Wednesday, June 3, 2026

“ਖੇਤ ਬਚਾਓ ਅਭਿਆਨ” Khet Bachao Abhiyan ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ

ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੰਭਾਲਣ, ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਕੀਤਾ ਪ੍ਰੇਰਿਤ

ਬਠਿੰਡਾ, 3 ਜੂਨ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਖੇਤ ਬਚਾਓ ਅਭਿਆਨ” Khet Bachao Abhiyan ਤਹਿਤ ਡਾ. ਗੁਰਦੀਪ ਸਿੰਘ, ਡਿਪਟੀ ਡਾਇਰਕੈਟਰ, KVK, ਬਠਿੰਡਾ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਪਿੰਡ ਬੁਰਜ ਮਹਿਮਾ ਅਤੇ ਕਿਲੀ ਨਿਹਾਲ ਸਿੰਘ ਵਾਲਾ, ਬਲਾਕ ਬਠਿੰਡਾ ਵਿਖੇ ਕਿਸਾਨ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੰਭਾਲਣ, ਖਾਦਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਖੇਤੀਬਾੜੀ ਦੀਆਂ ਵਾਤਾਵਰਣ ਪੱਖੀ ਤਕਨੀਕਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।

ਕੈਂਪ ਦੌਰਾਨ ਡਾ. ਤੇਜਬੀਰ ਸਿੰਘ ਬੁੱਟਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ), ਨੇ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੇਲੋੜੀ ਅਤੇ ਅਸੰਤੁਲਿਤ ਖਾਦਾਂ ਦੀ ਵਰਤੋਂ ਨਾ ਸਿਰਫ਼ ਉਤਪਾਦਨ ਲਾਗਤ ਵਧਾਉਂਦੀ ਹੈ, ਸਗੋਂ ਮਿੱਟੀ ਦੀ ਸਿਹਤ ਅਤੇ ਵਾਤਾਵਰਣ ਉੱਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਡਾ. ਬੁੱਟਰ ਨੇ ਹਰੀ ਖਾਦ ਅਤੇ ਜੀਵਾਣੂ ਖਾਦਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਢੈਂਚਾ ਅਤੇ ਸਣ ਵਰਗੀਆਂ ਹਰੀ ਖਾਦਾਂ ਮਿੱਟੀ ਵਿੱਚ ਜੈਵਿਕ ਪਦਾਰਥਾਂ ਦੀ ਮਾਤਰਾ ਵਧਾਉਂਦੀਆਂ ਹਨ ਅਤੇ ਨਾਈਟ੍ਰੋਜਨ ਦੀ ਪੂਰਤੀ ਵਿੱਚ ਮਦਦ ਕਰਦੀਆਂ ਹਨ। ਇਸੇ ਤਰ੍ਹਾਂ ਜੀਵਾਣੂ ਖਾਦਾਂ ਦੀ ਵਰਤੋਂ ਨਾਲ ਰਸਾਇਣਕ ਖਾਦਾਂ ਉੱਤੇ ਨਿਰਭਰਤਾ ਘਟਦੀ ਹੈ, ਖੇਤੀ ਦੀ ਲਾਗਤ ਘਟਦੀ ਹੈ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ। ਕੈਂਪ ਦੌਰਾਨ ਕੁਦਰਤੀ ਖੇਤੀ ਅਤੇ ਇਸ ਦੇ ਲਾਭਾਂ ਬਾਰੇ ਵੀ ਚਰਚਾ ਕੀਤੀ ਗਈ। ਕਿਸਾਨਾਂ ਨੂੰ ਦੱਸਿਆ ਗਿਆ ਕਿ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਕਰਕੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਲੰਬੇ ਸਮੇਂ ਲਈ ਟਿਕਾਊ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

ਇਸ ਮੌਕੇ ਪ੍ਰਕਾਸ਼ ਸਿੰਘ, ਸੀਨੀਅਰ ਰਿਸਰਚ ਫੈਲੋ (ਨਿਕਰਾ), ਨੇ ਵਾਤਾਵਰਣ ਅਨੁਕੂਲ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮੌਸਮੀ ਤਬਦੀਲੀਆਂ ਦੇ ਮੱਦੇਨਜ਼ਰ ਕਿਸਾਨਾਂ ਲਈ ਅਜਿਹੀਆਂ ਤਕਨੀਕਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ ਜੋ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਖੇਤੀ ਨੂੰ ਵਧੇਰੇ ਲਾਭਕਾਰੀ ਬਣਾਉਣ। ਉਨ੍ਹਾਂ ਨੇ ਫਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ, ਪਾਣੀ ਦੀ ਬੱਚਤ ਅਤੇ ਮਿੱਟੀ ਦੀ ਸਿਹਤ ਸੁਧਾਰਨ ਵਾਲੇ ਉਪਰਾਲਿਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਝੋਨੇ ਵਿੱਚ ਮਧਰੇਪਣ ਦੀ ਸਮੱਸਿਆ ਬਾਰੇ ਦੱਸਿਆ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਕਿਹਾਂ ਇਸ ਨਾਲ ਕਿਸਾਨ ਵੀਰ ਪਾਣੀ ਅਤੇ ਲੇਬਰ ਦੀ ਬੱਚਤ ਕਰ ਸਕਦੇ ਹਨ।

ਕਿਸਾਨਾਂ ਨੇ ਕੈਂਪ ਵਿੱਚ ਪੇਸ਼ ਕੀਤੀਆਂ ਗਈਆਂ ਜਾਣਕਾਰੀਆਂ ਵਿੱਚ ਦਿਲਚਸਪੀ ਦਿਖਾਈ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ, ਹਰੀ ਖਾਦਾਂ, ਜੀਵਾਣੂ ਖਾਦਾਂ ਅਤੇ ਕੁਦਰਤੀ ਖੇਤੀ ਸਬੰਧੀ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿੱਟੀ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਵਿਗਿਆਨਕ ਸਿਫ਼ਾਰਸ਼ਾਂ ਅਨੁਸਾਰ ਖੇਤੀ ਤਕਨੀਕਾਂ ਅਪਣਾਉਣ ਤਾਂ ਜੋ ਖੇਤੀ ਨੂੰ ਵਧੇਰੇ ਲਾਭਕਾਰੀ ਅਤੇ ਟਿਕਾਊ ਬਣਾਇਆ ਜਾ ਸਕੇ

 

No comments:

Post a Comment