Monday, November 2, 2026

ਜ਼ਿਲ੍ਹਾ ਬਰਨਾਲਾ ਵਿੱਚ ਕਣਕ ਦੇ ਪ੍ਰਮਾਣਿਤ ਬੀਜ ’ਤੇ 50 ਫ਼ੀਸਦੀ ਸਬਸਿਡੀ ਨਾਲ ਵੰਡ ਜਾਰੀ, ਹੁਣ ਤੱਕ 810 ਕੁਇੰਟਲ ਬੀਜ ਵੰਡਿਆ

ਕਿਸਾਨ ਸਰਕਾਰ ਦੀ ਸਬਸਿਡੀ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ: ਡਾ. ਸੁਖਪਾਲ ਸਿੰਘ ਗਿੱਲ

ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜ੍ਹੀ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਣਕ ਦੇ ਉੱਨਤ ਅਤੇ ਪ੍ਰਮਾਣਿਤ ਕਿਸਮਾਂ ਦੇ ਬੀਜ 50 ਫ਼ੀਸਦੀ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਮਿਆਰੀ ਬੀਜ ਉਪਲਬਧ ਕਰਵਾਉਣ ਦੇ ਨਾਲ-ਨਾਲ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਸੁਖਪਾਲ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਲਈ ਕਣਕ ਦੇ ਬੀਜ ਦਾ ਕੁੱਲ 7,600 ਕੁਇੰਟਲ ਕੋਟਾ ਅਲਾਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਵਿਭਾਗ ਨੂੰ ਵੱਖ-ਵੱਖ ਬਲਾਕਾਂ ਵਿੱਚ 1,379.6 ਕੁਇੰਟਲ ਪ੍ਰਮਾਣਿਤ ਬੀਜ ਪ੍ਰਾਪਤ ਹੋ ਚੁੱਕਾ ਹੈ, ਜਿਸ ਵਿੱਚੋਂ 810 ਕੁਇੰਟਲ ਬੀਜ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ’ਤੇ ਵੰਡਿਆ ਜਾ ਚੁੱਕਾ ਹੈ। ਬਾਕੀ 569.6 ਕੁਇੰਟਲ ਬੀਜ ਕਿਸਾਨਾਂ ਦੀ ਮੰਗ ਅਨੁਸਾਰ ਵੰਡਣ ਲਈ ਉਪਲਬਧ ਹੈ।
ਉਨ੍ਹਾਂ ਦੱਸਿਆ ਕਿ ਬੀਜ ਦੀ ਕਿਸਮ ਅਨੁਸਾਰ ਹੁਣ ਤੱਕ PBW 826 ਕਿਸਮ ਦੇ ਪ੍ਰਾਪਤ 579.6 ਕੁਇੰਟਲ ਬੀਜ ਵਿੱਚੋਂ 330 ਕੁਇੰਟਲ ਵੰਡਿਆ ਜਾ ਚੁੱਕਾ ਹੈ। ਇਸ ਵਿੱਚ ਬਲਾਕ ਬਰਨਾਲਾ ਵਿਖੇ 80 ਕੁਇੰਟਲ, ਸਹਿਣਾ ਵਿਖੇ 150 ਕੁਇੰਟਲ ਅਤੇ ਮਹਿਲ ਕਲਾਂ ਵਿਖੇ 100 ਕੁਇੰਟਲ ਬੀਜ ਦੀ ਵੰਡ ਕੀਤੀ ਗਈ ਹੈ।
ਇਸੇ ਤਰ੍ਹਾਂ DBW 327 ਕਿਸਮ ਦੇ ਪ੍ਰਾਪਤ 450 ਕੁਇੰਟਲ ਬੀਜ ਵਿੱਚੋਂ 300 ਕੁਇੰਟਲ ਵੰਡਿਆ ਜਾ ਚੁੱਕਾ ਹੈ, ਜਿਸ ਵਿੱਚ ਬਰਨਾਲਾ, ਸਹਿਣਾ ਅਤੇ ਮਹਿਲ ਕਲਾਂ ਬਲਾਕਾਂ ਵਿੱਚ 100-100 ਕੁਇੰਟਲ ਬੀਜ ਵੰਡਿਆ ਗਿਆ ਹੈ।
HD 3386 ਕਿਸਮ ਦੇ ਬੀਜ ਵਿੱਚੋਂ ਹੁਣ ਤੱਕ 90 ਕੁਇੰਟਲ ਵੰਡਿਆ ਗਿਆ ਹੈ, ਜਿਸ ਵਿੱਚ ਬਰਨਾਲਾ ਵਿਖੇ 50 ਕੁਇੰਟਲ ਅਤੇ ਸਹਿਣਾ ਵਿਖੇ 40 ਕੁਇੰਟਲ ਬੀਜ ਸ਼ਾਮਲ ਹੈ। ਇਸ ਤੋਂ ਇਲਾਵਾ PBW 872 ਕਿਸਮ ਦੇ 90 ਕੁਇੰਟਲ ਬੀਜ ਦੀ ਵੰਡ ਵੀ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਬਰਨਾਲਾ ਵਿਖੇ 50 ਕੁਇੰਟਲ ਅਤੇ ਸਹਿਣਾ ਵਿਖੇ 40 ਕੁਇੰਟਲ ਬੀਜ ਕਿਸਾਨਾਂ ਨੂੰ ਦਿੱਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਸਮੇਂ ਸਿਰ ਬਿਜਾਈ ਕਰਨ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਸਿਫ਼ਾਰਸ਼ ਕੀਤੀਆਂ ਕਿਸਮਾਂ ਦੇ ਪ੍ਰਮਾਣਿਤ ਬੀਜ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਇਸ ਸਬਸਿਡੀ ਦਾ ਲਾਭ ਲੈਣ ਲਈ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਜਾਂ ਅਧਿਕਾਰਤ ਬੀਜ ਵੰਡ ਕੇਂਦਰ ਨਾਲ ਸੰਪਰਕ ਕਰਨ ਅਤੇ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਪਰਾਲੀ ਨੂੰ ਸਾੜਨ ਦੀ ਬਜਾਏ ਆਧੁਨਿਕ ਖੇਤੀ ਮਸ਼ੀਨਾਂ ਨਾਲ ਕੀਤਾ ਜਾਵੇ ਸੁਚੱਜਾ ਪ੍ਰਬੰਧਨ

ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਬੇਲਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰਨ ਦੀ ਅਪੀਲ

ਖੇਤੀ ਮਸ਼ੀਨਾਂ ਦੀ ਉਪਲੱਬਧਤਾ ਲਈ ਖੇਤੀਬਾੜੀ ਵਿਭਾਗ ਦੇ ਬਲਾਕ ਪੱਧਰੀ ਅਧਿਕਾਰੀਆਂ ਦੇ ਸੰਪਰਕ ਨੰਬਰ ਜਾਰੀ
ਫ਼ਤਹਿਗੜ੍ਹ ਸਾਹਿਬ, 03 ਨਵੰਬਰ
ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਆਧੁਨਿਕ ਖੇਤੀ ਮਸ਼ੀਨਾਂ ਬਾਰੇ ਦਿੱਤੀ ਜਾ ਰਹੀ ਤਕਨੀਕੀ ਜਾਣਕਾਰੀ ਨੂੰ ਅਪਣਾਉਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਆਧੁਨਿਕ ਖੇਤੀ ਮਸ਼ੀਨਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ (ਇਨ-ਸੀਟੂ) ਅਤੇ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢ ਕੇ ਵਰਤੋਂ ਵਿੱਚ ਲਿਆਉਣ (ਐਕਸ-ਸੀਟੂ) ਦੇ ਉਪਰਾਲੇ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਮਲਚਰ, ਰੋਟਰੀ ਸਲੈਸ਼ਰ ਅਤੇ ਬੇਲਰ ਵਰਗੀਆਂ ਆਧੁਨਿਕ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਜ਼ਮੀਨ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧਦੀ ਹੈ, ਜਿਸ ਨਾਲ ਲੰਬੇ ਸਮੇਂ ਵਿੱਚ ਖੇਤੀ ਦੀ ਉਤਪਾਦਕਤਾ ਵਿੱਚ ਵੀ ਵਾਧਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਖੇਤੀ ਮਸ਼ੀਨਾਂ ਦੀ ਉਪਲੱਬਧਤਾ ਲਈ ਬਲਾਕ ਸਰਹਿੰਦ ਦੇ ਖੇਤੀਬਾੜੀ ਵਿਕਾਸ ਅਫ਼ਸਰ 97818-48675, ਬਲਾਕ ਖੇੜਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ 94630-41053, ਬਲਾਕ ਬਸੀ ਪਠਾਣਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ 97804-49024, ਬਲਾਕ ਖਮਾਣੋਂ ਦੇ ਖੇਤੀਬਾੜੀ ਅਫ਼ਸਰ ਨਾਲ 95018-00975 ਅਤੇ ਬਲਾਕ ਅਮਲੋਹ ਦੇ ਖੇਤੀਬਾੜੀ ਅਫ਼ਸਰ ਨਾਲ 96465-78198 ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾਵੇ ।

ਐਸ.ਸੀ. ਸਿਖਿਆਰਥੀਆਂ ਲਈ 2 ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ *30 ਨਵੰਬਰ 2026* ਤੋਂ ਸ਼ੁਰੂ

ਸਿਖਲਾਈ ਉਪਰੰਤ ਦਿੱਤਾ ਜਾਵੇਗਾ 3500 ਰੁਪਏ ਦਾ ਵਜੀਫਾ

ਸਿਰਫ ਐਸ.ਸੀ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਮੁਫਤ ਸਿਖਲਾਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਨਵੰਬਰ:
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ: ਵਰਿਆਮ ਸਿੰਘ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਐਸ.ਸੀ. ਲਾਭਪਾਤਰੀਆਂ ਨੂੰ 2 ਹਫਤਿਆਂ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 30 ਨਵੰਬਰ 2026 ਤੋਂ ਡੇਅਰੀ ਸਿਖਲਾਈ ਕੇਂਦਰ, ਚਤਾਮਲੀ ਵਿਖੇ ਚਲਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਸ ਹਰਵੰਤ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਐਸ.ਏ.ਐਸ. ਨਗਰ ਨੇ ਦੱਸਿਆ ਕਿ ਇਸ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 18 ਸਾਲ ਤੋ 55 ਸਾਲ ਦੇ ਦਰਮਿਆਨ ਹੋਵੇ, ਘੱਟੋ ਘੱਟ ਪੰਜਵੀ ਪਾਸ ਹੋਵੇ, ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੋਵੇ। ਪੰਜਾਬ ਸਰਕਾਰ ਵੱਲੋ ਇਹ ਸਿਖਲਾਈ ਮੁਫ਼ਤ ਕਰਵਾਈ ਜਾ ਰਹੀ ਹੈ, ਜਿਸਦੀ ਕਿ ਕੋਈ ਵੀ ਫੀਸ ਨਹੀ ਹੈ। ਬਲਕਿ ਸਿਖਿਆਰਥੀਆਂ ਨੂੰ ਸਿਖਲਾਈ ਉਪਰੰਤ 3500 ਰੁਪਏ ਪ੍ਰਤੀ ਸਿਖਿਆਰਥੀ ਵਜੀਫਾ ਵੀ ਦਿੱਤਾ ਜਾਵੇਗਾ। ਡੇਅਰੀ ਇੰਸਪੈਕਟਰ ਮਿਸ ਗੁਰਪ੍ਰੀਤ ਅਤੇ ਮਿਸ ਵਰਤਿਕਾ ਨੇ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਡੇਅਰੀ ਸਿਖਲਾਈ ਨੂੰ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈ ਕੇ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾਂ ਤੇ ਲੈ ਕੇ ਜਾਣਾ ਚਾਹੀਦਾ ਹੈ। ਅੱਜ ਦੇ ਸਮੇਂ ਦੌਰਾਨ ਖੇਤੀ ਬਾੜੀ ਦੇ ਫਸਲੀ ਚੱਕਰ ਦੇ ਬਦਲਾਅ ਲਈ ਡੇਅਰੀ ਦਾ ਧੰਦਾ ਅਪਨਾਉਣਾ ਚਾਹੀਦਾ ਹੈ। ਚਾਹਵਾਨ ਐਸ.ਸੀ. ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਮਾਰਫ਼ਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ. ਨਗਰ, ਕਮਰਾ ਨੰਬਰ 434, ਤੀਜੀ ਮੰਜਿਲ 'ਤੇ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ (7009982900, 8221024797) ਤੇ ਸੰਪਰਕ ਕਰ ਸਕਦੇ ਹੋ।



ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਸੁਚੱਜੇ ਪਰਾਲੀ ਪ੍ਰਬੰਧਨ ਨੂੰ ਤਰਜੀਹ ਦੇਣ ਕਿਸਾਨ: ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 03 ਨਵੰਬਰ:

