Tuesday, May 12, 2026

ਮਿੱਟੀ ਦੀ ਸਿਹਤ ਸੰਭਾਲ ਅਤੇ ਖਾਦਾਂ ਦੀ ਦੁਰਵਰਤੋਂ ਰੋਕਣ ਲਈ ਕਮੇਟੀਆਂ ਕਾਇਮ: ਮੁੱਖ ਖੇਤੀਬਾੜੀ ਅਫ਼ਸਰ

ਬਰਨਾਲਾ, 12 ਮਈ

  ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ DC Barnala ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਖਾਦਾਂ ਦੀ ਵਰਤੋਂ ਨੂੰ ਨਿਯਮਤ ਕਰਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਚਾਉਣ ਲਈ 'ਧਰਤੀ ਮਾਤਾ ਬਚਾਓ ਅਭਿਆਨ' Save Earth ਤਹਿਤ ਜ਼ਿਲ੍ਹਾ, ਸਬ-ਡਵੀਜ਼ਨ ਅਤੇ ਪਿੰਡ ਪੱਧਰੀ ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ।

     ਮੁੱਖ ਖੇਤੀਬਾੜੀ ਅਫਸਰ ਡਾ. ਸੁਖਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਕਮੇਟੀਆਂ ਦਾ ਮੁੱਖ ਮਕਸਦ ਯੂਰੀਆ Urea ਅਤੇ ਹੋਰ ਖਾਦਾਂ ਦੀ ਬੇਲੋੜੀ ਵਰਤੋਂ ਨੂੰ ਰੋਕਣਾ ਹੈ। ਇਹ ਕਮੇਟੀਆਂ  ਖਾਦਾਂ ਦੀ ਅਤਿ-ਵਿਕਰੀ ਅਤੇ ਗੈਰ-ਖੇਤੀਬਾੜੀ ਕੰਮਾਂ ਲਈ ਵਰਤੋਂ 'ਤੇ ਤਿੱਖੀ ਨਜ਼ਰ ਰੱਖਣਗੀਆਂ। ਇਨ੍ਹਾਂ ਵੱਲੋਂ ਖਾਦਾਂ ਦੀ ਸਰਹੱਦ ਪਾਰ ਤਸਕਰੀ, ਗੈਰ-ਕਾਨੂੰਨੀ ਉਤਪਾਦਨ ਅਤੇ ਨਕਲੀ ਖਾਦਾਂ ਦੀ ਵੰਡ ਵਿਰੁੱਧ ਚੌਕਸੀ ਵਰਤੀ ਜਾਵੇਗੀ ਅਤੇ ਕਿਸਾਨਾਂ ਨੂੰ ਖਾਦਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ ਤਾਂ ਜੋ ਖੇਤੀ ਖ਼ਰਚੇ ਘਟਣ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਵੇ । 
     ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਤਿੰਨ ਪੱਧਰਾਂ 'ਤੇ ਕਮੇਟੀਆਂ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਮੈਜਿਸਟਰੇਟ (ਚੇਅਰਮੈਨ), ਵਧੀਕ ਡਿਪਟੀ ਕਮਿਸ਼ਨਰ (ਕੋ-ਚੇਅਰਮੈਨ) ਅਤੇ ਮੁੱਖ ਖੇਤੀਬਾੜੀ ਅਫ਼ਸਰ (ਕਨਵੀਨਰ) ਇਸ ਦੀ ਅਗਵਾਈ ਕਰਨਗੇ। ਸਬ-ਡਵੀਜ਼ਨ ਪੱਧਰ 'ਤੇ ਸਬੰਧਿਤ ਐਸ.ਡੀ.ਐਮ. (ਚੇਅਰਮੈਨ) ਅਤੇ ਬਲਾਕ ਖੇਤੀਬਾੜੀ ਅਫ਼ਸਰ (ਕਨਵੀਨਰ) ਕਾਰਵਾਈ ਦੀ ਨਿਗਰਾਨੀ ਕਰਨਗੇ ਅਤੇ ਪਿੰਡ ਪੱਧਰ ਤੇ ਪਿੰਡ ਦੇ ਸਰਪੰਚ (ਚੇਅਰਮੈਨ) ਅਤੇ ਪੰਚਾਇਤ ਸਕੱਤਰ (ਕਨਵੀਨਰ) ਦੀ ਅਗਵਾਈ ਵਿੱਚ ਖੇਤੀਬਾੜੀ ਕਰਮਚਾਰੀ ਅਗਾਂਹਵਧੂ ਕਿਸਾਨ ਮੈਂਬਰ ਬਣਾਏ ਗਏ ਹਨ। 
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨਾਂ ਬਲਾਕਾਂ ਸ਼ਹਿਣਾ (40 ਪਿੰਡ), ਬਰਨਾਲਾ (47 ਪਿੰਡ) ਅਤੇ ਮਹਿਲ ਕਲਾਂ (36 ਪਿੰਡ) ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ। ਇਹ ਕਮੇਟੀਆਂ ਪੂਰੀ ਚੌਕਸੀ ਨਾਲ ਨਿਗਰਾਨੀ ਕਰਨਗੀਆਂ ਤਾਂ ਜੋ ਖਾਦਾਂ ਦੀ ਵੰਡ ਵਿਚ ਪਾਰਦਰਸ਼ਤਾ ਅਤੇ ਸੁਧਾਰ ਲਿਆਂਦਾ ਜਾ ਸਕੇ । 
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਵੱਲੋਂ 'ਧਰਤੀ ਮਾਤਾ ਬਚਾਓ ਅਭਿਆਨ' ਤਹਿਤ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੰਭਾਲ ਅਤੇ ਖਾਦਾਂ ਦੀ ਸੁਚੱਜੀ ਵਰਤੋਂ , ਯੂਰੀਆ ਖਾਦ ਦੀ ਬੇਲੋੜੀ ਵਰਤੋਂ ਨੂੰ ਘਟਾਉਣ ਲਈ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਖਾਦਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਨਾਲ ਨਾ ਸਿਰਫ਼ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਵੇਗਾ, ਸਗੋਂ ਖੇਤੀ 'ਤੇ ਹੋਣ ਵਾਲੇ ਬੇਲੋੜੇ ਖ਼ਰਚੇ ਵੀ ਘਟਣਗੇ। 
 ਉਨਾਂ ਅਪੀਲ ਕਰਦਿਆਂ ਕਿਹਾ ਕਿ ਨਕਲੀ ਖਾਦਾਂ ਦੀ ਵਿਕਰੀ, ਗੈਰ-ਕਾਨੂੰਨੀ ਉਤਪਾਦਨ ਅਤੇ ਖਾਦਾਂ ਦੀ ਤਸਕਰੀ ਵਰਗੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਵਿਭਾਗ ਦਾ ਸਾਥ ਦੇਣ ਅਤੇ ਪਿੰਡ ਪੱਧਰੀ ਕਮੇਟੀਆਂ, ਜਿਸ ਵਿੱਚ ਸਰਪੰਚ, ਪੰਚਾਇਤ ਸਕੱਤਰ ਅਤੇ ਅਗਾਂਹਵਧੂ ਕਿਸਾਨ ਸ਼ਾਮਲ ਹਨ, ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।

No comments:

Post a Comment