ਫਾਜ਼ਿਲਕਾ 6 ਫਰਵਰੀ
ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਦੀ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੰਦਿਆਂ ਦੱਸਿਆ ਕਿ ਸੂਰਜਮੁਖੀ Sunflower ਦੀ ਕਾਸ਼ਤ ਜ਼ਮੀਨੀ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਇੱਕ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਮਿਹਨਤੀ ਅਤੇ ਅਗਾਂਹਵਧੂ ਕਿਸਾਨ ਹਮੇਸ਼ਾ ਹੀ ਨਵੀਆਂ ਖੇਤੀ ਤਕਨੀਕਾਂ ਅਤੇ ਫ਼ਸਲੀ ਵਿਭਿੰਨਤਾ Crop Diversification ਨੂੰ ਅਪਣਾਉਣ ਵਿੱਚ ਮੋਹਰੀ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮੀਦ ਹੈ ਕਿ ਸੂਰਜਮੁਖੀ Sunflower ਹੇਠ ਰਕਬਾ ਵਧੇਗਾ।
ਡਾ. ਕੌਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਹ ਫ਼ਸਲ ਮਹਿਜ਼ 100 ਤੋਂ 120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਜਿਸ ਲਈ ਸਿਰਫ਼ 2 ਕਿਲੋ ਪ੍ਰਤੀ ਏਕੜ ਬੀਜ ਦੀ ਲੋੜ ਪੈਂਦੀ ਹੈ ਅਤੇ ਸਹੀ ਸਾਂਭ-ਸੰਭਾਲ ਨਾਲ ਕਿਸਾਨ 8 ਤੋਂ 10 ਕੁਇੰਟਲ ਪ੍ਰਤੀ ਏਕੜ ਤੱਕ ਦਾ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ, ਜਿਸ ਦਾ ਸਰਕਾਰੀ ਖਰੀਦ ਮੁੱਲ MSP 7721 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਵਿਸ਼ੇਸ਼ ਤੌਰ 'ਤੇ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਮਿਆਰੀ ਬੀਜਾਂ ਲਈ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਉੱਨਤ ਕਿਸਮਾਂ ਦਾ ਬੀਜ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਉਪਲਬਧ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਾਹੇਵੰਦ ਨਕਦੀ ਫ਼ਸਲ ਦੀ ਬਿਜਾਈ ਲਈ ਅਗੇਤੀ ਤਿਆਰੀ ਸ਼ੁਰੂ ਕਰਨ ਅਤੇ ਬੀਜ ਦੀ ਉਪਲਬਧਤਾ ਤੇ ਹੋਰ ਤਕਨੀਕੀ ਜਾਣਕਾਰੀ ਲਈ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਤਾਲਮੇਲ ਬਣਾਈ ਰੱਖਣ।

No comments:
Post a Comment