Friday, June 5, 2026

ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਬਾਰੇ ਜਾਗਰੂਕ ਕੀਤਾ

ਸ੍ਰੀ ਚਮਕੌਰ ਸਾਹਿਬ, 05 ਜੂਨ: ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ (KVK) ਰੋਪੜ ਵੱਲੋਂ “ਖੇਤ ਬਚਾਓ ਅਭਿਆਨ” Khet Bachao Abhiyan ਤਹਿਤ ਬਲਾਕ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਸੈਦਪੁਰ ਵਿਖੇ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। 

ਇਹ ਪ੍ਰੋਗਰਾਮ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1 ਅਤੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਸਤਬੀਰ ਸਿੰਘ ਕੇ.ਵੀ.ਕੇ ਰੋਪੜ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। 

ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ. ਜਗਮਨਜੋਤ ਸਿੰਘ ਮਾਨ ਨੇ ਕਿਸਾਨਾਂ ਨੂੰ ਝੋਨੇ ਦੀ ਨਰਸਰੀ ਵਿੱਚ ਤੱਤਾਂ ਦੀ ਘਾਟ ਦੀ ਪਛਾਣ ਅਤੇ ਸਿਹਤਮੰਦ ਪਨੀਰੀ ਤਿਆਰ ਕਰਨ ਦੇ ਸੁਚੱਜੇ ਤਰੀਕੇ ਸਾਂਝੇ ਕੀਤੇ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਕੀਤੀ ਜਾਵੇ ਅਤੇ ਪੌਸ਼ਟਿਕ ਤੱਤਾਂ ਨੂੰ ਸਹੀ ਮਾਤਰਾ, ਸਹੀ ਸਮੇਂ ਅਤੇ ਸਹੀ ਢੰਗ ਨਾਲ ਮਿੱਟੀ ਵਿਚ ਪਾਇਆ ਜਾਵੇ। 

ਉਨ੍ਹਾਂ ਦੱਸਿਆ ਕਿ ਜੇਕਰ ਕਣਕ ਦੀ ਫਸਲ ਨੂੰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਅਨੁਸਾਰ DAP ਖਾਦ ਪਾਈ ਹੋਵੇ ਤਾਂ ਉਸ ਤੋਂ ਬਾਅਦ ਝੋਨੇ ਲਈ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ। ਇਸ ਨਾਲ ਨਾ ਸਿਰਫ਼ ਖੇਤੀ ਲਾਗਤਾਂ ਵਿੱਚ ਕਮੀ ਆਉਂਦੀ ਹੈ, ਸਗੋਂ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਵੀ ਉਤਸ਼ਾਹ ਮਿਲਦਾ ਹੈ। 

ਉਨ੍ਹਾਂ ਕਿਸਾਨ ਵੀਰਾਂ ਨੂੰ ਝੋਨੇ ਦੀ ਲੁਆਈ ਤੋਂ ਬਾਅਦ Urea ਖਾਦ ਦੀ ਵਰਤੋਂ ਛੋਟੇ ਸਮੇਂ ਦੀਆਂ ਕਿਸਮਾਂ ਜਿਵੇਂ ਕਿ ਪੀ.ਆਰ. 126 ਵਿੱਚ 7, 21 ਅਤੇ 35 ਦਿਨ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਵਿੱਚ 7, 21 ਅਤੇ 42 ਦਿਨ ਤੇ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉਣ ਦੀ ਸਲਾਹ ਦਿੱਤੀ। ਉਨ੍ਹਾਂ ਝੋਨੇ ਵਿੱਚ ਲੋਹੇ ਤੱਤ ਦੀ ਕਮੀ ਨੂੰ ਦੂਰ ਕਰਨ ਲਈ 0.5% ਫੈਰਸ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸ਼ਾਮ ਦੇ ਸਮੇਂ ਸਪਰੇਅ ਕਰਨ ਦੀ ਸਲਾਹ ਦਿੱਤੀ।

ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਉਰਵੀ ਸ਼ਰਮਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਦੀ ਪਨੀਰੀ ਵਿੱਚ ਵ੍ਹਾਈਟ-ਬੈਕਡ ਪਲਾਂਟ ਹੌਪਰ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਲੋੜ ਪੈਣ ’ਤੇ ਸਮੇਂ ਸਿਰ ਸਿਫਾਰਸ਼ ਕੀਤੇ ਕੀਟਨਾਸ਼ਕ ਦਾ ਛਿੜਕਾਅ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਕੀੜੇ ਦੀ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਰੋਕਥਾਮ ਨਾਲ ਝੋਨੇ ਵਿੱਚ ਵਿਸ਼ਾਣੂ ਰੋਗ (ਮਧਰੇਪਨ) ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਟਿੱਡੇ ਦੇ ਹਮਲੇ ਨੂੰ ਰੋਕਣ ਲਈ ਹੇਠ ਲਿਖੀਆਂ ਕੀਟਨਾਸ਼ਕ ਜਿਵੇਂ ਕਿ 94 ਐਮਐਲ ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰਮ) ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐਸ ਜੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਵਿੱਚੋਂ ਕਿਸੇ ਇੱਕ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ।

ਪ੍ਰੋਗਰਾਮ ਦੇ ਅੰਤ ਵਿੱਚ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਜਾ ਕੇ ਸਮੱਸਿਆਂਵਾਂ ਦਾ ਮੌਕੇ ਤੇ ਹੱਲ ਕੀਤਾ ਗਿਆ।

No comments:

Post a Comment