*ਨਰਮੇ ਦੀ ਫਸਲ ਸਬੰਧੀ ਪਿੰਡਾਂ ਵਿੱਚ ਲੜੀਵਾਰ ਕੈਂਪ ਜਾਰੀ*
ਬਠਿੰਡਾ, 17 ਅਗਸਤ :
ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ- ਨਿਰਦੇਸ਼ਾਂ ਤੇ ਡਾ. ਹਰਪ੍ਰੀਤਪਾਲ ਕੌਰ, ਮੁੱਖ ਖੇਤੀਬਾੜੀ ਅਫਸਰ, ਬਠਿੰਡਾ Bathinda ਦੀ ਅਗਵਾਈ ਹੇਠ ਸਟਾਫ਼ ਦੇ ਸਹਿਯੋਗ ਨਾਲ 'ਮਿਸ਼ਨ ਫਾਰ ਕਾਟਨ ਪ੍ਰੋਡਕਟੀਵਿਟੀ' ਹੇਠ ਮਹਿਤਾ, ਗਹਿਰੀ ਬੁੱਟਰ, ਫੁੱਲੋ ਮਿੱਠੀ, ਆਕਲੀਆਂ ਕਲਾਂ, ਘੁੱਦਾ, ਬੰਬੀਹਾ ਅਤੇ ਪੱਕਾ ਖੁਰਦ ਪਿੰਡਾਂ ਵਿਚ ਲੜੀਵਾਰ ਸਿਖ਼ਲਾਈ ਕੈਂਪ ਲਗਾਏ ਗਏ। ਇਸ ਦੇ ਨਾਲ ਖੇਤੀ ਮਾਹਰਾਂ ਵੱਲੋਂ Cotton ਨਰਮਾ, ਝੋਨਾ, ਬਾਸਮਤੀ, ਪਕਾਵੀ ਮੱਕੀ ਅਤੇ ਕਿਸਾਨ ਆਈਡੀ ਸਬੰਧੀ ਜਾਣਕਾਰੀ ਦਿੱਤੀ ਗਈ।
ਖੇਤੀ ਮਾਹਿਰ ਡਾ. ਜਸਵਿੰਦਰ ਕੌਰ ਸਹਾਇਕ ਵਿਕਾਸ ਅਫਸਰ (ਟ੍ਰੇਨਿੰਗ) ਬਠਿੰਡਾ ਨੇ ਨਰਮੇ ਦੀ ਬਾਰੇ ਦੱਸਿਆ ਕਿ ਇਸ ਸਮੇਂ ਕਿਸਾਨ ਆਪਣੇ ਖੇਤਾਂ ਵਿੱਚ ਸਰਵੇਖਣ ਕਰਦੇ ਰਹਿਣ। ਵਿਭਾਗ ਵੱਲੋਂ ਨਰਮੇ ਖੇਤਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਕਈ ਖੇਤਾਂ ਵਿੱਚ ਰਸ-ਚੂਸਕ ਕੀੜਿਆਂ ਵਿੱਚ ਤੇਲਾ, ਚਿੱਟਾ ਮੱਛਰ ਅਤੇ ਭੂਰੀ ਜੂੰ ਦੇਖਣ ਨੂੰ ਮਿਲੀ ਹੈ ਜੋ ਕਿ ਆਰਥਿਕ ਕਗਾਰ ਦੇ ਪੱਧਰ ਤੋਂ ਘੱਟ ਹੈ । ਇਨ੍ਹਾਂ ਰਸ ਚੂਸਕ ਕੀੜਿਆਂ ਦੇ ਕੰਟਰੋਲ ਲਈ ਜੇਕਰ ਕਿਸੇ ਖੇਤ ਵਿੱਚ ਕੀੜੇ ਆਪਣੀ ਆਰਥਿਕ ਕਗਾਰ ਪੱਧਰ ਤੋਂ ਵੱਧ ਪਾਏ ਜਾਂਦੇ ਹਨ ਤਾਂ ਰਸਾਇਣਿਕ ਸਪਰੇਆਂ ਦਾ ਛਿੜਕਾ ਕੀਤਾ ਜਾਵੇ। ਇਸ ਸਮੇਂ ਗੁਲਾਬੀ ਸੁੰਡੀ ਲਈ ਵੀ ਫੁੱਲਾਂ ਦਾ ਸਰਵੇਖਣ ਅਤਿ ਜ਼ਰੂਰੀ ਹੈ ਅਤੇ ਜੇਕਰ 100 ਫੁੱਲਾਂ ਪਿੱਛੇ 5 ਫੁੱਲਾਂ ਵਿੱਚ ਗੁਲਾਬੀ ਸੁੰਡੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਸੁੰਡੀ ਦੇ ਕੰਟਰੋਲ ਲਈ ਸਪਰੇਆਂ ਕੀਤੀਆਂ ਜਾਣ।
