Saturday, June 13, 2026

ਬਾਸਮਤੀ ਦੇ ਪੈਰਾਂ ਦੇ ਗਾਲ੍ਹੇ ਦੀ ਰੋਕਥਾਮ ਲਈ ਬੀਜ ਅਤੇ ਪਨੀਰੀ ਦੀ ਸੋਧ ਅਤਿ ਜ਼ਰੂਰੀ

-ਬਾਸਮਤੀ ਦੇ ਬੀਜ ਅਤੇ ਪਨੀਰੀ ਦੀ ਸੋਧ ਸਬੰਧੀ ਕਰਵਾਇਆ ਜਾਗਰੂਕਤਾ ਪ੍ਰੋਗਰਾਮ

ਤਰਨ ਤਾਰਨ, 13 ਜੂਨ :
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਪਿੰਡ ਸੁਹਾਵਾ ਵਿਖੇ ਅੱਜ ਬਾਸਮਤੀ ਦੇ ਬੀਜ ਅਤੇ ਪਨੀਰੀ ਦੀ ਸੋਧ ਸਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਵਿੱਚ ਬੀਜ ਅਤੇ ਪਨੀਰੀ ਨੂੰ ਟ੍ਰਾਈਕੋਡਰਮਾ ਐਸਪੇਰੇਲਮ ਨਾਲ ਸੋਧ ਕੇ ਬੀਜਣ ਲਈ ਪ੍ਰੇਰਿਤ ਕਰਨਾ ਸੀ, ਤਾਂ ਜੋ ਬਾਸਮਤੀ ਵਿੱਚ ਪੈਰਾਂ ਦੇ ਗਾਲ੍ਹੇ ਦੀ ਰੋਕਥਾਮ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ। ਇਸ ਪ੍ਰੋਗਰਾਮ ਵਿੱਚ 60 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।

ਡਾ. ਪਰਵਿੰਦਰ ਸਿੰਘ, ਇੰਚਾਰਜ ਨੇ ਕਿਸਾਨਾਂ ਨੂੰ ਮਿੱਟੀ ਪਰਖ਼ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਖੇਤਾਂ ਅਤੇ ਬਾਗਬਾਨੀ ਫ਼ਸਲਾਂ ਵਿੱਚ ਖ਼ਾਦਾਂ ਦੀ ਸੰਤੁਲਿਤ ਵਰਤੋਂ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਗਰਮੀਆਂ ਦੀਆਂ ਸਬਜ਼ੀਆਂ ਦੀ ਸਾਂਭ-ਸੰਭਾਲ ਅਤੇ ਬਰਸਾਤੀ ਰੁੱਤ ਦੀਆਂ ਸਬਜ਼ੀਆਂ ਦੀ ਸਫਲਤਾਪੂਰਵਕ ਕਾਸ਼ਤ ਕਰਨ ਦੇ ਢੰਗ-ਤਰੀਕਿਆਂ 'ਤੇ ਚਾਨਣਾ ਪਾਇਆ।

ਡਾ. ਪਰਮਿੰਦਰ ਕੌਰ ਸਹਿਜਪਾਲ, ਪ੍ਰਿੰਸੀਪਲ ਐਕਸਟੈਂਸ਼ਨ ਸਾਇੰਟਿਸਟ (ਪੌਦਾ ਰੋਗ) ਨੇ ਬੀਜ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ, ਖ਼ਾਸ ਕਰਕੇ ਪੈਰਾਂ ਦੇ ਗਾਲ੍ਹੇ ਦੀ ਰੋਕਥਾਮ ਲਈ ਟ੍ਰਾਈਕੋਡਰਮਾ ਐਸਪੇਰੇਲਮ ਨਾਲ ਬਾਸਮਤੀ ਚੌਲਾਂ ਦੇ ਬੀਜ ਅਤੇ ਪਨੀਰੀ ਦੀ ਸੋਧ ਕਰਨ 'ਤੇ ਜ਼ੋਰ ਦਿੱਤਾ । ਉਨ੍ਹਾਂ ਕਿਸਾਨਾਂ ਨੂੰ ਝੋਨੇ ਦੇ ਮੱਧਰੇਪਨ ਅਤੇ ਝੂਠੀ ਕੰਗਿਆਰੀ ਦੇ ਰੋਗਾਂ ਦੀ ਰੋਕਥਾਮ ਲਈ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।

ਡਾ. ਪਰਮਿੰਦਰ ਸਿੰਘ ਸੰਧੂ, ਜ਼ਿਲ੍ਹਾ ਪਸਾਰ ਵਿਗਿਆਨੀ (ਫ਼ਸਲ ਵਿਗਿਆਨ) ਨੇ ਝੋਨੇ/ਬਾਸਮਤੀ ਚੌਲਾਂ ਵਿੱਚ ਸੰਤੁਲਿਤ ਅਤੇ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਦੇ ਖੇਤਾਂ ਵਿੱਚ ਫਾਸਫੋਰਸ ਖ਼ਾਦ ਦੀ ਵਰਤੋਂ ਤੋਂ ਗੁਰੇਜ ਕਰਨ, ਜੇਕਰ ਪਹਿਲਾਂ ਕਣਕ ਦੀ ਫ਼ਸਲ ਵਿੱਚ ਫਾਸਫੋਰਸ ਖ਼ਾਦ ਵਰਤੀ ਹੋਵੇ।
ਮਾਹਿਰਾਂ ਨੇ ਝੋਨੇ/ਬਾਸਮਤੀ, ਸਬਜ਼ੀਆਂ ਅਤੇ ਫਲਾਂ ਵਿੱਚ ਕੀੜੇ-ਮਕੌੜਿਆਂ, ਬਿਮਾਰੀਆਂ, ਖ਼ਾਦ, ਸਿੰਚਾਈ ਅਤੇ ਨਦੀਨਾਂ ਦੇ ਪ੍ਰਬੰਧ ਸਬੰਧੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ।

No comments:

Post a Comment