ਸੂਰ ਪਾਲਣ ਸਿਖਲਾਈ ਨਾਲ ਸਵੈ-ਰੁਜ਼ਗਾਰ ਦੇ ਨਵੇਂ ਰਾਹ ਖੁੱਲੇ : ਡਾ. ਗੁਰਦੀਪ ਸਿੰਘ ਸਿੱਧੂ
ਬਠਿੰਡਾ, 4 ਜੂਨ : ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਪੇਂਡੂ ਨੌਜਵਾਨਾਂ, ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ 29 ਮਈ 04 ਜੂਨ ਤੱਕ ਪੰਜ ਦਿਨਾਂ ਦਾ ਹੁਨਰ ਵਿਕਾਸ ਸਿਖਲਾਈ ਕੋਰਸ ਡਾ. ਗੁਰਦੀਪ ਸਿੰਘ ਸਿੱਧੂ, ਉਪ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ਹੇਠ ਲਗਾਇਆ ਗਿਆ।
ਇਸ ਸਿਖਲਾਈ ਕੋਰਸ ਦੌਰਾਨ ਜ਼ਿਲ੍ਹੇ ਦੇ ਕੁੱਲ 14 ਸਿੱਖਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਪੰਜ ਔਰਤਾਂ ਵੀ ਸ਼ਾਮਿਲ ਸਨ। ਇਸ ਮੌਕੇ ਡਾ. ਗੁਰਦੀਪ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਸੂਰ ਪਾਲਣ Pig Farming ਦੇ ਕਿੱਤੇ ਨੂੰ ਵਿਗਿਆਨਕ ਢੰਗ ਨਾਲ ਕਰਨ ਅਤੇ ਵਾਪਾਰਕ ਪੱਧਰ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਿਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਉੱਦਮੀ ਕਿਸਾਨਾਂ ਦੀਆਂ ਉਦਾਹਰਣਾਂ ਦੇ ਕਿ ਸਿੱਖਿਆਰਥੀਆਂ ਦਾ ਮਨੋਬਲ ਵਧਾਇਆ।
ਇਸ ਦੌਰਾਨ ਡਾ. ਗੁਰਲਾਲ ਸਿੰਘ ਗਿੱਲ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਸੂਰਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੀ ਵਿਗਿਆਨਕ ਢੰਗ ਨਾਲ ਸਾਂਭ-ਸੰਭਾਲ ਕਰਨ ਦੇ ਨੁਕਤੇ ਦੱਸੇ। ਉਹਨਾਂ ਦੱਸਿਆ ਕਿ ਸੂਰ ਪਾਲਣ ਦੇ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਚੰਗੀ ਨਸਲ ਦੇ ਪਸ਼ੂ, ਸਸਤੀ ਅਤੇ ਸੰਤੁਲਿਤ ਖੁਰਾਕ ਅਤੇ ਬਿਮਾਰੀਆਂ ਤੋਂ ਬਚਾਅ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਹੇਹਾ ਚੱਕਰ, ਪ੍ਰਜਨਨ ਕਿਰਿਆ ਅਤੇ ਗਰਭਕਾਲ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ, ਮੌਸਮੀ ਪ੍ਰਬੰਧਨ, ਟੀਕਾਕਰਨ, ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਿਧਾਂਤਕ ਗਿਆਨ ਤੋਂ ਇਲਾਵਾ ਸੂਰਾਂ ਨੂੰ ਸੰਭਾਲਣ ਬਾਰੇ ਵਿਹਾਰਕ ਸਿਖਲਾਈ, ਤਾਪਮਾਨ ਨੂੰ ਮਾਪਣ, ਤੰਦਰੁਸਤ ਜਾਨਵਰਾਂ ਦੀ ਪਛਾਣ ਅਤੇ ਖੁਰਲੀ ਬਾਰੇ ਜਾਣਕਾਰੀ ਵੀ ਸਿੱਖਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ।
ਇਸ ਸਿਖਲਾਈ ਕੋਰਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਦਾ ਸਹਿਯੋਗ ਲਿਆ ਗਿਆ, ਜਿਸ ਵਿੱਚ ਵੈਟਰਨਰੀ ਅਫ਼ਸਰ, ਪਸ਼ੂ ਵਿਗਿਆਨ ਵਿਭਾਗ, ਬਠਿੰਡਾ ਨੇ ਆਪਣੇ ਲੈਕਚਰ ਵਿੱਚ ਸੂਰਾਂ ਲਈ ਅਰਾਮਦਾਇਕ ਸ਼ੈੱਡ ਦੀ ਬਣਾਵਟ, ਕਿਸਮਾਂ ਅਤੇ ਸੂਰੀਆਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਸੂਰ ਪਾਲਣ ਵਿੱਚ ਟੀਕਾਕਰਨ ਅਤੇ ਮਲੱਪ ਰਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਅੰਤ ਵਿੱਚ ਸਿਖਲਾਈ ਕੈਂਪ ਦੌਰਾਨ ਲੀਡ ਬੈਂਕ ਤੋਂ ਸ਼੍ਰੀ ਮਨਦੀਪ ਸਿੰਘ ਨੇ ਬੈਂਕ ਲੋਨ ਸਬੰਧੀ ਸਕੀਮਾਂ ਬਾਰੇ ਸਿੱਖਿਆਰਥੀਆਂ ਨੂੰ ਜਾਣੂੰ ਕਰਵਾਇਆ।

No comments:
Post a Comment