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਦੱਸੇ ਗਏ ਤਰੀਕਿਆਂ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲਾ ਧੂੰਆਂ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਲਈ ਨੁਕਸਾਨਦੇਹ ਹੈ। ਇਸ ਤੋਂ ਇਲਾਵਾ ਅੱਗ ਲੱਗਣ ਕਾਰਨ ਮਿੱਟੀ ਵਿੱਚ ਮੌਜੂਦ ਲਾਭਕਾਰੀ ਸੂਖਮ ਜੀਵ ਵੀ ਨਸ਼ਟ ਹੋ ਜਾਂਦੇ ਹਨ ਅਤੇ ਵਾਤਾਵਰਣ ਦਾ ਸੰਤੁਲਨ ਵਿਗੜਦਾ ਹੈ। ਇਸ ਲਈ ਕਿਸਾਨਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਹਤਮੰਦ ਭਵਿੱਖ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਚਿਤ ਤਕਨੀਕਾਂ ਅਤੇ ਮਸ਼ੀਨਰੀ ਬਾਰੇ ਜਾਣਕਾਰੀ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਨਾਲ ਹੀ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ ਅਤੇ ਜ਼ਿਲ੍ਹੇ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਯਤਨਾਂ ਨੂੰ ਸਫ਼ਲ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਨਮੀ ਵਾਲੇ ਝੋਨੇ ਦੀ ਹੀ ਖ਼ਰੀਦ ਕੀਤੀ ਜਾਂਦੀ ਹੈ। ਇਸ ਲਈ ਕਿਸਾਨ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਲਿਆਉਣ ਤੋਂ ਗੁਰੇਜ਼ ਕਰਨ ਅਤੇ ਸੁੱਕੀ ਫਸਲ ਹੀ ਮੰਡੀ ਵਿੱਚ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਇਸ ਨਾਲ ਮੰਡੀਆਂ ਵਿੱਚ ਬੇਲੋੜੀ ਭੀੜ ਤੋਂ ਵੀ ਬਚਿਆ ਜਾ ਸਕੇਗਾ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਸਹੂਲਤ ਮਿਲੇਗੀ।

ਪਰਾਲੀ ਤੋਂ ਪੈਲੇਟਸ ਤਿਆਰ ਕਰਕੇ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾ ਰਿਹਾ ਹੈ ਖੁੱਡੀ ਕਲਾਂ ਵਾਸੀ ਬੂਟਾ ਸਿੰਘ

*ਪੱਖੋਂ ਕਲਾਂ 'ਚ ਸਥਾਪਤ ਪੈਲੇਟ ਯੂਨਿਟ ਰਾਹੀਂ ਪਰਾਲੀ ਦੀ ਸੁਚੱਜੀ ਵਰਤੋਂ ਨੂੰ ਮਿਲ ਰਿਹਾ ਹੁਲਾਰਾ*

*ਐੱਸਡੀਐਮ ਤਪਾ ਆਯੂਸ਼ ਗੋਇਲ ਵਲੋਂ ਪੈਲੇਟ ਯੂਨਿਟ ਦਾ ਦੌਰਾ*
ਬਰਨਾਲਾ/ਤਪਾ,
ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਦੀ ਅਗਵਾਈ ਪਰਾਲੀ ਪ੍ਰਬੰਧਨ ਮੁਹਿੰਮ ਲਗਾਤਾਰ ਜਾਰੀ ਹੈ।
ਇਸ ਮੁਹਿੰਮ ਤਹਿਤ ਐੱਸਡੀਐਮ ਤਪਾ ਆਯੂਸ਼ ਗੋਇਲ ਆਈਏਐੱਸ ਵਲੋਂ ਪੱਖੋਂ ਕਲਾਂ ਵਿੱਚ ਪੈਲੇਟ ਯੂਨਿਟ ਦਾ ਦੌਰਾ ਕੀਤਾ ਗਿਆ।
ਉਹਨਾਂ ਕਿਹਾ ਕਿ ਪਿੰਡ ਖੁੱਡੀ ਕਲਾਂ ਦੇ ਕਿਸਾਨ ਬੂਟਾ ਸਿੰਘ ਵੱਲੋਂ ਆਪਣੇ ਚਚੇਰੇ ਭਰਾ ਪਰਵਿੰਦਰ ਸਿੰਘ ਨਾਲ ਮਿਲ ਕੇ ਪਿੰਡ ਪੱਖੋਂ ਕਲਾਂ ਵਿਖੇ ਚਲਾਇਆ ਜਾ ਰਿਹਾ ਪੈਲੇਟ ਯੂਨਿਟ ਪਰਾਲੀ ਪ੍ਰਬੰਧਨ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਹੈ। ਇਸ ਯੂਨਿਟ ਵਿੱਚ ਝੋਨੇ ਦੀ ਪਰਾਲੀ ਤੋਂ ਪੈਲੇਟਸ (ਟਿੱਕੀਆਂ) ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਸਪਲਾਈ ਵੱਖ-ਵੱਖ ਪਾਵਰ ਪਲਾਂਟਾਂ ਅਤੇ ਹੋਰ ਸਬੰਧਤ ਥਾਵਾਂ ’ਤੇ ਕੀਤੀ ਜਾਂਦੀ ਹੈ। ਉਨ੍ਹਾਂ ਨੇ ਯੂਨਿਟ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਰਾਲੀ ਦੀ ਵਰਤੋਂ ਕਰਕੇ ਵਾਤਾਵਰਨ ਪੱਖੀ ਕਾਰੋਬਾਰ ਸਥਾਪਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਯੂਨਿਟ ਦੇ ਮਾਲਕ ਬੂਟਾ ਸਿੰਘ (39 ਸਾਲ) ਵਾਸੀ ਖੁੱਡੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕਾਰੋਬਾਰ ਦੀ ਸ਼ੁਰੂਆਤ ਪਿਛਲੇ ਸਾਲ ਆਪਣੇ ਚਚੇਰੇ ਭਰਾ ਪਰਵਿੰਦਰ ਸਿੰਘ ਨਾਲ ਮਿਲ ਕੇ ਕੀਤੀ ਸੀ। ਇਸ ਉਦੇਸ਼ ਲਈ ਉਨ੍ਹਾਂ ਨੇ 22 ਏਕੜ ਜ਼ਮੀਨ ਲੀਜ਼ ’ਤੇ ਲੈ ਕੇ ਪੈਲੇਟ ਯੂਨਿਟ ਸਥਾਪਤ ਕੀਤਾ, ਜਿਸ ਵਿੱਚੋਂ 12 ਏਕੜ ਜ਼ਮੀਨ ਪੰਚਾਇਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਕਾਰੋਬਾਰ ਸ਼ੁਰੂ ਕਰਨ ਪਿੱਛੇ ਉਨ੍ਹਾਂ ਦਾ ਮੁੱਖ ਉਦੇਸ਼ ਪਰਾਲੀ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਰਾਹੀਂ ਆਮਦਨ ਦਾ ਇੱਕ ਟਿਕਾਊ ਸਾਧਨ ਵਿਕਸਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦੀ ਬਜਾਏ ਇਸ ਤੋਂ ਪੈਲੇਟਸ ਤਿਆਰ ਕਰਨਾ ਵਾਤਾਵਰਨ ਦੀ ਸੰਭਾਲ ਵੱਲ ਇੱਕ ਅਹਿਮ ਕਦਮ ਹੈ। ਇਸ ਨਾਲ ਜਿੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਸੰਭਵ ਹੁੰਦੀ ਹੈ, ਉੱਥੇ ਹੀ ਇਸ ਨੂੰ ਇੱਕ ਲਾਭਦਾਇਕ ਉਤਪਾਦ ਵਿੱਚ ਬਦਲਿਆ ਜਾ ਸਕਦਾ ਹੈ।
ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੈਲੇਟ ਯੂਨਿਟ ਵਿੱਚ ਬੇਲਰ ਮਾਲਕਾਂ ਰਾਹੀਂ ਇਕੱਠੀ ਕੀਤੀ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਅਨੁਸਾਰ, ਇਸ ਯੂਨਿਟ ਲਈ ਹਰ ਸਾਲ ਕਰੀਬ ਢਾਈ ਲੱਖ ਕੁਇੰਟਲ ਪਰਾਲੀ ਖਰੀਦਦੇ ਹਨ। ਉਨ੍ਹਾਂ ਦੱਸਿਆ ਕਿ ਤਿਆਰ ਕੀਤੇ ਗਏ ਪੈਲੇਟਸ ਵੱਖ-ਵੱਖ ਥਰਮਲ ਪਾਵਰ ਪਲਾਂਟਾਂ ਤੋਂ ਇਲਾਵਾ ਹੋਰ ਸਬੰਧਤ ਇਕਾਈਆਂ ਨੂੰ ਵੀ ਸਪਲਾਈ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਨੂੰ ਇੱਕ ਕਾਰੋਬਾਰੀ ਮੌਕੇ ਵਜੋਂ ਅਪਣਾਉਣ ਨਾਲ ਕਿਸਾਨਾਂ ਅਤੇ ਬੇਲਰ ਮਾਲਕਾਂ ਨੂੰ ਵੀ ਪਰਾਲੀ ਦੀ ਸੁਚੱਜੀ ਵਰਤੋਂ ਲਈ ਉਤਸ਼ਾਹ ਮਿਲਦਾ ਹੈ। ਇਸ ਤਰ੍ਹਾਂ ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਬੇਕਾਰ ਸਮਝਣ ਦੀ ਬਜਾਏ ਇਸ ਨੂੰ ਉਪਯੋਗੀ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ।
ਇਸ ਮੌਕੇ ਐੱਸ.ਡੀ.ਐੱਮ. ਤਪਾ ਸ੍ਰੀ ਆਯੂਸ਼ ਗੋਇਲ ਨੇ ਕਿਸਾਨ ਬੂਟਾ ਸਿੰਘ ਅਤੇ ਪਰਵਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਅਜਿਹੇ ਯਤਨ ਵਾਤਾਵਰਨ ਦੀ ਸੰਭਾਲ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਵਰਤੋਂ ਦੇ ਬਦਲਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਦੇ ਆਧੁਨਿਕ ਅਤੇ ਵਾਤਾਵਰਨ ਪੱਖੀ ਤਰੀਕਿਆਂ ਨੂੰ ਅਪਣਾ ਕੇ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਵਿਰੁੱਧ ਪ੍ਰਸ਼ਾਸਨ ਸਖ਼ਤ, ਐੱਸ.ਡੀ.ਐੱਮ ਵੱਲੋਂ 13 ਪਿੰਡਾਂ ਦਾ ਦੌਰਾ

ਮੁੰਡਾ ਪਿੰਡ ਵਿਖੇ ਮੌਕੇ ’ਤੇ ਬੁਝਾਈ ਅੱਗ, ਕਿਸਾਨ ਨੂੰ ਕੀਤਾ ਜ਼ੁਰਮਾਨਾ

ਖਡੂਰ ਸਾਹਿਬ/ ਤਰਨ ਤਾਰਨ, 2 ਨਵੰਬਰ :

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੀਆਂ ਹਦਾਇਤਾਂ ਅਨੁਸਾਰ ਉੱਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਸੰਜੀਵ ਕੁਮਾਰ ਸ਼ਰਮਾ ਵੱਲੋਂ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਅਤੇ ਪੁਲਿਸ ਵਿਭਾਗ ਦੀ ਟੀਮ ਨਾਲ ਸਬ ਡਵੀਜ਼ਨ ਦੇ ਵੱਖ-ਵੱਖ 13 ਪਿੰਡਾਂ ਦਾ ਦੌਰਾ ਕੀਤਾ ਗਿਆ।

ਇਸ ਦੌਰਾਨ ਟੀਮ ਵੱਲੋਂ ਫਤਿਹਾਬਾਦ, ਖੇਲਾ, ਭੈਲ, ਭੋਈਆਂ, ਜੋਹਲ ਢਾਏ ਵਾਲਾ, ਮੁੰਡਾ ਪਿੰਡ, ਗੁਜਰਪੁਰ, ਡੇਹਰਾ ਸਾਹਿਬ, ਲੁਹਾਰ, ਛਾਪੜੀ, ਚੱਕ ਮਹਿਰ, ਖਾਨ ਰਜਾਦਾ ਅਤੇ ਜਾਮਾਰਾਏ ਆਦਿ ਪਿੰਡਾਂ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਗਿਆ।

