*4 ਗਾਵਾਂ ਤੋਂ ਸ਼ੁਰੂਆਤ ਕਰਕੇ 50 ਪਸ਼ੂਆਂ ਦਾ ਡੇਅਰੀ ਫਾਰਮ ਸਫਲਤਾ ਪੂਰਵਕ ਚਲਾ ਰਹੀ ਹੈ ਅਮਨਦੀਪ*
*ਰੋਜ਼ਾਨਾ 5 ਕਵਿੰਟਲ ਦੁੱਧ ਦੀ ਵਿਕਰੀ, ਲੱਖਾਂ ਦੀ ਆਮਦਨ; ਪਰਿਵਾਰ ਲਈ ਬਣੀ ਸਹਾਰਾ*
*ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਟ ਹੈ ਅਮਨਦੀਪ*
ਬਰਨਾਲਾ, 17 ਅਕਤੂਬਰ
ਜ਼ਿਲ੍ਹਾ ਬਰਨਾਲਾ ਦੇ ਪਿੰਡ ਜੋਧਪੁਰ ਦੀ 28 ਸਾਲਾ ਅਮਨਦੀਪ ਕੌਰ ਨੇ ਡੇਅਰੀ ਖੇਤਰ ਵਿਚ ਕਾਮਯਾਬੀ ਦੀ ਇਬਾਰਤ ਲਿਖੀ ਹੈ। ਉਹ 4 ਗਾਵਾਂ ਤੋਂ 50 ਪਸ਼ੂਆਂ ਵਾਲਾ ਡੇਅਰੀ ਫਾਰਮ ਸਫਲਤਾ ਪੂਰਵਕ ਚਲਾ ਰਹੀ ਹੈ ਅਤੇ ਲੱਖਾਂ ਦੀ ਕਮਾਈ ਕਰ ਰਹੀ ਹੈ।
ਅਮਨਦੀਪ ਕੌਰ ਨੇ ਦੱਸਿਆ ਕਿ ਉਹ ਇਕ ਸਧਾਰਣ ਪਰਿਵਾਰ ਨਾਲ ਸਬੰਧਿਤ ਹੈ ਅਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। ਅਮਨਦੀਪ ਨੇ ਦੱਸਿਆ ਕਿ ਓਹਨਾਂ ਕੋਲ ਜੀਵਨ ਬਸਰ ਕਰਨ ਦੇ ਸਾਧਨ ਸੀਮਤ ਸਨ। ਖੇਤੀ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨੇ ਪਸ਼ੂ ਰੱਖੇ ਹੋਏ ਸਨ ਤਾਂ ਜੋ ਕੁਝ ਵਾਧੂ ਆਮਦਨ ਹੋ ਸਕੇ। ਭਰਾ ਦੇ ਵਿਛੋੜੇ ਤੋਂ ਬਾਅਦ ਉਸਨੇ ਮਾਪਿਆਂ ਲਈ ਕੁਝ ਕਰਨ ਦਾ ਫੈਸਲਾ ਕੀਤਾ ਅਤੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਈ।
ਅਮਨਦੀਪ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਟ ਹੈ। ਓਸਨੇ ਇਸ ਕੰਮ ਨੂੰ ਸਫਲਤਾ ਪੂਰਵਕ ਕਰਨ ਲਈ 2023 ਵਿਚ ਬਰਨਾਲਾ ਦੇ ਡੇਅਰੀ ਵਿਭਾਗ ਰਾਹੀਂ ਸੰਗਰੂਰ ਤੋਂ ਸਿਖ਼ਲਾਈ ਪ੍ਰਾਪਤ ਕੀਤੀ।
ਅਮਨਦੀਪ ਨੇ ਕਿਹਾ, “ਸਿਖ਼ਲਾਈ ਤੋਂ ਮੈਨੂੰ ਸਮਝ ਆਈ ਕਿ ਕਿ ਚੰਗੀ ਖੁਰਾਕ ਅਤੇ ਦੇਖਭਾਲ ਦੇ ਬਾਵਜੂਦ ਦੁੱਧ ਦਾ ਉਤਪਾਦਨ ਘੱਟ ਕਿਉਂ ਸੀ। ਮੈਂ ਸਿੱਖਿਆ ਕਿ ਨਿਰੰਤਰ ਸੰਤੁਲਿਤ ਖੁਰਾਕ ਅਤੇ ਸਹੀ ਬਰੀਡਿੰਗ ਦੇ ਤਰੀਕੇ ਬਹੁਤ ਜ਼ਰੂਰੀ ਹਨ।” ਉਸਨੇ ਦੱਸਿਆ ਕਿ ਉਸਨੂੰ ਐੱਸ ਸੀ ਲਾਭਪਾਤਰੀਆਂ ਲਈ ਸਕੀਮ ਤਹਿਤ ਟ੍ਰੇਨਿੰਗ ਤੋਂ ਇਲਾਵਾ 7 ਲੱਖ ਦਾ ਲੋਨ ਵੀ ਮਿਲਿਆ ਜਿਸ ਵਿਚ ਕਰੀਬ ਸਵਾ ਦੋ ਲੱਖ ਸਬਸਿਡੀ ਮਿਲੀ। ਇਸ ਮਗਰੋਂ ਓਸਨੂੰ ਪਸ਼ੂਆਂ ਵਾਲੇ ਸ਼ੈੱਡ ‘ਤੇ ਸਬਸਿਡੀ ਮਿਲੀ ਅਤੇ ਮਿਲਕਿੰਗ ਮਸ਼ੀਨ ਉੱਤੇ 50 ਫੀਸਦੀ ਸਬਸਿਡੀ ਮਿਲੀ। ਅੱਜ ਉਹ ਸਫ਼ਲ ਡੇਅਰੀ ਫਾਰਮ ਚਲਾ ਰਹੀ ਹੈ। ਓਸਨੇ ਦਸਿਆ ਕਿ ਉਸਨੂੰ ਸਾਰੇ ਖਰਚੇ ਕੱਢ ਕੇ 40 ਫੀਸਦੀ ਬੱਚਤ ਹਰ ਮਹੀਨੇ ਹੋ ਜਾਂਦੀ ਹੈ।
