--ਐੱਸ.ਡੀ.ਐੱਮਜ਼ ਨੂੰ ਪਿੰਡ ਪੱਧਰ 'ਤੇ ਮੀਟਿੰਗਾਂ ਕਰਨ ਲਈ ਕਿਹਾ
--ਕਲੱਸਟਰ ਅਫ਼ਸਰਾਂ ਨੂੰ ਪਿੰਡਾਂ ਵਿੱਚ ਰਹਿ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼
--ਕਿਸਾਨ ਲੱਕੀ ਡਰਾਅ ਲਈ ਵਧ ਚੜ੍ਹ ਕੇ ਕਰਨ ਰਜਿਸਟ੍ਰੇਸ਼ਨ- ਵਿਵੇਕ ਮੋਦੀ
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਵਿਵੇਕ ਕੁਮਾਰ ਮੋਦੀ ਦੀ ਪ੍ਰਧਾਨਗੀ ਹੇਠ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਿਵੇਕ ਕੁਮਾਰ ਮੋਦੀ ਨੇ ਸਮੂਹ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਖੇਤਰ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਸਿੱਧੀਆਂ ਮੀਟਿੰਗਾਂ ਕਰਨ ਅਤੇ ਪਰਾਲੀ ਦੇ ਨਿਪਟਾਰੇ ਲਈ ਉਪਲਬਧ ਤਕਨੀਕਾਂ ਬਾਰੇ ਜਾਗਰੂਕ ਕਰਨ।
ਉਨ੍ਹਾਂ ਸਮੂਹ ਕਲੱਸਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਫੀਲਡ ਵਿੱਚ ਨਿਰੰਤਰ ਮੌਜੂਦ ਰਹਿਣ ਅਤੇ ਸਥਿਤੀ 'ਤੇ ਤਿੱਖੀ ਨਜ਼ਰ ਰੱਖਣ। ਇਸ ਦੇ ਨਾਲ ਹੀ ਨੋਡਲ ਅਫ਼ਸਰਾਂ ਨੂੰ ਕਿਸਾਨਾਂ, ਬੇਲਰ ਮਾਲਕਾਂ ਅਤੇ ਸਹਿਕਾਰੀ ਸਭਾਵਾਂ ਨਾਲ ਤਾਲਮੇਲ ਬਣਾ ਕੇ ਵਿਸ਼ੇਸ਼ ਮੀਟਿੰਗਾਂ ਉਲੀਕਣ ਲਈ ਕਿਹਾ ਗਿਆ, ਤਾਂ ਜੋ ਪਰਾਲੀ ਦੀਆਂ ਗੰਢਾਂ ਬਣਾਉਣ ਅਤੇ ਹੋਰ ਸਾਧਨਾਂ ਦੀ ਵਰਤੋਂ ਨੂੰ ਸੁਚਾਰੂ ਬਣਾਇਆ ਜਾ ਸਕੇ।
ਮੀਟਿੰਗ ਦੌਰਾਨ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਪਿੰਡ-ਪਿੰਡ ਵਿੱਚ ਮੁਨਾਦੀ ਰਾਹੀਂ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ਼ ਕਰਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਨਾ ਸੜਨ ਵਾਲੇ ਕਿਸਾਨਾਂ ਲਈ ਪ੍ਰਸ਼ਾਸਨ ਵੱਲੋਂ 'ਲੱਕੀ ਡਰਾਅ' ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੱਕੀ ਡਰਾਅ ਵਿੱਚ ਹਿੱਸਾ ਲੈਣ ਲਈ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ।
ਸ਼੍ਰੀ ਮੋਦੀ ਨੇ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਲਈ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਨ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਤਪਾ ਸ੍ਰੀ ਆਯੂਸ਼ ਗੋਇਲ, ਉਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸ੍ਰੀ ਬੇਅੰਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਸੁਖਪਾਲ ਸਿੰਘ ਗਿੱਲ, ਤਹਿਸੀਲਦਾਰ ਬਰਨਾਲਾ ਕੁਲਦੀਪ ਸਿੰਘ ਤੋਂ ਇਲਾਵਾ ਕਲੱਸਟਰ ਤੇ ਨੋਡਲ ਅਫ਼ਸਰ ਵੀ ਮੌਜੂਦ ਸਨ।

No comments:
Post a Comment