*ਪੱਖੋਂ ਕਲਾਂ 'ਚ ਸਥਾਪਤ ਪੈਲੇਟ ਯੂਨਿਟ ਰਾਹੀਂ ਪਰਾਲੀ ਦੀ ਸੁਚੱਜੀ ਵਰਤੋਂ ਨੂੰ ਮਿਲ ਰਿਹਾ ਹੁਲਾਰਾ*
*ਐੱਸਡੀਐਮ ਤਪਾ ਆਯੂਸ਼ ਗੋਇਲ ਵਲੋਂ ਪੈਲੇਟ ਯੂਨਿਟ ਦਾ ਦੌਰਾ*ਬਰਨਾਲਾ/ਤਪਾ, ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਦੀ ਅਗਵਾਈ ਪਰਾਲੀ ਪ੍ਰਬੰਧਨ ਮੁਹਿੰਮ ਲਗਾਤਾਰ ਜਾਰੀ ਹੈ।
ਇਸ ਮੁਹਿੰਮ ਤਹਿਤ ਐੱਸਡੀਐਮ ਤਪਾ ਆਯੂਸ਼ ਗੋਇਲ ਆਈਏਐੱਸ ਵਲੋਂ ਪੱਖੋਂ ਕਲਾਂ ਵਿੱਚ ਪੈਲੇਟ ਯੂਨਿਟ ਦਾ ਦੌਰਾ ਕੀਤਾ ਗਿਆ।
ਉਹਨਾਂ ਕਿਹਾ ਕਿ ਪਿੰਡ ਖੁੱਡੀ ਕਲਾਂ ਦੇ ਕਿਸਾਨ ਬੂਟਾ ਸਿੰਘ ਵੱਲੋਂ ਆਪਣੇ ਚਚੇਰੇ ਭਰਾ ਪਰਵਿੰਦਰ ਸਿੰਘ ਨਾਲ ਮਿਲ ਕੇ ਪਿੰਡ ਪੱਖੋਂ ਕਲਾਂ ਵਿਖੇ ਚਲਾਇਆ ਜਾ ਰਿਹਾ ਪੈਲੇਟ ਯੂਨਿਟ ਪਰਾਲੀ ਪ੍ਰਬੰਧਨ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਹੈ। ਇਸ ਯੂਨਿਟ ਵਿੱਚ ਝੋਨੇ ਦੀ ਪਰਾਲੀ ਤੋਂ ਪੈਲੇਟਸ (ਟਿੱਕੀਆਂ) ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਸਪਲਾਈ ਵੱਖ-ਵੱਖ ਪਾਵਰ ਪਲਾਂਟਾਂ ਅਤੇ ਹੋਰ ਸਬੰਧਤ ਥਾਵਾਂ ’ਤੇ ਕੀਤੀ ਜਾਂਦੀ ਹੈ। ਉਨ੍ਹਾਂ ਨੇ ਯੂਨਿਟ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਰਾਲੀ ਦੀ ਵਰਤੋਂ ਕਰਕੇ ਵਾਤਾਵਰਨ ਪੱਖੀ ਕਾਰੋਬਾਰ ਸਥਾਪਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਯੂਨਿਟ ਦੇ ਮਾਲਕ ਬੂਟਾ ਸਿੰਘ (39 ਸਾਲ) ਵਾਸੀ ਖੁੱਡੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕਾਰੋਬਾਰ ਦੀ ਸ਼ੁਰੂਆਤ ਪਿਛਲੇ ਸਾਲ ਆਪਣੇ ਚਚੇਰੇ ਭਰਾ ਪਰਵਿੰਦਰ ਸਿੰਘ ਨਾਲ ਮਿਲ ਕੇ ਕੀਤੀ ਸੀ। ਇਸ ਉਦੇਸ਼ ਲਈ ਉਨ੍ਹਾਂ ਨੇ 22 ਏਕੜ ਜ਼ਮੀਨ ਲੀਜ਼ ’ਤੇ ਲੈ ਕੇ ਪੈਲੇਟ ਯੂਨਿਟ ਸਥਾਪਤ ਕੀਤਾ, ਜਿਸ ਵਿੱਚੋਂ 12 ਏਕੜ ਜ਼ਮੀਨ ਪੰਚਾਇਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਕਾਰੋਬਾਰ ਸ਼ੁਰੂ ਕਰਨ ਪਿੱਛੇ ਉਨ੍ਹਾਂ ਦਾ ਮੁੱਖ ਉਦੇਸ਼ ਪਰਾਲੀ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਰਾਹੀਂ ਆਮਦਨ ਦਾ ਇੱਕ ਟਿਕਾਊ ਸਾਧਨ ਵਿਕਸਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦੀ ਬਜਾਏ ਇਸ ਤੋਂ ਪੈਲੇਟਸ ਤਿਆਰ ਕਰਨਾ ਵਾਤਾਵਰਨ ਦੀ ਸੰਭਾਲ ਵੱਲ ਇੱਕ ਅਹਿਮ ਕਦਮ ਹੈ। ਇਸ ਨਾਲ ਜਿੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਸੰਭਵ ਹੁੰਦੀ ਹੈ, ਉੱਥੇ ਹੀ ਇਸ ਨੂੰ ਇੱਕ ਲਾਭਦਾਇਕ ਉਤਪਾਦ ਵਿੱਚ ਬਦਲਿਆ ਜਾ ਸਕਦਾ ਹੈ।
ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੈਲੇਟ ਯੂਨਿਟ ਵਿੱਚ ਬੇਲਰ ਮਾਲਕਾਂ ਰਾਹੀਂ ਇਕੱਠੀ ਕੀਤੀ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਅਨੁਸਾਰ, ਇਸ ਯੂਨਿਟ ਲਈ ਹਰ ਸਾਲ ਕਰੀਬ ਢਾਈ ਲੱਖ ਕੁਇੰਟਲ ਪਰਾਲੀ ਖਰੀਦਦੇ ਹਨ। ਉਨ੍ਹਾਂ ਦੱਸਿਆ ਕਿ ਤਿਆਰ ਕੀਤੇ ਗਏ ਪੈਲੇਟਸ ਵੱਖ-ਵੱਖ ਥਰਮਲ ਪਾਵਰ ਪਲਾਂਟਾਂ ਤੋਂ ਇਲਾਵਾ ਹੋਰ ਸਬੰਧਤ ਇਕਾਈਆਂ ਨੂੰ ਵੀ ਸਪਲਾਈ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਨੂੰ ਇੱਕ ਕਾਰੋਬਾਰੀ ਮੌਕੇ ਵਜੋਂ ਅਪਣਾਉਣ ਨਾਲ ਕਿਸਾਨਾਂ ਅਤੇ ਬੇਲਰ ਮਾਲਕਾਂ ਨੂੰ ਵੀ ਪਰਾਲੀ ਦੀ ਸੁਚੱਜੀ ਵਰਤੋਂ ਲਈ ਉਤਸ਼ਾਹ ਮਿਲਦਾ ਹੈ। ਇਸ ਤਰ੍ਹਾਂ ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਬੇਕਾਰ ਸਮਝਣ ਦੀ ਬਜਾਏ ਇਸ ਨੂੰ ਉਪਯੋਗੀ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ।
ਇਸ ਮੌਕੇ ਐੱਸ.ਡੀ.ਐੱਮ. ਤਪਾ ਸ੍ਰੀ ਆਯੂਸ਼ ਗੋਇਲ ਨੇ ਕਿਸਾਨ ਬੂਟਾ ਸਿੰਘ ਅਤੇ ਪਰਵਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਅਜਿਹੇ ਯਤਨ ਵਾਤਾਵਰਨ ਦੀ ਸੰਭਾਲ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਵਰਤੋਂ ਦੇ ਬਦਲਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਦੇ ਆਧੁਨਿਕ ਅਤੇ ਵਾਤਾਵਰਨ ਪੱਖੀ ਤਰੀਕਿਆਂ ਨੂੰ ਅਪਣਾ ਕੇ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

No comments:
Post a Comment