ਜ਼ਿਲ੍ਹੇ ਵਿੱਚ ਲਗਭਗ 16 ਪਰਾਲੀ ਸਟੋਰ ਅਤੇ 9 ਪੈਲਟ ਯੂਨਿਟ ਕਾਰਜਸ਼ੀਲ
ਕਾਲੇਕੇ ਦਾ ਕਿਸਾਨ ਤਿਆਰ ਕਰ ਰਿਹੈ ਪਰਾਲੀ ਦਾ ਅਚਾਰ
ਸਹੌਰ ਅਤੇ ਵਜੀਦਕੇ ਕਲਾਂ ਦੇ ਕਿਸਾਨ ਬਣਾਉਂਦੇ ਹਨ ਤੂੜੀ
ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਆਪਣੀ ਸੋਚ ਅਤੇ ਨਵੇਂ ਤਰੀਕੇ ਅਪਣਾ ਕੇ ਪਰਾਲੀ ਨੂੰ ਪ੍ਰਦੂਸ਼ਣ ਦਾ ਕਾਰਨ ਬਣਨ ਦੀ ਬਜਾਏ ਆਮਦਨ ਦਾ ਸਰੋਤ ਬਣਾ ਲਿਆ ਹੈ। ਕਿਸਾਨਾਂ ਵੱਲੋਂ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਕੇ ਇਸ ਦੀ ਵੱਖ-ਵੱਖ ਰੂਪਾਂ ਵਿੱਚ ਵਰਤੋਂ ਕੀਤੀ ਜਾ ਰਹੀ ਹੈ, ਜੋ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਣਾਦਾਇਕ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਨੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਬਰਨਾਲਾ ਦੇ ਵੱਡੀ ਗਿਣਤੀ ਕਿਸਾਨਾਂ ਨੇ ਪਰਾਲੀ ਨੂੰ ਪ੍ਰਦੂਸ਼ਣ ਦਾ ਨਹੀਂ, ਸਗੋਂ ਆਮਦਨ ਦਾ ਸਰੋਤ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਨਵੀਂ ਸੋਚ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਖੇਤੀਬਾੜੀ ਨੂੰ ਆਰਥਿਕ ਤੌਰ 'ਤੇ ਹੋਰ ਲਾਹੇਵੰਦ ਬਣਾਉਣ ਵਿੱਚ ਵੀ ਸਹਾਈ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਇਸ ਦੀ ਉਦਯੋਗਿਕ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਲਗਭਗ 16 ਪਰਾਲੀ ਸਟੋਰ ਅਤੇ 9 ਪੈਲਟ ਯੂਨਿਟ ਕਾਰਜਸ਼ੀਲ ਹਨ। ਇਨ੍ਹਾਂ ਰਾਹੀਂ ਪਰਾਲੀ ਨੂੰ ਇਕੱਠਾ ਕਰਕੇ ਅੱਗੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸਹੌਰ ਅਤੇ ਵਜੀਦਕੇ ਕਲਾਂ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਪਰਾਲੀ ਦੀ ਤੂੜੀ ਤਿਆਰ ਕੀਤੀ ਜਾ ਰਹੀ ਹੈ, ਜਦਕਿ ਪਿੰਡ ਕਾਲੇਕੇ ਦੇ ਕਿਸਾਨ ਭੁਪਿੰਦਰ ਸਿੰਘ ਵੱਲੋਂ ਪਰਾਲੀ ਦਾ ਅਚਾਰ ਤਿਆਰ ਕਰਕੇ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਰਿਹਾ ਹੈ।
ਕਿਸਾਨ ਭੁਪਿੰਦਰ ਸਿੰਘ ਨੇ 2016 ਵਿਚ 1 ਕਿੱਲੇ ਵਿਚ ਪਰਾਲੀ ਨੂੰ ਅੱਗ ਲਗਾਉਣੀ ਬੰਦ ਕੀਤੀ ਅਤੇ 2018 ਵਿਚ ਪਰਿਵਾਰ ਦੀ 18 ਕਿੱਲੇ ਅਤੇ ਠੇਕੇ ਵਾਲੀ 12 ਕਿੱਲੇ ਜ਼ਮੀਨ ਵਿਚ ਅੱਗ ਲਾਉਣੀ ਬੰਦ ਕਰ ਦਿੱਤੀ ਅਤੇ ਉਸ ਤੋਂ ਬਾਅਦ ਕਦੇ ਪਰਾਲੀ ਨੂੰ ਅੱਗ ਨਹੀਂ ਲਾਈ। ਓਹ ਕਰੀਬ 60 ਪਸ਼ੂਆਂ ਵਾਲਾ ਡੇਅਰੀ ਫਾਰਮ ਵੀ ਚਲਾ ਰਿਹਾ ਹੈ। ਉਹ ਪਰਾਲੀ ਨੂੰ ਜ਼ਮੀਨ ਵਿਚ ਰਲਾਉਂਦਾ ਹੈ ਜਿਸ ਨਾਲ ਝਾੜ ਵੀ ਵਧੀਆ ਰਹਿੰਦਾ ਹੈ। ਇਸ ਵਾਰ ਓਸਨੇ ਪਰਾਲੀ ਤੋਂ ਅਚਾਰ ਤਿਆਰ ਕਰਨ ਦਾ ਤਜਰਬਾ ਵੀ ਕੀਤਾ ਹੈ ਅਤੇ ਕਈ ਕਿਸਾਨਾਂ ਨੂੰ ਅਚਾਰ ਤਿਆਰ ਕਰਕੇ ਦਿੱਤਾ ਹੈ।
ਉਹ ਮੱਕੀ ਦੀ ਕਾਸ਼ਤ ਵੀ ਕਰਦਾ ਹੈ ਅਤੇ ਸਾਲ ਵਿਚ ਤਿੰਨ ਫਸਲਾਂ ਲੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਉਪਰਾਲੇ ਸਾਬਤ ਕਰਦੇ ਹਨ ਕਿ ਜੇਕਰ ਕਿਸਾਨ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਨਵੇਂ ਤਰੀਕੇ ਅਪਣਾਉਣ ਤਾਂ ਇਸ ਤੋਂ ਆਰਥਿਕ ਲਾਭ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ਅਤੇ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਕਿਸਾਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ ਅਤੇ ਬੇਲਰ ਵਰਗੀ ਮਸ਼ੀਨਰੀ ਦੀ ਮਦਦ ਨਾਲ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰਨ ਜਾਂ ਇਸ ਨੂੰ ਹੋਰ ਲਾਹੇਵੰਦ ਕੰਮਾਂ ਲਈ ਵਰਤ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸੁਚੱਜੀ ਸਾਂਭ-ਸੰਭਾਲ ਕਰਨ ਅਤੇ ਸਫਲ ਕਿਸਾਨਾਂ ਵੱਲੋਂ ਅਪਣਾਏ ਜਾ ਰਹੇ ਮਾਡਲਾਂ ਤੋਂ ਪ੍ਰੇਰਨਾ ਲੈਣ।

No comments:
Post a Comment