ਮਹਿਲ ਕਲਾਂ, 4 ਅਕਤੂਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਮਹਿਲ ਕਲਾਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਆਈ ਏ ਐਸ, ਸ਼੍ਰੀ ਬੇਅੰਤ ਸਿੰਘ ਸਿੱਧੂ ਐਸ ਡੀ ਐਮ ਮਹਿਲ ਕਲਾਂ ਤੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਸੁਖਪਾਲ ਸਿੰਘ ਗਿੱਲ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਮਹਿਲ ਕਲਾਂ ਦੇ ਕਿਸਾਨਾਂ ਨੂੰ ਪਰਾਲੀ/ ਝੋਨੇ ਦੀ ਰਹਿੰਦ- ਖੂੰਹਦ ਦੀ ਸਾਂਭ- ਸੰਭਾਲ ਅਤੇ ਫਸਲਾਂ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਸਮੇਂ ਡਾ. ਸੁਖਪਾਲ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਉੱਥੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜੇ ਵੀ ਮਾਰ ਰਹੇ ਹਾਂ। ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਨਵੀਆਂ ਤਕਨੀਕਾਂ (ਹੈਪੀਸੀਡਰ, ਸੁਪਰਸੀਡਰ, ਸਰਫੇਸ ਸੀਡਰ ਆਦਿ) ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖੇਤ ਦੀ ਪਰਾਲੀ ਨੂੰ ਬੇਲਰ ਰਾਹੀਂ ਗੰਢਾਂ ਬਣਾਕੇ ਜਾਂ ਤੂੜੀ ਬਣਾਕੇ ਵਪਾਰੀਆਂ ਨੂੰ ਵੇਚ ਸਕਦੇ ਹਨ। ਜੇਕਰ ਅਸੀਂ ਪਿੰਡ ਪੱਧਰ ਤੋਂ ਹੀ ਅੱਗ ਨਾ ਲਗਾਉਣ ਦੇ ਉਪਰਾਲੇ ਸ਼ੁਰੂ ਕਰਾਂਗੇ ਤਾਂ ਹੀ ਸਾਡਾ ਸਾਰਾ ਪੰਜਾਬ ਪ੍ਰਦੂਸ਼ਣ ਮੁਕਤ ਹੋ ਸਕੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਦਵਾਈਆਂ ਦਾ ਸੁਚੱਜਾ ਪ੍ਰਯੋਗ ਕੀਤਾ ਜਾਵੇ।
ਕੈਂਪ ਦੌਰਾਨ ਡਾ. ਸੁਰਿੰਦਰਾ ਸਿੰਘ, ਕੇ.ਵੀ.ਕੇ. ਬਰਨਾਲਾ ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖੇਤੀਬਾੜੀ ਯੂਨੀਵਰਿਸਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ, ਖੁਰਾਕੀ ਤੱਤ, ਕੀੜੇ- ਮਕੌੜੇ ਅਤੇ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਨਵਿੰਦਰਪਾਲ ਸਿੰਘ ਬਲਾਕ ਤਕਨੀਕੀ ਮੈਨੇਜਰ, ਮਹਿਲ ਕਲਾਂ ਨੇ ਵਿਭਾਗ ਵੱਲੋਂ ਸੀ.ਆਰ. ਐੱਮ. ਸਕੀਮ ਅਧੀਨ ਕਿਸਾਨਾਂ ਨੂੰ ਸਬਸਿਡੀ ਉੱਪਰ ਪਰਾਲੀ ਸਾਂਭਣ ਵਾਲੀਆਂ ਵੱਖ- ਵੱਖ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ, ਜਿਹਨਾਂ ਦਾ ਕਿਸਾਨ ਭਰਪੂਰ ਲਾਭ ਲੈ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸਾਨ ਇੱਕ ਏਕੜ ਵਿੱਚੋਂ ਪੈਦਾ ਹੋਈ ਪਰਾਲੀ ਨੂੰ ਆਪਣੇ ਖੇਤ ਵਿੱਚ ਹੀ ਵਾਹੁੰਦਾ ਹੈ ਤਾਂ ਕਿਸਾਨ ਦਾ ਪ੍ਰਤੀ ਏਕੜ 4000 ਤੋਂ 5000 ਖਰਚਾ ਵੀ ਘਟੇਗਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਵੀ ਹੋਵੇਗਾ। ਉਹਨਾਂ ਕਣਕ ਦੇ ਮੁੱਖ ਦੁਸ਼ਮਣ ਗੁੱਲੀ ਡੰਡੇ ਅਤੇ ਉਸਦੀ ਰੋਕਥਾਮ ਲਈ ਸਿਫਾਰਸ਼ ਕੀਤੇ ਗਏ ਨਦੀਨ-ਨਾਸ਼ਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਇਸ ਕੈਂਪ ਦੌਰਾਨ ਹਰਦੀਪ ਸਿੰਘ ਸਰਵੇਅਰ ਨੇ ਭੂਮੀ ਰੱਖਿਆ ਵਿਭਾਗ ਵੱਲੋ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਉੱਪਰ ਸ੍ਰੀ ਹਰਪਾਲ ਸਿੰਘ ਏ.ਐਸ.ਆਈ ਨੇ ਸਟੇਜ ਦਾ ਸੰਚਾਲਣ ਕੀਤਾ ਅਤੇ ਕਿਸਾਨਾਂ ਨੂੰ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਹਨਾਂ ਤੋਂ ਇਲਾਵਾ ਸ੍ਰੀ ਕੁਲਵੀਰ ਸਿੰਘ ਏ.ਟੀ.ਐੱਮ., ਸ੍ਰੀ ਜਸਵੀਰ ਸਿੰਘ ਖੇਤੀ ਦੂਤ, ਸ੍ਰੀ ਕਮਲਪ੍ਰੀਤ ਸਿੰਘ ਖੇਤੀ ਦੂਤ, ਸ੍ਰੀ ਕੁਲਦੀਪ ਸਿੰਘ ਬੇਲਦਾਰ ਤੋਂ ਇਲਾਵਾ ਅਗਾਂਹਵਧੂ ਕਿਸਾਨ ਗੁਰਦੀਪ ਸਿੰਘ ਟਿਵਾਣਾ, ਹਰਮਨਜੀਤ ਸਿੰਘ, ਜਗਦੇਵ ਸਿੰਘ, ਹਰਜਿੰਦਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਸਿੰਘ, ਗੁਰਬਖਸ਼ ਸਿੰਘ, ਸ਼ੇਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਹਾਜ਼ਰ ਸਨ।ਇਸ ਮੌਕੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਬਜ਼ੀਆਂ ਦੀਆਂ ਕਿੱਟਾਂ ਵੰਡੀਆਂ ਗਈਆਂ।

No comments:
Post a Comment