ਡਾ. ਹਰਦੀਪ ਸਿੰਘ, ਵਿਸ਼ਾ ਵਸਤੂ ਮਾਹਰ, ਬਠਿੰਡਾ ਨੇ ਝੋਨੇ ਦੀ ਫ਼ਸਲ 'ਚ ਲਵਾਈ ਤੋਂ ਬਾਅਦ ਯੂਰੀਆ ਨੂੰ 40-42 ਦਿਨਾਂ ਤੱਕ ਪਾਉਣ ਲਈ ਕਿਹਾ। ਖੇਤ ਵਿੱਚ ਲਗਾਤਾਰ ਪੱਤਾ ਲਪੇਟ ਸੁੰਡੀ, ਗੋਭ ਦੀ ਸੁੰਡੀ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ਦਾ ਲਗਾਤਾਰ ਸਰਵੇਖਣ ਕਰਨ ਲਈ ਕਿਹਾ ਗਿਆ। ਝੋਨੇ ਦੇ ਬੋਣੇ ਰੋਗ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦਾ ਕੰਟਰੋਲ ਕਰਨਾ ਲਾਜ਼ਮੀ ਹੈ। ਇਸ ਦੇ ਨਾਲ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਅਤੇ ਝੂਠੀ ਕੰਗਿਆਰੀ (ਡੋਡੀ ਰੋਗ/ਹਲਦੀ ਰੋਗ) ਲਈ ਸਿਫਾਰਿਸ਼ ਸ਼ੁਦਾ ਉੱਲੀਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇ।
ਸਹਾਇਕ ਖੇਤੀਬਾੜੀ ਅਫ਼ਸਰ ਯਾਦਵੀਰ ਕੌਰ, ਬਠਿੰਡਾ ਨੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ। ਉਨ੍ਹਾਂ ਯੂਰੀਆ ਖਾਦ ਨੂੰ ਕਿਸ਼ਤਾਂ ਵਿੱਚ ਵੰਡ ਕੇ ਪਾਉਣ ਲਈ ਕਿਹਾ। ਲੋੜ ਤੋਂ ਵੱਧ ਨਾਈਟ੍ਰੋਜ਼ਨ ਦੀ ਵਰਤੋਂ ਕਰਨ ਨਾਲ ਫ਼ਸਲ ਵਿੱਚ ਬੇਲੋੜਾ ਹਰਾ ਮਾਦਾ ਵੱਧ ਹੋਣ ਦੇ ਨਾਲ-ਨਾਲ ਰਸ ਚੂਸ ਕੀੜਿਆਂ ਦੀ ਸਮੱਸਿਆ ਅਤੇ ਉੱਲੀਆਂ ਵਾਲੀਆਂ ਬਿਮਾਰੀਆਂ ਦੇ ਵਧਣ ਦੀ ਸੰਭਾਵਨਾ ਰਹਿੰਦੀ ਹੈ, ਜਿੰਨ੍ਹਾਂ ਦੀ ਰੋਕਥਾਮ ਲਈ ਬੇਲੋੜਾ ਖੇਤੀ ਖਰਚਾ ਵੱਧਦਾ ਹੈ। ਇਸ ਦੇ ਨਾਲ ਹੀ ਉਨਾਂ ਨੇ ਫਾਸਫੋਰਸ ਨੂੰ ਹਾੜ੍ਹੀ ਦੀ ਫ਼ਸਲ ਵਿੱਚ ਅਤੇ ਜਿੰਕ ਨੂੰ ਸਾਉਣੀ ਦੀ ਫ਼ਸਲ ਵੇਲੇ ਪਾਉਣ ਲਈ ਕਿਹਾ। ਅੰਤ ਵਿੱਚ ਹਰ ਸਾਲ ਮਿੱਟੀ ਪਾਣੀ ਪਰਖ ਕਰਵਾਉਣ ਦੀ ਸਲਾਹ ਦਿੱਤੀ, ਤਾਂ ਜੋ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ।

No comments:
Post a Comment