ਬਠਿੰਡਾ, 8 ਜੂਨ :
ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ਅਨੁਸਾਰ, ਅਗੇਤੀ ਬਿਜਾਈ ਵਾਲੀ ਨਰਮੇ ਦੀ ਫ਼ਸਲ Cotton (ਜੋ ਲਗਭਗ 35-40 ਦਿਨ ਦੀ ਹੋ ਚੁੱਕੀ ਹੈ) ਹਾਲ ਦੀ ਘੜੀ ਬਿਲਕੁਲ ਤੰਦਰੁਸਤ ਅਤੇ ਠੀਕ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਕੁੱਝ ਥਾਵਾਂ 'ਤੇ ਭੂਰੀ ਜੂੰ (ਥਰਿੱਪ) ਦਾ ਹਲਕਾ ਹਮਲਾ ਦੇਖਿਆ ਗਿਆ ਹੈ, ਪਰ ਇਹ ਆਰਥਿਕ ਕੰਗਾਰ ਪੱਧਰ (ETL) ਤੋਂ ਬਹੁਤ ਘੱਟ ਹੈ। ਇਸ ਲਈ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਉਨ੍ਹਾਂ ਨਰਮੇ ਦੀ ਫ਼ਸਲ ਲਈ ਜ਼ਰੂਰੀ ਨੁਕਤੇ ਅਤੇ ਬਚਾਅ ਦੇ ਉਪਾਅ ਸਾਂਝੇ ਕਰਦਿਆਂ ਦੱਸਿਆ ਕਿ ਭੂਰੀ ਜੂੰ (ਥਰਿੱਪ) ਮੁੱਖ ਤੌਰ 'ਤੇ ਖੁਸ਼ਕੀ (ਗਰਮੀ/ਸੋਕੇ) ਕਰਕੇ ਆਉਂਦੀ ਹੈ। ਫ਼ਸਲ ਨੂੰ ਹਲਕਾ (ਪਤਲਾ) ਪਾਣੀ ਲਾਉਣ Irrigation ਨਾਲ ਹੀ ਇਹ ਕੀੜਾ ਆਪਣੇ ਆਪ ਘੱਟ ਜਾਂਦਾ ਹੈ।
ਉਨ੍ਹਾਂ ਬੇਲੋੜੀ ਸਪਰੇਅ ਤੋਂ ਬਚਣ ਸਬੰਧੀ ਸਲਾਹ ਦਿੰਦਿਆਂ ਕਿਹਾ ਕਿ ਹਾਲੇ ਫ਼ਸਲ 'ਤੇ ਕਿਸੇ ਵੀ ਮਹਿੰਗੀ ਜਾਂ ਜ਼ਹਿਰੀਲੀ ਕੀਟਨਾਸ਼ਕ ਸਪਰੇਅ ਦੀ ਲੋੜ ਨਹੀਂ ਹੈ। ਅਜਿਹਾ ਕਰਨ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਖ਼ਰਚਾ ਵਧਦਾ ਹੈ।
ਕਿਸਾਨਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਖੇਤੀਬਾੜੀ ਵਿਭਾਗ ਦੇ ਮਾਹਰਾਂ ਨਾਲ ਸੰਪਰਕ ਕਰਨ ਸਬੰਧੀ ਉਨ੍ਹਾਂ ਸਲਾਹ ਦਿੱਤੀ ।

No comments:
Post a Comment