ਫਾਜ਼ਿਲਕਾ, 20 ਅਗਸਤ:
ਭੂਮੀ ਅਤੇ ਪਾਣੀ ਸੰਭਾਲ, ਖਾਣਾਂ ਅਤੇ ਭੂ-ਵਿਗਿਆਨ ਮੰਤਰੀ, ਪੰਜਾਬ ਸ੍ਰੀ ਬਰਿੰਦਰ ਗੋਇਲ Barinder Kumar Goyal ਨੇ ਅੱਜ ਹਲਕਾ ਬੱਲੂਆਣਾ Balluana ਦੇ ਪਿੰਡ ਚੰਨਣਖੇੜਾ ਅਤੇ ਬੱਲੂਆਣਾ ਵਿਖੇ ਕਿਸਾਨਾਂ ਨੂੰ ਬਿਹਤਰ ਨਹਿਰੀ ਸਿੰਚਾਈ Canal Irrigation ਸਹੂਲਤਾਂ ਮੁਹੱਈਆ ਕਰਵਾਉਣ ਲਈ ਨਵੇਂ ਮੋਗਿਆਂ ਅਤੇ ਖਾਲਾਂ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਮੌਜੂਦ ਸਨ।
ਪਿੰਡ ਚੰਨਣਖੇੜਾ ਵਿਖੇ 21.46 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 90 ਕਿਲੋਮੀਟਰ ਖਾਲਾਂ ਦੀ ਉਸਾਰੀ ਕੀਤੀ ਗਈ ਹੈ, ਜਿਸ ਨਾਲ 23000 ਏਕੜ ਖੇਤੀਬਾੜੀ ਰਕਬੇ ਨੂੰ ਸਿੰਚਾਈ ਦੀ ਸਹੂਲਤ ਦਾ ਲਾਭ ਮਿਲੇਗਾ। ਇਸੇ ਤਰ੍ਹਾਂ ਪਿੰਡ ਬੱਲੂਆਣਾ ਵਿਖੇ 2.68 ਕਰੋੜ ਰੁਪਏ ਦੀ ਲਾਗਤ ਨਾਲ ਖਾਲਾਂ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਤਹਿਤ ਖਾਲਾਂ ਦੀ ਚੌੜਾਈ 4 ਇੰਚ ਤੋਂ ਵਧਾ ਕੇ 9 ਇੰਚ ਕੀਤੀ ਗਈ ਹੈ। ਇਸ ਕੰਮ ਨਾਲ 1581 ਏਕੜ ਖੇਤੀਬਾੜੀ ਰਕਬੇ ਨੂੰ ਲਾਭ ਹੋਇਆ ਹੈ।
ਸ੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ Punjab Government ਵੱਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣਾਉਣ ਅਤੇ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਚੰਨਣਖੇੜਾ ਅਤੇ ਬੱਲੂਆਣਾ ਵਿਖੇ ਕੀਤੇ ਗਏ ਇਹ ਕਾਰਜ ਇਸੇ ਦਿਸ਼ਾ ਵਿੱਚ ਇੱਕ ਅਹਿਮ ਕਦਮ ਹਨ, ਜਿਸ ਨਾਲ ਕੁੱਲ 25,000 ਏਕੜ ਖੇਤੀਬਾੜੀ ਰਕਬੇ ਨੂੰ ਸਿੱਧਾ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਖਾਲਾਂ ਦੀ ਸਮਰੱਥਾ ਵਧਣ ਅਤੇ ਨਵੇਂ ਮੋਗਿਆਂ ਦੀ ਉਸਾਰੀ ਨਾਲ ਖੇਤਾਂ ਤੱਕ ਨਹਿਰੀ ਪਾਣੀ ਦੀ ਵੰਡ ਹੋਰ ਸੁਚੱਜੀ ਅਤੇ ਪ੍ਰਭਾਵਸ਼ਾਲੀ ਹੋਵੇਗੀ। ਇਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਸਮੇਂ ਸਿਰ ਮਿਲਣ ਵਿੱਚ ਮਦਦ ਮਿਲੇਗੀ ਅਤੇ ਖੇਤੀਬਾੜੀ ਉਤਪਾਦਨ ਨੂੰ ਵੀ ਹੁਲਾਰਾ ਮਿਲੇਗਾ।
ਸਿੰਚਾਈ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਨਹਿਰੀ ਪਾਣੀ ਦੀ ਬਰਾਬਰ ਅਤੇ ਸੁਚੱਜੀ ਵੰਡ ਯਕੀਨੀ ਬਣਾਉਣਾ ਹੈ। ਪੁਰਾਣੇ ਸਿੰਚਾਈ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜਿੱਥੇ ਲੋੜ ਹੈ ਉੱਥੇ ਨਵੀਆਂ ਖਾਲਾਂ, ਮੋਗਿਆਂ ਅਤੇ ਹੋਰ ਸਿੰਚਾਈ ਸਹੂਲਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਸਾਰੇ ਸਿੰਚਾਈ ਪ੍ਰੋਜੈਕਟਾਂ ਨੂੰ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਅਤੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਸਰਕਾਰੀ ਪ੍ਰੋਜੈਕਟਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।
ਇਸ ਮੌਕੇ ਇਲਾਕੇ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਸਿੰਚਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਇਨ੍ਹਾਂ ਵਿਕਾਸ ਕਾਰਜਾਂ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਅਤੇ ਸਿੰਚਾਈ ਮੰਤਰੀ ਸ੍ਰੀ ਬਰਿੰਦਰ ਗੋਇਲ ਦਾ ਧੰਨਵਾਦ ਕੀਤਾ।

No comments:
Post a Comment