ਅਮਨਦੀਪ ਦਾ ਮੰਨਣਾ ਹੈ ਕਿ ਆਪਣੇ ਕਾਮਯਾਬ ਡੇਅਰੀ ਫਾਰਮ ਨਾਲ ਉਸ ਨੇ ਇਹ ਸਾਬਤ ਕੀਤਾ ਹੈ ਕਿ ਸਿਰਫ਼ ਪੁੱਤਰ ਹੀ ਨਹੀਂ, ਧੀਆਂ ਵੀ ਪਰਿਵਾਰ ਦਾ ਸਹਾਰਾ ਬਣ ਸਕਦੀਆਂ ਹਨ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉਦਮੀ ਬਣਨ ਤੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਅਤੇ ਲਗਾਤਾਰ ਮਿਹਨਤ ਕਰਨ
*ਐਸ.ਸੀ ਭਾਈਚਾਰੇ ਦੇ ਲਾਭਪਾਤਰੀਆਂ ਨੂੰ ਮੁਫ਼ਤ ਸਿਖਲਾਈ ਅਤੇ ਸਬਸਿਡੀ ਦੀ ਸਹੂਲਤ*
ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ ਸੁਰਿੰਦਰ ਸਿੰਘ ਨੇ ਦੱਸਿਆ ਕਿ 'ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸ਼ਰੀਜ਼' ਅਧੀਨ ਪੇਂਡੂ ਖੇਤਰ ਦੇ ਵਸਨੀਕ ਐਸ.ਸੀ ਭਾਈਚਾਰੇ ਦੇ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਸਿਖਲਾਈ ਦਿੱਤੀ ਜਾਂਦੀ ਹੈ। ਸਿਖਲਾਈ ਉਪਰੰਤ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ 2, 5 ਜਾਂ 10 ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਤ ਕਰਨ 'ਤੇ ਸਰਕਾਰ ਵੱਲੋਂ 33 ਫੀਸਦੀ ਸਬਸਿਡੀ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਮਿਲਕਿੰਗ ਮਸ਼ੀਨ ਉੱਤੇ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
*ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕੀਤੀ ਸ਼ਲਾਘਾ*
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਜੋਧਪੁਰ ਦੀ ਅਮਨਦੀਪ ਕੌਰ ਦੀ ਸ਼ਲਾਘਾ ਕੀਤੀ। ਓਹਨਾਂ ਕਿਹਾ ਕਿ ਅਮਨਦੀਪ ਆਪਣੀ ਮਿਹਨਤ ਅਤੇ ਵਿਭਾਗੀ ਸਕੀਮਾਂ ਬਦੌਲਤ ਜਿੱਥੇ ਆਪਣੇ ਪਰਿਵਾਰ ਦਾ ਸਹਾਰਾ ਬਣੀ ਹੈ ਓਥੇ ਡੇਅਰੀ ਖੇਤਰ ਵਿਚ ਤਰੱਕੀ ਕਰਕੇ ਹੋਰਨਾਂ ਨੌਜਵਾਨਾਂ ਲਈ ਵੀ ਮਿਸਾਲ ਬਣੀ ਹੈ। ਓਹਨਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਅਤੇ ਸਵੈ ਰੋਜ਼ਗਾਰ ਸ਼ੁਰੂ ਕਰਕੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ।




No comments:
Post a Comment