Tuesday, September 1, 2026

ਝੋਨੇ ਵਿੱਚ ਫੋਕ ਘਟਾਉਣ ਅਤੇ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਦੀ ਕਾਸ਼ਤ ਲਈ ਪਿੰਡ ਖੋਖਰ ਕਲਾਂ ਵਿਖੇ ਲਗਾਈਆਂ ਪ੍ਰਦਰਸ਼ਨੀਆਂ

ਸੰਗਰੂਰ, 2 ਸਤੰਬਰ:

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੋਜੂਦਾ ਝੋਨੇ ਦੀ ਫ਼ਸਲ ਵਿੱਚੋਂ ਫੋਕ ਘਟਾਉਣ ਲਈ ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਪਿੰਡ ਖੋਖਰ ਕਲਾਂ ਵਿਖੇ ਪ੍ਰਦਰਸ਼ਨੀ ਲਗਾਈ ਗਈ।
ਕੈਂਪ ਵਿੱਚ ਸੰਬੋਧਨ ਕਰਦਿਆਂ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਵੱਧ ਪੈਦਾਵਾਰ ਅਤੇ ਚੰਗੀ ਗੁਣਵੱਤਾ ਪ੍ਰਾਪਤ ਕਰਨ ਲਈ ਫ਼ਸਲ ਦੇ ਪੂਰੇ ਵਾਧੇ ਦੇ ਸਮੇਂ ਦੌਰਾਨ ਸੰਤੁਲਿਤ ਖੁਰਾਕੀ ਤੱਤਾਂ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ। ਗੋਭ ਦੇ ਭਰਨ ਸਮੇਂ ਖੁਰਾਕੀ ਤੱਤਾਂ ਦੀ ਘਾਟ ਹੋਣ ਕਾਰਨ ਦਾਣਿਆਂ ਦਾ ਭਰਨਾ ਘਟ ਸਕਦਾ ਹੈ, ਖਾਲੀ ਦਾਣਿਆਂ ਦੀ ਗਿਣਤੀ ਵੱਧ ਸਕਦੀ ਹੈ ਅਤੇ ਦਾਣੇ ਹਲਕੇ ਰਹਿ ਸਕਦੇ ਹਨ, ਜਿਸ ਨਾਲ ਅੰਤ ਵਿੱਚ ਫ਼ਸਲ ਦੀ ਪੈਦਾਵਾਰ ਘਟ ਸਕਦੀ ਹੈ। ਇਸ ਲਈ ਇਸ ਨਾਜ਼ੁਕ ਪੜਾਅ ’ਤੇ ਪੱਤਿਆਂ ਰਾਹੀਂ ਖੁਰਾਕੀ ਤੱਤਾਂ ਦੀ ਪੂਰਤੀ ਕਰਨ ਨਾਲ ਫ਼ਸਲ ਨੂੰ ਉਸ ਸਮੇਂ ਲੋੜੀਂਦੇ ਤੱਤ ਤੇਜ਼ੀ ਨਾਲ ਉਪਲਬਧ ਕਰਵਾਉਣ ਵਿੱਚ ਮਦਦ ਮਿਲਦੀ ਹੈ।ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5% ਪੋਟਾਸ਼ੀਅਮ ਨਾਈਟ੍ਰੇਟ (13:0:45) (3 ਕਿੱਲੋ ਪੋਟਾਸ਼ੀਅਮ ਨਾਈਟ੍ਰੇਟ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਦਾ ਛਿੜਕਾਅ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ। ਪੋਟਾਸ਼ੀਅਮ ਨਾਈਟ੍ਰੇਟ ਦਾ ਪੱਤਿਆਂ ’ਤੇ ਛਿੜਕਾਅ ਇਨ੍ਹਾਂ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਸਿੱਧੀ ਅਤੇ ਤੇਜ਼ ਪੂਰਤੀ ਦਾ ਇੱਕ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਤਰੀਕਾ ਹੈ। ਛਿੜਕਾਅ ਕਰਦੇ ਸਮੇਂ ਪੱਤਿਆਂ, ਖਾਸ ਕਰਕੇ ਉੱਪਰਲੇ ਪੱਤਿਆਂ ’ਤੇ ਘੋਲ ਦੀ ਚੰਗੀ ਕਵਰੇਜ ਹੋਣੀ ਚਾਹੀਦੀ ਹੈ।
