ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਖੇਤਾਂ ’ਚ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦੇ ਮਾਮਲਿਆਂ ਦੀ ਰੋਕਥਾਮ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 23 ਅਕਤੂਬਰ: ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਉਣ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐੱਮ.) ਅਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਮੌਜੂਦਾ ਤਕਨਾਲੋਜੀ ਰਾਹੀਂ ਪਰਾਲੀ ਦੀ ਵੱਖ-ਵੱਖ ਕੰਮਾਂ ਲਈ ਵਰਤੋਂ ਨਾਲ ਸਬੰਧਤ ਉਦਯੋਗਿਕ ਇਕਾਈਆਂ ਦਾ ਨਿਰੀਖਣ ਕੀਤਾ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਉਪਲਬਧ ਖੇਤੀਬਾੜੀ ਮਸ਼ੀਨਰੀ ਦੀ ਸਥਿਤੀ ਦਾ ਜਾਇਜ਼ਾ ਲਿਆ।
ਉੱਚ ਪੱਧਰੀ ਟੀਮ ਵਿੱਚ ਸੀ.ਏ.ਕਿਊ.ਐੱਮ. ਦੇ ਚੇਅਰਪਰਸਨ ਰਾਜੇਸ਼ ਵਰਮਾ, ਮੈਂਬਰ (ਤਕਨੀਕੀ) ਐੱਸ.ਡੀ. ਅੱਤਰੀ ਅਤੇ ਮੈਂਬਰ ਸਕੱਤਰ ਤਰੁਣ ਕੁਮਾਰ ਪਿਥੋੜੇ ਸ਼ਾਮਲ ਸਨ। ਇਸ ਤੋਂ ਇਲਾਵਾ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸੀ.ਐੱਮ.ਡੀ. ਗੁਰਕਿਰਤ ਕਿਰਪਾਲ ਸਿੰਘ, ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਲਵਨੀਤ ਕੁਮਾਰ ਦੂਬੇ, ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ, ਏ.ਡੀ.ਸੀ. ਰਾਕੇਸ਼ ਕੁਮਾਰ ਮੀਨਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
ਦੌਰੇ ਦੌਰਾਨ ਅਧਿਕਾਰੀਆਂ ਨੇ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਬਿੰਜੋਂ ਸਥਿਤ ਗ੍ਰੀਨ ਪਲੈਨੇਟ ਐਨਰਜੀ ਪ੍ਰਾਈਵੇਟ ਲਿਮਟਿਡ ਦੇ ਬਾਇਓਮਾਸ ਪਾਵਰ ਪਲਾਂਟ ਦਾ ਨਿਰੀਖਣ ਕੀਤਾ। ਇਸ ਦੇ ਨਾਲ ਹੀ ਖੇਤੀਬਾੜੀ ਵਿਗਿਆਨ ਕੇਂਦਰ ਦਾ ਦੌਰਾ ਕਰਕੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਉਪਲਬਧ ਖੇਤੀਬਾੜੀ ਮਸ਼ੀਨਰੀ ਦੀ ਸਥਿਤੀ ਅਤੇ ਵਰਤੋਂ ਦੀ ਸਮੀਖਿਆ ਕੀਤੀ।
ਅਧਿਕਾਰੀਆਂ ਨੇ ਪਿੰਡ ਬਰੋਟੀ ਸਥਿਤ ਰਿਲਾਇੰਸ ਕੰਪ੍ਰੈੱਸਡ ਬਾਇਓ-ਗੈਸ ਪਲਾਂਟ ਦਾ ਵੀ ਨਿਰੀਖਣ ਕੀਤਾ। ਇਸ ਤੋਂ ਇਲਾਵਾ ਪਿੰਡ ਕੋਟਲਾ ਗੌਂਸਪੁਰ ਸਥਿਤ ਮੈਸਰਜ਼ ਈਕੋ ਊਰਜਾ ਵੈਂਚਰਜ਼ ਦੇ ਝੋਨੇ ਦੀ ਪਰਾਲੀ ਤੋਂ ਪੈਲੇਟ ਬਣਾਉਣ ਵਾਲੇ ਪਲਾਂਟ ਦਾ ਦੌਰਾ ਕਰਕੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਰਾਹੀਂ ਵੱਖ-ਵੱਖ ਕਾਰਜਾਂ ਲਈ ਵਰਤੋਂ ਬਾਰੇ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ।
ਸੀ.ਏ.ਕਿਊ.ਐੱਮ. ਦੇ ਚੇਅਰਪਰਸਨ ਰਾਜੇਸ਼ ਵਰਮਾ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਉਦੇਸ਼ ਝੋਨੇ ਦੀ ਪਰਾਲੀ ਦੇ ਵਿਗਿਆਨਕ ਅਤੇ ਵਾਤਾਵਰਣ-ਅਨੁਕੂਲ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ, ਪਰਾਲੀ ਆਧਾਰਿਤ ਊਰਜਾ ਉਤਪਾਦਨ ਅਤੇ ਹੋਰ ਉਦਯੋਗਿਕ ਵਰਤੋਂ ਦੀਆਂ ਸੰਭਾਵਨਾਵਾਂ ਨੂੰ ਵਧਾਉਣਾ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕਰਨਾ ਸੀ।

No comments:
Post a Comment