ਦੌਰੇ ਦੌਰਾਨ ਪਿੰਡ ਮੁੰਡਾ ਪਿੰਡ ਵਿਖੇ ਪਰਾਲੀ ਨੂੰ ਲਗਾਈ ਗਈ ਅੱਗ ਦਾ ਪਤਾ ਲੱਗਣ ’ਤੇ ਪ੍ਰਸ਼ਾਸਨਿਕ ਟੀਮ ਵੱਲੋਂ ਮੌਕੇ ’ਤੇ ਹੀ ਅੱਗ ਬੁਝਾਈ ਗਈ ਅਤੇ ਸਬੰਧਤ ਕਿਸਾਨ ਨੂੰ ਨਿਯਮਾਂ ਅਨੁਸਾਰ ਜ਼ੁਰਮਾਨਾ ਕੀਤਾ ਗਿਆ। ਐੱਸ.ਡੀ.ਐੱਮ ਨੇ ਸਪੱਸ਼ਟ ਕੀਤਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਧੁਨਿਕ ਖੇਤੀ ਮਸ਼ੀਨਰੀ ਅਪਣਾਈ ਜਾਵੇ ਅਤੇ ਜ਼ਿਲ੍ਹਾ ਤਰਨ ਤਾਰਨ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਤੋਂ ਮੁਕਤ ਬਣਾਉਣ ਵਿੱਚ ਸਹਿਯੋਗ ਦਿੱਤਾ ਜਾਵੇ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਵੀਰ ਸਿੰਘ ਭੰਗੂ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਗਿਆ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਲੱਸਟਰ ਅਫ਼ਸਰ ਖਡੂਰ ਸਾਹਿਬ ਡਾ. ਯਾਦਵਿੰਦਰ ਸਿੰਘ ਨੇ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਸੁਪਰ ਸੀਡਰ ਅਤੇ ਹੈਪੀ ਸੀਡਰ ਵਰਗੀਆਂ ਆਧੁਨਿਕ ਖੇਤੀ ਮਸ਼ੀਨਾਂ ਨੂੰ ਤਰਜੀਹ ਦੇਣ। ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਕਣਕ ਦੀ ਬਿਜਾਈ ਕਰਨ ਲਈ ਇਕ ਵਧੀਆ ਅਤੇ ਪ੍ਰਭਾਵਸ਼ਾਲੀ ਸੰਦ ਹੈ। ਇਸ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਲੋੜ ਨਹੀਂ ਰਹਿੰਦੀ ਅਤੇ ਵਾਤਾਵਰਣ ਦੇ ਨਾਲ-ਨਾਲ ਮਿੱਟੀ ਦੀ ਸਿਹਤ ਦੀ ਵੀ ਸੰਭਾਲ ਹੁੰਦੀ ਹੈ। ਇਸ ਮੌਕੇ ਡਾ. ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵੀ ਹਾਜ਼ਰ ਸਨ।

Friday, October 30, 2026

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ ਕਣਕ ਦਾ ਤਸਦੀਕਸ਼ੁਦਾ ਬੀਜ-ਡਾ. ਜਗਦੇਵ ਸਿੰਘ

ਸਬਸਿਡੀ ’ਤੇ ਕਣਕ ਦਾ ਬੀਜ ਲੈਣ ਲਈ ਆਧਾਰ ਨੰਬਰ ਅਨਾਜ ਖਰੀਦ ਪੋਰਟਲ ’ਤੇ ਰਜਿਸਟਰਡ ਹੋਣਾ ਲਾਜ਼ਮੀ

ਫਤਹਿਗੜ੍ਹ ਸਾਹਿਬ, 30 ਅਕਤੂਬਰ

ਖੇਤੀਬਾੜ੍ਹੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ ਦੇ ਤਸਦੀਕਸ਼ੁਦਾ ਬੀਜ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜ੍ਹੀ ਅਫਸਰ, ਡਾ.ਜਗਦੇਵ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਫਤਿਹਗੜ੍ਹ ਸਾਹਿਬ ਨੇ  ਦੱਸਿਆ ਕਿ ਸਬਸਿਡੀ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਅਤੇ ਆਈ.ਸੀ.ਏ.ਆਰ ਜਾਂ ਪੰਜਾਬ ਸਰਕਾਰ ਵੱਲੋਂ ਨੋਟੀਫਾਈ 10 ਸਾਲ ਤੱਕ ਪੁਰਾਣੀਆਂ ਪ੍ਰਮਾਣਿਤ ਕਣਕ ਦੀਆਂ ਕਿਸਮਾਂ ਤੇ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੋਗ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਜਾਂ ਵੱਧ ਤੋਂ ਵੱਧ 2000 ਰੁਪਏ ਪ੍ਰਤੀ ਕੁਇੰਟਲ ਸਹਾਇਤਾ ਨਾਲ ਕਣਕ ਦਾ ਤਸਦੀਕਸ਼ੁਦਾ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਮੁੱਖ ਖੇਤੀਬਾੜ੍ਹੀ ਅਫਸਰ ਨੇ ਦੱਸਿਆ ਕਿ ਇਹ ਬੀਜ ਕਿਸਾਨਾਂ ਖਰੀਦ ਸਮੇਂ ਹੀ ਸਹਾਇਤਾ ਰਾਸ਼ੀ ਘਟਾ ਕੇ ਦਿੱਤਾ ਜਾ ਰਿਹਾ ਹੈ ਅਤੇ ਇੱਕ ਕਿਸਾਨ ਵੱਧ ਤੋਂ ਵੱਧ ਇੱਕ ਹੈਕਟੇਅਰ ਲਈ ਹੀ ਸਬਸਿਡੀ ਵਾਲਾ ਬੀਜ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਬਸਿਡੀ ਵਾਲਾ ਬੀਜ ਪ੍ਰਾਪਤ ਕਰਨ ਲਈ ਕਿਸਾਨ ਦਾ ਆਧਾਰ ਨੰਬਰ ਪਹਿਲਾਂ ਅਨਾਜ ਖਰੀਦ ਪੋਰਟਲ 'ਤੇ ਰਜਿਸਟਰਡ ਹੋਣਾ ਲਾਜ਼ਮੀ ਹੈ। ਕਿਸਾਨ ਇਹ ਬੀਜ ਸਬਸਿਡੀ ਉੱਪਰ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨ ਵੀਰ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਵਿਖੇ ਜਾ ਕੇ ਆਪਣਾ ਆਧਾਰ ਕਾਰਡ ਅਤੇ ਆਧਾਰ ਨਾਲ ਅਟੈਚ ਮੋਬਾਈਲ ਨੰਬਰ ਦੇ ਓਟੀਪੀ ਰਾਹੀਂ ਬੀਜ ਲੈ ਸਕਦੇ ਹਨ।

ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਕਿਸਾਨ ਵਧੇਰੇ ਜਾਣਕਾਰੀ ਲਈ ਆਪਣੇ ਪਿੰਡਾਂ ਨਾਲ ਸਬੰਧਤ ਸਰਕਲ ਇੰਚਾਰਜ ਜਾਂ ਬਲਾਕ ਪੱਧਰੀ ਦਫਤਰਾਂ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਬਲਾਕ ਸਰਹਿੰਦ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ 97818-48675, ਬਲਾਕ ਖੇੜਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ 94630-41053, ਬਲਾਕ ਬਸੀ ਪਠਾਣਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ 97804-49024, ਬਲਾਕ ਖਮਾਣੋਂ ਦੇ ਖੇਤੀਬਾੜੀ ਅਫ਼ਸਰ ਨਾਲ 95018-00975 ਅਤੇ ਬਲਾਕ ਅਮਲੋਹ ਦੇ ਖੇਤੀਬਾੜੀ ਅਫ਼ਸਰ  ਨਾਲ 96465-78198 ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ

ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ ਨੂੰ ‘ਨੈਸ਼ਨਲ ਐਵਾਰਡ ਆਫ਼ ਐਕਸੀਲੈਂਸ ਇਨ ਐਗਰੀਕਲਚਰ 2026’ ਨਾਲ ਸਨਮਾਨਿਤ ਕੀਤਾ ਗਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਕਤੂਬਰ

ਨਵੀਂ ਦਿੱਲੀ ਦੀ ਸੁਸਾਇਟੀ ਆਫ਼ ਐਗਰੀਕਲਚਰ ਐਂਡ ਬਾਇਓਲੋਜੀਕਲ ਸਾਇੰਸ ਰਿਸਰਚ ਵੱਲੋਂ ਪੰਜਾਬ ਦੇ ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਨੂੰ ਖੇਤੀਬਾੜੀ ਪਸਾਰ, ਤਕਨਾਲੋਜੀ ਦੇ ਪ੍ਰਸਾਰ, ਟਿਕਾਊ ਖੇਤੀਬਾੜੀ ਵਿਕਾਸ ਅਤੇ ਕਿਸਾਨਾਂ ਦੇ ਸਸ਼ਕਤੀਕਰਨ ਵਿੱਚ ਪਾਏ ਸ਼ਾਨਦਾਰ ਯੋਗਦਾਨ ਲਈ ਵੱਕਾਰੀ ‘ਨੈਸ਼ਨਲ ਐਵਾਰਡ ਆਫ਼ ਐਕਸੀਲੈਂਸ ਇਨ ਐਗਰੀਕਲਚਰ 2026’ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਪੁਰਸਕਾਰ ਉੱਤਰਾਖੰਡ ਦੇ ਦੇਹਰਾਦੂਨ ਵਿਖੇ ਆਯੋਜਿਤ 15ਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਕਾਨਫਰੰਸ ਦਾ ਵਿਸ਼ਾ “ਖੇਤੀਬਾੜੀ, ਬਾਗ਼ਬਾਨੀ ਅਤੇ ਜੰਗਲਾਤ: ਲਚਕੀਲੇ ਫ਼ਸਲੀ ਪ੍ਰਬੰਧ” (Agriculture, Horticulture and Forestry: Resilient Cropping Systems) ਸੀ। ਇਸ ਕਾਨਫਰੰਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਵਾਨਾਂ, ਅਧਿਆਪਕਾਂ, ਖੋਜਕਰਤਾਵਾਂ ਅਤੇ ਖੇਤੀਬਾੜੀ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਨਵੀਆਂ ਤਕਨੀਕੀ ਤਰੱਕੀਆਂ, ਲਚਕੀਲੇ ਫ਼ਸਲੀ ਪ੍ਰਬੰਧਾਂ ਅਤੇ ਸਿੱਖਿਆ, ਖੋਜ ਤੇ ਖੇਤੀਬਾੜੀ ਵਿਕਾਸ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਪਰਿਵਰਤਨਸ਼ੀਲ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਨਫਰੰਸ ਦਾ ਮੁੱਖ ਵਿਸ਼ਾ “ਏਆਈ ਨਾਲ ਤਕਨਾਲੋਜੀ ਦਾ ਨਵਾਂ ਵਿਸਥਾਰ” (Transcending Technology with AI) ਸੀ, ਜਿਸ ਵਿੱਚ ਖੇਤੀਬਾੜੀ ਦੀਆਂ ਮੌਜੂਦਾ ਚੁਣੌਤੀਆਂ ਦੇ ਹੱਲ ਲਈ ਨਵੀਨਤਮ ਤਕਨਾਲੋਜੀਆਂ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਗਿਆ।

ਖੇਤੀਬਾੜੀ ਪਸਾਰ ਅਤੇ ਵਿਕਾਸ ਦੇ ਖੇਤਰ ਵਿੱਚ 36 ਸਾਲਾਂ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਡਾ. ਅਮਰੀਕ ਸਿੰਘ ਨੇ ਖੇਤੀਬਾੜੀ ਖੋਜ ਸੰਸਥਾਵਾਂ ਅਤੇ ਕਿਸਾਨ ਭਾਈਚਾਰੇ ਦਰਮਿਆਨ ਤਾਲਮੇਲ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਆਪਣੇ ਪੂਰੇ ਸੇਵਾ ਕਾਲ ਦੌਰਾਨ ਉਨ੍ਹਾਂ ਨੇ ਵਿਗਿਆਨਕ ਖੋਜਾਂ ਅਤੇ ਨਵੀਆਂ ਤਕਨੀਕਾਂ ਨੂੰ ਕਿਸਾਨਾਂ ਲਈ ਸਰਲ, ਵਿਹਾਰਕ ਅਤੇ ਲਾਹੇਵੰਦ ਰੂਪ ਵਿੱਚ ਪੇਸ਼ ਕਰਨ ਲਈ ਨਿਰੰਤਰ ਯਤਨ ਕੀਤੇ ਹਨ, ਤਾਂ ਜੋ ਖੇਤੀਬਾੜੀ ਉਤਪਾਦਕਤਾ, ਮੁਨਾਫ਼ੇ ਅਤੇ ਟਿਕਾਊਪਣ ਵਿੱਚ ਵਾਧਾ ਕੀਤਾ ਜਾ ਸਕੇ।

ਕੇਨ ਕਮਿਸ਼ਨਰ ਪੰਜਾਬ ਵਜੋਂ ਡਾ. ਅਮਰੀਕ ਸਿੰਘ ਦਾ ਯੋਗਦਾਨ

ਕੇਨ ਕਮਿਸ਼ਨਰ ਪੰਜਾਬ ਵਜੋਂ ਡਾ. ਸਿੰਘ ਵਿਗਿਆਨਕ ਢੰਗ ਨਾਲ ਗੰਨੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ, ਫ਼ਸਲ ਦੀ ਉਤਪਾਦਕਤਾ ਵਧਾਉਣ ਅਤੇ ਆਧੁਨਿਕ ਤੇ ਸਰੋਤ-ਕੁਸ਼ਲ ਉਤਪਾਦਨ ਤਕਨੀਕਾਂ ਅਪਣਾਉਣ ਲਈ ਸਰਗਰਮੀ ਨਾਲ ਕੰਮ ਕਰਦੇ ਰਹੇ ਹਨ। ਉਨ੍ਹਾਂ ਦੇ ਯਤਨਾਂ ਦਾ ਮੁੱਖ ਉਦੇਸ਼ ਗੰਨੇ ਹੇਠ ਰਕਬਾ ਵਧਾਉਣਾ, ਕਾਸ਼ਤ ਦੇ ਢੰਗਾਂ ਵਿੱਚ ਸੁਧਾਰ ਕਰਨਾ, ਮਿਆਰੀ ਬੀਜ ਸਮੱਗਰੀ ਦੀ ਉਪਲਬਧਤਾ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਤੱਕ ਸੁਧਰੀਆਂ ਕਾਸ਼ਤ ਤਕਨੀਕਾਂ ਪਹੁੰਚਾਉਣਾ ਰਿਹਾ ਹੈ।

