Wednesday, September 9, 2026

ਹਰ ਕਿਸਾਨ ਲਈ ਫਾਰਮਰ ਰਜਿਸਟਰੀ ਬਣਵਾਉਣਾ ਜ਼ਰੂਰੀ : ਡਾ. ਤੇਜਬੀਰ ਸਿੰਘ ਭੰਗੂ

ਆਉਣ ਵਾਲੇ ਸਮੇਂ 'ਚ ਸਬਸਿਡੀ 'ਤੇ ਸਰਕਾਰੀ ਸਹੂਲਤਾਂ ਲਈ ਫਾਰਮਰ ਰਜਿਸਟਰੀ ਹੋਵੇਗੀ ਅਹਿਮ: ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ

ਤਰਨ ਤਾਰਨ, 10 ਸਤੰਬਰ :
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਸਹੂਲਤਾਂ ਨਾਲ ਜੋੜਨ ਲਈ ਹਰੇਕ ਕਿਸਾਨ ਦੀ ਫਾਰਮਰ ਰਜਿਸਟਰੀ ਤਿਆਰ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਾਰਮਰ ਰਜਿਸਟਰੀ ਤਹਿਤ ਆਪਣੀ ਫਾਰਮਰ ਆਈ.ਡੀ. ਜ਼ਰੂਰ ਬਣਵਾਉਣ ਤਾਂ ਜੋ ਭਵਿੱਖ ਵਿੱਚ ਕਿਸਾਨਾ ਨੂੰ ਉਹਨਾ ਦੀ ਇਸ ਯੂਨੀਕ ਫਾਰਮਰ ਆਈ.ਡੀ ਰਾਂਹੀ ਹੀ ਖਾਦਾਂ ਦੀ ਸਪਲਾਈ, ਪੀ.ਐਮ. ਕਿਸਾਨ ਸਨਮਾਨ ਨਿੱਧੀ ਯੋਜਨਾ ਤਹਿਤ ਮਿਲਣ ਵਾਲੀਆਂ ਕਿਸ਼ਤਾਂ, ਖੇਤੀ ਮਸ਼ੀਨਰੀ ਆਦਿ ਸਹੂਲਤਾਂ ਸਬਸਿਡੀ 'ਤੇ ਮਿਲਣਯੋਗ ਹੋਣਗੀਆਂ। ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਅਤੇ ਹੋਰ ਖੇਤੀਬਾੜੀ ਸਬੰਧੀ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਡਾ. ਤੇਜਬੀਰ ਸਿੰਘ ਭੰਗੂ ਨੇ ਦੱਸਿਆ ਕਿ ਜਿਸ ਕਿਸਾਨ ਦੇ ਨਾਂ 'ਤੇ ਵਾਹੀਯੋਗ ਜ਼ਮੀਨ ਦਰਜ ਹੈ, ਉਸ ਲਈ ਫਾਰਮਰ ਰਜਿਸਟਰੀ ਤਹਿਤ ਆਪਣੀ ਫਾਰਮਰ ਆਈ.ਡੀ ਬਣਵਾਉਣਾ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਾਰਮਰ ਆਈ.ਡੀ ਬਣਵਾਉਣ ਲਈ ਜ਼ਮੀਨ ਦੀ ਮਾਤਰਾ ਸਬੰਧੀ ਕੋਈ ਸ਼ਰਤ ਨਹੀਂ ਹੈ। ਭਾਵੇਂ ਕਿਸੇ ਕਿਸਾਨ ਕੋਲ ਘੱਟ ਜ਼ਮੀਨ ਹੈ ਜਾਂ ਵੱਧ, ਉਹ ਆਪਣੀ ਫਾਰਮਰ ਆਈ.ਡੀ ਬਣਵਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਕਿਸਾਨ ਖੇਤੀਬਾੜੀ ਦੇ ਨਾਲ ਕੋਈ ਕਾਰੋਬਾਰ ਕਰਦਾ ਹੈ ਜਾਂ ਨੌਕਰੀ ਕਰਦਾ ਹੈ, ਤਾਂ ਵੀ ਉਹ ਫਾਰਮਰ ਆਈ.ਡੀ ਬਣਵਾਉਣ ਲਈ ਯੋਗ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਨੂੰ ਵਿਸ਼ੇਸ਼ ਤੌਰ 'ਤੇ ਯਕੀਨੀ ਬਣਾਉਣ ਕਿ ਪਰਿਵਾਰ ਦੇ ਜਿਨ੍ਹਾਂ-ਜਿਨ੍ਹਾਂ ਮੈਂਬਰਾਂ ਦੇ ਨਾਮ 'ਤੇ ਵਾਹੀਯੋਗ ਜ਼ਮੀਨ ਦਰਜ ਹੈ, ਉਨ੍ਹਾਂ ਸਾਰਿਆਂ ਦੀ ਵੱਖ-ਵੱਖ ਫਾਰਮਰ ਆਈ.ਡੀ ਬਣਵਾਈ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਪਰਿਵਾਰ ਦੇ ਇਕ ਮੈਂਬਰ ਦੀ ਫਾਰਮਰ ਆਈ.ਡੀ ਬਣਵਾਉਣਾ ਕਾਫ਼ੀ ਨਹੀਂ ਹੋਵੇਗਾ, ਸਗੋਂ ਜਿਸ-ਜਿਸ ਵਿਅਕਤੀ ਦੇ ਨਾਂ 'ਤੇ ਖੇਤੀਯੋਗ ਜ਼ਮੀਨ ਹੈ, ਉਸ ਦੀ ਫਾਰਮਰ ਆਈ.ਡੀ ਬਣਾਉਣੀ ਜ਼ਰੂਰੀ ਹੈ ਤਾਂ ਜੋ ਖੇਤੀ ਨਾਲ ਸਬੰਧਤ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ।

ਡਾ. ਤੇਜਬੀਰ ਸਿੰਘ ਭੰਗੂ ਨੇ ਦੱਸਿਆ ਕਿ ਫਾਰਮਰ ਆਈ.ਡੀ ਬਣਾਉਣ ਦੀ ਸਹੂਲਤ ਜ਼ਿਲ੍ਹੇ ਦੇ ਵੱਖ-ਵੱਖ ਕਾਮਨ ਸਰਵਿਸ ਸੈਂਟਰਾਂ (ਸੀ.ਐੱਸ.ਸੀ) ਵਿਖੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ 'ਤੇ ਪਹੁੰਚਣ ਅਤੇ ਆਪਣੀ ਤੇ ਪਰਿਵਾਰ ਦੇ ਉਨ੍ਹਾਂ ਸਾਰੇ ਮੈਂਬਰਾਂ ਦੀ ਫਾਰਮਰ ਆਈ.ਡੀ ਜ਼ਰੂਰ ਬਣਵਾਉਣ, ਜਿਨ੍ਹਾਂ ਦੇ ਨਾਮ 'ਤੇ ਵਾਹੀਯੋਗ ਜ਼ਮੀਨ ਦਰਜ ਹੈ।

ਉਨ੍ਹਾਂ ਕਿਹਾ ਕਿ ਫਾਰਮਰ ਆਈ.ਡੀ ਸਬੰਧੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਮੁੜ ਜ਼ੋਰ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਯੋਗ ਕਿਸਾਨ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ ਅਤੇ ਸਾਰੇ ਕਿਸਾਨ ਫਾਰਮਰ ਰਜਿਸਟਰੀ ਤਹਿਤ ਆਪਣੀ ਫਾਰਮਰ ਆਈ.ਡੀ ਜ਼ਰੂਰ ਬਣਵਾਉਣ।

No comments:

Post a Comment