ਨੰਗਲ ਦੇ ਕਰੀਬ 55 ਸਾਲ ਪੁਰਾਣੇ ਯੂਰੀਆ ਕਾਰਖਾਨੇ ਦੀ ਥਾਂ 12.7 ਲੱਖ ਮੀਟ੍ਰਿਕ ਟਨ ਸਾਲਾਨਾ ਸਮਰੱਥਾ ਵਾਲਾ ਆਧੁਨਿਕ ਪਲਾਂਟ ਲੱਗੇਗਾ
ਨਵੀਂ ਦਿੱਲੀ, 25 ਨਵੰਬਰ: ਦੇਸ਼ ਨੂੰ ਯੂਰੀਆ ਉਤਪਾਦਨ Urea Production ਵਿੱਚ ਆਤਮ-ਨਿਰਭਰ ਬਣਾਉਣ ਅਤੇ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਯੂਰੀਆ ਲਈ ਰਾਸ਼ਟਰੀ ਨਿਵੇਸ਼ ਨੀਤੀ (NIPU)-2026 ਤਹਿਤ ਛੇ ਨਵੇਂ ਯੂਰੀਆ ਕਾਰਖਾਨੇ ਸਥਾਪਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ’ਤੇ ਲਗਭਗ 54,000 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਉਮੀਦ ਹੈ।
ਇਸ ਯੋਜਨਾ ਤਹਿਤ ਪੰਜਾਬ ਦੇ ਨੰਗਲ ਵਿਖੇ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (NFL) ਦੇ ਲਗਭਗ 50-55 ਸਾਲ ਪੁਰਾਣੇ ਕਾਰਖਾਨੇ ਦੀ ਥਾਂ 12.7 ਲੱਖ ਮੀਟ੍ਰਿਕ ਟਨ ਸਾਲਾਨਾ ਉਤਪਾਦਨ ਸਮਰੱਥਾ ਵਾਲਾ ਨਵਾਂ ਆਧੁਨਿਕ ਪਲਾਂਟ ਸਥਾਪਤ ਕੀਤਾ ਜਾਵੇਗਾ। ਮੌਜੂਦਾ ਕਾਰਖਾਨੇ ਦੀ ਉਤਪਾਦਨ ਸਮਰੱਥਾ 4.73 ਲੱਖ ਮੀਟ੍ਰਿਕ ਟਨ ਸਾਲਾਨਾ ਹੈ। ਪੁਰਾਣੀ ਤਕਨੀਕ ਕਾਰਨ ਇੱਥੇ ਊਰਜਾ ਦੀ ਖਪਤ ਅਤੇ ਉਤਪਾਦਨ ਲਾਗਤ ਵਧੇਰੇ ਹੈ। ਨਵੇਂ ਪਲਾਂਟ ਨਾਲ ਉਤਪਾਦਨ ਸਮਰੱਥਾ ਵਿੱਚ ਵੱਡਾ ਵਾਧਾ ਹੋਣ ਦੇ ਨਾਲ ਊਰਜਾ ਕੁਸ਼ਲਤਾ ਅਤੇ ਸੁਰੱਖਿਆ ਵਿੱਚ ਵੀ ਸੁਧਾਰ ਹੋਵੇਗਾ।
ਨੰਗਲ Nangal (Punjab) ਤੋਂ ਇਲਾਵਾ ਚੇਨਈ (ਤਾਮਿਲਨਾਡੂ), ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), ਪਾਨਾਗੜ੍ਹ (ਪੱਛਮੀ ਬੰਗਾਲ), ਗੜੇਪਨ (ਰਾਜਸਥਾਨ) ਅਤੇ ਜਗਦੀਸ਼ਪੁਰ (ਉੱਤਰ ਪ੍ਰਦੇਸ਼) ਵਿਖੇ ਵੀ ਨਵੇਂ ਜਾਂ ਵਿਸਤਾਰਤ ਯੂਰੀਆ ਪਲਾਂਟ ਸਥਾਪਤ ਕੀਤੇ ਜਾਣਗੇ। ਹਰੇਕ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ ਲਗਭਗ 9,000 ਕਰੋੜ ਰੁਪਏ ਹੋਵੇਗੀ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਯੂਰੀਆ ਦੀ ਸਾਲਾਨਾ ਖਪਤ ਲਗਭਗ 400 ਲੱਖ ਮੀਟ੍ਰਿਕ ਟਨ ਹੈ। ਸਾਲ 2023-24 ਦੌਰਾਨ ਦੇਸ਼ ਦਾ ਘਰੇਲੂ ਉਤਪਾਦਨ ਰਿਕਾਰਡ 314.07 ਲੱਖ ਮੀਟ੍ਰਿਕ ਟਨ ਰਿਹਾ ਸੀ, ਜਦਕਿ 2025-26 ਵਿੱਚ ਇਹ 293.30 ਲੱਖ ਮੀਟ੍ਰਿਕ ਟਨ ਦਰਜ ਕੀਤਾ ਗਿਆ। ਨਵੇਂ ਕਾਰਖਾਨਿਆਂ ਨਾਲ ਆਯਾਤ ’ਤੇ ਨਿਰਭਰਤਾ ਘਟਾਉਣ, ਵਿਦੇਸ਼ੀ ਮੁਦਰਾ ਬਚਾਉਣ ਅਤੇ ਦੇਸ਼ ਵਿੱਚ ਖਾਦਾਂ ਦੀ ਉਪਲਬਧਤਾ ਵਧਾਉਣ ਵਿੱਚ ਮਦਦ ਮਿਲੇਗੀ।

No comments:
Post a Comment