ਉਨ੍ਹਾਂ ਨੇ ਗੰਨੇ ਦੀ ਕਾਸ਼ਤ ਵਿੱਚ ਨਵੀਨਤਮ ਤਰੀਕਿਆਂ ਨੂੰ ਉਤਸ਼ਾਹਿਤ ਕੀਤਾ ਹੈ, ਜਿਨ੍ਹਾਂ ਵਿੱਚ ਸੁਧਰੇ ਹੋਏ ਬਿਜਾਈ ਢੰਗ, ਢੁਕਵਾਂ ਫ਼ਾਸਲਾ, ਮਿਆਰੀ ਬੀਜ ਉਤਪਾਦਨ, ਕੁਸ਼ਲ ਖਾਦ ਪ੍ਰਬੰਧਨ ਅਤੇ ਅੰਤਰ-ਕਾਸ਼ਤ ਤੇ ਅੰਤਰ-ਫ਼ਸਲ ਪ੍ਰਣਾਲੀਆਂ ਨੂੰ ਅਪਣਾਉਣਾ ਸ਼ਾਮਲ ਹੈ। ਇਨ੍ਹਾਂ ਉਪਰਾਲਿਆਂ ਦਾ ਉਦੇਸ਼ ਗੰਨੇ ਦੀ ਪੈਦਾਵਾਰ ਵਧਾਉਣਾ, ਖੇਤੀਬਾੜੀ ਸਰੋਤਾਂ ਦੀ ਸੁਚੱਜੀ ਵਰਤੋਂ ਕਰਨਾ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਪੰਜਾਬ ਵਿੱਚ ਗੰਨਾ ਖੇਤਰ ਨੂੰ ਲੰਬੇ ਸਮੇਂ ਲਈ ਟਿਕਾਊ ਬਣਾਉਣਾ ਹੈ।

ਡਾ. ਸਿੰਘ ਦੇ ਪ੍ਰਮੁੱਖ ਯੋਗਦਾਨਾਂ ਵਿੱਚੋਂ ਇੱਕ ਖੇਤੀਬਾੜੀ ਤਕਨਾਲੋਜੀਆਂ ਦੇ ਤੇਜ਼ੀ ਨਾਲ ਪ੍ਰਸਾਰ ਲਈ ਡਿਜੀਟਲ ਅਤੇ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਕਰਨਾ ਹੈ। ਡਿਜੀਟਲ ਸੰਚਾਰ ਦੀ ਵਧਦੀ ਮਹੱਤਤਾ ਨੂੰ ਸਮਝਦਿਆਂ ਉਨ੍ਹਾਂ ਨੇ ਵਟਸਐਪ, ਯੂਟਿਊਬ, ਫੇਸਬੁੱਕ ਅਤੇ ਹੋਰ ਆਨਲਾਈਨ ਮੰਚਾਂ ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ ਖੇਤੀਬਾੜੀ ਮਾਹਿਰਾਂ ਨੂੰ ਕਿਸਾਨਾਂ ਨਾਲ ਜੋੜਿਆ ਹੈ। ਇਨ੍ਹਾਂ ਮੰਚਾਂ ਰਾਹੀਂ ਫ਼ਸਲਾਂ ਦੀ ਕਾਸ਼ਤ, ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਮਿੱਟੀ ਦੀ ਸਿਹਤ, ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਟਿਕਾਊ ਖੇਤੀਬਾੜੀ ਤਰੀਕਿਆਂ ਬਾਰੇ ਸਮੇਂ ਸਿਰ ਵਿਹਾਰਕ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।

ਕਿਸਾਨ-ਕੇਂਦਰਿਤ ਡਿਜੀਟਲ ਪਸਾਰ ਉਪਰਾਲਿਆਂ ਸਦਕਾ ਖੇਤੀਬਾੜੀ ਨਾਲ ਸਬੰਧਤ ਗਿਆਨ ਤੱਕ ਕਿਸਾਨਾਂ ਦੀ ਪਹੁੰਚ ਆਸਾਨ ਹੋਈ ਹੈ। ਇਸ ਨਾਲ ਰਵਾਇਤੀ ਪਸਾਰ ਸੇਵਾਵਾਂ ਦੀਆਂ ਭੂਗੋਲਿਕ ਅਤੇ ਪ੍ਰਬੰਧਕੀ ਸੀਮਾਵਾਂ ਤੋਂ ਪਰੇ ਰਹਿੰਦਿਆਂ ਵੀ ਕਿਸਾਨਾਂ ਨੂੰ ਤਕਨੀਕੀ ਸਲਾਹ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ। ਇਨ੍ਹਾਂ ਉਪਰਾਲਿਆਂ ਰਾਹੀਂ ਉਨ੍ਹਾਂ ਨੇ ਆਪਸੀ ਸੰਵਾਦ, ਖੇਤੀਬਾੜੀ ਸਲਾਹਾਂ ਦੇ ਤੇਜ਼ ਪ੍ਰਸਾਰ ਅਤੇ ਨਵੀਆਂ ਤਕਨੀਕਾਂ ਅਪਣਾਉਣ ਵਿੱਚ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਹੈ।

ਉਨ੍ਹਾਂ ਦਾ ਤਜਰਬਾ ਦਰਸਾਉਂਦਾ ਹੈ ਕਿ ਜਦੋਂ ਡਿਜੀਟਲ ਸਾਧਨਾਂ ਨੂੰ ਖੇਤ ਪ੍ਰਦਰਸ਼ਨੀਆਂ, ਕਿਸਾਨ ਮੀਟਿੰਗਾਂ, ਸਿਖਲਾਈ ਪ੍ਰੋਗਰਾਮਾਂ ਅਤੇ ਨਿੱਜੀ ਸੰਪਰਕ ਨਾਲ ਜੋੜਿਆ ਜਾਂਦਾ ਹੈ, ਤਾਂ ਖੇਤੀਬਾੜੀ ਪਸਾਰ ਸੇਵਾਵਾਂ ਨੂੰ ਵਧੇਰੇ ਸਮਾਵੇਸ਼ੀ, ਜਵਾਬਦੇਹ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।
ਖੇਤੀਬਾੜੀ ਪਸਾਰ ਨਾਲ ਸਬੰਧਤ ਜ਼ਿੰਮੇਵਾਰੀਆਂ ਤੋਂ ਇਲਾਵਾ, ਡਾ. ਸਿੰਘ ਨੇ ਟਿਕਾਊ ਖੇਤੀਬਾੜੀ ਤਰੀਕਿਆਂ, ਵਿਸ਼ੇਸ਼ ਤੌਰ ’ਤੇ ਝੋਨਾ-ਕਣਕ ਫ਼ਸਲੀ ਪ੍ਰਣਾਲੀ ਵਿੱਚ ਪਰਾਲੀ ਦੇ ਪ੍ਰਬੰਧਨ ਬਾਰੇ ਖੋਜ ਵਿੱਚ ਵੀ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਡਾਕਟਰੇਟ ਖੋਜ ਵਿੱਚ ਮਿੱਟੀ ਦੀ ਸਿਹਤ ਅਤੇ ਵਾਤਾਵਰਣ ਦੀ ਸਥਿਰਤਾ ਦੇ ਸੰਦਰਭ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ ਦਾ ਅਧਿਐਨ ਕੀਤਾ ਗਿਆ।

ਇਹ ਖੋਜ ਪੰਜਾਬ ਲਈ ਵਿਸ਼ੇਸ਼ ਮਹੱਤਤਾ ਰੱਖਦੀ ਹੈ, ਕਿਉਂਕਿ ਇੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਇੱਕ ਮਹੱਤਵਪੂਰਨ ਖੇਤੀਬਾੜੀ ਅਤੇ ਵਾਤਾਵਰਣਕ ਮੁੱਦਾ ਹੈ। ਪਰਾਲੀ ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਨਾਲ ਮਿੱਟੀ ਵਿੱਚ ਜੈਵਿਕ ਪਦਾਰਥ ਦੀ ਮਾਤਰਾ ਕਾਇਮ ਰੱਖਣ, ਪੌਸ਼ਟਿਕ ਤੱਤਾਂ ਦੇ ਚੱਕਰ ਨੂੰ ਬਿਹਤਰ ਬਣਾਉਣ, ਵਾਤਾਵਰਣ ਪ੍ਰਦੂਸ਼ਣ ਘਟਾਉਣ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਤੀਬਰ ਫ਼ਸਲੀ ਪ੍ਰਣਾਲੀਆਂ ਨੂੰ ਟਿਕਾਊ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।

ਉਨ੍ਹਾਂ ਦੀ ਖੋਜ ਅਤੇ ਪਸਾਰ ਦਾ ਤਜਰਬਾ ਉੱਭਰ ਰਹੀਆਂ ਖੇਤੀਬਾੜੀ ਚੁਣੌਤੀਆਂ ਦੇ ਹੱਲ ਲਈ ਵਿਗਿਆਨਕ ਤੱਥਾਂ, ਵਿਹਾਰਕ ਖੇਤ ਤਜਰਬੇ ਅਤੇ ਕਿਸਾਨਾਂ ਦੀ ਭਾਗੀਦਾਰੀ ਨੂੰ ਇਕੱਠੇ ਜੋੜਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਡਾ. ਸਿੰਘ ਨੇ ਕਿਸਾਨ ਸਿਖਲਾਈ ਪ੍ਰੋਗਰਾਮਾਂ, ਜਾਗਰੂਕਤਾ ਮੁਹਿੰਮਾਂ, ਖੇਤ ਪ੍ਰਦਰਸ਼ਨੀਆਂ, ਖੇਤੀਬਾੜੀ ਕੈਂਪਾਂ ਅਤੇ ਸਮਰੱਥਾ ਨਿਰਮਾਣ ਗਤੀਵਿਧੀਆਂ ਦੇ ਆਯੋਜਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਕਿਸਾਨਾਂ ਨੂੰ ਸੁਧਰੀਆਂ ਫ਼ਸਲ ਉਤਪਾਦਨ ਤਕਨੀਕਾਂ, ਮਿੱਟੀ ਦੀ ਪਰਖ, ਸੰਤੁਲਿਤ ਖਾਦਾਂ ਦੀ ਵਰਤੋਂ, ਏਕੀਕ੍ਰਿਤ ਪੌਸ਼ਟਿਕ ਤੱਤ ਪ੍ਰਬੰਧਨ, ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਖੇਤੀਬਾੜੀ ਸਰੋਤਾਂ ਦੀ ਕੁਸ਼ਲ ਵਰਤੋਂ ਬਾਰੇ ਵਿਹਾਰਕ ਗਿਆਨ ਪ੍ਰਦਾਨ ਕਰਨਾ ਰਿਹਾ ਹੈ।

ਕਿਸਾਨਾਂ, ਵਿਗਿਆਨੀਆਂ, ਖੇਤੀਬਾੜੀ ਪਸਾਰ ਮਾਹਿਰਾਂ ਅਤੇ ਵਿਭਾਗੀ ਅਧਿਕਾਰੀਆਂ ਦਰਮਿਆਨ ਸਿੱਧੇ ਸੰਪਰਕ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਨੇ ਲੋੜ-ਅਧਾਰਿਤ ਅਤੇ ਸਥਾਨਕ ਹਾਲਾਤਾਂ ਅਨੁਸਾਰ ਢੁਕਵੀਆਂ ਖੇਤੀਬਾੜੀ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੀ ਕਾਰਜਸ਼ੈਲੀ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਵਿਕਾਸ ਦੇ ਕੇਂਦਰ ਵਿੱਚ ਰੱਖਣ, ਨਿਰੰਤਰ ਸਿੱਖਿਆ, ਖੇਤ ਪੱਧਰ ’ਤੇ ਸਮੱਸਿਆਵਾਂ ਦੇ ਹੱਲ ਅਤੇ ਵਿਗਿਆਨਕ ਜਾਣਕਾਰੀ ਦੇ ਸਮੇਂ ਸਿਰ ਪ੍ਰਸਾਰ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ।

ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਡਾ. ਅਮਰੀਕ ਸਿੰਘ ਨੇ ਖੇਤੀਬਾੜੀ ਪਸਾਰ ਦੇ ਤਰੀਕਿਆਂ ਵਿੱਚ ਨਵੀਆਂ ਤਰੱਕੀਆਂ ਅਤੇ ਏਆਈ-ਅਧਾਰਿਤ ਨਵੀਨਤਮ ਤਕਨੀਕਾਂ ਬਾਰੇ ਵਿਸ਼ੇਸ਼ ਲੈਕਚਰ ਦਿੱਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਡਿਜੀਟਲ ਸੰਚਾਰ ਅਤੇ ਅੰਕੜਿਆਂ ’ਤੇ ਅਧਾਰਿਤ ਸਲਾਹਕਾਰੀ ਸੇਵਾਵਾਂ ਖੇਤੀਬਾੜੀ ਪਸਾਰ ਨੂੰ ਵਧੇਰੇ ਸਟੀਕ, ਸਮੇਂ ਸਿਰ ਅਤੇ ਕਿਸਾਨ-ਕੇਂਦਰਿਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।

