Monday, August 31, 2026

“ਟਿਕਾਊ ਖੇਤੀ ਅਤੇ ਮਜਬੂਤ ਕਿਸਾਨ , ਹੁਣ ਇਹੀ ਪੰਜਾਬ ਦੀ ਪਹਿਚਾਣ” ਦਾ ਸੰਦੇਸ਼ ਲੈ ਕੇ 2 ਸਤੰਬਰ ਨੂੰ ਹੋਵੇਗਾ ਆਤਮਾ ਸਕੀਮ ਅਧੀਨ ਰਾਜ ਪੱਧਰੀ ਕਿਸਾਨ ਮੇਲਾ

ਸ੍ਰੀ ਮੁਕਤਸਰ ਸਾਹਿਬ, 1 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਅਤੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਆਤਮਾ ਸਕੀਮ ਅਧੀਨ ਰਾਜ ਪੱਧਰੀ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਅਤੇ ਆਮਦਨ ਵਧਾਉਣ ਦੇ ਨਵੇਂ ਮੌਕਿਆਂ ਨਾਲ ਜੋੜਨ ਦੇ ਉਦੇਸ਼ ਨਾਲ ਇਹ ਮੇਲਾ 2 ਸਤੰਬਰ 2026 ਦਿਨ ਬੁੱਧਵਾਰ ਨੂੰ ਪੰਜਾਬ ਪੈਲੇਸ, ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਖੇਤੀਬਾੜੀ ਡਾ. ਗੁਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਰਾਜ ਪੱਧਰੀ ਕਿਸਾਨ ਮੇਲੇ ਵਿੱਚ ਪੰਜਾਬ ਭਰ ਤੋਂ ਅਗਾਂਹਵਧੂ ਕਿਸਾਨ ਸ਼ਮੂਲੀਅਤ ਕਰਨਗੇ ਅਤੇ ਆਪਣੇ ਖੇਤੀਬਾੜੀ ਤਜਰਬੇ ਸਾਂਝੇ ਕਰਦਿਆਂ ਨਵੀਆਂ ਤੇ ਆਧੁਨਿਕ ਖੇਤੀ ਤਕਨੀਕਾਂ ਬਾਰੇ ਆਪਸੀ ਵਿਚਾਰ-ਵਟਾਂਦਰਾ ਕਰਨਗੇ।ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ, ਆਧੁਨਿਕ ਖੇਤੀ ਮਸ਼ੀਨਰੀ, ਫ਼ਸਲੀ ਵਿਭਿੰਨਤਾ, ਕੁਦਰਤੀ ਅਤੇ ਟਿਕਾਊ ਖੇਤੀ, ਮਿੱਟੀ ਅਤੇ ਪਾਣੀ ਦੀ ਸੰਭਾਲ ਸਮੇਤ ਖੇਤੀਬਾੜੀ ਨਾਲ ਜੁੜੇ ਅਹਿਮ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਧੁਨਿਕ, ਹੰਢਣਸਾਰ ਅਤੇ ਲਾਹੇਵੰਦ ਖੇਤੀ ਵੱਲ ਉਤਸ਼ਾਹਿਤ ਕਰਨ ਦੇ ਨਾਲ-ਨਾਲ ਖੇਤੀਬਾੜੀ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਅਤੇ ਨਵੀਨਤਮ ਖੋਜਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਨਗੇ।
ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿਸਥਾਰ ਅਤੇ ਸਿਖਲਾਈ)-ਕਮ-ਨੋਡਲ ਅਫ਼ਸਰ, ਆਤਮਾ, ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਰਾਜ ਪੱਧਰੀ ਕਿਸਾਨ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ ਅਤੇ ਕਿਸਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਦੇ ਸੁਚੱਜੇ ਪ੍ਰਬੰਧਾਂ ਲਈ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ ਅਤੇ ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰਾਂ, ਸਬੰਧਤ ਜ਼ਿਲ੍ਹਾ ਸਿਖਲਾਈ ਅਫ਼ਸਰਾਂ ਅਤੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰਾਂ ਵੱਲੋਂ ਆਪਸੀ ਤਾਲਮੇਲ ਨਾਲ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।
ਵਿਭਾਗ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 2 ਸਤੰਬਰ ਨੂੰ ਪੰਜਾਬ ਪੈਲੇਸ, ਮਲੋਟ ਵਿਖੇ ਹੋਣ ਵਾਲੇ ਇਸ ਰਾਜ ਪੱਧਰੀ ਕਿਸਾਨ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਖੇਤੀਬਾੜੀ ਮਾਹਿਰਾਂ ਵੱਲੋਂ ਦਿੱਤੀ ਜਾਣ ਵਾਲੀ ਤਕਨੀਕੀ ਜਾਣਕਾਰੀ, ਨਵੀਆਂ ਖੇਤੀ ਤਕਨੀਕਾਂ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

No comments:

Post a Comment