ਸ੍ਰੀ ਮੁਕਤਸਰ ਸਾਹਿਬ, 11 ਨਵੰਬਰ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵਿਖੇ ਮਧੂ-ਮੱਖੀ ਪਾਲਣ ਸਬੰਧੀ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਸਿਖਲਾਈ ਕੋਰਸ ਦਾ ਮੁੱਖ ਉਦੇਸ਼ ਸਿਖਿਆਰਥੀਆਂ ਨੂੰ ਮਧੂ-ਮੱਖੀ ਪਾਲਣ ਦੀਆਂ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਅਤੇ ਇਸ ਕਿੱਤੇ ਨੂੰ ਸਹਾਇਕ ਆਮਦਨ ਦੇ ਸਰੋਤ ਵਜੋਂ ਅਪਣਾਉਣ ਲਈ ਉਤਸ਼ਾਹਿਤ ਕਰਨਾ ਸੀ। ਇਸ ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਮਧੂ-ਮੱਖੀ ਪਾਲਣ ਦੇ ਇਤਿਹਾਸ, ਇਸ ਕਿੱਤੇ ਦੇ ਵਿਕਾਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੋਗਦਾਨ, ਮਧੂ-ਮੱਖੀ ਪਾਲਣ ਲਈ ਲੋੜੀਂਦੇ ਸੰਦਾਂ ਅਤੇ ਉਪਕਰਨਾਂ, ਮਧੂ-ਮੱਖੀਆਂ ਦੇ ਬਕਸਿਆਂ ਦੀ ਬਣਤਰ ਅਤੇ ਵੱਖ-ਵੱਖ ਹਿੱਸਿਆਂ ਦੀ ਪਛਾਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਮਧੂ-ਮੱਖੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਪਛਾਣ, ਉਨ੍ਹਾਂ ਦੇ ਜੀਵਨ ਚੱਕਰ, ਛੱਤੇ ਵਿੱਚ ਕੰਮ ਦੀ ਵੰਡ ਅਤੇ ਮਧੂ-ਮੱਖੀਆਂ ਲਈ ਲਾਹੇਵੰਦ ਬਨਸਪਤੀ ਅਤੇ ਫੁੱਲਦਾਰ ਪੌਦਿਆਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਗਿਆ। ਸਿਖਿਆਰਥੀਆਂ ਨੂੰ ਵੱਖ-ਵੱਖ ਰੁੱਤਾਂ ਅਤੇ ਮੌਸਮੀ ਹਾਲਾਤਾਂ ਦੌਰਾਨ ਮਧੂ-ਮੱਖੀਆਂ ਦੀ ਸਾਂਭ-ਸੰਭਾਲ, ਖੁਰਾਕ ਪ੍ਰਬੰਧਨ, ਮੁੱਖ ਕੀੜਿਆਂ ਅਤੇ ਬਿਮਾਰੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਸ਼ਹਿਦ ਕੱਢਣ ਦੀਆਂ ਵਿਗਿਆਨਕ ਵਿਧੀਆਂ, ਸ਼ਹਿਦ ਦੀ ਸਫ਼ਾਈ, ਪ੍ਰੋਸੈਸਿੰਗ, ਗੁਣਵੱਤਾ ਸੰਭਾਲ ਅਤੇ ਮੰਡੀਕਰਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਸਿਖਲਾਈ ਨੂੰ ਵਧੇਰੇ ਲਾਹੇਵੰਦ ਬਣਾਉਣ ਲਈ ਮਾਹਿਰਾਂ ਵੱਲੋਂ ਵੱਖ-ਵੱਖ ਪ੍ਰੈਕਟੀਕਲ ਕਰਵਾਏ ਗਏ, ਤਾਂ ਜੋ ਸਿਖਿਆਰਥੀ ਇਸ ਕਿੱਤੇ ਨਾਲ ਸਬੰਧਤ ਲੋੜੀਂਦੇ ਹੁਨਰ ਹਾਸਲ ਕਰ ਸਕਣ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਕਰਮਜੀਤ ਸ਼ਰਮਾ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਧੂ-ਮੱਖੀ ਪਾਲਣ ਇੱਕ ਲਾਹੇਵੰਦ ਸਹਾਇਕ ਕਿੱਤਾ ਹੈ, ਜਿਸ ਨੂੰ ਖੇਤੀਬਾੜੀ ਦੇ ਨਾਲ-ਨਾਲ ਅਪਣਾ ਕੇ ਆਮਦਨ ਦੇ ਵਾਧੂ ਸਰੋਤ ਪੈਦਾ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਧੂ-ਮੱਖੀਆਂ ਸ਼ਹਿਦ ਅਤੇ ਹੋਰ ਉਤਪਾਦ ਪ੍ਰਦਾਨ ਕਰਨ ਦੇ ਨਾਲ-ਨਾਲ ਫ਼ਸਲਾਂ ਦੇ ਪਰਾਗਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਸਿਖਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਿਖਲਾਈ ਦੌਰਾਨ ਪ੍ਰਾਪਤ ਕੀਤੇ ਗਿਆਨ ਅਤੇ ਹੁਨਰ ਦੀ ਵਰਤੋਂ ਕਰਕੇ ਮਧੂ-ਮੱਖੀ ਪਾਲਣ ਨੂੰ ਵਿਗਿਆਨਕ ਢੰਗ ਨਾਲ ਅਪਣਾਉਣ ਅਤੇ ਇਸ ਨੂੰ ਇੱਕ ਸਫ਼ਲ ਉੱਦਮ ਵਜੋਂ ਵਿਕਸਤ ਕਰਨ।
ਇਸ ਪੰਜ ਰੋਜ਼ਾ ਸਿਖਲਾਈ ਕੋਰਸ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਮਧੂ-ਮੱਖੀ ਪਾਲਣ ਵਿੱਚ ਨਿਯਮਤ ਨਿਗਰਾਨੀ, ਮੌਸਮ ਅਨੁਸਾਰ ਸੁਚੱਜੀ ਸਾਂਭ-ਸੰਭਾਲ ਅਤੇ ਵਿਗਿਆਨਕ ਸਿਫ਼ਾਰਸ਼ਾਂ ਅਪਣਾਉਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਕਿੱਤੇ ਵਿੱਚ ਸਫ਼ਲਤਾ ਲਈ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਵਿਹਾਰਕ ਤਜਰਬਾ ਅਤੇ ਸੁਚੱਜਾ ਪ੍ਰਬੰਧਨ ਬਹੁਤ ਜ਼ਰੂਰੀ ਹਨ। ਉਨ੍ਹਾਂ ਸਿਖਿਆਰਥੀਆਂ ਨੂੰ ਭਵਿੱਖ ਵਿੱਚ ਵੀ ਤਕਨੀਕੀ ਸਲਾਹ ਅਤੇ ਮਾਰਗਦਰਸ਼ਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਸਿਖਲਾਈ ਦੇ ਅੰਤ ਵਿੱਚ ਸਿਖਿਆਰਥੀਆਂ ਨੂੰ ਮਧੂ-ਮੱਖੀ ਪਾਲਣ ਨੂੰ ਸਵੈ-ਰੁਜ਼ਗਾਰ ਅਤੇ ਆਮਦਨ ਵਧਾਉਣ ਦੇ ਇੱਕ ਮਹੱਤਵਪੂਰਨ ਸਾਧਨ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ।
.jpeg)
No comments:
Post a Comment