ਉਨ੍ਹਾਂ ਨੇ ਉੱਭਰ ਰਹੀਆਂ ਤਕਨੀਕਾਂ ਦੀ ਮਦਦ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਖਾਸ ਲੋੜਾਂ ਅਨੁਸਾਰ ਫ਼ਸਲ ਸਬੰਧੀ ਸਲਾਹਾਂ ਦੇਣ, ਵਿਗਿਆਨਕ ਜਾਣਕਾਰੀ ਤੱਕ ਪਹੁੰਚ ਬਿਹਤਰ ਬਣਾਉਣ, ਫ਼ਸਲਾਂ ਨਾਲ ਸਬੰਧਤ ਸਮੱਸਿਆਵਾਂ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਕਰਨ ਅਤੇ ਕਿਸਾਨਾਂ ਦੀ ਫ਼ੈਸਲੇ ਲੈਣ ਦੀ ਸਮਰੱਥਾ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਤਕਨੀਕੀ ਨਵੀਨਤਾ ਨੂੰ ਕਿਸਾਨਾਂ ਦੇ ਵਿਹਾਰਕ ਤਜਰਬੇ ਅਤੇ ਖੇਤੀਬਾੜੀ ਵਿਗਿਆਨੀਆਂ ਤੇ ਪਸਾਰ ਮਾਹਿਰਾਂ ਦੀ ਮੁਹਾਰਤ ਨਾਲ ਜੋੜਨਾ ਜ਼ਰੂਰੀ ਹੈ।

ਕਾਨਫਰੰਸ ਵਿੱਚ ਉਨ੍ਹਾਂ ਦੇ ਯੋਗਦਾਨ ਨੇ ਖੇਤੀਬਾੜੀ ਪਸਾਰ ਪ੍ਰਣਾਲੀਆਂ ਨੂੰ ਆਧੁਨਿਕ ਬਣਾਉਣ ਦੀ ਵਧਦੀ ਲੋੜ ਨੂੰ ਉਜਾਗਰ ਕੀਤਾ, ਤਾਂ ਜੋ ਵਿਗਿਆਨਕ ਜਾਣਕਾਰੀ ਕਿਸਾਨਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕੇ, ਉਤਪਾਦਕਤਾ ਵਿੱਚ ਵਾਧਾ ਹੋਵੇ, ਬਚਾਏ ਜਾ ਸਕਣ ਵਾਲੇ ਖੇਤੀ ਲਾਗਤ ਖ਼ਰਚੇ ਘਟਣ ਅਤੇ ਵਾਤਾਵਰਣ ਪੱਖੀ ਖੇਤੀਬਾੜੀ ਨੂੰ ਉਤਸ਼ਾਹ ਮਿਲੇ।

‘ਨੈਸ਼ਨਲ ਐਵਾਰਡ ਆਫ਼ ਐਕਸੀਲੈਂਸ ਇਨ ਐਗਰੀਕਲਚਰ 2026’ ਨਾਲ ਸਨਮਾਨਿਤ ਹੋਣਾ ਡਾ. ਅਮਰੀਕ ਸਿੰਘ ਦੀ ਖੇਤੀਬਾੜੀ ਵਿਕਾਸ, ਕਿਸਾਨ ਭਲਾਈ, ਵਿਗਿਆਨਕ ਨਵੀਨਤਾ ਅਤੇ ਖੇਤੀਬਾੜੀ ਤਕਨਾਲੋਜੀ ਦੇ ਪ੍ਰਭਾਵਸ਼ਾਲੀ ਪ੍ਰਸਾਰ ਪ੍ਰਤੀ ਲੰਬੇ ਸਮੇਂ ਤੋਂ ਜਾਰੀ ਵਚਨਬੱਧਤਾ ਦੀ ਮਾਨਤਾ ਹੈ। ਇਹ ਸਨਮਾਨ ਖੋਜ ਸੰਸਥਾਵਾਂ ਅਤੇ ਕਿਸਾਨ ਭਾਈਚਾਰੇ ਦਰਮਿਆਨ ਪਾੜੇ ਨੂੰ ਘਟਾਉਣ ਵਿੱਚ ਖੇਤੀਬਾੜੀ ਪਸਾਰ ਮਾਹਿਰਾਂ ਦੀ ਅਹਿਮ ਭੂਮਿਕਾ ਨੂੰ ਵੀ ਉਜਾਗਰ ਕਰਦਾ ਹੈ।

ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੰਤਰੀ ਪੰਜਾਬ ਸ੍ਰ ਗੁਰਮੀਤ ਸਿੰਘ ਖੁੱਡੀਆਂ ,ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ,ਪ੍ਰਬੰਧਕੀ ਸਕੱਤਰ ਖੇਤੀਬਾੜੀ ਸ੍ਰੀ ਅਰਸ਼ਦੀਪ ਸਿੰਘ ਥਿੰਦ ਅਤੇ ਡਾਕਟਰ ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਡਾ. ਅਮਰੀਕ ਸਿੰਘ ਨੂੰ ਇਹ ਕੌਮੀ ਪੁਰਸਕਾਰ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਡਾ. ਸਿੰਘ ਵੱਲੋਂ ਖੇਤੀਬਾੜੀ ਖੇਤਰ ਵਿੱਚ ਪਾਏ ਯੋਗਦਾਨ ਦੀ ਮਾਨਤਾ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਦੱਸਿਆ।

Thursday, October 29, 2026

ਕਣਕ ਦੇ ਤਸਦੀਕਸ਼ੁਦਾ ਬੀਜ ਦੀ ਖਰੀਦ ’ਤੇ ਕਿਸਾਨਾਂ ਨੂੰ ਮਿਲੇਗੀ 2,000 ਰੁਪਏ ਤੱਕ ਦੀ ਸਬਸਿਡੀ

*ਬੀਜ ਦੀ ਖਰੀਦ ਲਈ ਕਿਸਾਨ ਆਪਣੇ ਬਲਾਕ ਖੇਤੀਬਾੜੀ ਦਫਤਰ ਵਿੱਚ ਕਰਨ ਸੰਪਰਕ  – ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ. ਨਗਰ*

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਕਤੂਬਰ

ਹਾੜੀ ਸੀਜ਼ਨ 2026-27 ਦੌਰਾਨ ਕਿਸਾਨਾਂ ਨੂੰ ਕਣਕ ਦਾ ਤਸਦੀਕਸ਼ੁਦਾ ਬੀਜ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਨੂੰ ਵਿਭਾਗ ਵੱਲੋਂ ਸਪਲਾਈ ਕੀਤਾ ਤਸਦੀਕਸ਼ੁਦਾ ਬੀਜ ਖਰੀਦਣ ’ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਕਿਸਾਨਾਂ ਨੂੰ ਬੀਜ ਦੀ ਖਰੀਦ ਤੇ ਪ੍ਰਤੀ ਕੁਇੰਟਲ 2,000 ਰੁਪਏ ਜਾਂ ਬੀਜ ਦੀ ਕੀਮਤ ਦਾ 50 ਫ਼ੀਸਦੀ, ਜੋ ਵੀ ਘੱਟ ਹੋਵੇ, ਦੇ ਹਿਸਾਬ ਨਾਲ ਵੱਧ ਤੋਂ ਵੱਧ 2,000 ਰੁਪਏ ਪ੍ਰਤੀ ਕੁਇੰਟਲ ਦੀ ਸਹਾਇਤਾ ਦਿੱਤੀ ਜਾਵੇਗੀ। ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਣਕ ਦੀ ਬਿਜਾਈ ਲਈ ਤਸਦੀਕਸ਼ੁਦਾ ਬੀਜ ਪ੍ਰਾਪਤ ਕਰਨ ਵਾਸਤੇ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ।

 ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ. ਨਗਰ ਡਾ ਰਾਕੇਸ਼ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਕਣਕ ਦੇ ਤਸਦੀਕਸ਼ੁਦਾ ਬੀਜ ਲਈ ਵਿਭਾਗ ਦੇ ਆਨਲਾਈਨ ਪੋਰਟਲ www.agrimachinerypb.com ਰਾਹੀਂ ਖੁਦ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਜਾ ਕੇ ਵੀ ਆਨਲਾਈਨ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਛੁੱਟੀ ਵਾਲੇ ਦਿਨਾਂ ਵਿੱਚ ਵੀ ਬੀਜ ਮੁਹੱਈਆ ਕਰਵਾਉਣ ਲਈ ਬਲਾਕ ਖੇਤੀਬਾੜੀ ਦਫ਼ਤਰ ਖੁੱਲ੍ਹੇ ਰਹਿਣਗੇ। ਕਣਕ ਦੇ ਬੀਜ ਦੀ ਕਿਸੇ ਵੀ ਜਾਣਕਾਰੀ ਜਾਂ ਸਬਸਿਡੀ ਸੰਬੰਧੀ ਬਲਾਕ ਖਰੜ ਦੇ ਕਿਸਾਨ ਆਪਣੇ ਬਲਾਕ ਖੇਤੀਬਾੜੀ ਅਫ਼ਸਰ ਡਾ.ਸ਼ੁਭਕਰਨ ਸਿੰਘ, ਮੋਬਾਈਲ ਨੰਬਰ: 84279 77101 , ਬਲਾਕ ਮਾਜਰੀ ਤੋ ਖੇਤੀਬਾੜੀ ਅਫ਼ਸਰ, ਡਾ. ਰਮਨ ਕਰੋੜੀਆ, ਮੋਬਾਈਲ ਨੰਬਰ: 98156 77245 ਅਤੇ ਡੇਰਾਬੱਸੀ ਤੋ ਖੇਤੀਬਾੜੀ ਵਿਕਾਸ ਅਫਸਰ ਡਾ ਕਲਪਨਾ 8949-234345 ਨਾਲ ਸੰਪਰਕ ਕਰ ਸਕਦੇ ਹਨ ।

ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ,ਐੱਸ.ਏ.ਐੱਸ ਨਗਰ ਡਾ ਰਾਕੇਸ਼ ਕੁਮਾਰ ਸ਼ਰਮਾ ਵੱਲੋਂ ਕਿਸਾਨਾਂ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਮੇਂ ਸਿਰ ਤਸਦੀਕਸ਼ੁਦਾ ਬੀਜ ਪ੍ਰਾਪਤ ਕਰਨ ਲਈ ਅਪਲਾਈ ਕਰਨ ਅਤੇ ਕਣਕ ਦੀ ਬਿਜਾਈ ਲਈ ਤਸਦੀਕਸ਼ੁਦਾ ਬੀਜ ਹੀ ਖਰੀਦਣ ।ਕਿਸਾਨ ਸਰਕਾਰ ਦੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ 100 ਲੱਖ ਮੀਟ੍ਰਿਕ ਟਨ ਤੋਂ ਪਾਰ

4.71 ਲੱਖ ਕਿਸਾਨਾਂ ਦੇ ਖਾਤਿਆਂ 'ਚ 20,000 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਜਮ੍ਹਾਂ

ਚੰਡੀਗੜ੍ਹ, 29 ਅਕਤੂਬਰ:

ਸੂਬੇ ਲਈ ਇੱਕ ਵੱਡੀ ਪ੍ਰਾਪਤੀ ਤਹਿਤ ਪੰਜਾਬ ਦੀਆਂ ਮੰਡੀਆਂ ਵਿੱਚ ਸਰਕਾਰੀ ਏਜੰਸੀਆਂ ਵੱਲੋਂ ਝੋਨੇ ਦੀ ਕੁੱਲ ਖਰੀਦ 101.96 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਤੋਂ ਪਾਰ ਹੋ ਗਈ ਹੈ।

ਇਸ ਦੇ ਨਾਲ ਹੀ 4.71 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 20,713.24 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਜਮ੍ਹਾਂ ਕਰਵਾਈ ਜਾ ਚੁੱਕੀ ਹੈ।

ਇਸ ਸਬੰਧੀ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਸੂਬੇ ਵਿੱਚ ਚੱਲ ਰਹੇ ਝੋਨੇ ਦੇ ਖਰੀਦ ਸੀਜ਼ਨ ਦੀ ਸਮੀਖਿਆ ਲਈ ਬੁਲਾਈ ਗਈ ਮੀਟਿੰਗ ਦੌਰਾਨ ਦਿੱਤੀ।

ਉਹਨਾਂ ਦੱਸਿਆ ਕਿ ਲਿਫਟਿੰਗ 70 ਲੱਖ ਮੀਟ੍ਰਿਕ ਟਨ ਹੋ ਚੁੱਕੀ ਹੈ, ਜੋ 72 ਘੰਟਿਆਂ ਦੇ ਚੱਕਰ ਦੇ ਹਿਸਾਬ ਨਾਲ ਲਗਭਗ 86 ਫੀਸਦੀ ਬਣਦੀ ਹੈ।

ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 2500 ਤੋਂ ਵੱਧ ਮੰਡੀਆਂ ਚਾਲੂ ਹਨ ਅਤੇ ਕਿਸਾਨਾਂ ਦੀ ਫ਼ਸਲ 2461 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਖਰੀਦੀ ਜਾ ਰਹੀ ਹੈ।

