Thursday, June 25, 2026

ਕੇਂਦਰੀ ਭੂਮੀਗਤ ਜਲ ਬੋਰਡ ਦੇ ਵਿਗਿਆਨੀਆਂ ਵੱਲੋਂ ਬਰਨਾਲਾ ਦਾ ਦੌਰਾ

ਭੂਮੀਗਤ ਜਲ ਸੰਭਾਲ ਅਤੇ ਪ੍ਰਬੰਧਨ ਸਬੰਧੀ ਟੀਅਰ-3 ਸਿਖਲਾਈ ਪ੍ਰੋਗਰਾਮ

ਬਰਨਾਲਾ, 25 ਜੂਨ

​ਭੂਮੀਗਤ ਜਲ ਦੀ ਸੰਭਾਲ ਅਤੇ ਟਿਕਾਊ ਜਲ ਪ੍ਰਬੰਧਨ ਦੇ ਉਦੇਸ਼ ਨਾਲ ਇੱਕ ਟੀਅਰ-3 ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੇਂਦਰੀ ਭੂਮੀਗਤ ਜਲ ਬੋਰਡ (CGWB), ਉੱਤਰ-ਪੱਛਮੀ ਖੇਤਰ, ਚੰਡੀਗੜ੍ਹ ਦੇ ਵਿਗਿਆਨੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਆਈ ਏ ਐੱਸ ਵੱਲੋਂ ਕੀਤੀ ਗਈ।

ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ 'ਤੇ ਵਿਗਿਆਨਕ ਪਹੁੰਚ ਨਾਲ ਭੂਮੀਗਤ ਜਲ ਦੀ ਸੰਭਾਲ ਅਤੇ ਬਿਹਤਰ ਜਲ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ ਸੀ।

​ਇਸ ਮੌਕੇ ਕੇਂਦਰੀ ਭੂਮੀਗਤ ਜਲ ਬੋਰਡ ਤੋਂ ਆਏ ਵਿਗਿਆਨੀਆਂ ਨੇ ਭੂਮੀਗਤ ਜਲ ਪ੍ਰਬੰਧਨ ਸਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸ੍ਰੀ ਰਿਸ਼ੀ ਰਾਜ (ਵਿਗਿਆਨੀ-ਬੀ), ਸ੍ਰੀ ਵਿੱਦਿਆ ਸਾਗਰ (ਵਿਗਿਆਨੀ-ਬੀ) ਅਤੇ ਡਾ. ਸਵਿਤਾ ਸਿੰਘ (ਸਹਾਇਕ ਭੂ-ਭੌਤਿਕ ਵਿਗਿਆਨੀ) ਵੱਲੋਂ ਭੂਮੀਗਤ ਜਲ ਸਰੋਤਾਂ ਦੇ ਮੁਲਾਂਕਣ, ਗੁਣਵੱਤਾ ਅਤੇ ਸੰਭਾਲ ਸਬੰਧੀ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਿਖਲਾਈ ਦੌਰਾਨ ਹਾਈਡ੍ਰੋਲੋਜੀਕਲ ਪਹਿਲੂਆਂ, ਭੂ-ਭੌਤਿਕ ਤਕਨੀਕਾਂ (Geophysical Techniques), ਸਰਵੇਖਣ ਦੇ ਨਤੀਜਿਆਂ, ਪਾਣੀ ਦੀ ਅੰਨ੍ਹੇਵਾਹ ਵਰਤੋਂ ਦੀ ਰੋਕਥਾਮ, ਮੀਂਹ ਦੇ ਪਾਣੀ ਦੀ ਸੰਭਾਲ (Rainwater Harvesting), ਆਰਟੀਫੀਸ਼ੀਅਲ ਰੀਚਾਰਜ ਅਤੇ ਜਲ ਪ੍ਰਬੰਧਨ ਲਈ ਅਪਣਾਈਆਂ ਜਾਣ ਵਾਲੀਆਂ ਆਧੁਨਿਕ ਤਕਨੀਕਾਂ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ ਅਤੇ ਪ੍ਰਤੀਭਾਗੀਆਂ ਨੂੰ ਜਾਗਰੂਕ ਕੀਤਾ ਗਿਆ।

​ਇਸ ਅਹਿਮ ਸਿਖਲਾਈ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਸਹਾਇਕਾਂ ਅਤੇ ਕਿਸਾਨਾਂ ਸਮੇਤ ਲਗਭਗ 80 ਪ੍ਰਤੀਭਾਗੀਆਂ ਨੇ ਭਾਗ ਲਿਆ। ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰੀਸ਼ਦ ਸੁਪਰਡੈਂਟ ਸ੍ਰੀ ਅਨੁਰਾਗ ਸ਼ਰਮਾ, ਸ੍ਰੀ ਜਗਤਾਰ ਮਿੱਤਲ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਪ੍ਰੋਗਰਾਮ ਦੇ ਸਫ਼ਲ ਆਯੋਜਨ ਵਿੱਚ ਮਨਰੇਗਾ ਬਰਨਾਲਾ ਦੇ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਮਨਦੀਪ ਕੁਮਾਰ ਬਾਂਸਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿੱਚ "ਭੂਮੀਗਤ ਜਲ ਬਚਾਓ, ਭਵਿੱਖ ਸਵਾਰੋ — ਜਲ ਸੰਭਾਲ ਨਾਲ ਖੁਸ਼ਹਾਲੀ ਲਿਆਓ" ਦੇ ਸੁਨੇਹੇ ਨਾਲ ਸਭ ਨੂੰ ਪਾਣੀ ਦੀ ਬੱਚਤ ਕਰਨ ਦਾ ਸੱਦਾ ਦਿੱਤਾ ਗਿਆ।

No comments:

Post a Comment