Monday, August 10, 2026

ਕੇ.ਵੀ.ਕੇ., ਸੰਗਰੂਰ ਨੇ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ 'ਤੇ ਪੰਜ-ਰੋਜ਼ਾ ਕਿੱਤਾ-ਮੁਖੀ ਸਿਖਲਾਈ ਕਰਵਾਈ

ਸੰਗਰੂਰ, 10 ਅਗਸਤ: 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ KVK, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ., ਲੁਧਿਆਣਾ ਦੀ ਅਗਵਾਈ ਹੇਠ "ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ" Mushroom Cultivation and Processing ਵਿਸ਼ੇ 'ਤੇ ਪੰਜ-ਰੋਜ਼ਾ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਦੇ 35 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।

ਸਿਖਲਾਈ ਦੇ ਪਹਿਲੇ ਦਿਨ ਡਾ. ਮਨਦੀਪ ਸਿੰਘ, ਇੰਚਾਰਜ, ਕੇ.ਵੀ.ਕੇ., ਸੰਗਰੂਰ ਨੇ ਸਿਖਿਆਰਥੀਆਂ ਦਾ ਸਵਾਗਤ ਕਰਦੇ ਹੋਏ ਖੁੰਬਾਂ ਦੀ ਕਾਸ਼ਤ ਦੀ ਆਰਥਿਕ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੁੰਬਾਂ ਦੀ ਕਾਸ਼ਤ ਨੂੰ ਖੇਤੀਬਾੜੀ ਦੇ ਸਹਾਇਕ ਕਿੱਤੇ ਵਜੋਂ ਅਪਣਾਉਣ ਨਾਲ ਪੇਂਡੂ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਲਈ ਆਮਦਨ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਡਾ. ਰਵਿੰਦਰ ਕੌਰ, ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਨੇ ਸਾਲ-ਭਰ ਉਗਾਈਆਂ ਜਾਣ ਵਾਲੀਆਂ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੰਪੋਸਟ ਤਿਆਰ ਕਰਨ, ਬਿਜਾਈ, ਕੇਸਿੰਗ ਅਤੇ ਫਸਲ ਦੀ ਸਾਂਭ-ਸੰਭਾਲ ਦੇ ਵਿਗਿਆਨਕ ਤਰੀਕੇ ਵਿਸਥਾਰ ਨਾਲ ਸਮਝਾਏ।

ਡਾ. ਵਿਤਾਸਤਾ, ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਖੁੰਬਾਂ ਨੂੰ ਪੌਸ਼ਟਿਕ ਭੋਜਨ ਦੱਸਦਿਆਂ ਕਿਹਾ ਕਿ ਇਹ ਪ੍ਰੋਟੀਨ, ਫਾਈਬਰ, ਬੀ-ਵਿਟਾਮਿਨ, ਸ਼ਕਤੀਸ਼ਾਲੀ ਐਂਟੀਆਕਸੀਡੈਂਟ ਅਤੇ ਵਿਟਾਮਿਨ-ਡੀ ਦਾ ਕੁਦਰਤੀ ਸਰੋਤ ਹਨ। ਉਨ੍ਹਾਂ ਨੇ ਖੁੰਬਾਂ ਤੋਂ ਬਣਨ ਵਾਲੇ ਵੱਖ-ਵੱਖ ਪਕਵਾਨਾਂ ਦੀਆਂ ਵਿਧੀਆਂ ਵੀ ਸਾਂਝੀਆਂ ਕੀਤੀਆਂ।

ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਫਸਲ ਵਿਗਿਆਨ ਨੇ ਗੁਣਵੱਤਾ ਵਾਲੀ ਕੰਪੋਸਟ ਤਿਆਰ ਕਰਨ ਦੇ ਨੁਕਤੇ ਦੱਸੇ, ਜਿਨ੍ਹਾਂ ਨੂੰ ਅਪਣਾ ਕੇ ਖੁੰਬਾਂ ਦੀ ਪੈਦਾਵਾਰ ਅਤੇ ਗੁਣਵੱਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ।

ਇਸ ਕਿੱਤੇ ਵਿੱਚ ਸਰਕਾਰੀ ਸਬਸਿਡੀ ਅਤੇ ਵਿੱਤੀ ਸਹੂਲਤਾਂ ਬਾਰੇ ਡਾ. ਹਰਦੀਪ ਸਿੰਘ, ਡਿਪਟੀ ਡਾਇਰੈਕਟਰ, ਬਾਗਬਾਨੀ, ਸੰਗਰੂਰ ਅਤੇ ਸ. ਸੁਰਮੁਖ ਸਿੰਘ, ਲੀਡ ਬੈਂਕ ਮੈਨੇਜਰ, ਸੰਗਰੂਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਅਗਾਂਹਵਧੂ ਖੁੰਬ ਉਤਪਾਦਕ ਸ. ਜਸਪਾਲ ਸਿੰਘ ਨੇ ਆਪਣੇ ਤਜ਼ਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ।

ਖੇਤੀਬਾੜੀ ਤਕਨਾਲੋਜੀ ਪ੍ਰਬੰਧਨ ਏਜੰਸੀ (ਆਤਮਾ), ਸੰਗਰੂਰ ਦੇ ਸਹਿਯੋਗ ਨਾਲ ਪੀ.ਏ.ਯੂ., ਲੁਧਿਆਣਾ ਦੇ ਐਕਸਪੋਜ਼ਰ ਦੌਰੇ ਦੌਰਾਨ ਡਾ. ਸ਼ਿਵਾਨੀ, ਮਾਈਕੋਲੋਜਿਸਟ ਅਤੇ ਡਾ. ਜਗਬੀਰ ਕੌਰ ਰਹਿਲ, ਫੂਡ ਟੈਕਨੋਲੋਜਿਸਟ ਨੇ ਸਪਾਨ ਦੀ ਤਿਆਰੀ, ਕੰਪੋਸਟ ਬਣਾਉਣ ਅਤੇ ਖੁੰਬਾਂ ਦੀ ਪ੍ਰੋਸੈਸਿੰਗ ਦੀਆਂ ਆਧੁਨਿਕ ਤਕਨੀਕਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਵਿਗਿਆਨਕ ਉਤਪਾਦਨ ਤਕਨੀਕਾਂ ਅਤੇ ਪ੍ਰੋਸੈਸਿੰਗ ਨਾਲ ਕਿਸਾਨ ਖੁੰਬਾਂ ਤੋਂ ਵੱਧ ਆਮਦਨ ਲੈ ਸਕਦੇ ਹਨ।

ਸਿਖਲਾਈ ਦੇ ਅੰਤ ਵਿੱਚ ਭਾਗੀਦਾਰਾਂ ਨੇ ਪਿੰਡ ਬਡਰੁੱਖਾਂ ਦੇ ਅਗਾਂਹਵਧੂ ਖੁੰਬ ਉਤਪਾਦਕ ਦੇ "ਮਡਾਹਰ ਮਸ਼ਰੂਮ ਫਾਰਮ" ਦਾ ਦੌਰਾ ਵੀ ਕੀਤਾ।

No comments:

Post a Comment