ਸ੍ਰੀ ਕਟਾਰੂਚੱਕ ਨੇ ਅੱਗੇ ਕਿਹਾ ਕਿ ਸੂਬਾ 180 ਲੱਖ ਮੀਟ੍ਰਿਕ ਟਨ ਦੇ ਖਰੀਦ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕਰ ਲਵੇਗਾ।

ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬਾਹਰਲੇ ਸੂਬਿਆਂ ਦਾ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਨਾ ਵਿਕੇ ਅਤੇ ਖੇਤੀ ਖੇਤਰ ਦੇ ਹਿੱਤਾਂ ਦੀ ਰਾਖੀ ਲਈ ਇਸ ਸਬੰਧ ਵਿੱਚ ਸਖ਼ਤ ਨਿਗਰਾਨੀ ਰੱਖੀ ਜਾਵੇ।

ਉਹਨਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਵੱਲੋਂ ਬੜੀ ਮਿਹਨਤ ਨਾਲ ਪੈਦਾ ਕੀਤੇ ਅਨਾਜ ਦੇ ਇੱਕ-ਇੱਕ ਦਾਣੇ ਦੀ ਖਰੀਦ ਲਈ ਵਚਨਬੱਧ ਹੈ।

ਇਸ ਮੌਕੇ ਪ੍ਰਮੁੱਖ ਸਕੱਤਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਸ੍ਰੀ ਰਾਹੁਲ ਤਿਵਾੜੀ, ਡਾਇਰੈਕਟਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਾਇਰੈਕਟਰ ਡਾ. ਅੰਜੂਮਨ ਭਾਸਕਰ ਅਤੇ ਸ੍ਰੀ ਅਜੈਵੀਰ ਸਿੰਘ ਸਰਾਓ ਅਤੇ ਜਨਰਲ ਮੈਨੇਜਰ (ਵਿੱਤ) ਸ੍ਰੀ ਸਰਵੇਸ਼ ਕੁਮਾਰ ਵੀ ਮੌਜੂਦ ਸਨ।

ਖੇਤੀਬਾੜੀ ਵਿਭਾਗ ਵੱਲੋਂ ਅਣ-ਅਧਿਕਾਰਤ ਗੋਦਾਮ ਕੀਤਾ ਗਿਆ ਸੀਲ, ਐੱਫ ਆਈ ਆਰ ਦਰਜ

ਬਠਿੰਡਾ, 29 ਅਕਤੂਬਰ :

ਗੁਪਤ ਸੂਚਨਾ ਦੇ ਆਧਾਰ 'ਤੇ ਖੇਤੀਬਾੜੀ ਵਿਭਾਗ ਦੀ ਇੱਕ ਟੀਮ ਵੱਲੋਂ ਬਲਾਕ ਨਥਾਣਾ ਦੇ ਭੁੱਚੋ ਮੰਡੀ ਵਿਖੇ ਮੈਸ.ਐੱਸ.ਆਰ. ਗੋਇਲ ਟਰੇਡਿੰਗ ਨਾਲ ਸਬੰਧਤ ਇਕ ਅਣ-ਅਧਿਕਾਰਤ ਗੋਦਾਮ ਦੀ ਚੈਕਿੰਗ ਕੀਤੀ ਗਈ ਅਤੇ ਉਸ ਨੂੰ ਸੀਲ ਕਰਕੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰਪ੍ਰੀਤ ਪਾਲ ਕੌਰ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੇਖਿਆ ਗਿਆ ਕਿ ਉਕਤ ਅਣ-ਅਧਿਕਾਰਤ ਗੋਦਾਮ ਵਿੱਚ ਕਾਫੀ ਮਾਤਰਾ ਵਿੱਖ ਖਾਦਾਂ ਅਤੇ ਕੀੜੇਮਾਰ ਦਵਾਈਆਂ ਸਟੋਰ ਕਰਕੇ ਰੱਖੀਆਂ ਗਈਆ ਸਨ। ਇਸ ਤੋਂ ਇਲਾਵਾ ਗੁਦਾਮ ਵਿੱਚ ਚਿੱਟੇ ਰੰਗ ਦੇ ਥੈਲਿਆਂ ਵਿੱਚ ਕੋਈ ਪਦਾਰਥ ਸਟੋਰ ਕਰਕੇ ਰੱਖਿਆ ਗਿਆ ਸੀ ਅਤੇ ਮੌਕੇ ਤੋਂ ਕਈ ਨਾਮੀ ਕੰਪਨੀਆਂ ਦੇ ਛਪੇ ਹੋਏ ਅਣਵਰਤੇ ਥੈਲੇ ਵੀ ਬਰਾਮਦ ਕੀਤੇ ਗਏ ਜੋ ਕਿ ਸ਼ੱਕੀ ਜਾਪ ਰਹੇ ਹਨ। ਇਸ ਸਬੰਧ ਵਿੱਚ ਮੈਸ.ਐੱਸ.ਆਰ. ਗੋਇਲ ਟਰੇਡਿੰਗ ਦੇ ਨੁਮਾਇੰਦੇ ਵੱਲੋਂ ਉਕਤ ਖਾਦਾਂ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਵਿਭਾਗ ਦੇ ਅਧਿਕਾਰੀਆਂ ਪਾਸ ਪੇਸ਼ ਨਹੀਂ ਕੀਤਾ ਗਿਆ।
ਇਸ ਆਧਾਰ 'ਤੇ ਕਾਰਵਾਈ ਕਰਦੇ ਹੋਏ ਮਿਤੀ 28.10.2026 ਨੂੰ ਗੋਦਾਮ ਨੂੰ ਸੀਲ ਕਰਨ ਉਪਰੰਤ ਸਬੰਧਤ ਫਰਮ ਖਿਲਾਫ ਐਫ.ਆਈ.ਆਰ. ਨੰਬਰ 0275 ਮਿਤੀ 29-10-2026 ਦਰਜ ਕਰਵਾ ਦਿੱਤੀ ਗਈ ਹੈ। ਅਣ-ਅਧਿਕਾਰਤ ਗੁਦਾਮ ਵਿੱਚ ਪਈਆਂ ਖਾਦਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ, ਜੋ ਕਿ ਸਬੰਧਤ ਲੈਬਾਰਟਰੀਆਂ ਨੂੰ ਪਹਿਲ ਦੇ ਆਧਾਰ 'ਤੇ ਟੈਸਟ ਕਰਨ ਸਬੰਧੀ ਭੇਜ ਦਿੱਤੇ ਜਾਣਗੇ ਅਤੇ ਜੇਕਰ ਕੋਈ ਸੈਂਪਲ ਫੇਲ੍ਹ ਪਾਇਆ ਜਾਂਦਾ ਹੈ ਤਾਂ ਫਰਮ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਝੋਨੇ ਦੀ ਪਰਾਲੀ ਨੂੰ ਬੋਝ ਸਮਝਣ ਦੀ ਬਜਾਏ ਖੇਤ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਸਰੋਤ ਵਜੋਂ ਦੇਖਣ ਦੀ ਲੋੜ

*ਕਣਕ ਦੀ ਸਫ਼ਲ ਕਾਸ਼ਤ ਲਈ ਮਿੱਟੀ ਪਰਖ ਅਧਾਰਿਤ ਖਾਦ ਪ੍ਰਬੰਧਨ ਜ਼ਰੂਰੀ

*ਪੀਏਯੂ-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਜਖੇਪਲ (ਚੌਵਾਸ ਕਰਮਾਪੱਤੀ) ਵਿਖੇ ਕਿਸਾਨ ਜਾਗਰੂਕਤਾ ਕੈਂਪ
ਸੁਨਾਮ , 29 ਅਕਤੂਬਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀਏਯੂ-ਫਾਰਮ ਸਲਾਹਕਾਰ ਸੇਵਾ ਕੇਂਦਰ (ਐੱਫਏਐੱਸਸੀ), ਸੰਗਰੂਰ ਵੱਲੋਂ ਪਿੰਡ ਜਖੇਪਲ (ਚੌਵਾਸ ਕਰਮਾਪੱਤੀ) ਦੀ ਕੋਆਪ੍ਰੇਟਿਵ ਸੁਸਾਇਟੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। 

ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਅਤੇ ਇੰਚਾਰਜ, ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਬੋਝ ਸਮਝਣ ਦੀ ਬਜਾਏ ਖੇਤ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਸਰੋਤ ਵਜੋਂ ਦੇਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਨਾਲ ਜੈਵਿਕ ਪਦਾਰਥ ਅਤੇ ਖੁਰਾਕੀ ਤੱਤਾਂ ਦੀ ਵਾਪਸੀ ਹੁੰਦੀ ਹੈ, ਜਿਸ ਨਾਲ ਮਿੱਟੀ ਦੀ ਸਿਹਤ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣ ਵਿੱਚ ਮਦਦ ਮਿਲਦੀ ਹੈ। 

ਡਾ. ਗਰਗ ਨੇ ਦੱਸਿਆ ਕਿ ਇੱਕ ਟਨ ਝੋਨੇ ਦੀ ਪਰਾਲੀ ਸਾੜਨ ਨਾਲ ਲਗਭਗ 400 ਕਿਲੋਗ੍ਰਾਮ ਜੈਵਿਕ ਕਾਰਬਨ, 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 25 ਕਿਲੋਗ੍ਰਾਮ ਪੋਟਾਸ਼ੀਅਮ ਅਤੇ 1.2 ਕਿਲੋਗ੍ਰਾਮ ਗੰਧਕ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਦਿਆਂ ਹੈਪੀ ਸੀਡਰ, ਸੁਪਰ ਸੀਡਰ, ਪੀਏਯੂ ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਰਗੀਆਂ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਤਕਨੀਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਕੈਂਪ ਵਿੱਚ 30 ਤੋਂ ਵੱਧ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ, ਕਣਕ ਵਿੱਚ ਮਿੱਟੀ ਪਰਖ ਅਧਾਰਿਤ ਖਾਦਾਂ ਦੀ ਲੋੜ ਅਨੁਸਾਰ ਵਰਤੋਂ, ਫਾਸਫੋਰਸ ਦੇ ਬਦਲਵੇਂ ਸਰੋਤਾਂ, ਪੀਏਯੂ ਦੀਆਂ ਸੁਧਰੀਆਂ ਕਣਕ ਕਿਸਮਾਂ ਅਤੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਵਿਭਿੰਨਤਾ ਲਿਆਉਣ ਬਾਰੇ ਵਿਗਿਆਨਕ ਜਾਣਕਾਰੀ ਦਿੱਤੀ ਗਈ।

ਖਾਦ ਪ੍ਰਬੰਧਨ ਸਬੰਧੀ ਡਾ. ਗਰਗ ਨੇ ਕਿਹਾ ਕਿ ਕਣਕ ਵਿੱਚ ਵੱਧ ਖਾਦ ਪਾਉਣਾ ਵੱਧ ਪੈਦਾਵਾਰ ਦੀ ਗਾਰੰਟੀ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਪਰਖ ਦੇ ਨਤੀਜਿਆਂ, ਫ਼ਸਲ ਦੀ ਲੋੜ ਅਤੇ ਖੁਰਾਕੀ ਤੱਤਾਂ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖ ਕੇ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਫਾਸਫੋਰਸ ਦੀ ਲੋੜ ਪੂਰੀ ਕਰਨ ਲਈ ਡੀਏਪੀ ’ਤੇ ਨਿਰਭਰ ਰਹਿਣ ਦੀ ਬਜਾਏ ਸਿੰਗਲ ਸੁਪਰ ਫਾਸਫੇਟ (ਐੱਸਐੱਸਪੀ), ਟ੍ਰਿਪਲ ਸੁਪਰ ਫਾਸਫੇਟ (ਟੀਐੱਸਪੀ) ਅਤੇ ਐੱਨਪੀਕੇ 12:32:16 ਵਰਗੇ ਸਰੋਤਾਂ ਦੀ ਲੋੜ ਅਨੁਸਾਰ ਚੋਣ ਕੀਤੀ ਜਾ ਸਕਦੀ ਹੈ। ਇਸ ਨਾਲ ਫ਼ਸਲ ਦੀ ਲੋੜ ਅਨੁਸਾਰ ਖੁਰਾਕੀ ਤੱਤ ਦੇਣ ਦੇ ਨਾਲ ਖਾਦਾਂ ਦੀ ਵਧੇਰੇ ਅਤੇ ਗੈਰ-ਜ਼ਰੂਰੀ ਵਰਤੋਂ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਣਕ ਦੇ ਬੀਜ ਨੂੰ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀ ਜੀਵਾਣੂੰ ਖਾਦ ਨਾਲ ਸੋਧਣ ਦੀ ਵਿਧੀ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਇਸ ਦੇ ਪੌਦਿਆਂ ਦੇ ਵਾਧੇ, ਪੌਸ਼ਟਿਕ ਤੱਤਾਂ ਦੀ ਉਪਲਬਧਤਾ ਅਤੇ ਫ਼ਸਲ ਦੀ ਸਿਹਤ ਲਈ ਸੰਭਾਵਿਤ ਲਾਭਾਂ ਬਾਰੇ ਜਾਣਕਾਰੀ ਦਿੱਤੀ।

