*ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ ਸਬੰਧੀ ਦਿੱਤੀ ਗਈ ਸਿਖ਼ਲਾਈ*
ਖੇਤੀਬਾੜੀ ਵਿੱਚ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ‘ਆਰੀਆ ਪ੍ਰੋਜੈਕਟ’ ਤਹਿਤ ਖੁੰਬਾਂ ਦੀ ਕਾਸ਼ਤ ਸਬੰਧੀ ਇੱਕ ਵਿਸ਼ੇਸ਼ ਸਿਖਲਾਈ ਕੋਰਸ 28 ਸਤੰਬਰ ਤੋਂ 5 ਅਕਤੂਬਰ ਤੱਕ ਆਯੋਜਤ ਕੀਤਾ ਗਿਆ। ਇਸ ਕੋਰਸ ਦੌਰਾਨ ਨੌਜਵਾਨਾਂ ਅਤੇ ਕਿਸਾਨਾਂ ਵਿੱਚ ਮਸ਼ਰੂਮ ਕਾਸ਼ਤ ਪ੍ਰਤੀ ਵੱਡੀ ਰੁਚੀ ਦੇਖਣ ਨੂੰ ਮਿਲੀ, ਕਿਉਂਕਿ ਖੁੰਬਾਂ ਦੀ ਕਾਸ਼ਤ ਘੱਟ ਜਗ੍ਹਾ, ਘੱਟ ਪੂੰਜੀ ਅਤੇ ਘੱਟ ਸਮੇਂ ਵਿੱਚ ਵਧੀਆ ਆਮਦਨ ਦੇਣ ਦੀ ਸਮਰਥਾ ਰੱਖਦੀ ਹੈ।
ਇਸ ਸਿਖਲਾਈ ਕੋਰਸ ਦੀ ਦੀ ਸੁਰੂਆਤ ਕਰਦਿਆਂ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨੇ ਕਿਹਾ ਕਿ ਖੁੰਬਾਂ ਦੀ ਕਾਸ਼ਤ ਨੌਜਵਾਨਾਂ ਲਈ ਰਵਾਇਤੀ ਫਸਲਾਂ ਤੋਂ ਇਲਾਵਾ ਇੱਕ ਆਕਰਸ਼ਕ ਬਦਲ ਹੈ, ਜਿਸ ਨਾਲ ਸਾਲ ਭਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਸਿੱਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿਖਲਾਈ ਲੈ ਕੇ ਖੁੰਬ ਉਤਪਾਦਨ ਨੂੰ ਮੁੱਖ ਕਿੱਤੇ ਵਜੋਂ ਅਪਣਾ ਕੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਵਿੱਚ ਸੁਧਾਰ ਕਰ ਸਕਦੇ ਹਨ।
ਇਸ ਮੌਕੇ ਮਾਹਿਰ ਵਿਗਿਆਨੀ ਡਾ. ਤੇਜਪਾਲ ਸਿੰਘ ਸਰਾਂ, ਸਹਾਇਕ ਪ੍ਰੋਫੈਸਰ, ਕੇ.ਵੀ.ਕੇ ਮਾਨਸਾ ਨੇ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਨਾਲ ਜੁੜੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਸਿਖਿਆਰਥੀਆਂ ਨੂੰ ਬਟਨ ਖੁੰਬ, ਪਰਾਲੀ ਵਾਲੀ ਖੁੰਬ, ਢੀਂਗਰੀ ਅਤੇ ਮਿਲਕੀ ਖੁੰਬ ਦੀ ਕਾਸ਼ਤ, ਉਨ੍ਹਾਂ ਲਈ ਲੋੜੀਂਦਾ ਤਾਪਮਾਨ, ਨਮੀ, ਸਫ਼ਾਈ ਅਤੇ ਉੱਚ ਗੁਣਵੱਤਾ ਵਾਲੇ ਸਮਾਨ ਦੀ ਚੋਣ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਡਾ. ਸੁਖਜਿੰਦਰ ਸਿੰਘ, ਕੇ.ਵੀ.ਕੇ ਸ਼੍ਰੀ ਮੁਕਤਸਰ ਸਾਹਿਬ ਨੇ ਸਿੱਖਿਆਰਥੀਆਂ ਨੂੰ ਦੱਸਿਆ ਕਿ ਖੁੰਬ ਇੱਕ ਉੱਚ ਪੋਸ਼ਣ ਵਾਲਾ ਭੋਜਨ ਹੈ ਜੋ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਨਾਲ ਭਰਪੂਰ ਹੁੰਦਾ ਹੈ। ਇਸ ਕਾਰਨ ਸ਼ਹਿਰੀ ਅਤੇ ਪੇਂਡੂ ਦੋਵੇਂ ਖੇਤਰਾਂ ਵਿੱਚ ਇਸ ਦੀ ਮੰਗ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵਿਗਿਆਨਕ ਢੰਗ ਨਾਲ ਕੀਤੀ ਖੁੰਬਾਂ ਦੀ ਕਾਸ਼ਤ ਰਾਹੀਂ ਨੌਜਵਾਨ ਸਾਲਾਨਾ ਚੰਗੀ ਆਮਦਨ ਹਾਸਲ ਕਰ ਸਕਦੇ ਹਨ ਅਤੇ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਵਪਾਰਕ ਪੱਧਰ ਤੱਕ ਪਹੁੰਚ ਸਕਦੇ ਹਨ।
ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ ਨੇ ਖੁੰਬਾਂ ਦੇ ਪੈਕਿੰਗ ਅਤੇ ਮੰਡੀਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਦੌਰਾਨ ਕੰਪੋਸਟ ਖਾਦ ਤਿਆਰ ਕਰਨ, ਖੁੰਬ ਬੈਗ ਭਰਨ, ਰੋਗ ਪ੍ਰਬੰਧਨ, ਤੁੜਾਈ, ਸਟੋਰੇਜ ਅਤੇ ਮਾਰਕੀਟਿੰਗ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਇਸ ਨਾਲ ਸਿਖਿਆਰਥੀਆਂ ਵਿੱਚ ਇਹ ਭਰੋਸਾ ਪੈਦਾ ਹੋਇਆ ਕਿ ਖੁੰਬਾਂ ਦੀ ਕਾਸ਼ਤ ਸਿਰਫ਼ ਇੱਕ ਸਹਾਇਕ ਗਤੀਵਿਧੀ ਨਹੀਂ, ਸਗੋਂ ਪੂਰੀ ਤਰ੍ਹਾਂ ਲਾਭਕਾਰੀ ਕਿੱਤਾ ਬਣ ਸਕਦੀ ਹੈ।
ਸਿਖਲਾਈ ਦੌਰਾਨ ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ ਵੱਲੋਂ ਸਿਖਿਆਰਥੀਆਂ ਨੂੰ ਖੁੰਬਾਂ ਦੇ ਉਤਪਾਦਨ ਉਪਰੰਤ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਖੁੰਬਾਂ ਦੀ ਸਫਾਈ, ਗ੍ਰੇਡਿੰਗ, ਪੈਕਿੰਗ, ਸੁਕਾਉਣ, ਸੰਭਾਲ ਅਤੇ ਕੀਮਤ ਵਾਧੇ ਵਾਲੇ ਉਤਪਾਦ ਤਿਆਰ ਕਰਨ ਦੀਆਂ ਤਕਨੀਕਾਂ ਬਾਰੇ ਜਾਣੂੰ ਕਰਵਾਇਆ। ਉਹਨਾਂ ਨੇ ਉਤਪਾਦਨ ਤੋਂ ਬਾਅਦ ਸਹੀ ਢੰਗ ਨਾਲ ਸੰਭਾਲ ਅਤੇ ਪ੍ਰੋਸੈਸਿੰਗ ਕਰਕੇ ਉਨ੍ਹਾਂ ਦੀ ਸ਼ੈਲਫ ਲਾਈਫ ਵਧਾਈ ਜਾ ਸਕਦੀ ਹੈ ਅਤੇ ਉਤਪਾਦ ਦਾ ਵਧੀਆ ਮੁੱਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਪੀ.ਏ.ਯੂ ਦੇ ਡਾ. ਅਨੁਰੀਤ ਕੌਰ ਚਾਂਦੀ ਨੇ ਆਨਲਾਈਨ ਮਾਧਿਅਮ ਰਾਹੀਂ ਦੱਸਦਿਆਂ ਖੁੰਬਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ, ਉਹਨਾਂ ਦੀ ਪਹਿਚਾਣ ਅਤੇ ਰੋਕਥਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਦੌਰਾਨ ਪੀ.ਏ.ਯੂ ਦੇ ਮਾਹਿਰ ਡਾ. ਐਨਾ ਗੋਇਲ ਨੇ ਸਿਖਿਆਰਥੀਆਂ ਨੂੰ ਢੀਂਗਰੀ ਖੁੰਬ ਦੀ ਸਫਲ ਕਾਸ਼ਤ, ਇਸ ਦੇ ਉਤਪਾਦ ਅਤੇ ਮੰਡੀਕਰਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਸਿਖਿਆਰਥੀਆਂ ਨੂੰ ਖੁੰਬਾਂ ਦੀ ਕਾਸ਼ਤ ਰਾਹੀਂ ਆਮਦਨ ਦੇ ਸੰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਵਿਗਿਆਨੀਆਂ ਨੇ ਕਿਹਾ ਕਿ ਨੌਜਵਾਨ ਜੇਕਰ ਖੁੰਬਾਂ ਦੀ ਕਾਸ਼ਤ ਨੂੰ ਵਿਗਿਆਨਕ ਢੰਗ ਨਾਲ ਅਪਣਾਉਣ, ਤਾਂ ਇਹ ਰੋਜ਼ਗਾਰ ਦਾ ਇੱਕ ਮਜ਼ਬੂਤ ਸਾਧਨ ਬਣ ਸਕਦਾ ਹੈ ਅਤੇ ਵਿਦੇਸ਼ ਜਾਣ ਦੀ ਬਜਾਏ ਦੇਸ਼ ਵਿੱਚ ਹੀ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਸੰਭਵ ਹੈ।
ਕੋਰਸ ਦੌਰਾਨ ਸਿੱਖਿਆਰਥੀਆਂ ਨੂੰ ਆਪਣੇ ਹੱਥੀਂ ਕੰਪੋਸਟ ਤਿਆਰ ਕਰਨ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ ਅਤੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਭਾਗੀਦਾਰਾਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਖੁੰਬਾਂ ਦੀ ਕਾਸ਼ਤ ਨੂੰ ਅਪਣਾਕੇ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਹਨ।
No comments:
Post a Comment