਸਫਲਤਾਪੂਰਵਕ ਉਗਾਈ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਖੁੰਬ ਦੇ ਫਾਇਦਿਆਂ ਬਾਰੇ ਜਾਣਨ ਵਾਲੇ ਲੋਕ ਇਸ ਨੂੰ ਖਰੀਦਦੇ ਹਨ। ਇਹ ਖੁੰਬ ਕਰੀਬ ਇਕ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕਦੀ ਹੈ। ਓਸਨੇ ਸਾਲ 2025 ਵਿੱਚ ਇਸ ਤੋਂ ਕਰੀਬ 8 ਲੱਖ ਰੁਪਏ ਕਮਾਈ ਕੀਤੀ ਹੈ। ਓਸਨੇ ਦਸਿਆ ਕਿ ਜਿਆਦਾਤਰ ਮਰੀਜ਼, ਖਿਡਾਰੀ, ਵੇਟ ਲਿਫਟਰ ਜਿਹੜੇ ਇਸਦੇ ਗੁਣਾਂ ਤੋਂ ਜਾਣੂ ਹਨ ਉਹ ਇਸਨੂੰ ਖਰੀਦਦੇ ਹਨ।
ਓਸਨੇ ਦਸਿਆ ਕਿ ਉਹ ਪੰਜਾਬ ਅਤੇ ਬਾਹਰਲੇ ਸੂਬਿਆਂ ਤੋਂ ਇਲਾਵਾ ਕਈ ਮੁਲਕਾਂ ਜਿਵੇਂ ਕੈਨੇਡਾ, ਅਮਰੀਕਾ, ਇਟਲੀ, ਇੰਗਲੈਂਡ ਆਦਿ ਤੋਂ ਆਰਡਰ ਲੈਂਦਾ ਹੈ ਅਤੇ ਇਹ ਮਸ਼ਰੂਮ ਬਾਹਰ ਭੇਜਦਾ ਹੈ।


*ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕੀਤੀ ਸ਼ਲਾਘਾ*
ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਜ਼ਿਲ੍ਹੇ ਦੇ ਕਿਸਾਨ ਰਸ਼ਪਾਲ ਸਿੰਘ ਦੀ ਸ਼ਲਾਘਾ ਕੀਤਾ। ਓਹਨਾਂ ਕਿਹਾ ਕਿ ਇਹ ਅਗਾਂਹਵਧੂ ਕਿਸਾਨ ਬਾਕੀਆਂ ਲਈ ਪ੍ਰੇਰਨਾ ਸਰੋਤ ਹੈ ਜੋ ਕਿ ਵਿਲੱਖਣ ਕਿਸਮ ਦੀ ਖੁੰਬ ਦੀ ਕਾਸ਼ਤ ਕਰ ਰਿਹਾ ਹੈ। ਓਹਨਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਰਸ਼ਪਾਲ ਸਿੰਘ ਸਿੰਘ ਇਸ ਕਿਸਾਨ ਦੀ ਖੁੰਬ ਦੀ ਕਾਸ਼ਤ ਕਰਨ ਵਾਲੇ ਪੰਜਾਬ ਦੇ ਮੋਹਰੀ ਕਿਸਾਨਾਂ ਵਿੱਚ ਹੈ। ਇਹ ਕਿਸਾਨਾਂ ਜਿੱਥੇ ਵਿਗਿਆਨਕ ਖੇਤੀ ਨੂੰ ਹੁਲਾਰਾ ਦੇ ਰਿਹਾ ਹੈ ਓਥੇ ਚੰਗੀ ਆਮਦਨ ਵੀ ਲੈ ਰਿਹਾ ਹੈ ਜੋ ਕਿ ਦੂਜੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ।

No comments:

Post a Comment