ਡਾ. ਗਰਗ ਨੇ ਕਿਸਾਨਾਂ ਨੂੰ ਸਿਰਫ਼ ਕਣਕ ’ਤੇ ਨਿਰਭਰ ਰਹਿਣ ਦੀ ਬਜਾਏ ਹਾਲਾਤਾਂ ਅਨੁਸਾਰ ਦਾਲਾਂ ਅਤੇ ਤੇਲਬੀਜਾਂ ਨੂੰ ਵੀ ਫ਼ਸਲੀ ਚੱਕਰ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਗੋਭੀ ਸਰ੍ਹੋਂ (ਜੀ ਐੱਸ ਸੀ 7), ਛੋਲੇ (ਪੀ ਬੀ ਜੀ 10) ਅਤੇ ਮਟਰ (ਪੀ ਬੀ 90) ਵਰਗੀਆਂ ਪੀਏਯੂ ਸਿਫ਼ਾਰਸ਼ੀ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਨਾਲ ਕਿਸਾਨਾਂ ਨੂੰ ਵਿਕਲਪਿਕ ਆਮਦਨ ਦੇ ਮੌਕੇ ਮਿਲਣ ਦੇ ਨਾਲ ਮਿੱਟੀ ਦੀ ਸਿਹਤ ਅਤੇ ਖੁਰਾਕੀ ਸੁਰੱਖਿਆ ਨੂੰ ਵੀ ਹੁਲਾਰਾ ਮਿਲ ਸਕਦਾ ਹੈ।

ਕੈਂਪ ਦੌਰਾਨ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ, ਕਣਕ ਵਿੱਚ ਖਾਦਾਂ ਦੀ ਵਰਤੋਂ, ਮੈਗਨੀਜ਼ ਦੀ ਘਾਟ ਦੀ ਪਛਾਣ ਅਤੇ ਇਸ ਦੇ ਛਿੜਕਾਅ, ਕਣਕ ਦੀਆਂ ਕਿਸਮਾਂ ਅਤੇ ਹਾੜ੍ਹੀ ਦੀ ਫ਼ਸਲਾਂ ਦੀ ਯੋਜਨਾਬੰਦੀ ਸਬੰਧੀ ਸਵਾਲ ਪੁੱਛੇ ਗਏ। ਡਾ. ਗਰਗ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ। ਕਿਸਾਨਾਂ ਨੂੰ ਪੀਏਯੂ ਦੀਆਂ ਸਿਫ਼ਾਰਸ਼ਾਂ ਨੂੰ ਅਮਲ ਵਿੱਚ ਲਿਆਉਣ ਲਈ ਗੋਭੀ ਸਰ੍ਹੋਂ ਦਾ ਬੀਜ, ਕਣਕ ਲਈ ਜੀਵਾਣੂੰ ਖਾਦ ਅਤੇ ਪੀਏਯੂ ਦਾ ਖੇਤੀਬਾੜੀ ਸਾਹਿਤ ਵੀ ਉਪਲਬਧ ਕਰਵਾਇਆ ਗਿਆ।

ਕੈਂਪ ਦੀ ਸਫਲਤਾ ਵਿੱਚ ਸ. ਬਲਜੀਤ ਸਿੰਘ, ਸ. ਗੁਰਚਰਨ ਸਿੰਘ (ਸਰਪੰਚ), ਸੈਕਟਰੀ ਕੋਆਪ੍ਰੇਟਿਵ ਸੋਸਾਇਟੀ ਅਤੇ ਹੋਰ ਕਿਸਾਨਾਂ ਅਤੇ ਸਥਾਨਕ ਸਹਿਯੋਗੀਆਂ ਨੇ ਸਰਗਰਮ ਭੂਮਿਕਾ ਨਿਭਾਈ।

Wednesday, October 28, 2026

ਪੀ.ਏ.ਯੂ ਖੋਜ ਕੇਂਦਰ, ਗੁਰਦਾਸਪੁਰ ਵਿਖੇ ਨਵੇਂ ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ, ਕਿਸਾਨਾਂ ਨੂੰ ਬਦਲਦੇ ਮੌਸਮ ਤੋਂ ਬਚਾਏਗਾ

ਨਵਾਂ ਆਟੋਮੈਟਿਕ ਸਿਸਟਮ ਤਾਪਮਾਨ, ਨਮੀ, ਹਵਾ ਦੀ ਰਫਤਾਰ, ਸੂਰਜੀ ਕਿਰਨਾਂ, ਜ਼ਮੀਨੀ ਤਾਪਮਾਨ ਅਤੇ ਬਰਸਾਤ ਨੂੰ ਰੀਅਲ ਟਾਈਮ ਵਿੱਚ ਦਰਜ ਕਰਕੇ ਅੰਦਾਜ਼ੇ ਦੀ ਥਾਂ ਸਹੀ ਜਾਣਕਾਰੀ ਦਿੰਦਾ ਹੈ

ਗੁਰਦਾਸਪੁਰ, 28 ਅਕਤੂਬਰ
ਵਧਦੀ ਮੌਸਮੀ ਅਸਥਿਰਤਾ ਦੇ ਮੱਦੇਨਜ਼ਰ ਅਤੇ ਮੌਸਮ ਦੀ ਭਵਿੱਖਬਾਣੀ ਨੂੰ ਹੋਰ ਸਟੀਕ ਬਣਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਇੱਕ ਪੂਰੀ ਤਰ੍ਹਾਂ ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ
ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ, ਲਾਲ ਚੰਦ ਕਟਾਰੂਚੱਕ ਅਤੇ ਪੀ.ਏ.ਯੂ ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੌਕੇ ਡਾਇਰੈਕਟਰ ਖੋਜ ਡਾ. ਏ.ਐਸ. ਢੱਟ, ਡਾਇਰੈਕਟਰ ਪਸਾਰ ਸਿੱਖਿਆ ਡਾ. ਐਮ.ਐਸ. ਭੁੱਲਰ ਅਤੇ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਦੇ ਡਾਇਰੈਕਟਰ ਡਾ. ਹਰਪਾਲ ਸਿੰਘ ਰੰਧਾਵਾ ਸਮੇਤ ਖੇਤੀ ਵਿਗਿਆਨੀ ਅਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ।
ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੁਣ ਖੇਤੀ ਪੁਰਾਣੇ ਕੈਲੰਡਰ ਦੀਆਂ ਤਰੀਕਾਂ ਦੇ ਸਹਾਰੇ ਨਹੀਂ ਚੱਲ ਸਕਦੀ, ਕਿਉਂਕਿ ਮੌਸਮ ਖੁਦ ਹੀ ਬਦਲ ਰਹੇ ਹਨ।
ਉਨ੍ਹਾਂ ਕਿਹਾ, "ਸਾਡਾ ਕਿਸਾਨ ਖੁੱਲ੍ਹੇ ਅਸਮਾਨ ਹੇਠ ਕੰਮ ਕਰਦਾ ਹੈ ਅਤੇ ਕੁਦਰਤ ਦੀ ਹਰ ਕਰੋਪੀ ਦਾ ਸਾਹਮਣਾ ਕਰਦਾ ਹੈ। ਵਾਢੀ ਵੇਲੇ ਬੇਵਕਤੀ ਬਰਸਾਤ ਤੋਂ ਲੈ ਕੇ ਦਾਣੇ ਭਰਨ ਵੇਲੇ ਅਚਾਨਕ ਗਰਮੀ ਦੀ ਲਹਿਰ ਤੱਕ। ਇਹ ਆਧੁਨਿਕ ਸਹੂਲਤ ਸਟੀਕ ਸੰਦ, ਸਿੱਧੇ ਸਾਡੇ ਕਿਸਾਨਾਂ ਦੀ ਸੇਵਾ ਵਿੱਚ ਲਿਆਉਂਦੀ ਹੈ। ਇਹ ਯਕੀਨੀ ਬਣਾਉਂਦੀ ਹੈ ਕਿ ਨੁਕਸਾਨ ਹੋਣ ਤੋਂ ਪਹਿਲਾਂ ਹੀ ਵਿਗਿਆਨ ਖੇਤ ਵਿੱਚ ਪਹੁੰਚ ਜਾਵੇ, ਨਾ ਕਿ ਬਾਅਦ ਵਿੱਚ ਸਿਰਫ਼ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ।
ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਕਿਹਾ ਕਿ ਇਹ ਨਵਾਂ ਆਟੋਮੈਟਿਕ ਸਿਸਟਮ ਤਾਪਮਾਨ, ਨਮੀ, ਹਵਾ ਦੀ ਰਫਤਾਰ, ਸੂਰਜੀ ਕਿਰਨਾਂ, ਜ਼ਮੀਨੀ ਤਾਪਮਾਨ ਅਤੇ ਬਰਸਾਤ ਨੂੰ ਰੀਅਲ ਟਾਈਮ ਵਿੱਚ ਦਰਜ ਕਰਕੇ ਅੰਦਾਜ਼ੇ ਦੀ ਥਾਂ ਸਹੀ ਜਾਣਕਾਰੀ ਦਿੰਦਾ ਹੈ। ਇਹ ਸਹੂਲਤ ਗੁੰਝਲਦਾਰ ਵਾਯੂਮੰਡਲੀ ਅੰਕੜਿਆਂ ਨੂੰ ਸਾਦੀ, ਕੰਮ ਆਉਣ ਵਾਲੀ ਸਲਾਹ ਵਿੱਚ ਬਦਲ ਕੇ ਮੌਸਮ ਦੀ ਭਵਿੱਖਬਾਣੀ ਅਤੇ ਮੌਸਮੀ ਸ਼ਲਾਹਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ, ਜਿਸ ਨੂੰ ਕਿਸਾਨ ਸਵੇਰੇ-ਸਵੇਰੇ ਆਪਣੇ ਫੋਨ 'ਤੇ ਪੜ੍ਹ ਸਕਣਗੇ।
ਉਨ੍ਹਾਂ ਅੱਗੇ ਕਿਹਾ ਕਿ ਸਮੇਂ ਸਿਰ ਮਿਲਣ ਵਾਲੀ ਚਿਤਾਵਨੀ ਨਾਲ ਕਿਸਾਨ ਬਰਸਾਤ ਤੋਂ ਪਹਿਲਾਂ ਕੀਟਨਾਸ਼ਕ ਦੀ ਸਪਰੇਅ ਅਤੇ ਸਿੰਚਾਈ ਰੋਕ ਸਕਦਾ ਹੈ, ਜਾਂ ਜ਼ਮੀਨ ਵਿੱਚ ਪਹਿਲਾਂ ਹੀ ਲੋੜੀਂਦੀ ਨਮੀ ਹੋਣ 'ਤੇ ਟਿਊਬਵੈੱਲ ਦਾ ਇੱਕ ਗੇੜ ਛੱਡ ਸਕਦਾ ਹੈ।
ਡਾ. ਏ.ਐਸ. ਢੱਟ ਨੇ ਕਿਹਾ ਕਿ ਇਹ ਸਥਾਨਕ ਪੱਧਰ ਦੇ ਮੌਸਮੀ ਅੰਕੜੇ ਸਿੱਧੇ ਪੀਏਯੂ ਦੇ ਫ਼ੀਲਡ ਟਰਾਇਲਾਂ ਅਤੇ ਕਿਸਮਾਂ ਦੀ ਜਾਂਚ ਵਿੱਚ ਵਰਤੇ ਜਾਣਗੇ, ਤਾਂ ਜੋ ਨਵੀਆਂ ਬੀਜ ਕਿਸਮਾਂ ਨੂੰ ਗੁਰਦਾਸਪੁਰ ਦੇ ਅਸਲ ਮਾਈਕਰੋਕਲਾਈਮੇਟ ਮੁਤਾਬਕ ਪਰਖਿਆ ਜਾ ਸਕੇ, ਨਾ ਕਿ ਸਿਰਫ ਅੰਸਤ ਖੇਤਰੀ ਹਾਲਾਤਾਂ ਮੁਤਾਬਕ। ਡਾ. ਐਮ.ਐਸ. ਭੁੱਲਰ, ਡਾਇਰੈਕਟਰ ਪਸਾਰ ਸਿੱਖਿਆ ਨੇ ਪਸਾਰ ਸਿੱਖਿਆ ਦੀ ਭੂਮਿਕਾ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਸਟੇਸ਼ਨ ਤੋਂ ਮਿਲਣ ਵਾਲੇ ਅਸਲ ਅੰਕੜੇ ਸਿੱਧੇ ਹਫ਼ਤਾਵਾਰੀ ਜ਼ਿਲ੍ਹਾ-ਪੱਧਰੀ ਖੇਤੀ ਸਲਾਹਾਂ ਵਿੱਚ ਵਰਤੇ ਜਾਣਗੇ, ਜਿਸ ਨਾਲ ਕਿਸਾਨਾਂ ਨੂੰ ਬਿਜਾਈ, ਸਿੰਚਾਈ, ਖਾਦ ਪਾਉਣ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਹੀ ਸਮਾਂ-ਸੀਮਾ ਮਿਲੇਗੀ।
ਐਚ.ਐਸ. ਰੰਧਾਵਾ ਨੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਮੌਸਮ ਦੀ ਭਵਿੱਖਬਾਣੀ ਨੂੰ ਇਸ ਸਟੇਸ਼ਨ ਦਾ ਵੱਡਾ ਫਾਇਦਾ ਦੱਸਿਆ। ਉਨ੍ਹਾਂ ਕਿਹਾ ਕਿ ਕਣਕ ਦੀ ਪੀਲੀ ਕੁੰਗੀ ਵਰਗੀਆਂ ਬਿਮਾਰੀਆਂ ਨਮੀ ਅਤੇ ਤਾਪਮਾਨ ਦੇ ਇੱਕ ਖਾਸ ਪੱਧਰ 'ਤੇ ਹੀ ਹਮਲਾ ਕਰਦੀਆਂ ਹਨ, ਅਤੇ ਲਗਾਤਾਰ ਨਿਗਰਾਨੀ ਨਾਲ ਬਿਮਾਰੀਆਂ ਜਾਂ ਕੀੜੇ-ਮਕੌੜਿਆਂ ਦੇ ਹਮਲੇ ਦੀ ਰੋਕਥਾਮ ਵਿੱਚ ਮਦਦ ਮਿਲ ਸਕਦੀ ਹੈ।

