ਸ੍ਰੀ ਮੁਕਤਸਰ ਸਾਹਿਬ, 23 ਮਾਰਚ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲੁਧਿਆਣਾ PAU Ludhiana ਵਿਖੇ 20-21 ਮਾਰਚ 2026 ਨੂੰ 'ਖੇਤੀ ਵਿਭਿੰਨਤਾ ਅਪਣਾਓ, ਵੱਡਮੁੱਲਾ ਵਾਤਾਵਰਨ ਬਚਾਓ' ਥੀਮ ਹੇਠ ਕਰਵਾਏ ਗਏ ਮੁੱਖ ਕਿਸਾਨ ਮੇਲੇ Kisan Mela ਦੌਰਾਨ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ KVK Sri Muktsar Sahib ਦੀ ਟੀਮ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹੱਤਵਪੂਰਨ ਸਨਮਾਨ ਹਾਸਲ ਕੀਤੇ। ਇਸ ਮੌਕੇ 'ਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਰ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚੋਂ ਕਿਸਾਨਾਂ ਤੱਕ ਖੇਤੀਬਾੜੀ ਸਹਿਤ ਵੱਧ ਤੋਂ ਵੱਧ ਪਹੁੰਚਾਉਣ ਲਈ ਪਹਿਲਾ ਸਥਾਨ ਪ੍ਰਾਪਤ ਹੋਇਆ। ਇਹ ਪ੍ਰਾਪਤੀ ਕਿਸਾਨਾਂ ਵਿੱਚ ਖੇਤੀਬਾੜੀ ਤਕਨੀਕਾਂ ਅਤੇ ਨਵੀਂ ਜਾਣਕਾਰੀ ਦੇ ਪ੍ਰਸਾਰ ਵੱਲ ਇਸ ਕੇਂਦਰ ਦੀ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੇ ਵੀ ਵੱਖ-ਵੱਖ ਫਸਲਾਂ ਵਿੱਚ ਉੱਤਮ ਗੁਣਵੱਤਾ ਦੇ ਉਤਪਾਦ ਪੇਸ਼ ਕਰਕੇ ਇਨਾਮ ਹਾਸਲ ਕੀਤੇ। ਪਿੰਡ ਬੋਦੀਵਾਲਾ ਖੜਕ ਸਿੰਘ ਦੇ ਕਿਸਾਨ ਕੁਲਦੀਪ ਸਿੰਘ ਨੂੰ ਮਿਰਚ ਅਤੇ ਫੁੱਲਗੋਭੀ ਦੀ ਫ਼ਸਲ ਲਈ ਪਹਿਲਾ ਇਨਾਮ ਮਿਲਿਆ। ਇਸੇ ਤਰ੍ਹਾਂ, ਪਿੰਡ ਖੁੰਨਣ ਕਲਾਂ ਦੇ ਕਿਸਾਨ ਗੁਰਪਾਲ ਸਿੰਘ ਨੂੰ ਹਲਦੀ ਦੀ ਫ਼ਸਲ ਲਈ ਦੂਜਾ ਇਨਾਮ ਪ੍ਰਾਪਤ ਹੋਇਆ, ਜਦਕਿ ਪਿੰਡ ਬੋਦੀਵਾਲਾ ਖੜਕ ਸਿੰਘ ਦੇ ਹੀ ਕਿਸਾਨ ਮਨਦੀਪ ਸਿੰਘ ਨੂੰ ਛੋਲੀਏ ਦੀ ਫ਼ਸਲ ਲਈ ਦੂਜਾ ਸਥਾਨ ਮਿਲਿਆ। ਇਹ ਸਾਰੇ ਇਨਾਮ ਪੰਜਾਬ ਭਰ ਦੇ ਕਿਸਾਨਾਂ ਵਿੱਚ ਚੰਗੀ ਫ਼ਸਲ ਦੇ ਉਤਪਾਦਨ ਸੰਬੰਧੀ ਹੋਏ ਮੁਕਾਬਲੇ ਦੇ ਆਧਾਰ ’ਤੇ ਫ਼ਸਲਾਂ ਦੀ ਉੱਚ ਗੁਣਵੱਤਾ ਦੇ ਮੱਦੇਨਜ਼ਰ ਪ੍ਰਦਾਨ ਕੀਤੇ ਗਏ। ਇਹ ਪ੍ਰਾਪਤੀਆਂ ਇਸ ਗੱਲ ਦਾ ਹੁੰਗਾਰਾ ਭਰਦੀਆਂ ਹਨ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨਵੀਆਂ ਖੇਤੀਬਾੜੀ ਤਕਨੀਕਾਂ ਨੂੰ ਅਪਣਾਉਂਦੇ ਹੋਏ ਗੁਣਵੱਤਾ ਵਾਲੀ ਪੈਦਾਵਾਰ ਵੱਲ ਅੱਗੇ ਵੱਧ ਰਹੇ ਹਨ ਅਤੇ ਹੋਰ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੇ ਹਨ।
ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਚ ਹੋਏ ਇਸ ਵਿਸ਼ੇਸ਼ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਮੁੱਖ ਮਹਿਮਾਨ ਦੇ ਤੌਰ ਤੇ ICAR ਦੇ ਨਿਰਦੇਸ਼ਕ ਜਨਰਲ (ਖੇਤੀ ਖੋਜ ਅਤੇ ਸਿੱਖਿਆ) ਡਾ. ਮਾਂਗੀ ਲਾਲ ਜਾਟ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਉੱਘੇ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਤੋਂ ਇਲਾਵਾ ਅਟਾਰੀ ਦੇ ਨਿਰਦੇਸ਼ਕ ਡਾ. ਪਰਵਿੰਦਰ ਸ਼ੇਰੋਂ, CIPHET ਦੇ ਨਿਰਦੇਸ਼ਕ ਡਾ. ਨਚੀਕੇਤ ਕੋਤਵਾਲੀਵਾਲੇ, ਭਾਰਤੀ ਮੱਕੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਐੱਚ ਐੱਸ ਜਾਟ, ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ (ਆਈ ਏ ਐੱਸ) ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਨ ਡਾ. ਅਸ਼ੋਕ ਕੁਮਾਰ, ਡਾ. ਦਵਿੰਦਰ ਸਿੰਘ ਚੀਮਾ, ਸ੍ਰੀ ਅਮਰਜੀਤ ਸਿੰਘ ਢਿੱਲੋਂ ਅਤੇ ਸ੍ਰੀ ਮੋਹਨ ਸਿੰਘ ਜਾਖੜ ਸ਼ਾਮਿਲ ਸਨ।
No comments:
Post a Comment