Wednesday, October 21, 2026

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਮਿਆਰੀ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਕਿੱਤਾਮੁਖੀ ਸਿਖਲਾਈ ਕਰਵਾਈ ਗਈ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਜਿਲਾ ਪੱਧਰੀ ਪਸਾਰ ਅਦਾਰੇ, ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਆਰੀ ਗੁੜ ਤੇ ਸ਼ੱਕਰ ਬਣਾਉਣ ਬਾਬਤ ਬੀਤੇ ਦਿਨੀਂ ਪੰਜ ਦਿਨਾਂ ਕਿੱਤਾਮੁਖੀ ਸਿਖਲਾਈ ਕੋਰਸ ਲਗਾਇਆ ਗਿਆ।

ਉਦਘਾਟਨੀ ਪ੍ਰੋਗਰਾਮ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਆਏ ਹੋਏ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ।ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮਿਆਰੀ ਗੁੜ ਤੇ ਸ਼ੱਕਰ ਬਣਾਉਣ ਬਾਬਤ ਸਿਖਲਾਈਆਂ ਵੱਖ-ਵੱਖ ਕੇਂਦਰਾਂ ਵਿੱਚ ਲਗਾਈਆਂ ਜਾ ਰਹੀਆਂ ਹਨ।ਡਾ. ਬੌਂਸ ਨੇ ਵਧੀਆ ਗੁੜ ਤੇ ਸ਼ੱਕਰ ਤਿਆਰ ਕਰਨ ਸਬੰਧੀ ਗੰਨੇ ਦੀ ਫਸਲ ਵਿੱਚ ਸਿਫ਼ਾਰਸ਼ ਤਕਨੀਕਾਂ ਅਪਨਾਉਣ ਪ੍ਰਤੀ ਵੀ ਕਿਹਾ।

ਇਸ ਸਿਖਲਾਈ ਵਿੱਚ ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ), ਡਾ. ਅਜੈਬ ਸਿੰਘ ਨੇ ਵਧੀਆ ਗੁੜ ਦੇ ਉਤਪਾਦਨ ਅਤੇ ਪੈਕਿੰਗ ਬਾਬਤ ਜਾਣਕਾਰੀ ਮੁਹੱਈਆ ਕਰਵਾਈ।ਉਨ੍ਹਾਂ ਨੇ ਵਧੀਆ ਗੁੜ ਤੇ ਸ਼ੱੱਕਰ ਬਣਾਉਣ ਸਬੰਧੀ ਵੱਖ-ਵੱਖ ਯੰਤਰਾਂ ਜਿਵੇਂ ਕਿ ਰਿਫ੍ਰੈਕਟੋਮੀਟਰ ਅਤੇ ਪੀ. ਐੱਚ. ਮੀਟਰ ਸਬੰਧੀ ਦੱਸਿਆ। ਉਨ੍ਹਾਂ ਦੱਸਿਆ ਕਿ ਪੈਵੀ ਘੁਲਾੜੇ ਲੱਗਭਗ 70 ਪ੍ਰਤੀਸ਼ਤ ਰਸ ਕੱਢ ਲੈਂਦੇ ਹਨ, ਜਦ ਕਿ ਖੜਵੀ ਘੁਲਾੜੇ ਲੱਗਭਗ 60 ਪ੍ਰਤੀਸਤ ਰਸ ਕੱਢ ਲੈਂਦੇ ਹਨ। ਉਨ੍ਹਾਂ ਕਿਹਾ ਕਿ ਗੰਨੇ ਦੀ ਕਟਾਈ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਉਸ ਨੂੰ ਵਰਤ ਲੈਣਾ ਚਾਹੀਦਾ ਹੈ।

ਸਿਖਲਾਈ ਦੌਰਾਨ ਪਿੰਡ ਬੁੱਗਰਾ ਵਿਖੇ ਅਗਾਂਹਵਧੂ, ਇਨਾਮ ਜੇਤੂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਿਖਿਆਰਥੀ ਸ. ਤਰਨਜੀਤ ਸਿੰਘ ਮਾਨ ਦੇ ਆਧੁਨਿਕ ਗੁੜ/ਸ਼ੱਕਰ ਬਨਾਉਣ ਵਾਲੀ ਇਕਾਈ ਦਾ ਸਿਖਲਾਈ ਦੌਰਾ ਵੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ ਵਧੀਆ ਗੁੜ ਤੇ ਸ਼ੱਕਰ ਬਣਾਉਣ ਦੇ ਅਮਲੀ ਨੁਕਤਿਆਂ ਬਾਰੇ ਦੱਸਿਆ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ।

No comments:

Post a Comment