ਡਾ. ਗਰਗ ਦੇ ਅਨੁਸਾਰ, ਚੰਗੀ ਸਿਹਤ ਬਣਾਈ ਰੱਖਣ ਲਈ ਤਾਜ਼ੀਆਂ ਸਬਜ਼ੀਆਂ ਨੂੰ ਨਿਯਮਤ ਖੁਰਾਕ ਵਿੱਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਘਰਾਂ ਦੀ ਬਗੀਚੀ ਵਿੱਚ ਜਾਂ ਖੇਤਾਂ ਵਿੱਚ ਟਿਊਬਵੈੱਲਾਂ ਦੇ ਨੇੜੇ ਤਾਜ਼ੀ ਅਤੇ ਰੋਜ਼ਾਨਾ ਸਬਜ਼ੀ ਪ੍ਰਾਪਤ ਕਰਨ ਲਈ ਆਪ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ। ਇਸਨੂੰ ਉਤਸ਼ਾਹਿਤ ਕਰਨ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਖੋਖਰ ਕਲਾਂ ਵਿਖੇ ਸਰਦੀ ਰੁੱਤ ਦੀਆਂ ਸਬਜ਼ੀਆਂ 'ਤੇ 30 ਪ੍ਰਦਰਸ਼ਨੀਆਂ ਦਿੱਤੀਆਂ। ਉਹਨਾਂ ਕਿਹਾ ਕਿ ਗੋਭੀ, ਬਰੋਕਲੀ, ਮਟਰ, ਜੜ੍ਹਾਂ ਅਤੇ ਪੱਤੇ ਵਾਲੀਆਂ ਸਬਜ਼ੀਆਂ ਨੂੰ ਅੱਧ ਸਤੰਬਰ ਤੋਂ ਆਖਰੀ ਸਤੰਬਰ ਤੱਕ ਬੀਜਿਆ ਜਾ ਸਕਦਾ ਹੈ।
ਡਾ. ਗਰਗ ਨੇ ਇਸ ਬਾਰੇ ਪਿੰਡ ਖੋਖਰ ਕਲਾਂ ਦੇ ਕਿਸਾਨਾਂ ਨੂੰ ਵਿਸਥਾਰਪੂਰਵਕ ਦੱਸਿਆ ਅਤੇ ਪ੍ਰਦਰਸ਼ਨੀ ਦੇ ਤੌਰ ਤੇ ਕਿਸਾਨਾਂ ਨੂੰ ਪੋਟਾਸ਼ੀਅਮ ਨਾਈਟ੍ਰੇਟ ਉਪਲਬਧ ਕਰਵਾਇਆ। ਇਸ ਤੋਂ ਇਲਾਵਾ ਉਨਾਂ ਨੇ ਝੋਨੇ ਦੇ ਮੁੱਖ ਕੀੜੇ-ਮਕੌੜਿਆਂ, ਜਿਵੇਂ ਤਣੇ ਦੇ ਗੰਢੂਏ ਅਤੇ ਪੱਤਾ ਲਪੇਟ ਸੁੰਡੀ, ਦੀ ਪਛਾਣ ਅਤੇ ਪ੍ਰਭਾਵਸ਼ਾਲੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕੀਟਨਾਸ਼ਕਾਂ ਦਾ ਛਿੜਕਾਅ ਕੇਵਲ ਉਸ ਸਮੇਂ ਹੀ ਕੀਤਾ ਜਾਵੇ ਜਦੋਂ ਕੀੜੇ ਦੀ ਗਿਣਤੀ ਆਰਥਿਕ ਨੁਕਸਾਨ ਪੱਧਰ ਤੋਂ ਵੱਧ ਹੋਵੇ। ਇਸ ਨਾਲ ਬੇਲੋੜੇ ਕੀਟਨਾਸ਼ਕਾਂ ਦੀ ਵਰਤੋਂ, ਖਰਚੇ ਅਤੇ ਵਾਤਾਵਰਨ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾ ਸਕਦਾ ਹੈ।
ਇਸ ਮੌਕੇ ਕਿਸਾਨਾਂ ਨੂੰ ਸਤੰਬਰ 2026 ਮਹੀਨੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਨ੍ਹਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਪੇਂਡੂ ਬੱਚਿਆਂ ਲਈ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਅੰਤ ਵਿੱਚ ਡਾ. ਗਰਗ ਨੇ ਕੱਦੂ ਵਾਲੇ ਅਤੇ ਸਿੱਧੇ ਬੀਜੇ ਝੋਨੇ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਸਲਾਹ ਦਿਤੀ। ਕੈਂਪ ਦੇ ਆਯੋਜਨ ਵਿੱਚ ਪਿੰਡ ਦੇ ਸ. ਨਿਰਮਲ ਸਿੰਘ, ਸ. ਹਰਵਿੰਦਰ ਸਿੰਘ, ਸ. ਜੋਧਾ ਸਿੰਘ, ਸ. ਜਸਵਿੰਦਰ ਸਿੰਘ, ਸ. ਅੰਤਰਦੇਵ ਇੰਦਰਜੀਤ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।

No comments:

Post a Comment