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵਿਖੇ ਮਿਤੀ 27-10-2026 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਊਨਾ, ਹਿਮਾਚਲ ਪ੍ਰਦੇਸ਼ ਦੇ ਨਾਲ ਜੁੜੇ ਕੁਟਲੇੈਹੜ ਨੈਚੁਰਲ ਫਾਰਮਰ ਪ੍ਰੋਡਿਊਸਰ ਕੰਪਨੀ, ਊਨਾ ਦੇ ਮੈਂਬਰਾਂ ਲਈ ਇੱਕ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਉਦੇਸ਼ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਢੰਗਾਂ ਅਤੇ ਸਫਲ ਕਿਸਾਨਾਂ ਵੱਲੋਂ ਅਪਣਾਈਆਂ ਜਾ ਰਹੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਸੀ।
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੋਸ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਅਹਿਮ ਭੂਮਿਕਾ ਉੱਤੇ ਚਾਨਣਾ ਪਾਇਆ। ਡਾ. ਬੌਂਸ ਨੇ ਲੋੜ-ਅਧਾਰਿਤ ਸਿਖਲਾਈ ਪ੍ਰੋਗਰਾਮਾਂ, ਤਕਨੀਕੀ ਮਾਰਗਦਰਸ਼ਨ ਅਤੇ ਖੇਤ ਪ੍ਰਦਰਸ਼ਨੀਆਂ ਰਾਹੀਂ ਕਿਸਾਨਾਂ ਤੱਕ ਨਵੀਆਂ ਅਤੇ ਟਿਕਾਊ ਖੇਤੀ ਤਕਨੀਕਾਂ ਪਹੁੰਚਾਉਣ ਦੀ ਮਹੱਤਤਾ ਬਾਰੇ ਵੀ ਦੱਸਿਆ। ਇਸ ਮੌਕੇ ਵਫ਼ਦ ਵਿੱਚ ਸ਼ਾਮਲ ਨਿਰਦੇਸ਼ਕ ਅਤੇ ਮੈਂਬਰਾਂ ਨੂੰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੇਵੀਕੇ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਉਪਰਾਲਿਆਂ ਬਾਰੇ ਜਾਣੂੰ ਕਰਵਾਇਆ ਗਿਆ।
ਇਸ ਉਪਰੰਤ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਪ੍ਰਭਜੋਤ ਕੌਰ ਅਤੇ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ. ਕਰਮਵੀਰ ਸਿੰਘ ਗਰਚਾ ਦੀ ਅਗਵਾਈ ਹੇਠ ਵਫ਼ਦ ਨੂੰ ਕੇਵੀਕੇ ਨਾਲ ਜੁੜੇ ਕੁਦਰਤੀ ਖੇਤੀ ਕਰਨ ਵਾਲੇ ਰਾਜ ਪੱਧਰੀ ਇਨਾਮ ਜੇਤੂ ਕਿਸਾਨ ਸ. ਨਰਿੰਦਰ ਸਿੰਘ, ਪਿੰਡ ਅੱਜੋਵਾਲ, ਬਲਾਕ ਹੁਸ਼ਿਆਰਪੁਰ-1 ਅਤੇ ਸ. ਤਰਸੇਮ ਸਿੰਘ, ਪਿੰਡ ਨੀਲਾ ਨਲੋਆ, ਬਲਾਕ ਭੂੰਗਾ ਦੇ ਕੁਦਰਤੀ ਖੇਤੀ ਫਾਰਮਾਂ ਦਾ ਦੌਰਾ ਕਰਵਾਇਆ ਗਿਆ।ਦੌਰੇ ਦੌਰਾਨ ਵਫਦ ਦੇ ਮੈਂਬਰਾਂ ਨੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਅਪਣਾਈਆਂ ਜਾ ਰਹੀਆਂ ਕੁਦਰਤੀ ਖੇਤੀ ਦੀਆਂ ਵਿਧੀਆਂ. ਪ੍ਰੋਸੈਸਿੰਗ, ਮੰਡੀਕਰਨ ਅਤੇ ਖੇਤੀ ਤਜਰਬਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰੇ ਨੇ ਕਿਸਾਨਾਂ ਵਿਚਕਾਰ ਗਿਆਨ ਅਤੇ ਤਜਰਬਿਆਂ ਦੇ ਆਦਾਨ-ਪ੍ਰਦਾਨ ਦਾ ਮੌਕਾ ਦਿੱਤਾ ਅਤੇ ਵਫ਼ਦ ਦੇ ਮੈਂਬਰਾਂ ਨੂੰ ਆਪਣੇ ਖੇਤੀ ਹਾਲਾਤਾਂ ਅਨੁਸਾਰ ਸਫਲ ਕੁਦਰਤੀ ਖੇਤੀ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ।
ਦੌਰੇ ਦੇ ਅੰਤ ਵਿੱਚ ਡਾ. ਸੰਜੇ ਕੁਮਾਰ ਸ਼ਰਮਾ, ਵਿਸ਼ਾ ਵਸਤੂ ਮਾਹਿਰ (ਕੀਟ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਊਨਾ ਨੇ ਇਸ ਜਾਣਕਾਰੀ ਭਰਪੂਰ ਦੌਰੇ ਦਾ ਪ੍ਰਬੰਧ ਕਰਨ ਅਤੇ ਕੁਦਰਤੀ ਖੇਤੀ ਸਬੰਧੀ ਆਪਣੇ ਕੀਮਤੀ ਤਜਰਬੇ ਸਾਂਝੇ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਅਤੇ ਮੇਜ਼ਬਾਨ ਕਿਸਾਨਾਂ ਦਾ ਧੰਨਵਾਦ ਕੀਤਾ।

Tuesday, October 27, 2026

ਆਸ਼ਾ ਵਰਕਰਾਂ ਰਾਹੀਂ ਪਰਾਲੀ ਪ੍ਰਬੰਧਾਂ ਦਾ ਸੁਨੇਹਾ ਪਹੁੰਚਾਇਆ ਜਾਵੇਗਾ ਘਰ ਘਰ, ਡਿਪਟੀ ਕਮਿਸ਼ਨਰ

*ਮੁੱਖ ਖੇਤੀਬਾੜੀ ਅਫ਼ਸਰ ਨੇ ਸਿਵਲ ਹਸਪਤਾਲ ਗੋਨਿਆਣਾ ਵਿਖੇ ਆਸ਼ਾ ਵਰਕਰਾਂ ਨੂੰ ਦਿੱਤੀ ਸਿਖਲਾਈ*

*ਪਰਾਲੀ ਪ੍ਰਬੰਧਨ ਸਬੰਧੀ ਪਿੰਡ ਘੁੰਮਣ ਕਲਾਂ, ਨਹੀਆਂਵਾਲੀ ਵਿਖੇ ਕਿਸਾਨਾਂ ਨੂੰ ਕੀਤਾ ਗਿਆ ਜਾਗਰੂਕ*
*ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ*
ਬਠਿੰਡਾ, 27 ਅਕਤੂਬਰ
ਝੋਨੇ ਦੀ ਪਰਾਲੀ ਦੇ ਪ੍ਰਬੰਧਨ ਅਤੇ ਉਸਨੂੰ ਅੱਗ ਨਾ ਲਗਾਉਣ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਹੁਣ ਆਸ਼ਾ ਵਰਕਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਝੋਨੇ ਦੇ ਸੁਚੱਜੇ ਪ੍ਰਬੰਧਨ ਦੇ ਇਸ ਕੰਮ ਵਿਚ ਆਸ਼ਾ ਵਕਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ, ਕਿਉਂਕਿ ਇਨ੍ਹਾਂ ਦੀ ਪਿੰਡਾਂ ਦੇ ਹਰ ਘਰ ਵਿਚ ਜਾਣ ਪਹਿਚਾਣ ਹੁੰਦੀ ਹੈ ਅਤੇ ਇਹ ਸਪਨੇ ਸਬੰਧਿਤ ਖੇਤਰਾਂ ਦੀਆਂ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਪਰਿਵਾਰਾਂ ਨਾਲ ਰਲੇ ਮਿਲੇ ਹੁੰਦੇ ਹਨ।
ਸ਼੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਿਵਲ ਹਸਪਤਾਲ ਗੋਨਿਆਣਾ ਵਿਖੇ ਆਸ਼ਾ ਵਰਕਰਾਂ ਨੂੰ ਇਸ ਸਬੰਧੀ ਸਿਖਲਾਈ ਡਾ. ਹਰਪ੍ਰੀਤ ਪਾਲ ਕੌਰ, ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਵੱਲੋਂ ਦਿੱਤੀ ਗਈ। ਇਸ ਮੌਕੇ ਬੋਲਦਿਆਂ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੇ ਧੂਏਂ ਨਾਲ ਸਭ ਤੋਂ ਵੱਧ ਤਕਲੀਫ ਗਰਭਵਤੀ ਮਾਤਾਂਵਾਂ, ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਹੁੰਦੀ ਹੈ। ਇਨ੍ਹਾਂ ਹਾਲਾਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਝੋਨੇ ਦੀ ਪਰਾਲੀ ਖੇਤਾਂ ‘ਚ ਵਾਹ ਕੇ ਜਾਂ ਉਸ ਦੀਆਂ ਗੱਠਾਂ ਬਣਾ ਕੇ ਕਰ ਸਕਦੇ ਹਾਂ। ਉਨ੍ਹਾਂ ਆਸ਼ਾ ਵਰਕਰਾਂ ਨੂੰ ਕਿਹਾ ਕਿ ਉਹ ਧੂੰਏਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜ਼ਰੂਰ ਜਾਣੂ ਕਰਵਾਉਣ।
ਇਸੇ ਤਰ੍ਹਾਂ ਸ਼੍ਰੀ ਗੁਰਜਿੰਦਰ ਪਾਲ ਸਿੰਘ ਉਪ ਮੰਡਲ ਮੈਜਿਸਟਰੇਟ ਮੌੜ ਵੱਲੋਂ ਪਿੰਡ ਘੁੰਮਣ ਕਲਾਂ ਵਿਖੇ ਅਤੇ ਸ਼੍ਰੀ ਅਮਨਦੀਪ ਸਿੰਘ ਮਾਵੀ ਉਪ ਮੰਡਲ ਮੈਜਿਸਟਰੇਟ ਬਠਿੰਡਾ ਵੱਲੋਂ ਪਿੰਡ ਨਹੀਆਂਵਾਲਾ ਵਿਖੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਅਤੇ ਉਸ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਪਿੰਡ ਘੁੰਮਣ ਕਲਾਂ ਵਿਖੇ ਕਿਸਾਨਾਂ ਨਾਲ ਗੱਲਬਾਤ ਸ਼੍ਰੀ ਗੁਰਜਿੰਦਰ ਸਿੰਘ ਉਪ ਮੰਡਲ ਮੈਜਿਸਟਰੇਟ ਮੌੜ ਨੇ ਦੱਸਿਆ ਕਿ ਕਿਸਾਨ ਵੀਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਹੀ ਇਸ ਦਾ ਸੁਚੱਜਾ ਪ੍ਰਬੰਧਨ ਕਰਨ। ਸਾਨੂੰ ਖੇਤ ਦੀ ਮਿੱਟੀ ਨੂੰ ਆਪਣੀ ਮਾਂ ਸਮਝ ਕੇ ਇਸ ਦੀ ਸਿਹਤ ਬਰਕਰਾਰ ਰੱਖਣੀ ਚਾਹੀਦੀ ਹੈ। ਧਰਤੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਸਾਨਾਂ ਨੂੰ ਕਣਕ ਦੇ ਬੀਜ 'ਤੇ ਸਬਸਿਡੀ ਦਾ ਲਾਭ ਲੈਣ ਲਈ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
ਸ਼੍ਰੀ ਅਮਨਦੀਪ ਸਿੰਘ ਮਾਵੀ ਉਪ ਮੰਡਲ ਮੈਜਿਸਟਰੇਟ ਬਠਿੰਡਾ ਨੇ ਨਹੀਆਂਵਾਲੀ ਵਿਖੇ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਮਿਲਾਉਣ ਦੇ ਫ਼ਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਮਿੱਟੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧਦੀ ਹੈ, ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਲੰਬੇ ਸਮੇਂ ਵਿੱਚ ਖਾਦਾਂ ਦੀ ਲੋੜ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।